ਨਵੀਂ ਦਿੱਲੀ (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸਰਕਾਰ ’ਚ ਮੁੜ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਸੁਨੇਹਾ ਮਿਲਿਆ ਸੀ ਕਿਉਂਕਿ ਸਿੱਧੂ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਪੁਰਾਣਾ ਦੋਸਤ ਹੈ। ਕੈਪਟਨ ਨੇ ਕਿਹਾ,‘‘ਜਦੋਂ ਪੰਜਾਬ ਸਰਕਾਰ ’ਚੋਂ ਨਵਜੋਤ ਸਿੱਧੂ ਨੂੰ ਹਟਾਇਆ ਗਿਆ ਤਾਂ ਮੈਨੂੰ ਪਾਕਿਸਤਾਨ ਤੋਂ ਸੁਨੇਹਾ ਮਿਲਿਆ ਕਿ ਉਹ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਪੁਰਾਣਾ ਦੋਸਤ ਹੈ ਅਤੇ ਉਹ ਸ਼ੁਕਰਗੁਜ਼ਾਰ ਹੋਣਗੇ ਜੇਕਰ ਤੁਸੀਂ ਉਸ ਨੂੰ ਸਰਕਾਰ ’ਚ ਰਖਦੇ ਹੋ।’’
ਸੀਟਾਂ ਦੀ ਵੰਡ ਦੇ ਸਮਝੌਤੇ ਨੂੰ ਲੈ ਕੇ ਇਥੇ ਭਾਜਪਾ ਹੈੱਡਕੁਆਰਟਰ ’ਤੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਇਸ ਗੱਲ ਦਾ ਖ਼ੁਲਾਸਾ ਕੀਤਾ। ਕੈਪਟਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿੱਧੂ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਮਗਰੋਂ ਦੋਵੇਂ ਆਗੂਆਂ ਦੇ ਸਬੰਧ ਸੁਖਾਵੇਂ ਨਹੀਂ ਰਹੇ ਸਨ ਅਤੇ ਉਨ੍ਹਾਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਣ ’ਤੇ ਵੀ ਇਤਰਾਜ਼ ਜਤਾਇਆ ਸੀ। ਐਤਵਾਰ ਨੂੰ ਕੈਪਟਨ ਨੇ ਚੰਡੀਗੜ੍ਹ ’ਚ ਕਿਹਾ ਸੀ ਕਿ ਸਿੱਧੂ ਦਾ ਦਿਮਾਗ ਨਹੀਂ ਹੈ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜ ਸਾਲ ਪਹਿਲਾਂ ਸਲਾਹ ਦਿੱਤੀ ਸੀ ਕਿ ਸਿੱਧੂ ਨੂੰ ਪਾਰਟੀ ’ਚ ਸ਼ਾਮਲ ਨਾ ਕੀਤਾ ਜਾਵੇ ਕਿਉਂਕਿ ਉਹ ਅਯੋਗ ਵਿਅਕਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly