(ਸਮਾਜ ਵੀਕਲੀ)-ਪਟਿਆਲਾ ਦੇ ਲਾਹੌਰੀ ਗੇਟ ਦੇ ਕੋਲ ਇੱਕ ਨਿੰਮ ਦੇ ਦਰਖ਼ਤ ਦੇ ਥੱਲੇ ਬੈਠ ਕੇ ਉਹ ਲੋਕਾਂ ਦੇ ਬੂਟ ਪਾਲਸ਼ ਕਰਕੇ ਆਪਣਾ ਢਿੱਡ ਭਰਿਆ ਕਰਦਾ ਸੀ। ਜਦੋਂ ਉਹ ਛੋਟਾ ਸੀ ਤਾਂ ਉਸਦੀ ਮਾਂ ਉਸਨੂੰ ਨਾਲ ਲਗਦੇ ਯਤੀਮਖਾਨੇ ਦੇ ਦਰਵਾਜ਼ੇ ਅੱਗੇ ਸੁਟ ਗਈ ਸੀ। ਯਤੀਮਖਾਨੇ ਦੇ ਹੋਰ ਛੋਟੇ ਮੁੰਡੇ ਅਤੇ ਕੁੜੀਆਂ ਨਾਲ ਉਹ ਵੀ ਵੱਡਾ ਹੋਇਆ। ਜਦੋਂ ਕੋਈ ਦਾਨੀ ਉੱਥੇ ਫੱਲ, ਮਿਠਾਈਆਂ ਜਾਂ ਰੋਟੀਆਂ ਖੁਆਉਣ ਵਾਸਤੇ ਆਉਂਦਾ ਸੀ ਤਾਂ ਉਹ ਵੀ ਹੋਰ ਬੱਚਿਆਂ ਦੇ ਨਾਲ ਕਤਾਰ ਵਿੱਚ ਬੈਠ ਕੇ ਦਾਨ ਦੀਆਂ ਚੀਜ਼ਾਂ ਲੈ ਲੈਂਦਾ ਸੀ ਜੋ ਕਿ ਉਸ ਨੂੰ ਚੰਗਾ ਨਹੀਂ ਸੀ ਲੱਗਦਾ।
ਅੱਗੇ ਪਿੱਛੇ ਯਤੀਮਖਾਨੇ ਦੀ ਰਸੋਈ ਵਿੱਚ ਬਣਨ ਵਾਲੀ ਰੋਟੀ ,ਸਬਜ਼ੀ ਅਤੇ ਦਾਲ ਉਨ੍ਹਾਂ ਸਭ ਨੂੰ ਮਿਲ ਜਾਇਆ ਕਰਦੀ ਸੀ। ਯਤੀਮਖਾਨੇ ਵਿੱਚ ਉਸਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਸੀ ਜਿਸਨੇ ਕਿ ਉਸਨੂੰ ਜਨਮ ਦਿੱਤਾ ਸੀ ,ਉਸ ਨੂੰ ਆਪਣੇ ਪਿਤਾ ਦੀ ਵੀ ਜ਼ਰੂਰਤ ਮਹਿਸੂਸ ਹੁੰਦੀ ਸੀ। ਜੇਕਰ ਉਸਦੇ ਮਾਪੇ ਹੁੰਦੇ ਤਾਂ ਉਸਨੂੰ ਇਸ ਤਰ੍ਹਾਂ ਜ਼ਲਾਲਤ ਦੀ ਜਿੰਦਗੀ ਨਾ ਬਿਤਾਉਣੀ ਪੈਂਦੀ । ਜਦੋਂ ਉਹ 13-14 ਸਾਲ ਦਾ ਹੋਇਆ ਤਾਂ ਉਸ ਨੇ ਖੁਦ ਹੀ ਯਤੀਮਖਾਨਾ ਛੱਡ ਦਿੱਤਾ ਅਤੇ ਲਾਹੌਰੀ ਗੇਟ ਦੇ ਕੋਲ ਨਿਮ ਦੇ ਦਰਖੱਤ ਦੇ ਥੱਲੇ ਬੈਠ ਕੇ ਬੂਟ ਪਾਲਿਸ਼ ਕਰਨ ਦਾ ਕੰਮ ਕਰਨ ਲੱਗਿਆ। ਜਦੋਂ ਕਦੇ ਉਹ ਕਿਸੇ ਸੋਹਣੇ ਅਤੇ ਅਮੀਰ ਪਤੀ ਪਤਨੀ ਨੂੰ ਜਾਂਦੇ ਹੋਏ ਦੇਖਦਾ ਤਾਂ ਉਸ ਨੂੰ ਲੱਗਦਾ ਸ਼ਾਇਦ ਉਸ ਦੇ ਮਾਪੇ ਇਹੋ ਜਿਹੇ ਹੋਣਗੇ। ਉਸਨੂੰ ਵਾਰ ਵਾਰ ਇਹ ਸੋਚ ਕੇ ਦੁੱਖ ਹੁੰਦਾ ਕਿ ਉਸ ਦੀ ਮਾਂ ਉਸਨੂੰ ਇਸ ਤਰ੍ਹਾਂ ਲਾਵਾਰਿਸ ਕਿਓਂ ਸੁਟ ਗਈ। ਉਸ ਦੇ ਮਾਪੇ ਕਿਹੋ ਜਿਹੇ ਹੋਣਗੇ? ਉਹ ਉਨ੍ਹਾਂ ਨੂੰ ਕਿੱਦਾਂ ਪਛਾਣੇਗਾ। ਉਸ ਦੀ ਆਪਣੇ ਮਾਪਿਆਂ ਬਾਰੇ ਤਲਾਸ਼ ਅੱਜ ਵੀ ਜਾਰੀ ਹੈ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly