ਮਿਨੀ ਕਹਾਣੀ / ਹਿਸਾਬ ਕਿਤਾਬ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-55 ਸਾਲ ਦੀ ਸ਼ੈਲੇਸ਼ ਭਾਰਤੀ ਜ਼ਿੰਦਗੀ ਦੇ ਉਸ ਮੋੜ ਤੇ ਪਹੁੰਚ ਗਈ ਸੀ ਜਿੱਥੇ ਹਨੇਰਾ, ਘੁਟਨ ਅਤੇ ਬੇਚੈਨੀ ਉਸਨੂੰ ਸਤਾਉਣ ਲੱਗੇ ਸਨ। ਉਸ ਨੂੰ ਯਾਦ ਹੈ ਕਿ ਕਦੇ ਉਹ 19 ਸਾਲ ਦੀ ਛੈਲ ਛਬੀਲੀ, ਨੱਚਣ ਟੱਪਣ ਵਾਲੀ ਮ੍ਰਿਗ ਨੈਨੀ ਸੁੰਦਰ ਕੁੜੀ ਹੋਇਆ ਕਰਦੀ ਸੀ। ਪਰਿਵਾਰਿਕ ਸੰਸਕਾਰਾਂ ਕਰਕੇ ਉਸਦੀ ਪਰਮਾਤਮਾ ਵਿੱਚ ਅਟੁੱਟ ਆਸਥਾ ਸੀ। ਉਹ ਰੁਦਰਾਕਸ਼ਧਾਰੀ ਬਾਬਾ ਭਗਵਤ ਚਰਨ ਦੀ ਸ਼ਖ਼ਸੀਅਤ ਅਤੇ ਪ੍ਰਵਚਨਾਂ ਤੋਂ ਇਤਨੀ ਪ੍ਰਭਾਵਿਤ ਹੋਈ ਕਿ ਉਸ ਨੇ ਆਪਣੇ ਆਪ ਨੂੰ ਮੁਕਤੀ ਧਾਮ ਡੇਰੇ ਨੂੰ ਹੀ ਸਮਰਪਿਤ ਕਰ ਦਿੱਤਾ।। ਇਸ ਧਾਰਮਿਕ ਸੰਗਠਨ ਵਿਚ ਉਸ ਨੂੰ ਹਵਨ, ਧਾਰਮਿਕ ਸ਼ਲੋਕਾਂ ਦਾ ਉਚਾਰਣ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਮਿਲ ਕਰਾਇਆ ਗਿਆ। ਅਜਿਹਾ ਕਰਕੇ ਉਸਨੂੰ ਬਹੁਤ ਪ੍ਰਸੰਨਤਾ, ਸੰਤੋਖ ਅਤੇ ਅਨੰਦ ਮਹਿਸੂਸ ਹੁੰਦਾ ਸੀ। ਸਵੇਰੇ ਸਵੇਰੇ ਉੱਠ ਕੇ ਡੇਰੇ ਦੀ ਸਫਾਈ ਕਰਨਾ ਅਤੇ ਇਸ਼ਨਾਨ ਕਰਨਾ ਅਤੇ ਉਸਦੇ ਬਾਅਦ ਅੰਤਰਮੁਖੀ ਹੋ ਕੇ ਪਾਠ ਕਰਦੀ ਸੀ, ਫੇਰ ਬਾਬਾ ਜੀ ਦੇ ਪ੍ਰਵਚਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੰਤ੍ਰ ਮੁਗਧ ਆਵਾਜ਼ ਨਾਲ ਭਜਨ ਗਾਉਂਦੀ ਹੁੰਦੀ ਸੀ। ਸਮੇਂ ਸਮੇਂ ਤੇ ਉਸ ਨੂੰ ਇਹ ਦੱਸਿਆ ਜਾਂਦਾ ਰਿਹਾ ਸੀ ਕਿ ਭਗਤਾਂ ਦੀ ਸ਼੍ਰੇਣੀ ਵਿੱਚ ਉਸ ਦਾ ਦਰਜਾ ਉੱਤੇ ਹੁੰਦਾ ਜਾ ਰਿਹਾ ਹੈ।

