ਮਿੰਨੀ ਕਹਾਣੀ   ਇਨਕਾਰ       

  ਸੁਖਮਿੰਦਰ ਸੇਖੋਂ

(ਸਮਾਜ ਵੀਕਲੀ)-ਦਫਤਰ ਦੇ ਮੁਖੀ ਦੀ ਕੁੜੀ ਦੇ ਵਿਆਹ ਕਾਰਡ ਤੇ ਡੱਬੇ ਵੰਡੇ ਜਾ ਰਹੇ ਸਨ। ਸਾਰੇ ਦਫਤਰ ਵਿੱਚ ਖੁਸ਼ੀ ਦਾ ਮਾਹੌਲ ਸੀ।   ਦੂਸਰੇ ਨੰਬਰ ਦੇ ਅਧਿਕਾਰੀ ਰੁਪਿੰਦਰ ਸਿੰਘ ਨੂੰ ਸੇਵਾਦਾਰ ਜਦੋਂ ਕਾਰਡ ਤੇ ਡੱਬਾ ਦੇਣ ਗਿਆ ਤਾਂ ਉਸਨੇ ਹੱਥ ਤੇ ਅੱਖ ਦੇ ਇਸ਼ਾਰੇ ਨਾਲ ਹੀ ਇਨਕਾਰ ਨਹੀਂ ਕੀਤਾ ਬਲਕਿ ਬੋਲ ਵੀ ਉਠਿਆ, ਅਵਤਾਰ! ਕੀ ਸਾਰਾ ਦਫਤਰ ਤੇ ਤੇਰਾ ਅਫਸਰ ਨੀਂ ਜਾਣਦਾ ਕਿ ਉਸਨੇ ਇੱਕ ਈਮਾਨਦਾਰ ਅਧਿਕਾਰੀ ਦੇ ਖਿਲਾਫ ਮੁੱਖ ਦਫਤਰ ਨੂੰ ਕੀ ਲਿਖਕੇ ਭੇਜਿਐ?  ਅਵਤਾਰ ਸਿੰਘ ਆਪਣੇ ਛੋਟੇ ਅਫਸਰ ਦੇ ਮੂੰਹ ਵੰਨੀਂ ਹੈਰਾਨ ਹੋਇਆ ਤੱਕਣ ਲੱਗਾ ਪਰੰਤੂ ਰੁਪਿੰਦਰ ਅਗਲੇ ਹੀ ਪਲ ਅਗਾਂਹ ਕਹਿਣ ਲੱਗਾ, ਹੈਡ ਆਫਿਸ ਲਿਖਣ ਤੋਂ ਪਹਿਲਾਂ ਵੀ ਤੇਰੇ ਇਸ ਅਫਸਰ ਨੇ ਮੇਰਾ ਜਾਤੀ ਨੁਕਸਾਨ ਕਰਨ ਦੀ ਕੋਸ਼ਿਸ ਕੀਤੀ ਸੀ–? ਤੇ ਪਿਛਲੇ ਮਹੀਨੇ ਜਦੋਂ ਮੇਰੇ ਮਾਤਾ ਜੀ ਹੌਸਪਿਟਲ ਦਾਖਲ ਸੀ ਤਾਂ ਇਸ ਨੇ ਇਹ ਕਹਿੰਦਿਆਂ ਮੇਰੀ ਛੁੱਟੀ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਕਿ ਕੰਮ ਬੌਤ ਐ ਤੈਨੂੰ ਛੁੱਟੀ ਨੀਂ ਮਿਲ ਸਕਦੀ!                          ਅਵਤਾਰ ਚੁੱਪਚਾਪ ਖੜ੍ਹਾ ਛੋਟੇ ਅਫਸਰ ਦੀ ਗੱਲਬਾਤ ਸੁਣਦਾ ਰਿਹਾ। ਰੁਪਿੰਦਰ ਮੁਸਕਰਾਇਆ ਤੇ ਫਿਰ ਹੁਕਮਰਾਨਾ ਲਹਿਜ਼ੇ ਵਿੱਚ ਬੋਲ ਉਠਿਆ, ਇਸ ਲਈ ਮੈਂ ਆਪਣੇ—ਤੇਰੇ ਇਸ ਅਫਸਰ ਨੂੰ ਅਫਸਰ ਮੰਨਣ ਤੋਂ ਵੀ ਇਨਕਾਰ ਕਰਦਾ ਹਾਂ!ਅਤੇ ਜਦੋਂ ਅਵਤਾਰ ਤੁਰਣ ਲੱਗਾ ਤਾਂ ਅਫਸਰ ਨੇ ਆਪਣੇ ਟੇਬਲ ‘ਤੇ ਰੱਖਿਆ ਕਾਰਡ,ਡੱਬਾ ਉਸਨੂੰ ਪਿਆਰ ਨਾਲ ਪਕੜਾਉਂਦਿਆਂ ਉੱਚੀ ਆਵਾਜ਼ ਵਿੱਚ ਕਿਹਾ, ਇਹ ਆਪਣੇ ਅਫਸਰ ਨੂੰ ਬਾਇੱਜ਼ਤ ਵਾਪਸ ਕਰ ਦੇਵੀਂ–ਠੀਕੈ! ਰੁਪਿੰਦਰ ਦੀ ਆਵਾਜ਼ ਸੁਣਕੇ ਦਫਤਰ ਦੇ ਹੋਰ ਕਰਮਚਾਰੀ ਵੀ ਬਾਹਰ ਆ ਖੜ੍ਹੇ ਸਨ।

  ਸੁਖਮਿੰਦਰ ਸੇਖੋਂ
98145-07693 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੁੱਤਾਂ ਵਾਂਗੂੰ ਬਦਲੀ
Next articleਰੰਗ ਬਰੱਸ਼ ਤੇ ਕੈਨਵਸ