ਫੋਕੀ ਅਣਖ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਆਪਣੀ ਹੀ ਧੀ ਨੂੰ ਸਜ਼ਾ ਤੇ ਉਹ ਵੀ ਇਨ੍ਹੀਂ ਨਿਰਦਈ ਢੰਗ ਦੀ ਮੌਤ ਦੀ ਜਿਸਨੂੰ ਅਣਖ ਨਾਲ ਜੋੜ ਲਿਆ ਗਿਆ। ਅਸੀਂ ਤਾਂ ਆਪਣੇ ਖੇਤ ਦੀ ਵੱਟ, ਭੇਡ ਬੱਕਰੀ ਤੇ ਧੀ ਨਾਲ ਆਪਣੀ ਅਣਖ ਜੋੜ ਲਈ ਹੈ। ਪੰਜਾਬੀ ਮਰਦ ਨੂੰ ਵਿਰਸੇ ਵਿੱਚ ਇਹੀ ਸੋਚ ਤਾਂ ਮਿਲੀ ਹੈ ਕਿ ਉਸਦੀ ਜ਼ਮੀਨ, ਪਸ਼ੂ ਤੇ ਧੀ ਉਸਦੀ ਮਲਕੀਅਤ ਹੈ। ਪੁੱਤ ਕੋਈ ਕਰ ਕਰੇ ਤਾਂ ਕੋਈ ਹਰਜ਼ ਨਹੀਂ। ਪੁੱਤ ਕਿਸੇ ਦੀ ਧੀ ਦੀ ਇੱਜ਼ਤ ਨਾਲ ਖਿਲਵਾੜ ਕਰੇ ਤਾਂ ਸ਼ੇਰਾਂ ਦੇ ਮੂੰਹ ਕੀਹਨੇ ਧੋਤੇ ਨੇ। ਪਰ ਗੱਲ ਧੀ ਦੀ ਹੋਵੇ ਤਾਂ ਕਤਲ ਤੇ ਨਾਂ ਅਣਖ ਦਾ। ਕਿੰਨੀ ਦੋਗਲੀ ਸੋਚ ਹੈ। ਕੋਈ ਪਿਓ ਸਿਰਫ ਸਮਾਜ ਵਿੱਚ ਵੱਡਾ ਹੋਣ ਲਈ ਕਿਸ ਹੜ੍ਹ ਤੱਕ ਜਾ ਸਕਦਾ ਹੈ ਇਹ ਤਾਂ ਤੁਸੀ ਵੇਖ ਹੀ ਲਿਆ। ਸਮਝ ਇਹ ਨਹੀਂ ਆਉਂਦੀ ਕਿ ਕਿਸੇ ਹੋਰ ਨੇ ਉਸਨੂੰ ਰੋਕਿਆ ਕਿਉ ਨਹੀਂ। ਹਰ ਥਾਂ ਇਸ ਗੱਲ ਦੀ ਦੁਹਾਈ ਦੇਣ ਵਾਲਾ ਸਮਾਜ ਕਿ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਦੇ ਹਾਂ ਆਪਣੀ ਧੀ ਦੀ ਜਾਨ ਬਚਾਉਣ ਲਈ ਅੱਗੇ ਨਹੀਂ ਆਇਆ। ਉਏ ਕੋਈ ਤਾਂ ਸੂਰਮਾ ਰੋਕਦਾ ਉਸ ਮੋਟਰ ਸਾਈਕਲ ਨੂੰ। ਕਤੂਰੇ ਨੂੰ ਬਚਾਉਣ ਲਈ ਅੱਗੇ ਆਉਣ ਵਾਲਾ ਸਮਾਜ ਅੱਜ ਵਾਹ ਵਾਹ ਕੇ ਰਿਹਾ ਹੈ। ਲੋਕਾਂ ਵੱਲੋ ਸ਼ਾਬਾਸ਼ ਦਿੱਤੀ ਜਾ ਰਹੀ ਹੈ। ਇਹ ਉਹੀ ਲੋਕ ਨੇ ਜੋ ਦੂਜੇ ਦੇ ਘਰ ਲਈ ਆਗ ਨੂੰ ਬਸੰਤਰ ਕਹਿੰਦੇ ਨੇ। ਧੀ ਨੂੰ ਮਰ ਦੇਣਾ ਉਹ ਵੀ ਇਸ ਤਰੀਕੇ ਨਾਲ ਕਿਹੜੀ ਅਣਖ ਹੈ? ਕੀ ਇਹ ਲੋਕ ਅਣਖ ਦਾ ਅਰਥ ਵੀ ਜਾਣਦੇ ਹਨ। ਧੀਆਂ ਭੈਣਾਂ ਦੇ ਅੰਗਾਂ ਬਾਰੇ ਗਾਣੇ ਗਾਉਣ ਤੇ ਨੱਚਦੇ ਲੋਕ, ਆਰਕੈਸਟਰਾਂ ਵਾਲੀਆ ਕੁੜੀਆ ਨੂੰ ਭੱਦੇ ਇਸ਼ਾਰੇ ਕਰਦੇ ਲੋਕ, ਔਰਤਾਂ ਦੇ ਅੰਗਾਂ ਬਾਰੇ ਗੱਲ ਗੱਲ ਤੇ ਗਾਹਲਾਂ ਕੱਢਦੇ ਲੋਕ ਕਿਹੜੀ ਅਣਖ ਦੀ ਗੱਲ ਕਰਦੇ ਨੇ। ਬੋੜੇ ਹੋ ਚੁੱਕੇ ਪੰਜਾਬੀ ਸਮਾਜ ਦੀ ਤਸਵੀਰ ਤੁਸੀ ਕਮੈਂਟਸ ਵਿਚ ਪੜ੍ਹ ਸਕਦੇ ਹੋ। ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ। ਮਾਂ ਪਿਓ ਤੇ ਸਮਾਜ ਦਾ ਫਰਜ਼ ਹੈ ਪਹਿਲਾਂ ਉਹਨਾਂ ਨੂੰ ਸੇਧ ਦੇਣੀ ਤੇ ਜੇਕਰ ਗਲਤੀ ਹੋ ਜਾਵੇ ਤਾਂ ਉਸ ਨੂੰ ਸਹੀ ਤਰੀਕੇ ਨਾਲ ਸੁਲਝਾਉਣਾ। ਧੀਆਂ ਜਾਂ ਵੀ ਕਿੱਥੇ? ਇੱਕ ਪੀੜ੍ਹੀ ਆਪਣੇ ਜਿਨਸੀ ਸਵਾਦ ਲਈ ਵਰਗਲਾ ਰਹੀ ਹੈ ਤੇ ਇੱਕ ਪੀੜ੍ਹੀ ਆਪਣੀ ਅਖੌਤੀ ਅਣਖ ਖਾਤਰ ਮਾਰ ਰਹੀ ਹੈ।

ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਦਰਾਂ ਅਗਸਤ ‘ਤੇ ਵਿਸ਼ੇਸ਼ ਕਿਰਤੀ ਦੇ ਵਿਹੜੇ
Next articleਮਿਨੀ ਕਹਾਣੀ / ਹਿਸਾਬ ਕਿਤਾਬ