ਮਨ ਦਾ ਸਮੁੰਦਰ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ)

ਮਨ ਦੇ ਸਮੁੰਦਰ ਵਿੱਚ
ਛਾਲ ਮਾਰਨ ਤੋਂ ਪਹਿਲਾਂ
ਸੋਚ ਰਹੀ ਹਾਂ
ਮੇਰੀ ਕੋਈ ਜ਼ਿਮੇਵਾਰੀ
ਜਾਂ ਕੋਈ ਜਵਾਬਦੇਹੀ
ਰਹਿ ਤਾਂ ਨਹੀਂ ਗਈ
ਆਪਣੀਆਂ ਖ਼ਾਹਿਸ਼ਾਂ ਨੂੰ
ਖੁਸ਼ੀ ਖੁਸ਼ੀ ਸਲੀਬ ਤੇ ਟੰਗ ਕੇ
ਜੋ ਹੁਣ ਤੱਕ ਨਿਭਾਉਂਦੀ ਰਹੀ ਹਾਂ
ਫ਼ਰਜ਼ਾਂ ਦੀ ਉਸ ਫਹਿਰਿਸਤ ਨੂੰ
ਕੋਈ ਗਿਲਾ ਤਾਂ ਨਹੀਂ ਐ ਮੇਰੇ ਨਾਲ
ਮੇਰੇ ਵਿਹੜੇ ਵਿੱਚੋਂ ਵਿਦਾ ਹੋ
ਜੋ ਅੰਬਰ ਦੇ ਤਾਰੇ ਬਣ ਗਏ
ਉਹ ਮੇਰੇ ਤੇ ਪ੍ਰਸੰਨ ਨੇ ਕਿ ਨਿਰਾਸ਼
ਪਤਾ ਨਹੀਂ
ਮੇਰੇ ਬਗੀਚੇ ਦੀਆਂ
ਟਹਿਕਦੀਆਂ ਕਲੀਆਂ
ਤੇ ਮਹਿਕਦੇ ਫੁੱਲ
ਮੇਰੀ ਕੀਤੀ ਟਹਿਲ ਸੇਵਾ ਦੀ
ਸ਼ਲਾਘਾ ਕਰਦੇ ਨੇ
ਜਾਂ ਖ਼ਾਮੀਆਂ ਕੱਢਦੇ ਨੇ
ਪਤਾ ਨਹੀਂ
ਜੇਕਰ ਪਤਾ ਐ ਤਾਂ ਬਸ ਐਨਾ ਕਿ
ਮੌਸਮ ਭਾਵੇਂ ਮਿਹਰਬਾਨ ਹੋਇਆ
ਜਾਂ ਖਰ੍ਹਵਾ ਰਿਹਾ
ਪੱਛੋਂ ਚੱਲੀ ਜਾਂ ਪੁਰਾ
ਹਨੇਰੀ ਆਈ ਜਾਂ ਝੱਖੜ ਝੁਲੇ
ਮੀਂਹ ਵਰ੍ਹਿਆ ਜਾਂ ਗੜੇ ਪਏ
ਮੈਂ ਇਸ ਬਾਗ ਦਾ
ਖ਼ਿਆਲ ਰੱਖਣਾ ਨਹੀਂ ਛੱਡਿਆ
ਇਸ ਵਿੱਚੋਂ ਕਬਾੜ ਕੱਢਦਿਆਂ
ਅਤੇ ਕੰਡੇ ਚੁਗਦਿਆਂ
ਮੇਰੀ ਤਲੀ ਤੇ ਛਪੀਆਂ ਲਕੀਰਾਂ
ਅਕਸਰ ਲਹੂ ਲੁਹਾਣ ਹੋ ਜਾਂਦੀਆਂ
ਬੂਟਿਆਂ ਨੂੰ ਸਵੇਰੇ ਸ਼ਾਮ ਸਿੰਜਦਿਆਂ
ਤੇ ਸਮੇਂ ਸਿਰ ਖਾਦ ਪਾਉਂਦਿਆਂ
ਭੁੱਲ ਗਈ
ਭੁੱਖ ਨਾਲ ਵਿਲਕਦੇ
ਆਪਣੇ ਸੁਪਨਿਆਂ ਨੂੰ
ਧਿਆਨ ਹੀ ਨਹੀਂ ਦਿੱਤਾ ਕਦੇ
ਭੁੱਬਾਂ ਮਾਰ ਰੋਂਦੀਆਂ
ਸੱਧਰਾਂ ਦੀ ਪਿਆਸ ਵੱਲ
ਹੁਣ ਜਦੋਂ ਸਾਰੇ ਰੁੱਖ
ਫਲਾਂ ਤੇ ਫੁੱਲਾਂ ਨਾਲ
ਲੱਦੇ ਗਏ ਨੇ
ਪੰਛੀਆਂ ਦੇ ਆਲ੍ਹਣੇ
ਆਲ੍ਹਣਿਆਂ ਵਿੱਚ ਬੋਟ
ਤੇ ਬੋਟਾਂ ਦੀ ਚੀਂ ਚੀਂ ਨਾਲ
ਸਾਰੀ ਫ਼ੁਲਵਾੜੀ ਵਿੱਚ
ਰੌਣਕਾਂ ਲੱਗ ਗਈਆਂ ਨੇ
ਮੈਨੂੰ ਲੱਗਦਾ ਐ ਕਿ
ਇਸ ਹਰੇ ਭਰੇ ਬਾਗ ਨਾਲੋਂ
ਕਿਤੇ ਵੱਧ ਮੇਰੀ ਲੋੜ ਹੁਣ
ਬੀਆਬਾਨ ਹੋ ਚੁੱਕੀ
ਮੇਰੀ ਰੂਹ ਨੂੰ ਹੈ
ਮਾਰੂਥਲ ਬਣ ਗਈ
ਦਿਲ ਦੀ ਮਿੱਟੀ ਵਿੱਚ
ਕੁਝ ਉਗਾਉਣ ਲਈ
ਲੀਕ ਤੋਂ ਹਟ ਕੇ ਤੁਰਨਾ ਪਵੇਗਾ
ਮਨ ਦੇ ਸਮੁੰਦਰ ਤੱਕ ਪੁੱਜਣਾ ਪਵੇਗਾ
ਪੂਰੇ ਵੇਗ ਨਾਲ ਵਗਦੀ ਨਦੀ ਹੀ
ਓਥੋਂ ਤੱਕ ਅੱਪੜ ਸਕੇਗੀ
ਡਰਿਆ ਸਹਿਮਿਆ ਪਾਣੀ ਤਾਂ
ਮੁੜ ਪਹਾੜਾਂ ਦੀ ਕੈਦ ਵਿੱਚ
ਇਕੱਤਰ ਹੋ ਝੀਲ ਬਣ ਜਾਵੇਗਾ
ਦੇਰ ਤੱਕ ਇੱਕੋ ਥਾਂ ਰੁਕਿਆ ਪਾਣੀ
ਮੁਸ਼ਕ ਜਾਵੇਗਾ ,ਸੁੱਕ ਜਾਵੇਗਾ
ਐਦਾਂ ਹੀ ਮੁੱਕ ਜਾਵੇਗਾ
ਜਿਉਂਦੇ ਰਹਿਣ ਲਈ
ਜਲ ਦਾ ਗਤੀਸ਼ੀਲ ਹੋਣਾ ਲਾਜ਼ਮੀ ਐ
ਤਾਂ ਜੋ ਉਹ ਸਾਗਰ ਨੂੰ ਛੂਹ
ਅਮਰ ਹੋ ਜਾਵੇ
ਸੁਣਿਆ ਐ ਦਿਲ ਦੇ ਦਰਿਆ
ਸਮੁੰਦਰੋਂ ਡੂੰਘੇ ਹੁੰਦੇ ਨੇ
ਮਨ ਦੇ ਸਮੁੰਦਰ ਨੂੰ
ਡੂੰਘਾਈ ਤੱਕ ਖੋਜਣਾ ਪਵੇਗਾ
ਲੱਭਣਾ ਹੋਵੇਗਾ ਉਹ ਤਾਬੂਤ
ਜਿਸ ਅੰਦਰ
ਜਿਉਂਦੀਆਂ ਹਸਰਤਾਂ
ਦਫ਼ਨਾਂ ਦਿੱਤੀਆਂ ਸਨ
ਖਿੜ ਖਿੜ ਹੱਸਦੇ ਹਾਸੇ,
ਕਿਤਾਬਾਂ ਦੀ ਗੱਠੜੀ,
ਗਲਦੀਆਂ ਡਿਗਰੀਆਂ ,
ਕਾਲਜ ਦੇ ਕਲਾਸ ਰੂਮ ਵਿੱਚ
ਟੰਗਿਆ ਬਲੈਕ ਬੋਰਡ
ਤੇ ਚਾਕ ਦਾ ਡੱਬਾ,
ਗੀਤਾਂ ਦੀਆਂ ਹੇਕਾਂ,
ਸੰਗੀਤ ਉੱਤੇ ਥਿਰਕਦੀ ਪੈਰ ਦੀ ਅੱਡੀ
ਤੇ ਪਤਾ ਨਹੀਂ ਹੋਰ ਕਿੰਨਾਂ ਕੁੱਝ
ਸਾਰਿਆਂ ਦੇ ਗਲਾਂ ਵਿੱਚ
ਰੱਸੀਆਂ ਲਟਕਾ ਦਿੱਤੀਆਂ ਸਨ
ਦਫ਼ਨਾਈਆਂ ਚਾਹਤਾਂ ਨੂੰ
ਤਾਬੂਤ ਵਿੱਚੋਂ ਕੱਢਣਾ ਪਵੇਗਾ
ਰੂਹ ਨੂੰ ਮੁੜ ਆਬਾਦ ਕਰਨ ਲਈ
ਐਨਾ ਕੁ ਤਾਂ ਕਰਨਾ ਹੀ ਪਵੇਗਾ
ਮਨ ਦੀ ਅਨੰਤ ਗਹਿਰਾਈ ਵਿੱਚ
ਛਾਲ ਤਾਂ ਮਾਰਨੀ ਹੀ ਪਵੇਗੀ!

-ਬੌਬੀ ਗੁਰ ਪਰਵੀਨ

Previous articleਸੱਭ ‘ਤੇ ਮੇਹਰਾਂ ਕਰਨ ਵਾਲੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਭਾਈ ਮੇਹਰ ਚੰਦ ਜੀ
Next articleਬੁੱਧ ਬਾਣ ਸਤਾਰਾਂ ਸਤੰਬਰ ਵੀਹ ਸੌ ਚੌਵੀ