(ਸਮਾਜ ਵੀਕਲੀ)
ਕਿਉਂ ਰਾਹੋਂ-ਕਰਾਹ ਪੈ ਗਿਆ ਏਂ, ਵਿਸਾਰ ਬਾਣੀ ਨੂੰ ਬਹਿ ਗਿਆ ਏਂ
ਜੋ ਤਸਵੀਰ ਸਜਾਈ ਕੰਧਾਂ ਤੇ, ਨਿੰਰਕਾਰੀ ਉਹ ਦਰਵੇਸ਼ ਨਹੀਂ
ਇਹ ਮੇਰਾ ਬਾਬਾ ਨਾਨਕ ਨਹੀਂ, ਇਹ ਨਾਨਕ ਦਾ ਸੰਦੇਸ਼ ਨਹੀਂ
ਜੋ ਤਸਵੀਰ ਸਜਾਈ ਮਹਿਲਾਂ ਵਿਚ—— – —— –
ਕੀ ਔਕਾਤ ਕਿਸੇ ਦੀ ਸਿਰਜ ਦਵੇ, ਪ੍ਕਾਸ਼ਾਂ ਦੇ ਪ੍ਕਾਸ਼ ਨੂੰ
ਨੂਰ ਇਲਾਹੀ ਸ਼ਬਦਾਂ ਅੰਦਰ, ਰਹਿਬਰ ਖੁਦਾ ਦੇ ਖਾਸ਼ ਨੂੰ
ਨਾ ਕਰ ਪੂਜਾ, ਨਾ ਧੂਫ਼ ਧੁਖਾ, ਧਨ ਗੋਲ਼ਕ ਦੇ ਕਰ ਪੇਸ਼ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ—— ———-
ਉਹ ਯਾਰ ਗਰੀਬ ਲਿਤਾੜੇ ਦਾ, ਆ ਮਹਿਲਾਂ ਨੂੰ ਠੁਕਰਾ ਜਾਵੇ
ਹੈ ਬਾਬਰ ਕੀ ਤੇ ਜਾਬਰ ਕੀ, ਓਹ ਮੈਂਅ ਦੀ ਧੌਣ ਝੁਕਾ ਜਾਵੇ
ਪੂਪਨਿਆਂ ਸਾਧ ਪਖੰਡੀਆਂ ਦਾ, ਧਾਰਿਆ ਉਸ ਨੇ ਵੇਸ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ———————
ਕਿਰਤ ਕਰੀ ਤੇ ਹੋਕਾ ਕਿਰਤ ਦਾ, ਗਲ਼ ਕਿਰਤੀ ਨੂੰ ਲਾਇਆ ਉਸ
ਤਿਆਗ਼ ਮਖ਼ਮਲੀ ਗੱਦਿਆਂ ਨੂੰ, ਮੁਸ਼ਕਲਾਂ ਨੂੰ ਅਪਣਾਇਆ ਉਸ
ਕੀਤੇ ਸਫ਼ਰ ਥਲਾਂ ਦੇ ਜ਼ਿੰਦਗ਼ੀ ਭਰ, ਦੇਖਿਆ ਦੇਸ-ਪਰਦੇਸ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ——– ———–‘
ਨਾਮ ਜਪੋ ਤੇ ਵੰਡ ਛਕੋ ਦਾ , ਕਰਮ ਤਿਆਗ਼ ਗਿਓ ਸੱਜਣਾ
ਚਿਮਟਿਆਂ ਢੋਲਕਾਂ ਦੀ ਖੱਪ, ਰਾਗ਼ ਤਿਆਗ਼ ਰਿਹੋਂ ਸੱਜਣਾ
ਚਿੱਟੇ ਚੋਲੇ ਨੀਲੀਆਂ ਪੱਗਾਂ, ਪਹਿਨਣ ਦਾ ਕੋਈ ਭੇਖ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ——— – ———–
ਹੱਕ ਪਰਾਇਆ ਖਾਹ ਖਾਹ, ਕਿਉਂ ਫੜ੍ਹ ਬੈਠਾ ਹੈਂ ਤਸਬੀਂ
ਕਿਤੇ ਪੁੰਨਿਆਂ ਕਿਤੇ ਮੱਸਿਆ, ਕਿਉਂ ਪੂਜ ਰਿਹੈਂ ਕਿਤੇ ਦਸਵੀਂ
ਬੰਦਗ਼ੀ ਇੱਕ ਨਿੰਰਕਾਰ ਦੀ, ਕੀਤਾ ਹੋਰ ਉਲੇਖ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ———————
ਕਿਰਤ ਭਗੌੜਾ ਹੋ ਕੇ “ਬਾਲੀ” , ਠੱਗੇਂ ਚੋਲ਼ੇ ਪਾ ਪਾ ਰੰਗਲ਼ੇ ਤੂੰ
ਲਭੰਗੇ ਟੋਲੇ,ਮਹਿੰਗੀਆਂ ਕਾਰਾਂ,ਖੜੇ ਡੇਰੇ ਕਰ ਲਏ ਬੰਗਲੇ ਤੂੰ
ਬਾਣੀ”ਰੇਤਗੜੵ” ਧਾਰ ਜੀਵਨ ‘ਚ, ਮੋਹ-ਮਾਇਆ ਉਦੇਸ਼ ਨਹੀਂ
ਜੋ ਤਸਵੀਰ ਸਜਾਈ ਕੰਧਾਂ ਤੇ—————–
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+91 9465129168
+91 7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly