
(ਸਮਾਜ ਵੀਕਲੀ) ਮੈਂ ਅੱਠਵੀਂ ਜਮਾਤ ਦੇ ਪੇਪਰਾਂ ਤੋਂ ਬਾਅਦ ਦੀਆਂ ਛੁੱਟੀਆਂ ਹੋਣ ਤੇ ਨਾਨਕਿਆਂ ਦੇ ਘਰ ਚਲੇ ਗਈ ਸੀ .. ਅਸੀਂ ਨਾਨੀ ਨੂੰ ਬੀਬੀ ਕਿਹਾ ਕਰਦੇ ਸਾਡੀ ਬੀਬੀ ਬਹੁਤ ਜਿਆਦਾ ਚੰਗੀ ਸੀ ..ਪਿਆਰ ਵੀ ਲੋੜਿਆ ਦਾ ਕਰਦੀ ਤੇ ਡਾਂਟਦੀ ਦੀ ਪੂਰੇ ਰੋਹਬ ਨਾਲ ..ਕਹਿੰਦੇ ਨੇ ਸਿਆਣੇ ਦਾ ਚੰਡਿਆਂ ਕਦੇ ਵੀ ਡੋਲਦਾ ਨਹੀਂ ।ਅਜਿਹਿਆ ਵਾਕਿਆ ਇੱਕ ਮੇਰੇ ਨਾਲ ਵੀ ਹੋਇਆ। ਬੀਬੀ ਮੈਨੂੰ ਕਹਿੰਦੀ ਹੁਣ ਤੂੰ ਪੜ੍ਹਾਈ ਬਸ ਕਰ , ਸਿਲਾਈ -ਕਢਾਈ ਸਿੱਖ ਲਾ ..ਮੈਂ ਕਿਹਾ ,”ਬੀਬੀ ਮੈਨੂੰ ਸੂਟ ਸੀਣੇ ਆਉਦੇ ਆ ,ਮੈਂ ਦੋ ਚਾਦਰਾਂ ਵੀ ਕੱਢੀਆਂ ਨੇ ਤੇ ਇੱਕ ਚਾਦਰ ਪੇਂਟ ਵੀ ਕੀਤੀ ਆ … ਬੀਬੀ ਮੈਂ ਕਰੋਸ਼ੀਆਂ ਵੀ ਬੁਣ ਲੈਂਦੀ ਆ, ਇੱਕ ਪੱਖੀ ਵੀ ਬਣਾਈ ਆ ਝਾਲਰ ਦੇ ਵਿਚਕਾਰ ਮੋਤੀ ਲਾ ਕੇ , ਮੰਮੀ ਨਾਲ ਮੰਜੇ ਵੀ ਬਣਵਾਏ ਆ , ਚੁੱਲਾ -ਭੱਠੀ ਵੀ ਬਣਾ ਲੈਂਦੀ ਆ ਤੇ ਸਵੈਟਰ ਵੀ ਬਣਾਉਣਾ ਸਿੱਖ ਰਹੀ ਆ ….”ਅਜੇ ਮੈਂ ਕਿੰਨੀ ਨਿੱਕੀ ਜਿਹੀ ਆ ਤੇ ਪੜ੍ਹਾਈ ਦੇ ਨਾਲ-ਨਾਲ ਕਿੰਨੇ ਕੰਮ ਵੀ ਸਿੱਖ ਲਏ ਆ ..ਮੈਂ ਤੇ ਅੱਗੇ ਹੋਰ ਪੜ੍ਹਨਾ ਆ …ਜਿਆਦਾ ਸਾਰਾ ਪੜ੍ਹ ਕੇ ਬੈਂਕ ਖੋਲ੍ਹਣੀ ਆਪਣੀ ਮੈਂ “…ਬੀਬੀ ਹੱਸ ਪਈ ਕਹਿੰਦੀ ਧਰਤੀ ਵਿੱਚੋਂ ਨਿਕਲ ਜਾ ਪਹਿਲਾਂ ਖੋਲ੍ਹਣੀ ਇਹਨੇ ਬੈਂਕ “ ਮੈਂ ਬੁੜ-ਬੁੜ ਕਰਦੀ ਡਿਓੜ੍ਹੀ ਵਿੱਚ ਚਲੇ ਗਈ ਉੱਥੇ ਦਰੀਆਂ ਬੁਣਨ ਵਾਲਾ ਅੱਡਾ ਲੱਗਾ ਹੋਇਆ ਸੀ …ਮੈਂ ਫੇਰ ਬੀਬੀ ਕੋਲ ਭੱਜ ਕੇ ਗਈ “ਬੀਬੀ ਇਹ ਕਿੱਦਾਂ ਦਾ ਮੰਜਾ ਆ ਇਹਨੂੰ ਬਰੀਕ ਵਾਣ ਨਾਲ ਬਣਾਉਣਾ ਆ? “ ਬੀਬੀ ਕਹਿੰਦੀ ਧੰਨ ਤੂੰ ਧੰਨ ਤੇਰੇ ਸਵਾਲ “ ਸਾਰਾ ਦਿਨ ਸਵਾਲ ਕਰਦੀ ਰਹਿੰਦੀ ਆ ਪਤਾ ਨਹੀਂ ਕੀ ਖਾ ਕੇ ਜੰਮੀ ਆ “ ਬੀਬੀ ਕਹਿੰਦੀ ਇਹ ਮੰਜਾ ਨਹੀਂ ਹੈਗਾ ਇਹ ਦਰੀਆਂ ਬਣਾਉਣ ਵਾਲਾ ਅੱਡਾ ਲੱਗਾ ਆ ਇਹ ਵਾਣ ਨਹੀਂ ਹੁੰਦਾ ਇਹਨੂੰ ਤਾਣਾ ਕਹਿੰਦੇ ਆ । ਮੈਨੂੰ ਘਰਦੇ ਕੰਮ ਮੁੱਕਾ ਲੈਣ ਦੇ ਫੇਰ ਸਿਖਾਉਂਦੀ ਆ ਤੈਨੂੰ ਦਰੀ ਕਿੱਦਾਂ ਬਣਦੀ ਆ ..ਇਹ ਵਛਾਉਣੀ ਸੌਖੀ ਆ ਬਣਾਉਣੀ ਔਖੀ ਆ । ਮੈਨੂੰ ਚਾਅ ਤੇ ਬੜਾ ਚੜ੍ਹਿਆ ਜਿਦਾਂ ਮੈਂ ਫ਼ਟਾਫ਼ਟ ਹੀ ਬਣਾ ਲੈਣੀ ਹੋਵੇ ।ਮੈਂ ਆਪ ਬੀਬੀ ਨਾਲ ਲੱਗ ਕੇ ਸਾਰਾ ਘਰਦਾ ਕੰਮ ਕਰਵਾ ਦਿੱਤਾ ਤੇ ਦਰੀ ਵਾਲੇ ਅੱਡੇ ਕੋਲ ਆ ਗਈਆਂ … ਬੀਬੀ ਕਹਿੰਦੀ “ਦਰੀ ਨੂੰ ਟਾਈਮ ਲੱਗਦਾ ਆ ਤੂੰ ਪਹਿਲਾਂ ਝੋਲਾ ਬਣਾਉਣਾ ਸਿੱਖ.. ਤੈਨੂੰ ਜੇ ਤੰਦ ਲੰਘਾਉਣੇ ਆ ਗਏ ਫੇਰ ਤੈਨੂੰ ਦਰੀ ਵੀ ਆ ਜਾਣੀ ਆ । “ ਪਹਿਲਾਂ ਸ਼ੁਰੂਆਤ ਇੱਕੋ ਰੰਗ ਨਾਲ ਕੀਤੀ ਤੇ ਮੈਂ ਫ਼ਟਾਫ਼ਟ ਤੰਦ ਲੰਘਾ ਕੇ ਪੰਜੇ ਮਾਰਨੇ ਸ਼ੁਰੂ ਕਰ ਦਿੱਤੇ ਮੈਨੂੰ ਲੱਗਾ ਕੰਮ ਸੌਖਾ ਈ ਆ …ਇਹ 10-12 ਧਾਗੇ ਲੰਘਾ ਦਿੱਤੇ ਝੋਲਾ ਉੱਥੇ ਦਾ ਉੱਥੇ ਈ… ਮੈਂ ਕਿਹਾ ,”ਬੀਬੀ ਮੈਂ ਥੱਕ ਗਈ ਆ ਇਹ ਕੰਮ ਔਖਾ ਆ ਆਪਣੇ ਕੋਲੋਂ ਨਹੀਂ ਹੁੰਦਾ ਮੈਂ ਨਹੀਂ ਬਣਾਉਣਾ ਝੋਲਾ ਜਿਹਾ ।” ਬੀਬੀ ਕਹਿੰਦੀ ,”ਤੂੰ ਕਿੱਦਾਂ ਨਹੀਂ ਬਣਾਉਣਾ ਤੇਰੀ ਮਾਂ ਵੀ ਬਣਾਊ ।” ਮੈਂ ਕਿਹਾ ,”ਬੀਬੀ ਮਾਂ ਬਣਾਈ ਜਾਵੇ , ਮੈਂ ਨਹੀਂ ਬਣਾਉਣਾ ਮੈਨੂੰ ਨਹੀਂ ਪਤਾ -ਪੁੱਤਾ। ਨਾਲੇ ਅੱਜ ਕੱਲ ਪਰਸਾਂ ਤੇ ਲਫਾਫਿਆਂ ਦਾ ਜਮਾਨਾ ਆ ,ਤੁਹਾਡੇ ਵਾਰ ਝੋਲਿਆਂ ਦਾ ਜਮਾਨਾ ਸੀ , ਮੰਮੀ ਹੁਣਾ ਵਾਰੀ ਸੋਹਣੀਆਂ-ਸੋਹਣੀਆਂ ਟੋਕਰੀਆਂ ਦਾ ਜਮਾਨਾ ਸੀ ਤੇ ਇਹ ਝੋਲੇ ਕੌਣ ਵਰਤਦਾ ਆ ਅੱਜ ਕੱਲ ?” ਬੀਬੀ ਮੈਨੂੰ ਕਹਿੰਦੀ ਧੀਏ ਸੋਹਰਿਆਂ ਦੇ ਲੈ ਕੇ ਜਾਵੀਂ ਸਾਰੇ ਤੇਰੀ -ਤੇਰੇ ਪੇਕਿਆਂ ਦੀ ਵਡਿਆਈ ਕਰਨਗੇ..ਕਹਿਣਗੇ ਕਿੰਨੇ ਗੁਣ ਦਿੱਤੇ ਆ ਧੀ ਆਪਣੀ ਨੂੰ ।” ਮੈਂ ਸੜੂ-ਸੜੂ ਕਰਦੀ ਫੇਰ ਝੋਲਾ ਬਣਾਉਣ ਲੱਗ ਗਈ ਮੇਰਾ ਮਨ ਅੱਕਿਆ ਪਿਆ ਸੀ ਕਿਹੜੇ ਵੇਲੇ ਬੀਬੀ ਕਵੇ ਚੱਲ ਛੱਡ ਰਹਿਣਦੇ ਮੈਂ ਤੇ ਇਥੋਂ ਉੱਠ ਕੇ ਬਾਹਰ ਖੇਡਣ ਜਾਵਾਂ …ਬੀਬੀ ਤੇ ਰੰਗ ਬਰੰਗੇ ਧਾਗੇ ਲੈ ਆਈ ਕਦੇ ਕਵੇ ਨੀਲਾ ,ਪਾ ਕਦੇ ਹਰਾ ,ਕਦੇ ਚਿੱਟਾ ..ਅੱਕੀ ਤੇ ਮੈਂ ਪਹਿਲਾਂ ਈ ਪਈ ਸੀ ਉਪਰੋਂ ਬੀਬੀ ਦੇ ਤੋਤੇ ਤੇ ਬੱਤਖ ਨੇ ਜਾਨ ਖਾ ਲੀ ਮੇਰੀ .. ਮੋਰ ਦੇ ਅਜੇ ਪੰਜੇ ਹੀ ਬਣੇ ਸੀ ਮੈਂ ਪੰਜਾ (ਹੱਥਾ)ਮਾਰਿਆ ਚੁੱਕ ਕੇ ਕੰਧ ਵਿੱਚ ਵਜਾ ਤੇ ਇੱਕ ਸੀਖ ਵਿੰਗੀ ਹੋ ਗਈ .. ਨਾਲ ਈ ਗਿੱਚੀ ਚ ਇੱਕ ਕਰਾਰੀ ਜਹੀ ਚਪੇੜ ਵੱਜੀ ਨੇਰੀ ਆਉਣੀ ਗਦੂਤ ਨਾ ਹੋਵੇ ਕਿਸੇ ਥਾਂ ਦੀ …ਚੱਲ ਪੰਜਾ ਲੈ ਕੇ ਆ ਇਹ ਤੇ ਹੁਣ ਬਣਾਉਣਾ ਈ ਪੈਣਾ ਹੁਣ ਭਾਵੇਂ ਰੋ ਭਾਵੇਂ ਪਿੱਟ .. ਨਾਲੇ ਮੈਂ ਡੁੱਸਕੇ ਲਾਵਾਂ ਨਾਲੇ ਝੋਲਾ ਬਣਾਈ ਜਾਵਾਂ ਨਾਲੇ ਦਿਲ ‘ਚ ਕਵਾਂ ਅੱਗੇ ਤੋਂ ਨਹੀਂ ਨਾਨੀ ਕੋਲ ਆਉਣਾ ਨਾਨੀ ਹੁਣ ਬਦਲ ਗਈ ਆ ਆਪਣੇ ਪੋਤੇ ਪੋਤੀਆਂ ਨੂੰ ਪਿਆਰ ਕਰਦੀ ਆ ਸਾਨੂੰ ਨੂੰ ਕਰਦੀ । ਜਿੱਦਾਂ ਕਿੱਦਾਂ ਕਰਕੇ ਅੱਧਾ ਕੁ ਝੋਲਾ ਬਣਾ ਲਿਆ ਉਬਾਸੀਆਂ ਮਾਰੀ ਜਾਵਾਂ ਨੀਂਦ ਦੇ ਝੋਕੇ ਆਈ ਜਾਣ ਮਸਾਂ ਈ ਕਿਤੇ ਨਾਨੀ ਨੂੰ ਤਰਸ ਆਇਆ ..”ਕਹਿੰਦੀ ਜਾ ,ਜਾ ਕੇ ਕੁੱਝ ਖਾ ਪੀ ਕੇ ਸੌ ਜਾ ਬਾਕੀ ਕੱਲ ਬਣਾਵਾਂਗੇ …ਮੈਂ ਤੇ ਐਦਾਂ ਦੌੜੀ ਕਿੱਦਾਂ ਜੇਲ ਵਿੱਚੋਂ ਛੁੱਟੀ ਹੋਵਾਂ … ਸੁੱਤੀ ਪਈ ਦੀਆਂ ਬਾਹਾਂ ਦਰਦ ਕਰਨ ਲੱਗ ਗਈਆਂ ਬਾਹਾਂ ਚੁੱਕ -ਚੁੱਕ ਮਾਰਾਂ .. ਮੈਨੂੰ ਜਾਗ ਆ ਗਈ ਮੈਂ ਦਰਦ ਨਾਲ ਰੋਣ ਲੱਗ ਗਈ … ਬੀਬੀ ਨੇ ਸਰੋਂ ਦੇ ਤੇਲ ਦੀ ਮਾਲਿਸ਼ ਕੀਤੀ ਨਾਲੇ ਭਾਈ ਮਰਦਾਨੇ ਦੀ ਸਾਖੀ ਸੁਣਾਈ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਨੀਂਦ ਆ ਗਈ ਦੂਜੇ ਦਿਨ ਫੇਰ ਮੈਂ ਆਪੇ ਹੀ ਅੱਡੇ ਤੇ ਚੜ੍ਹ ਕੇ ਬੈਠ ਗਈ ਕਿਉਂਕਿ ਸਾਖੀ ਦਾ ਅਸਰ ਹੋ ਗਿਆ ਸੀ ਸ਼ਾਇਦ …ਸਾਰਾ ਝੌਲਾ ਬਣਾ ਕੇ ਹੀ ਉੱਠੀ …ਫ਼ੇਰ ਬੀਬੀ ਨੇ ਮਸ਼ੀਨ ਨਾਲ ਤਣੀਆਂ ਬਣਾ ਦਿੱਤੀਆਂ ਤੇ ਝੋਲਾ ਵੀ ਬੀਬੀ ਨੇ ਸੀਤਾ .. ਜਿਸ ਦਿਨ ਮੈਂ ਵਾਪਿਸ ਆਉਣਾ ਸੀ ਮੈਂ ਬੀਬੀ ਕੋਲੋਂ ਝੋਲਾ ਮੰਗਿਆ ਬੀਬੀ ਕਹਿੰਦੀ ਉਹ ਤੇ ਨਾਨਕੀ ਸ਼ੱਕ ਵਿੱਚ ਹੀ ਮਿਲਣਾ ਆ ਹੁਣ ਨਹੀਂ ਮਿਲਣਾ ਮੈਂ ਸੋਚਾਂ ਵਿੱਚ ਪੈ ਗਈ ..ਸਾਰਿਆਂ ਨੂੰ ਮਿੱਲ ਕੇ ਮਾਮਾ ਜੀ ਨਾਲ ਸਕੂਟਰ ਤੇ ਬਹਿ ਕੇ ਘਰ ਆ ਗਈ …ਥੋੜ੍ਹੇ ਦਿਨਾਂ ਵਿੱਚ ਹੀ ਮੈਂ ਝੋਲੇ ਬਾਰੇ ਭੁੱਲ ਗਈ ।ਜਦ ਮੇਰਾ ਵਿਆਹ ਹੋਇਆ ਉਦੋਂ ਨਾਨੀ ਸਾਡੇ ਵਿੱਚ ਨਾ ਰਹੇ ਪਰ ਪਤਾ ਨਹੀਂ ਇਹ ਝੋਲਾ ਪਹਿਲਾਂ ਈ ਮੰਮੀ ਕੋਲ ਕਿੱਦਾਂ ਆ ਚੁੱਕਾ ਸੀ… ਹੁਣ ਇਹ ਝੋਲਾ ਮੇਰੇ ਕੋਲ 23-24 ਸਾਲ ਬਾਅਦ ਆਇਆ ਮੇਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ । ਬੰਦਾ ਮੁੱਕ ਜਾਂਦਾ ਬੰਦੇ ਦੀ ਦਿੱਤੀ ਸਿੱਖਿਆ ਨਹੀਂ ਮੁੱਕਦੀ ,ਬੰਦੇ ਦੀਆਂ ਬਣਾਈਆਂ ਚੀਜ਼ਾਂ ਵੀ ਕਿਤੇ ਨਹੀਂ ਜਾਂਦੀਆਂ । ਅੱਜ ਵੀ ਅਸੀਂ ਸਾਰੇ ਭੈਣ-ਭਰਾ ਬਹੁਤ ਯਾਦ ਕਰਦੇ ਆ ਨਾਨੀ ਨੂੰ , ਨਾਨੀ ਦੀਆਂ ਬਾਤਾਂ ,ਨਾਨੀ ਦੀਆਂ ਸੁਣਾਈਆਂ ਸਾਖੀਆਂ ਬਹੁਤ ਯਾਦ ਆਉਂਦੀਆਂ ਨੇ । ਨਾਨੀ ਕੋਰੀ ਅਨਪੜ੍ਹ ਸੀ ਪਰ ਪੰਜਾਬੀ ਚੰਗੀ ਤਰਾਂ ਪੜ੍ਹ ਲੈਂਦੀ ਸੀ ਅਣਗਿਣਤ ਧਾਰਮਿਕ ਕਿਤਾਬਾਂ ਪੜ੍ਹ ਚੁੱਕੇ ਸੀ ਤੇ ਜਿਹਨ ਵਿੱਚ ਵੀ ਰੱਖਦੇ ਸੀ । ਅਗਲੀ ਵਾਰ ਦਸੂੰਗੀ ਇਹ ਝੋਲਾ ਮੇਰੇ ਕੋਲ ਕਿਵੇਂ ਆਇਆ ….ਚੱਲਦੀ ਹਾਂ ਤੇ ….ਜਲਦ ਮਿਲਦੇ ਆ ਨਵੀਂ ਯਾਦ ਨਾਲ ਤੁਹਾਡੀ ਆਪਣੀ ਨਿਮਾਣੀ ਜਹੀ ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ)



