ਮਿੰਨੀ ਕਹਾਣੀ: ਭਵਿੱਖ

ਸੁਰਜੀਤ ਸਿੰਘ ਭੁੱਲਰ
(ਸਮਾਜ ਵੀਕਲੀ) ਕਰਤਾਰੇ ਦੇ ਘਰ, ਸੌ ਸੁੱਖਾਂ ਪਿਛੋਂ ਪੁੱਤਰ ਨੇ ਜਨਮ ਲਿਆ। ਘਰ ‘ਚ ਖੁਸ਼ੀਆਂ ਦਾ ਕੋਈ ਅੰਤ ਨਹੀਂ ਸੀ । ਦੂਰ ਨੇੜੇ ਤੋਂ ਸਭ ਸਾਕ-ਸੰਬੰਧੀਆਂ ਨੇ ਆ ਵਧਾਈਆਂ ਦਿੱਤੀਆਂ । ਕਈਆਂ ਨੇ ਕਾਕੇ ਗਿਆਨ ਦਾ ਮੁਹਾਂਦਰਾ,ਉਸ ਦੀ ਮਾਂ ਤੇ ਨਾਨੀ ਨਾਲ ਰਲਾਇਆ ਅਤੇ ਕਈਆਂ ਨੇ ਦਾਦਕਿਆਂ ਨਾਲ । ਗਿਆਨ ਦੀ ਮਾਂ ਮੋਹਣੀ ਨੂੰ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਦੇ ਪੁੱਤ ਵਿਚ ਸਭ ਰਿਸ਼ਤੇਦਾਰਾਂ ਦੇ ਗੁਣ ਆ ਗਏ ਹੋਣ ।
ਸਮੇਂ ਦੇ ਨਾਲ-ਨਾਲ, ਗਿਆਨ ਵੱਡਾ ਹੁੰਦਾ ਗਿਆ। ਖੇਡ-ਕੁਦਣ ‘ਚ ਆਪਣੇ ਸਭ ਸਾਥੀਆਂ ਨਾਲੋਂ ਅੱਗੇ। ਪੜਾਈ ਵਿਚ ਉੱਕਾ ਹੀ ਕੋਈ ਦਿਲਚਸਪੀ ਨਹੀਂ ਸੀ ਲੈਂਦਾ। ਉਹ ਮਾਂ- ਬਾਪ ਦੇ ਕਹਿਣ ਤੇ ਵੀ ਬੜੀ ਮੁਸ਼ਕਲ ਨਾਲ ਕਿਤਾਬ ਨੂੰ ਹੱਥ ਲਾਉਂਦਾ। ਰੱਬ ਹੀ ਜਾਣਦਾ ਕਿ ਉਹ ਦਸਵੀਂ ਵਿਚ ਕਿਵੇਂ ਹੋ ਗਿਆ ?
ਇਕ ਦਿਨ,ਜਦ ਉਹ ਇਮਤਿਹਾਨ ਦੇਣ ਲਈ ਘਰੋਂ ਜਾ ਰਿਹਾ ਸੀ ਤਾਂ ਅਚਾਨਕ ਹੀ ਕਰਤਾਰੇ ਨੂੰ ਰਬੜ-ਪੈਂਸਿਲ ਦੀ ਲੋੜ ਪੈ ਗਈ। ਉਸ ਨੇ ਗਿਆਨ ਦੇ ਜੁਮੈਟਰੀ-ਬਕਸ ਨੂੰ ਖੋਲ੍ਹਿਆ ਅਤੇ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਉਸ ਵਿਚ ਬਰੀਕ ਲਿਖਤ ਦੀਆਂ ਕਈ ਛੋਟੀਆਂ- ਛੋਟੀਆਂ ਪਰਚੀਆਂ ਪਈਆਂ ਸਨ । ਉਸ ਨੇ ਗਿਆਨ ਤੋਂ ਪੁਛਿਆ ਕਿ ਕਾਕਾ,ਇਹ ਕੀ ਹੈ ? ਪਰ ਗਿਆਨ ਕੁਝ ਨਹੀਂ ਬੋਲਿਆ । ਉਹ ਤੇ ਪਰਚੀਆਂ ਨੂੰ ਬੜੀ ਸੱਧਰਾਂ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ।
ਕਰਤਾਰੇ ਨੇ ਜਦ ਵੇਖਿਆ ਕਿ ਉਸ ਦਾ ਪੁੱਤ ਚੁੱਪ-ਚਾਪ ਖੜਾ ਬਿੱਟਰ-ਬਿੱਟਰ ਪਰਚੀਆਂ ਵੱਲ ਤਕ ਰਿਹਾ ਹੈ ਤਾਂ ਉਹ ਗਰਜਿਆ, “ਹੂੰ, ਪਾਸ ਹੋਣ ਲਈ, ਇਹ ਚੰਗਾ ਤਰੀਕਾ ਲਭਿਆ ਹੈ? “
ਗਿਆਨ ਫਿਰ ਵੀ ਕੁਝ ਨਹੀਂ ਬੋਲਿਆ । ਉਹ ਚੁੱਪ-ਚਾਪ ਸਕੂਲ ਨੂੰ ਚਲਾ ਗਿਆ।
ਸਮਾਂ ਬੀਤ ਦਾ ਗਿਆ।
ਛੁੱਟੀ ਵਾਲੇ ਇਕ ਦਿਨ, ਕਰਤਾਰਾ ਆਪਣੀ ਕਿਤਾਬਾਂ ਵਾਲੀ ਅਲਮਾਰੀ ਦੀ ਸਫ਼ਾਈ ਕਰ ਰਿਹਾ ਸੀ । ਉਹ ਗਿਆਨ ਨੂੰ ਕਿਤਾਬਾਂ ਫੜਾਉਂਦਾ ਹੋਇਆ ਕਹਿ ਰਿਹਾ ਸੀ, “ਦੇਖ ਬੱਚੂ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਕਿਤਾਬਾਂ ਨੂੰ ਘੋਟੇ ਲਾਉਣੇ ਪੈਂਦੇ ਸੀ। ਹੁਣ ਤੇ ਪੜ੍ਹਾਈਆਂ ਨਕਲਾਂ ਦੇ ਸਿਰ ਤੇ ਹੀ ਚਲ ਰਹੀਆਂ ਨੇ।”
ਗਿਆਨ ਚੁੱਪ ਸੀ।
ਅਚਾਨਕ ਇਕ ਕਿਤਾਬ ਵਿਚੋਂ ਬਰੀਕ ਲਿਖਤ ਵਿਚ ਲਿਖੀਆਂ ਕਈ ਪਰਚੀਆਂ ਫਰਸ਼ ‘ਤੇ ਆ ਡਿੱਗੀਆਂ।
ਗਿਆਨ ਨੇ ਉਹਨਾਂ ਨੂੰ ਚੁੱਕ ਕੇ,ਆਪਣੇ ਪਿਤਾ ਨੂੰ ਦਿੰਦੇ ਹੋਏ ਪੁੱਛਿਆ, “ਪਾਪਾ ਜੀ, ਇਹ ਕੀ ਹੈ ?”
ਕਰਤਾਰਾ ਕੁਝ ਨਾ ਬੋਲਿਆ ਅਤੇ ਉਸ ਨੇ ਪਰਚੀਆਂ ਨੂੰ ਲੈ ਕੇ ਆਪਣੇ ਹੱਥਾਂ ਵਿਚ ਘੁੱਟ ਲਿਆ,ਜਿਵੇਂ ਉਹ ਇਹਨਾਂ ਨੂੰ ਭਸਮ ਕਰਨਾ ਚਾਹੁੰਦਾ ਹੋਵੇ।
ਗਿਆਨ ਨੇ ਫਿਰ ਪੁਛਿਆ, “ਪਾਪਾ ਜੀ, ਕੀ ਤੁਸੀਂ ਵੀ ਪਰਚੀਆਂ ਦੇ ਸਹਾਰੇ ਇਮਤਿਹਾਨ ਪਾਸ ਕੀਤਾ ਸੀ ?”
ਕਰਤਾਰਾ ਚੁੱਪ ਸੀ ।
ਦੋਹਾਂ ਦੀਆਂ ਅੱਖਾਂ ਅੱਗੇ ਪਰਚੀਆਂ ਘੁੰਮ ਰਹੀਆਂ ਸਨ ,ਜਿਵੇਂ ਇਹਨਾਂ ਵਿਚ ਹੀ ਉਹਨਾਂ ਦਾ ਭਵਿੱਖ ਛੁਪਿਆ ਹੋਵੇ ।
ਸੁਰਜੀਤ ਸਿੰਘ ਭੁੱਲਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ
Next articleਮੈਂ ਤੋਂ ਮੇਰੇ ਤੱਕ