ਇਸ ਵਿਚਕਾਰ ਉਸ ਨੂੰ ਕਈ ਵਾਰ ਇਹ ਵੀ ਮਹਿਸੂਸ ਹੋਇਆ ਕਿ ਡੇਰੇ ਵਿਚ ਰਹਿਣ ਵਾਲੇ ਅਤੇ ਬਾਹਰੋਂ ਆਉਣ ਵਾਲੇ ਕੁਝ ਭਗਤ ਲੋਕ ਉਸ ਨੂੰ ਮਾੜੀ ਨਿਗਾਹ ਨਾਲ ਦੇਖਦੇ ਹਨ। ਕਦੇ ਕਦੇ ਉਹ ਆਪਣੇ ਕਮਰੇ ਵਿੱਚ ਲੱਗੇ ਹੋਏ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਤੱਕਿਆ ਵੀ ਕਰਦੀ ਸੀ। ਬੇਸ਼ੱਕ ਉਸਨੇ ਸਨਿਆਸ ਲੈ ਲਿਆ ਸੀ ਪ੍ਰੰਤੂ ਉਸਨੂੰ ਫੇਰ ਵੀ ਆਪਣੀ ਸੁੰਦਰਤਾ ਦਾ ਅਹਿਸਾਸ ਅਤੇ ਮਾਣ ਵੀ ਸੀ। ਇਸ ਤਰ੍ਹਾਂ ਉਸ ਦਾ ਸਮਾਂ ਬੀਤਦਾ ਗਿਆ। ਬਾਬਾ ਭਗਵਤ ਚਰਨ ਜੀ ਬ੍ਰਹਮਲੀਨ ਹੋ ਗਏ। ਉਸ ਨੂੰ ਮੁਕਤਧਾਮ ਡੇਰੇ ਦਾ ਪ੍ਰਮੁੱਖ ਬਣਾ ਦਿੱਤਾ ਗਿਆ। ਅਚਾਨਕ ਉਸ ਨੂੰ ਲੱਗਣ ਲੱਗਿਆ ਕਿ ਉਹ ਡੇਰੇ ਦੇ ਪ੍ਰਮੁੱਖ ਅਤੇ ਦੂਜਿਆਂ ਨੂੰ ਪ੍ਰਵਚਨ ਦੇਣ ਵਿਚ ਨਿਆਂ ਨਹੀਂ ਕਰ ਰਹੀ। 55 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਉਸ ਦਾ ਨੌਜਵਾਨ ਦੇ ਪ੍ਰਤੀ ਆਕਰਸ਼ਣ, ਘਰ ਗ੍ਰਹਿਸਥੀ ਵਸਾਉਣ ਦੀ ਇਛਾ ਅਤੇ ਛੋਟੇ ਬੱਚਿਆਂ ਨਾਲ ਖੇਡਣ ਦੀ ਲਾਲਸਾ ਵਧਣ ਲੱਗੀ ਸੀ। ਉਸ ਦੇ ਮਨ ਵਿੱਚ ਦਵੰਦ, ਉਲਝਣ ਅਤੇ ਤੂਫਾਨ ਜਿਹਾ ਉੱਠਣ ਲੱਗਿਆ ਕਿ ਉਹ ਮਨ ਮਾਰ ਕੇ ਆਪਣੇ ਭਗਤਾਂ ਦੀ ਉਸ ਵਿੱਚ ਆਸਥਾ ਦੇ ਪ੍ਰਤੀ ਇਮਾਨਦਾਰ ਰਹੇ ਜਾਂ ਫਿਰ ਸਭ ਕੁਝ ਛੱਡ ਛਡਾ ਕੇ ਘਰ ਗ੍ਰਹਿਸਤੀ ਵਸਾ ਲਵੇ। ਉਹ ਇਹੀ ਹਿਸਾਬ ਕਿਤਾਬ ਕਰਨ ਵਿੱਚ ਉਲਝੀ ਰਹੀ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੋਕੀ ਅਣਖ
Next article ਸਰਬੱਤ ਦਾ ਭਲਾ