ਮਿੰਨੀ ਕਹਾਣੀ…………… 

ਗੁਰਦੀਪ ਕੌਰੇਆਣਾ
  (ਸਮਾਜ ਵੀਕਲੀ)  “ਤਲਵੰਡੀ – ਸਰਦੂਲਗੜ੍ਹ – ਸਿਰਸਾ, ਤਲਵੰਡੀ- ਸਰਦੂਲਗੜ-ਸਿਰਸਾ”  ਗੇਲੀ ਕਾਫੀ ਲੰਬੇ ਸਮੇਂ ਤੋਂ ਬੱਸ ਬੱਸ ਖੇਡ ਰਿਹਾ ਸੀ। ਉਸ ਦੇ ਹੱਥ ਵਿੱਚ ਵਿਸਾਖੀ ਦੇ ਮੇਲੇ ਤੋਂ ਲਿਆਂਦੀ ਪਲਾਸਟਿਕ ਦੀ ਇੱਕ ਨਿੱਕੀ ਜਿਹੀ ਬੱਸ ਤੇ ਮੂੰਹ ਵਿੱਚ ਇੱਕ ਸੀਟੀ ਸੀ। ਉਹ ਕੱਲਾ ਹੀ ਖੇਡ ਰਿਹਾ ਸੀ। ਉਹ ਥੋੜ੍ਹੀ ਦੂਰ ਤੱਕ ਬੱਸ ਨੂੰ ਲੈ ਕੇ ਜਾਂਦਾ ਅਤੇ ਫਿਰ ਹੋਕਾ ਲਾਉਣ ਲੱਗਦਾ “ਤਲਵੰਡੀ- ਸਰਦੂਲਗੜ੍ਹ – ਸਿਰਸਾ, ਤਲਵੰਡੀ- ਸਰਦੂਲਗੜ੍ਹ – ਸਿਰਸਾ, ਚੜ੍ਹਜੋ ਚੜ੍ਹਜੋ ਚੜ੍ਹਜੋ ਭਾਈ”। ਉਹ ਆਪਣੀ ਖੇਡ ਵਿੱਚ ਇੰਨਾ ਮਗਨ ਸੀ ਕਿ ਉਸ ਨੂੰ ਇਹ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਸ ਦੇ ਆਸੇ ਪਾਸੇ ਕੀ ਹੋ ਰਿਹਾ ਹੈ। ਉਸਦਾ ਬਾਪ ਕਾਫ਼ੀ ਸਮੇਂ ਤੋਂ ਕਿਸੇ ਗਵਾਚੀ ਹੋਈ ਚੀਜ਼ ਨੂੰ ਲੱਭ ਰਿਹਾ ਸੀ। ਪਰ ਉਸ ਨੂੰ ਆਪਣੀ ਚੀਜ ਨਹੀਂ ਸੀ ਲੱਭ ਰਹੀ।  ਤਾਂ ਅਚਾਨਕ ਖੇਡ ਰਹੇ ਗੇਲੀ ਦੇ ਬਾਪ ਨੇ ਉਸ ਦਾ ਕੰਨ ਫੜਿਆ  ਤੇ ਉਸ ਨੂੰ ਖੜ੍ਹਾ ਕਰਕੇ ਪੁੱਛਣ ਲੱਗਿਆ “ਉਹ ਕੰਜਰ ਦਿਆ ਕਿਤੇ ਤੂੰ ਤਾਂ ਨੀ ਖੇਡਦੇ ਖੇਡਦੇ ਨੇ ਕਿਤੇ ਰੱਖਤੀ ਟਰੈਕਟਰ ਦੀ ਲੋਹੇ ਦੀ ਕਿੱਲੀ”  “ਨਾ ਪਾਪਾ ਮੈਂ ਤਾਂ ਕਿਤੇ ਨਹੀਂ ਰੱਖੀ” “ਸਾਲਾ ਬਾਂਦਰ ਜਾ” ਬਾਪ ਨੇ ਗੁੱਸਾ ਕੱਢਦਿਆਂ ਜਾਂਦੇ ਹੋਏ ਉਸ ਦੇ ਗਿੱਚੀ ਵਿੱਚ ਟਿਕਾ ਕੇ ਧੱਫਾ ਮਾਰਿਆ। ਬਾਪ ਤੋਂ ਮਾਰ ਖਾ ਕੇ ਨਿੱਕਾ ਗੇਲੀ ਰੋਣ ਲੱਗ ਪਿਆ। ਦਸ ਪੰਦਰਾਂ ਮਿੰਟ ਤੱਕ ਉਹ ਕੰਧੋਲੀ ਨਾਲ ਲੱਗਿਆ ਰੋਂਦਾ ਰਿਹਾ। ਕੁਝ ਸਮੇਂ ਬਾਅਦ ਫੇਰ ਉਹ ਖੇਡਣ ਲੱਗ ਪਿਆ,  ਉਹੀ ਖੇਡ “ਤਲਵੰਡੀ- ਸਰਦੂਲਗੜ੍ਹ- ਸਰਸਾ, ਤਲਵੰਡੀ – ਸਰਦੂਲਗੜ੍ਹ – ਸਰਸਾ, ਨਾਨ ਸਟਾਪ ਚੜਜੋ ਭਾਈ ਜੀਹਨੇ ਚੜਨੈ ਬੱਸ ਰਾਹ ਚ ਨੀ ਖੜਦੀ ਕਿਤੇ ਫੇਰ ਕਹੋਂਂਗੇ ਦੱਸਿਆ ਨੀ, ਬੱਸ ਪਹਿਲਾਂ ਹੀ ਕਿਸੇ ਕੰਜਰ ਦੇ ਪੁੱਤ ਕਰਕੇ ਪੰਦਰਾਂ ਵੀਹ ਮਿੰਟ ਲੇਟ ਹੋਗੀ ਐ”   ਗੇਲੀ ਨੇ ਮੂੰਹ ਵਿੱਚ ਪਾਈ ਸੀਟੀ ਮਾਰਨ ਲੱਗਿਆਂ ਆਪਣਾ ਗੁੱਸਾ ਕੱਢਿਆ।
ਗੁਰਦੀਪ ਕੌਰੇਆਣਾ  9915013953
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯਾਦਾਂ ਸਕੂਲ ਦੀਆਂ 
Next articleਸ਼ੁਭ ਸਵੇਰ ਦੋਸਤੋ