(ਸਮਾਜ ਵੀਕਲੀ)
ਪੰਜਾਬ ਦੀ ਸਿੱਖਿਆ ਕੁਝ ਗਿਣਵੇਂ-ਚੁਣਵੇਂ ਹੱਥਾਂ ਵਿੱਚ ਖੇਡ ਰਹੀ ਹੈ । ਬੌਸ ਨਿੱਤ ਦਿਨ ਨਵੇਂ ਤੋਂ ਨਵੇਂ ਫੁਰਮਾਨ ਜਾਰੀ ਕਰ ਰਹੇ ਹਨ। ਸਮਾਜ ਦਾ ਨਿਰਮਾਤਾ ਅਤੇ ਰਾਸ਼ਟਰ ਦਾ ਉਸਰੱਈਆ ਸਹਿਮ ਨਾਲ ਜ਼ਹਿਰ ਦੇ ਘੁੱਟ ਪੀ ਰਿਹਾ ਹੈ। ਕਰੇ ਤਾਂ ਕੀ ਕਰੇ? ਸਿਵਾਏ ਹੁਕਮ ਮੰਨਣ ਤੋਂ ਅਤੇ ਕਠਪੁਤਲੀ ਬਨਣ ਤੋਂ ।ਉਸ ਕੋਲ ਕੋਈ ਚਾਰਾ ਵੀ ਤੇ ਨਹੀਂ ਹੈ। ਜੇ ਨਹੀਂ ਹੁਕਮ ਮੰਨਦਾ ਤਾਂ ਨੌਕਰੀ ਜਾਣ ਦਾ ਖ਼ਤਰਾ ।ਕਿਵੇਂ ਪਾਲੇ਼ਗਾ ਉਹ ਆਪਣੇ ਜੁਆਕ? ਕਿਵੇਂ ਕਰੇਗਾ ਉਨ੍ਹਾਂ ਦੀਆਂ ਲੋੜਾਂ ਪੂਰੀਆਂ?
ਕਿਵੇਂ ਚੱਲੇਗੀ ਉਸ ਦੀ ਰਸੋਈ? ਕਿਵੇਂ ਭਰੇਗਾ ਉਹ ਆਪਣੇ ਮਕਾਨਾਂ ਅਤੇ ਗੱਡੀ ਦੀਆਂ ਕਿਸ਼ਤਾਂ? ਉਸ ਤੋਂ ਤਾਂ ਦਿਹਾੜੀ ਵੀ ਨਹੀਂ ਹੋਣੀ। ਇਹ ਸਾਰਾ ਤਾਣਾ ਬਾਣਾ ਰਾਸ਼ਟਰ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਵਰਗ ਅੱਗੇ ਤਾਂਡਵ ਕਰ ਰਿਹਾ ਹੈ। ਪੰਜਾਬ ਦੀ ਸਿੱਖਿਆ ਨੀਤੀ ਦਾ ਮਾਣ ਕਹੇ ਜਾਣ ਵਾਲੇ ਕੁਝ ਗਿਣਵੇ ਚੁਣਵੇਂ ਚਿਹਰੇ ਸਿੱਖਿਆ ਨੂੰ ਆਪਣੀਆਂ ਉਂਗਲਾਂ ਉੱਤੇ ਇਸ ਤਰ੍ਹਾਂ ਨਚਾ ਰਹੇ ਹਨ, ਜਿਵੇਂ ਸਿੱਖਿਆ ਉਨ੍ਹਾਂ ਦੇ ਬਾਪ ਦੀ ਜਾਇਦਾਦ ਹੋਵੇ । ਉਪਰੋਂ ਹੁਕਮ ਥੋਪੇ ਜਾ ਰਹੇ ਹਨ ,ਅਤੇ ਵਿਚਾਰਾ ਅਧਿਆਪਕ ਵਰਗ ਉਨ੍ਹਾਂ ਦੇ ਹੁਕਮਾਂ ਦੀ ਤਾਲੀਮ ਕਰਦਾ ਕਰਦਾ ਆਪਣਾ ਦਿਮਾਗੀ ਸੰਤੁਲਨ ਗਵਾ ਰਿਹਾ ਹੈ।
ਅਧਿਆਪਕ ਵਰਗ ਦਾ ਕੁੱਝ ਹਿੱਸਾ ਚਮਚਾ ਵਰਗ ਵੀ ਹੈ, ਜੋ ਗਲਤ ਨੀਤੀਆਂ ਨੂੰ ਸਹੀ ਦੱਸ ਕੇ ਅਤੇ ਇੱਕ ਪ੍ਰਸੰਸਾ ਪੱਤਰ ਦੀ ਖ਼ਾਤਰ ਆਪਣੇ ਸਿਧਾਂਤਾਂ ਨੂੰ ਸੂਲੀ਼ ਟੰਗ ਕੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਅਫਸਰ ਵਰਗ ਦਾ ਚਹੇਤਾ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਮਿਲਾਵਟੀ ਨੀਤੀ ਅਫਸਰਸ਼ਾਹੀ ਸੱਭਿਆਚਾਰ ਨੂੰ ਜਨਮ ਦਿੰਦੀ ਹੈ। ਰਹਿੰਦੀ ਕਸਰ ਪੜੋ ਪੰਜਾਬ, ਪੜ੍ਹਾਓ ਪੰਜਾਬ ਪਰੋਜੈਕਟ ਨੂੰ ਚਲਾਉਣ ਵਾਲਿਆਂ ਨੇ ਕੱਢ ਦਿੱਤੀ ਹੈ। ਇਸ ਪਰੋਜੈਕਟ ਵਿੱਚ ਪੰਜਾਬ ਵਿੱਚੋਂ ਘੱਟੋ-ਘੱਟ ਬਾਰਾਂ ਤੇਰਾਂ ਸੌ ਦੇ ਕਰੀਬ ਅਧਿਆਪਕ ਕੰਮ ਕਰ ਰਹੇ ਹਨ, ਜੋ ਸਕੂਲਾਂ ਵਿੱਚੋਂ ਚੁੱਕ ਕੇ ਇਸ ਪਰੋਜੈਕਟ ਵਿੱਚ ਲਾਏ ਹੋਏ ਹਨ।
ਇਹ ਸਾਰੇ ਬੀ ਐਮ ਟੀ ਅਤੇ ਸੀ ਐਮ ਟੀ ਆਪਣੇ ਆਪ ਨੂੰ ਕਿਸੇ ਨਾਢੂ ਖ਼ਾਂ ਤੋਂ ਘਟ ਨਹੀਂ ਸਮਝਦੇ। ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਹੀ ਚਾਣਕਿਆ ਦੇ ਪਿਓ ਹਾਂ। ਦੋ ਚਾਰ ਗੱਲਾਂ ਨੂੰ ਰੱਟੇ ਲਾ ਕੇ ਕੈਂਪਾਂ ਵਿੱਚ ਆਪਣੇ ਆਪ ਨੂੰ ਹੀ ਆਰੀਆ ਭੱਟ ਸਮਝੀ ਜਾਣਗੇ। ਇਹ ਆਪਣੇ ਆਪ ਨੂੰ ਇਹ ਸਮਝਦੇ ਹਨ ,ਜਿਵੇਂ ਅਧਿਆਪਕ ਇਹਨਾਂ ਦੇ ਗੁਲਾਮ ਹੋਣ। ਇਹ ਆਪਣੇ ਹੀ ਕਨੂੰਨ ਜ਼ਮੀਨੀ ਪੱਧਰ ਤੇ ਕੰਮ ਕਰਦੇ ਅਧਿਆਪਕਾਂ ਤੇ ਲਾਗੂ ਕਰਦੇ ਹਨ, ਹਾਲਾਂ ਕੇ ਜਿਨ੍ਹਾਂ ਪਰਸਥਿਤੀਆਂ ਨਾਲ ਅਧਿਆਪਕ ਦੋ ਚਾਰ ਹੁੰਦਾ ਹੈ ਇਹਨਾਂ ਨੂੰ ਉਹਨਾਂ ਤਾਂਈ ਕੋਈ ਮਤਲਬ ਨਹੀਂ ।
ਹੁਣੇ ਜਿਹੇ ਨੈਸ਼ਨਲ ਅਚੀਵਮੈਂਟ ਸਰਵੇ( NAS) ਜੋ ਨਵੰਬਰ ਮਹੀਨੇ ਹੋ ਰਿਹਾ ਹੈ ,(ਇੱਕ ਦੇਸ਼ ਵਿਆਪੀ ਸਿੱਖਿਆ ਨਾਲ ਸਬੰਧਤ ਸਰਵੇ ਹੈ) ਇਸ ਨੂੰ ਮੁੱਖ ਰੱਖ ਕੇ ਸੈਮੀਨਾਰ ਲੱਗੇ ਹਨ। ਬਸ ਇੱਕੋ ਗੱਲ ਉੱਤੇ ਜ਼ੋਰ ਦਿੱਤਾ ਗਿਆ ਕੇ ਪੰਜਾਬ 2017 ਵਿੱਚ ਨੈਸ ਵਿੱਚ ਸਾਰੇ ਰਾਜਾਂ ਤੋਂ ਪਿੱਛੇ ਸੀ। ਹੁਣ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ। ਦੋ ਸਾਲਾਂ ਤੋਂ ਬੱਚੇ ਕੋਵਿਡ -19 ਦੇ ਕਾਰਨ ਸਕੂਲ ਨਹੀਂ ਆਏ। ਕਹਿਣ ਨੂੰ ਆਨਲਾਈਨ ਪੜ੍ਹਾਈ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ,ਪਰ ਸੁਆਹ…..। ਬੱਚਿਆਂ ਨੂੰ ਜੋ ਪਹਿਲਾਂ ਆਉਂਦਾ ਸੀ ਉਹ ਵੀ ਭੁੱਲ ਗਏ ਹਨ।
ਇਹੀ ਸ਼ਿਕਾਇਤ ਉਨ੍ਹਾਂ ਦੇ ਮਾਪੇ ‘ਮਾਪੇ ਅਧਿਆਪਕ’ ਮਿਲਣੀ ਦੌਰਾਨ ਕਰਦੇ ਹਨ, ਕੇ “ਸਾਡੇ ਜਵਾਕਾਂ ਨੂੰ ਕੁਝ ਵੀ ਨਹੀਂ ਆਉਂਦਾ। ਜੋ ਪਹਿਲਾਂ ਆਉਂਦਾ ਸੀ ਉਹ ਵੀ ਭੁੱਲ ਗਏ ਹਨ”। ਸਰਕਾਰੀ ਸਕੂਲਾਂ ਵਿੱਚ ਅੱਸੀ ਤੋਂ ਨੱਬੇ ਪ੍ਰਤੀਸ਼ਤ ਬੱਚੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਗਰੀਬ ਤਬਕੇ ਦੇ ਲੋਕਾਂ ਦੇ ਬੱਚੇ ਆਉਂਦੇ ਹਨ , ਜਿਹੜੇ ਦੋ ਵਕਤ ਦੀ ਰੋਟੀ ਵੀ ਦਿਹਾੜੀ ਕਰਕੇ ਕਮਾਉਂਦੇ ਹਨ। ਮਹਿੰਗੇ ਮੋਬਾਇਲ ਕਿੱਥੋਂ ਲੈ ਲੈਣਗੇ? ਜੇ ਕਿਸੇ ਇੱਕ ਦੋ ਕੋਲ਼ ਹੈ ਵੀ ਤਾਂ ਉਹਨਾਂ ਦੀ ਸ਼ਕਾਇਤ ਹੈ ਕੇ ਬੱਚੇ ਸਾਰਾ ਦਿਨ ਮੋਬਾਈਲ ਤੇ ਗੇਮ ਖੇਡਦੇ ਰਹਿੰਦੇ ਹਨ। ਤਕਰੀਬਨ ਆਏ ਹਫਤੇ ਪੇਪਰ ਆਨ ਲਾਈਨ ਆਉਂਦਾ ਹੈ ਅਧਿਆਪਕਾਂ ਤੇ ਸੌ ਪ੍ਰਤੀਸ਼ਤ ਪੇਪਰ ਹੱਲ ਕਰਨ ਦਾ ਦਬਾਅ ਪਾਇਆ ਜਾਂਦਾ ਹੈ।
ਜੇ ਕੋਈ ਜਾਗਦੀ ਜ਼ਮੀਰ ਵਾਲਾ ਅਧਿਆਪਕ ਪੇਪਰ ਹੱਲ ਨਹੀਂ ਕਰਦਾ ਤਾਂ ਉਸ ਨੂੰ ਜੂੰਮ ਮੀਟਿੰਗ ਵਿੱਚ ਜ਼ਲੀਲ ਕੀਤਾ ਜਾਂਦਾ ਹੈ। ਫੇਰ ਅਧਿਆਪਕ ਵਿਚਾਰਾ ਕੀ ਕਰੇ? ਅਖੀਰ ਨੂੰ “ਅੱਕ ਚੱਬਣਾ ” ਹੀ ਪੈਂਦਾ ਹੈ। ਸਾਰੇ ਬੱਚਿਆਂ ਦੇ ਪੇਪਰ ਆਪ ਹੀ ਹੱਲ ਕਰਨੇ ਪੈਂਦੇ ਹਨ। ਭੋਲੇ ਬੱਚਿਆਂ ਨੂੰ ਵਿਚਾਰਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਪੇਪਰ ਉਹਨਾਂ ਦੇ ਨਹੀਂ ,ਸਗੋਂ ਉਹਨਾਂ ਦੇ ਅਧਿਆਪਕਾਂ ਦੇ ਹਨ। ਸੱਚ ਤਾਂ ਇਹ ਹੈ ਕਿ ਅਸਲੀਅਤ ਵਿੱਚ ਪੜ੍ਹਾਈ ਤਾਂ ਬੱਚਿਆਂ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਬਸ ਸਰਕਾਰੀ ਅਧਿਆਪਕ ਵਰਗ ਹੀ ਅੜਿੱਕੇ ਚੜ੍ਹਿਆ ਹੋਇਆ ਹੈ। ਵੱਡੇ ਅਫਸਰਾਂ ਦੇ ਉਹ ਵੱਡੇ ਬੌਸ ਜਿਨ੍ਹਾਂ ਦਾ ਪਾਰਾ ਕਿਸੇ ਵੇਲੇ ਵੀ ਨਹੀਂ ਲੱਥਦਾ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly