*ਮਿੰਨੀ ਕਹਾਣੀ – ਅਬਲਾ ਕੌਣ ?* 

ਜਸਵਿੰਦਰ ਪਾਲ ਸ਼ਰਮਾ 
  (ਸਮਾਜ ਵੀਕਲੀ)- ਬਠਿੰਡਾ ਬੱਸ ਅੱਡੇ ਤੇ ਖੜੇ ਘੰਟੇ ਤੋਂ ਜਿਆਦਾ ਸਮਾਂ ਬੀਤ ਚੁੱਕਾ ਸੀ। ਪਰ ਡੱਬਵਾਲੀ ਨੂੰ ਜਾਣ ਵਾਲੀ ਬੱਸ ਅਜੇ ਨਹੀਂ ਆਈ ਸੀ। ਸਵਾਰੀਆਂ ਹਰ ਇੱਕ ਬੱਸ ਨੂੰ ਦੂਰੋਂ ਨਿਹਾਰਦੀਆਂ ਤੇ ਠੰਡਾ ਹੌਂਕਾ ਭਰ ਕੇ ਬੈਠ ਜਾਂਦੀਆਂ।
ਏਨੇ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਆ ਕਾਊਂਟਰ ਤੇ ਲੱਗੀ। ਧੱਕਾ-ਮੁੱਕੀ ਕਰਦੇ ਸਵਾਰੀਆਂ ਨੇ ਬੱਸ ਵਿੱਚ ਚੜਨਾ ਸ਼ੁਰੂ ਕੀਤਾ।
ਬੱਸ ਦੇ ਅੰਦਰ ਇੱਕ ਵੇਖਣ ਯੋਗ ਨਜ਼ਾਰਾ ਸੀ। ਇੱਕ ਤਿੰਨਾਂ ਵਾਲੀ ਸੀਟ ਤੇ ਦੋ ਔਰਤਾਂ ਬੈਠ ਗਈਆਂ ਤੇ ਨਾਲ ਹੀ ਇੱਕ ਅੱਧਖੜ ਉਮਰ ਦਾ ਆਦਮੀ ਬੈਠ ਗਿਆ।
 ਬਸ ਚੱਲੀ ਤੇ ਕੰਡਕਟਰ ਟਿਕਟ ਕੱਟਣ ਲਈ ਅੱਗੇ ਵਧਿਆ। ਚਾਰੇ ਪਾਸੇ ਔਰਤਾਂ ਹੀ ਨਜ਼ਰ ਆਉਂਦੀਆਂ ਸਨ। ਕੰਡਕਟਰ ਦੋਹਾਂ ਔਰਤਾਂ ਕੋਲ ਆਇਆ ਤਾਂ ਉਹਨਾਂ ਨੇ ਆਧਾਰ ਕਾਰਡ ਫੜਾ ਕੇ ਆਪਣੇ ਫਰੀ ਸਫਰ ਕਰਨ ਦੀ ਸਹੂਲਤ ਦੀ ਪੁਸ਼ਟੀ ਕਰ ਦਿੱਤੀ ਤੇ ਨਾਲ ਬੈਠੇ ਅੱਧਖੜ ਉਮਰ ਦੇ ਆਦਮੀ ਨੇ ਕੰਡਕਟਰ ਨੂੰ 50 ਰੁਪਏ ਫੜਾ ਕੇ ਟਿਕਟ ਕਟਵਾ ਲਈ।
 ਬੱਸ ਅਜੇ ਪੰਜ ਕੁ ਕਿਲੋਮੀਟਰ ਹੀ ਅੱਗੇ ਵਧੀ ਸੀ ਕਿ ਬੈਠੀਆਂ ਹੋਈਆਂ ਔਰਤਾਂ ਨੇ ਉਸ ਆਦਮੀ ਨੂੰ ਇੱਕ ਖੜੀ ਹੋਈ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਵੇ ਭਾਈ! ਕੀ ਹੋਇਆ ਤੈਨੂੰ, ਚੰਗਾ ਭਲਾ ਹੈਂ ਤੂੰ, ਆਹ ਵਿਚਾਰੀ ਅਬਲਾ ਔਰਤ ਨੂੰ ਸੀਟ ਤੇ ਬੈਠ ਜਾਣ ਦੇ।” ਤੇ ਉਹ ਆਦਮੀ ਆਸਾ ਪਾਸਾ ਦੇਖਦਾ ਹੋਇਆ ਬੱਸ ਵਿੱਚ ਖੜਾ ਹੋ ਗਿਆ।
 ਉਸ ਦੇ ਚਿਹਰੇ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਉਹ ਬੱਸ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਲੱਭ ਰਿਹਾ ਹੋਵੇ ਕਿ ਅਬਲਾ ਕੌਣ ਔਰਤ ਜਾਂ ਮਰਦ ?
ਜਸਵਿੰਦਰ ਪਾਲ ਸ਼ਰਮਾ 
ਸਸ ਮਾਸਟਰ 
ਸਸਸਸ ਹਾਕੂਵਾਲਾ 
ਸ੍ਰੀ ਮੁਕਤਸਰ ਸਾਹਿਬ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਣੇ ਹੋਣਾ     
Next articleਸੰਧੂ ਪਰਿਵਾਰ ਵੱਲੋਂ ਲੰਗਰ ਵਰਤਾਇਆ ਗਿਆ