(ਸਮਾਜ ਵੀਕਲੀ)-ਰਾਮ ਪਿਆਰੀ ਇੱਕ ਸਿੱਧੀ ਸਾਦੀ ਔਰਤ ਸੀ। ਉਸ ਦਾ ਆਦਮੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਉਹ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਇਸ ਤਰੀਕੇ ਨਾਲ ਉਨ੍ਹਾਂ ਦੇ ਜੀਵਨ ਦੀ ਗੱਡੀ ਚੱਲ ਰਹੀ ਸੀ। ਉਸ ਦੀਆਂ ਪਹਿਲਾਂ ਹੀ ਦੋ ਕੁੜੀਆਂ ਸਨ, ਲੇਕਿਨ ਕੋਈ ਮੁੰਡਾ ਨਹੀਂ ਸੀ। ਉਹ ਸੋਚਦੀ ਹੁੰਦੀ ਸੀ ਕਿ ਜੇਕਰ ਉਸ ਦਾ ਮੁੰਡਾ ਹੋ ਜਾਂਦਾ ਤਾਂ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਹੋ ਜਾਂਦਾ। ਕਿਸੇ ਦੇ ਕਹਿਣ ਤੇ ਉਸਨੇ ਸੋਲਾਂ ਸ਼ੁਕਰਵਾਰ ਦੇ ਵਰਤ ਵੀ ਰਖੇ। ਇਸ ਵਾਰ ਜਦੋਂ ਉਹ ਉਮੀਦ ਨਾਲ ਹੋਈ ਤਾਂ ਉਸਨੂੰ ਯਕੀਨ ਸੀ ਕਿ ਹੁਣ ਇਸ ਵਾਰ ਸੰਤੋਸ਼ੀ ਮਾਤਾ ਉਸ ਨੂੰ ਪੁੱਤਰ ਦਾ ਅਸ਼ੀਰਵਾਦ ਜਰੂਰ ਦੇਵੇਗੀ। ਲੇਕਿਨ ਉਸ ਦੀ ਕਿਸਮਤ ਵਿੱਚ ਮੁੰਡਾ ਹੁਣ ਵੀ ਨਹੀਂ ਲਿਖਿਆ ਹੋਇਆ ਸੀ। ਤੀਜੀ ਵਾਰ ਵੀ ਉਸ ਨੂੰ ਕੁੜੀ ਹੀ ਹੋਈ। ਉਹ ਟੁੱਟ ਗਈ ਅਤੇ ਉਸ ਨੇ ਮੁੰਡੇ ਦੀ ਉਮੀਦ ਛੱਡ ਦਿੱਤੀ। ਲੇਕਿਨ ਇੱਕ ਦਿਨ ਉਸ ਦੇ ਕੋਲ ਇੱਕ ਗੁਆਂਢਣ ਆਈ ਅਤੇ ਕਹਿਣ ਲੱਗੀ ਕਿ ਸ਼ਹਿਰ ਦੇ ਬਾਹਰ ਇਕ ਬਾਬੇ ਨੇ ਕੁਟੀਆ ਬਣਾਈ ਹੋਈ ਹੈ ਅਤੇ ਉਹ ਪਹੁੰਚਿਆ ਹੋਇਆ ਸਿੱਧ ਪੁਰਖ ਲੱਗਦਾ ਹੈ। ਉਸ ਨੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ ਹਨ। ਉਸ ਦੇ ਅਸ਼ੀਰਵਾਦ ਨਾਲ ਉਸ ਨੂੰ ਸ਼ਰਤੀਆ ਮੁੰਡਾ ਪੈਦਾ ਹੋਵੇਗਾ। ਇਹ ਸੁਣ ਕੇ ਉਸ ਦੇ ਮਨ ਵਿੱਚ ਇਕ ਵਾਰ ਫਿਰ ਮੁੰਡਾ ਪ੍ਰਾਪਤ ਕਰਨ ਦੀ ਇੱਛਾ ਜਾਗ ਗਈ ਅਤੇ ਉਹ ਆਪਣੀ ਗੁਆਂਢਣ ਦੇ ਨਾਲ ਉਸ ਬਾਬੇ ਦੇ ਦਰਸ਼ਨ ਕਰਨ ਵਾਸਤੇ ਚੱਲ ਪਈ। ਬਾਬੇ ਨੇ ਸ਼ਰਤੀਆਂ ਪੁੱਤਰ ਪੈਦਾ ਹੋਣ ਲਈ ਕੋਈ ਦਵਾਈ ਅਤੇ ਕੁੱਝ ਫਲ ਦਿਤੇ। ਬਾਬੇ ਤੇ ਪੂਰਾ ਵਿਸ਼ਵਾਸ ਕਰਕੇ ਉਹ ਉਸਨੂੰ ਆਪਣਾ ਗੁਰੂ ਅਤੇ ਭਗਵਾਨ ਮੰਨਣ ਲੱਗ ਗਈ। ਕੁਝ ਸਮੇਂ ਬਾਅਦ ਉਹ ਫਿਰ ਉਮੀਦ ਨਾਲ ਹੋ ਗਈ। ਉਹ ਰਾਤ ਦਿਨ ਆਪਣੇ ਬਾਬੇ ਭਗਵਾਨ ਦੀ ਪੂਜਾ, ਆਰਤੀ ਕਰਦੀ ਹੁੰਦੀ ਸੀ ਅਤੇ ਜਦੋਂ ਵੀ ਮੌਕਾ ਮਿਲਦਾ ਸੀ ਉਹ ਬਾਬਾ ਜੀ ਦੀ ਕੁਟੀਆ ਵਿੱਚ ਜਾਕੇ ਆਪਣੀ ਸ਼ਰਧਾ ਮੁਤਾਬਕ ਕੁਝ ਫਲ , ਕਪੜੇ ਅਤੇ ਪੈਸੇ ਮੱਥਾ ਟੇਕ ਆਇਆ ਕਰਦੀ ਸੀ। ਇਹ ਸਭ ਕੁਝ ਕਰਨ ਕਰਕੇ ਉਸ ਨੂੰ ਆਪਣੀ ਘਰ ਗ੍ਰਹਿਸਤੀ ਦੀਆਂ ਜ਼ਰੂਰਤਾਂ ਵਿੱਚ ਕੁਝ ਕਟੌਤੀ ਕਰਨੀ ਪੈਦੀ ਸੀ। ਲੇਕਿਨ ਪੁੱਤਰ ਪ੍ਰਾਪਤ ਕਰਨ ਦੇ ਲੋਭ ਵਾਸਤੇ ਉਹ ਕੁਝ ਵੀ ਕਰਨ ਵਾਸਤੇ ਤਿਆਰ ਸੀ। ਆਖਿਰ ਇੱਕ ਦਿਨ ਉਹ ਵੀ ਆਇਆ ਜਦੋਂ ਉਸਦੀ ਮਨੋਕਾਮਨਾ ਪੂਰੀ ਹੋਣੀ ਸੀ। ਲੇਕਿਨ ਬਦਕਿਸਮਤੀ ਨਾਲ ਉਸਨੂੰ ਚੌਥੀ ਵਾਰ ਵੀ ਲੜਕੀ ਹੀ ਪੈਦਾ ਹੋਈ। ਦੁੱਖ ਅਤੇ ਨਿਰਾਸ਼ਾ ਨਾਲ ਉਸ ਦਾ ਕਾਲਜਾ ਫਟਣ ਨੂੰ ਹੋ ਗਿਆ, ਉਸਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਅਤੇ ਅੱਖਾਂ ਵਿੱਚ ਹੰਜੂਆਂ ਦਾ ਹੜ੍ਹ ਆ ਗਿਆ। ਤੀਜੇ ਦਿਨ ਬਾਅਦ ਜਦ ਉਸਨੂੰ ਹਸਪਤਾਲ ਵਿਚੋਂ ਛੁੱਟੀ ਹੋਈ ਤਾਂ ਉਸਨੇ ਘਰ ਆ ਕੇ ਪਹਿਲਾ ਕੰਮ ਇਹ ਕੀਤਾ ਕਿ ਉਸ ਬਾਬੇ ਗੁਰੂ ਦੀ ਫੋਟੋ ਨੂੰ ਫਾੜ ਕੇ ਉਸ ਦੇ ਟੋਟੇ ਟੋਟੇ ਕਰ ਦਿੱਤੇ ਅਤੇ ਉਸ ਦੇ ਮੂੰਹ ਵਿੱਚੋਂ ਨਿਕਲਿਆ,,,, ਮੇਰੇ ਲਈ ਇਹ ਭਗਵਾਨ ਮਰ ਗਿਆ ਹੈ। ਇਹ ਭਗਵਾਨ ਨਹੀਂ, ਧੋਖੇਬਾਜ਼, ਝੂਠਾ ਅਤੇ ਪਾਖੰਡੀ ਹੈ। ਉਸ ਨੇ ਉਸ ਗੁਰੂ ਦੇ ਫੋਟੋ ਦੇ ਟੋਟਿਆਂ ਨੂੰ ਕੂੜੇ ਦਾਨ ਵਿੱਚ ਸੁੱਟ ਦਿੱਤਾ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly