ਮਿੰਨੀ ਕਹਾਣੀ/ ਸਿਆਣਾ ਬੇਟਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਮਾਸਟਰ ਹਰੀਸ਼ ਚੰਦਰ ਜੀ ਇਕ ਸਿੱਧੇ-ਸਾਦੇ ਅਤੇ ਇਮਾਨਦਾਰ ਅਧਿਆਪਕ ਹਨ। ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ ਉਨ੍ਹਾਂ ਦੀ ਆਦਤ ਹੈ। ਉਹ  ਇਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਰਹਿੰਦੇ ਹਨ। ਬੇਟਾ, ਸਤੀਸ਼ ਆਪਣੇ ਪਿਤਾ ਦੇ ਪਦ ਚਿੰਨ੍ਹਾਂ ਤੇ ਚਲਦਾ ਹੈ ਇਸ ਕਰਕੇ ਉਸਦੇ ਪਿਤਾ ਜੀ ਉਸ ਨੂੰ ਸਿਆਣਾ ਬੇਟਾ ਕਹਿ ਕੇ ਸੰਬੋਧਿਤ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪੁੱਤਰ ਦੇ ਗੁਣਾਂ ਤੇ ਫਖਰ ਹੈ। ਆਪਣੀ ਦੇਖ ਰੇਖ ਵਿੱਚ ਉਹਨਾਂ ਨੇ ਆਪਣੇ ਪੁੱਤਰ, ਸਤੀਸ਼ ਨੂੰ ਬਾਰਵੀਂ ਤੱਕ ਪੜ੍ਹਾਇਆ ਅਤੇ ਉਹ ਵੀ ਹਮੇਸ਼ਾ ਫਸਟ ਪੁਜ਼ੀਸ਼ਨ ਨਾਲ। ਉਸ ਨੇ ਆਪਣੇ ਆਪ ਨੂੰ.. ਰਾਸ਼ਟਰ ਨਿਰਮਾਤਾ… ਦੇ ਪੁੱਤਰ ਦੇ ਤੌਰ ਤੇ ਸਾਬਿਤ ਕਰ ਦਿੱਤਾ। ਫੇਰ ਉਸ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਅਤੇ ਬਾਅਦ ਵਿੱਚ ਸੀ ਏ ਕਰਕੇ ਇੱਕ ਵੱਡੀ ਪ੍ਰਾਈਵੇਟ ਕੰਪਨੀ ਵਿੱਚ ਉੱਚੇ ਪੇ ਪੈਕਟ ਤੇ  ਨੌਕਰੀ ਕਰ ਲਈ। ਫੇਰ ਘਰ ਵਾਲਿਆਂ ਨੇ ਉਸ ਦਾ ਵਿਆਹ ਸੁਸ਼ੀਲਾ ਨਾਂ ਦੀ ਇਕ ਕੁੜੀ ਨਾਲ ਕਰ ਦਿੱਤਾ। ਉਪਰੋਂ ਉਪਰੋਂ ਭੋਲੀ ਭਾਲੀ, ਸੇਵਾ ਭਾਵਨਾ ਵਾਲੀ, ਮਿੱਠਾ ਬੋਲਣ ਵਾਲੀ ਸ਼ੁਸ਼ੀਲਾ ਅਸਲ ਵਿਚ ਅੰਦਰੋਂ ਬੜੀ ਚਲਾਕ ਅਤੇ ਮੱਕਾਰ ਸੀ। ਬੇਟਾ ਛੇਤੀ ਹੀ ਜੋਰੂ ਦਾ ਗੁਲਾਮ ਬਣਕੇ… ਤੁਲਸੀ ਦਾਸ… ਬਣ ਗਿਆ। ਜਦੋਂ ਮਾਸਟਰ ਜੀ ਰਿਟਾਇਰ ਹੋਏ ਤਾਂ ਉਨ੍ਹਾਂ ਨੂੰ 30 ਲੱਖ ਰੁਪਏ ਦੇ ਤੌਰ ਤੇ ਪ੍ਰੋਵੀਡੈਂਟ ਫੰਡ ਆਦਿ ਕਰਕੇ ਰੁਪਏ ਮਿਲੇ। ਮਾਸਟਰ ਜੀ ਨੇ ਆਪਣੇ ਮਕਾਨ ਮਾਲਕ ਨੂੰ ਕਿਹਾ.. ਤੁਸੀਂ ਮੇਰੇ ਮਕਾਨ ਮਾਲਕ ਹੀ ਨਹੀਂ ਬਲਕਿ ਬਹੁਤ ਪੁਰਾਣੇ ਮਿੱਤਰ ਵੀ ਹੋ। ਕਿੰਨਾ ਚੰਗਾ ਹੋਵੇ ਜੇਕਰ ਤੁਸੀਂ ਇਹ ਮਕਾਨ ਮੈਨੂੰ ਉਚਿਤ ਕੀਮਤ ਤੇ ਵੇਚ ਦਿਓ। ਮਕਾਨ ਮਾਲਕ ਮਾਸਟਰ ਜੀ ਨੂੰ ਉਹ ਮਕਾਨ 30 ਲੱਖ ਰੁਪਏ ਵਿੱਚ ਵੇਚਣ ਨੂੰ ਤਿਆਰ ਹੋ ਗਿਆ। ਮਕਾਨ ਦੀ ਰਜਿਸਟਰੀ ਕਰਾਉਣ ਵਾਲੇ ਦਿਨ ਮਾਸਟਰ ਜੀ ਬਿਮਾਰ ਪੈ ਗਏ ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਤਹਿਸੀਲ ਵਿੱਚ ਜਾ ਕੇ ਮਕਾਨ ਦੀ ਰਜਿਸਟਰੀ ਕਰਵਾਉਣ ਵਾਸਤੇ ਕਿਹਾ। ਇਹ ਕੰਮ ਹੋ ਗਿਆ ਅਤੇ ਗੱਲ ਆਈ ਗਈ ਹੋ ਗਈ। ਇਕ ਦਿਨ ਸੱਸ ਅਤੇ ਨੂੰਹ ਵਿੱਚ ਕਿਸੇ ਗੱਲ ਤੇ ਮਹਾਂਭਾਰਤ ਹੋ ਗਿਆ ਅਤੇ ਨੂੰਹ ਨੇ ਸੱਸ ਨੂੰ ਬਹੁਤ ਹੀ ਬਦਤਮੀਜ਼ੀ, ਬੇਇਜ਼ਤੀ ਕਰਨ ਵਾਲੀ ਉੱਚੀ ਉੱਚੀ ਆਵਾਜ਼ ਵਿੱਚ ਕੁਝ ਕਹਿ ਦਿੱਤਾ। ਇਹ ਸਾਰਾ ਕੁੱਝ ਹੋਣ ਤੋਂ ਬਾਅਦ ਸੱਸ ਨੇ ਨੂੰਹ ਨੂੰ ਕਹਿ ਦਿੱਤਾ… ਨਿਕਲ ਜਾਓ ਮੇਰੇ ਘਰ ਵਿੱਚੋਂ..। ਇਹ ਸੁਣ ਕੇ ਨੂੰਹ ਨੇ ਮੁਸਕਰਾਉਂਦੇ ਹੋਏ ਆਪਣੀ ਸੱਸ ਨੂੰ ਕਿਹਾ… ਮੈਂ ਕਿਉਂ ਨਿਕਲਾਂ, ਤੁਸੀਂ ਹੀ ਨਿਕਲ ਜਾਓ ਮੇਰੇ ਘਰ ਵਿੱਚੋਂ….। ਮਾਸਟਰ ਜੀ ਇਹ ਸਭ ਕੁਝ ਸੁਣ ਰਹੇ ਸਨ ਅਤੇ ਆਪਣੀ ਨੂੰਹ ਨੂੰ ਕਹਿਣ ਲੱਗੇ.. ਕੁੜੀਏ! ਤੂੰ ਇਹ ਕੀ ਕਹਿ ਰਹੀ ਹੈਂ? ਨੂੰਹ ਦਾ ਜਵਾਬ ਸੀ.. ਇਹ ਤੁਸੀਂ ਆਪਣੇ ਪੁੱਤਰ ਨੂੰ ਹੀ ਪੁੱਛ ਲਓ। ਇਸਦੇ ਬਾਅਦ ਮਾਸਟਰ ਜੀ ਨੇ ਆਪਣੇ ਬੇਟੇ ਨੂੰ ਬੁਲਾਇਆ ਅਤੇ ਸਾਰੀ ਗੱਲ ਦੱਸੀ। ਇਹ ਸਭ ਸੁਣ ਕੇ ਬੇਟੇ ਨੇ ਆਪਣਾ ਸਿਰ ਝੁਕਾ ਲਿਆ। ਝਿਜਕਦੇ ਝਿਜਕਦੇ ਉਹਨਾਂ ਦੇ ਬੇਟੇ ਨੇ ਕਿਹਾ… ਹਾਂ ਪਿਤਾ ਜੀ! ਇਹਠੀਕ ਕਹਿ ਰਹੀ ਹੈ। ਉਸ ਦਿਨ ਮਕਾਨ ਦੀ ਰਜਿਸਟਰੀ ਤੁਹਾਡੇ ਨਾਂ ਕਰਾਉਣ ਦੇ ਬਦਲੇ ਆਪਣੀ ਪਤਨੀ ਦੇ ਨਾਂ ਹੀ ਕਰਾ ਲਈ ਸੀ….। ਇਹ ਸੁਣ ਕੇ ਮਾਸਟਰ ਜੀ ਨੇ ਆਪਣਾ ਮੱਥਾ ਫੜਦੇ ਹੋਏ ਕਿਹਾ….. ਬੇਟਾ! ਮੈਂ ਤੈਨੂੰ ਸਿਆਣਾ ਤਾਂ ਸਮਝਦਾ ਸੀ ਸੀ, ਪਰ ਤੂੰ ਇੰਨਾ ਸਿਆਣਾ ਨਿਕਲੇਗਾ, ਮੈਨੂੰ ਪਤਾ ਨਹੀਂ ਸੀ। ਅਤੇ ਅਗਲੇ ਹੀ ਦਿਨ ਮਾਸਟਰ ਜੀ ਅਤੇ ਉਨ੍ਹਾਂ ਦੀ ਪਤਨੀ ਉਹ ਮਕਾਨ ਛੱਡ ਕੇ ਕਿਸੇ ਹੋਰ ਕਿਰਾਏ ਦੇ ਮਕਾਨ ਵਿੱਚ ਚਲੇ ਗਏ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ  (ਹਰਿਆਣਾ) 

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -329
Next articleਬੁੱਧ  ਚਿੰਤਨ ..ਵੇ ਤਸਵੀਰਾਂ  ਬੋਲਦੀਆਂ !