ਮੰਦਬੁੱਧੀ ਅਤੇ ਵਿਕਲਾਂਗ ਬੱਚਿਆਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਉੱਤਮ ਸੇਵਾ ਨਿਭਾ ਰਿਹਾ ਨਵਜੀਵਨੀ ਸਕੂਲ – ਬਾਲ ਮੁਕੰਦ ਸ਼ਰਮਾ 

 ਸਕੂਲ ਵਿੱਚ ਭਾਵੁਕ ਹੋਏ ਚੇਅਰਮੈਨ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ 
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਸੂਲਰ 4 ਅਪ੍ਰੈਲ ਨੂੰ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ । ਇਹ ਸਕੂਲ 1981 ਤੋਂ ਸ਼ੁਰੂ ਹੋਇਆ ਅਤੇ ਅੱਜ ਦੇ ਸਮੇਂ ਲਗਭਗ 152 ਵਿਸ਼ੇਸ਼ ਜ਼ਰੂਰਤਾਂ (ਇੰਟਲੈਕਚੁਅਲ ਅਤੇ ਡੈਵਲਪਮੈਂਟਲ ਡਿਸੇਬਿਲਿਟੀ) ਵਾਲੇ ਬੱਚਿਆਂ ਦੇ ਪੁਨਰਵਾਸ ਲਈ ਨਿਰੰਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ। ਸਕੂਲ ਵਿੱਚ ਵਿਸ਼ੇਸ਼ ਵਿਦਿਆ ਪ੍ਰਣਾਲੀ ਅਧਾਰਿਤ ਤਰੀਕਿਆਂ ਦੇ ਨਾਲ ਬੱਚਿਆਂ ਦੀ ਸਿੱਖਿਆ ਅਤੇ ਜੀਵਨ ਗੁਣਵੱਤਾ ਦਾ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਨਵਜੀਵਨੀ ਸਕੂਲ ਦੇ 44ਵੇਂ ਵਰ੍ਹੇਗੰਢ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀਮਾਨ ਬਾਲ ਮੁਕੰਦ ਸ਼ਰਮਾ ਜੀ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸ਼ਿਰਕਤ ਕੀਤੀ।
ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਅਨੁਕੂਲ ਮਨੋਰੰਜਕ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਨੇ ਬੜੇ ਪਿਆਰ ਨਾਲ ਸਪੈਸ਼ਲ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਜਿੱਤਣ ਵਾਲੇ ਬੱਚਿਆਂ ਨੂੰ ਮੈਡਲ ਵੀ ਵੰਡੇ।
ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਨੇ ਦੱਸਿਆ ਕਿ ਬੱਚਿਆਂ ਨਾਲ ਬਿਤਾਏ ਅਣਮੁੱਲੇ ਪਲਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਮੁਸ਼ਕਿਲ ਹੈ ਅਤੇ ਇਹ ਮੇਰੀ ਜ਼ਿੰਦਗੀ ਦਾ ਇੱਕ ਵੱਖਰਾ ਤਜੁਰਬਾ ਬਣੇ।
ਉਹਨਾਂ ਭਵਿੱਖ ਚ ਨਵਜੀਵਨੀ ਸਕੂਲ ਨੂੰ ਹਰੇਕ ਸੰਭਵ ਮਦਦ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ। ਖੇਡਾਂ ਦੇ ਨਾਲ-ਨਾਲ ਉਹਨਾਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਏ ਕਰਾਫਟ ਦੇ ਸਮਾਨ ਨੂੰ ਵੀ ਵਾਚਿਆ ਅਤੇ ਸਕੂਲ ਦੀ ਕਾਰਗੁਜ਼ਾਰੀ ਵੀ ਵੇਖੀ।
ਸਕੂਲ ਦੀ ਮੈਨੇਜਮੈਂਟ ਵੱਲੋਂ ਕੀਮਤੀ ਸਮਾਂ ਸਕੂਲ ਨੂੰ ਦੇਣ ਲਈ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰ: ਅਨਮੋਲਜੀਤ ਸਿੰਘ, ਜ਼ਿਲ੍ਹਾ ਅਟਾਰਨੀ, ਪਟਿਆਲਾ, ਡਾ: ਅਮਰਜੀਤ ਸਿੰਘ ਸੋਹੀ, ਅਮਰੀਕਾ ਅਤੇ ਸ਼ਹਿਰ ਦੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਹੋਏ। ਏਥੇ ਚੇਅਰਮੈਨ ਸ਼ਰਮਾ ਨੂੰ  ਸਕੂਲ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਅੱਜਕਲ੍ਹ ਦੇ ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ/ਗੁਣ ਸੂਤਰਾਂ (ਜੀਨਜ਼) ਦੇ ਵਿਕਾਰ ਅਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨ ਹਨ। ਆਮ ਤੌਰ ਤੇ 100 ਆਮ ਤੰਦਰੁਸਤ ਬੱਚਿਆਂ ਦੇ ਜਨਮ ਪਿੱਛੇ ਲਗਭਗ ਤਿੰਨ ਬੱਚੇ ਦੀਵਿਆਂਗ ਪੈਦਾ ਹੋ ਰਹੇ ਹਨ। ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਮੰਦਬੁੱਧੀ ਅਤੇ ਇਸ ਦੇ ਨਾਲ-ਨਾਲ ਜੁੜੇ ਹੋਰ ਵਿਕਾਰਾਂ ਜਿਵੇਂ ਕਿ ਔਟਿਜ਼ਮ ਅਤੇ ਸੈਰੇਬਰਲ ਪਾਲਸੀ ਆਦਿ ਦੇ ਅਰਲੀ ਇੰਟਰਵੈਂਸ਼ਨ ਲਈ ਤਤਪਰ ਹੈ।
ਏਥੇ ਇਹ ਵਰਨਣਯੋਗ ਹੈ ਕਿ ਵਿਸ਼ੇਸ਼ ਬੱਚਿਆਂ ਦਾ ਪਾਠਕ੍ਰਮ ਆਮ ਸਕੂਲਾਂ ਵਰਗਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਵਿਸ਼ੇਸ਼ ਬੱਚੇ ਦਾ ਪਾਠਕ੍ਰਮ ਦੂਜੇ ਵਿਸ਼ੇਸ਼ ਬੱਚੇ ਨਾਲ ਮਿਲਦਾ ਹੈ। ਭਾਵ ਇਹ ਹੈ ਕਿ ਹਰੇਕ ਵਿਸ਼ੇਸ਼ ਬੱਚੇ ਦਾ ਪਾਠਕ੍ਰਮ ਇੱਕ ਖ਼ਾਸ ਕਿਸਮ ਦਾ ਪਾਠਕ੍ਰਮ ਹੁੰਦਾ ਹੈ ਕਿਉਂਕਿ ਹਰੇਕ ਵਿਸ਼ੇਸ਼ ਬੱਚੇ ਦੀਆਂ ਜ਼ਰੂਰਤਾਂ ਅਲੱਗ ਹਨ। ਬੱਚੇ ਦਾ ਪਾਠਕ੍ਰਮ ਤਿਆਰ ਕਰਨ ਵੇਲੇ ਬੱਚੇ ਦੀ ਬੌਧਿਕ ਵਿਕਲਾਂਗਤਾ, ਵਿਕਲਾਂਗਤਾ ਦੀ ਅਵਸਥਾ, ਭੌਤਿਕ ਅਸਮਰਥਤਾ, ਨਿੱਜੀ ਜ਼ਰੂਰਤ ਪਰਿਵਾਰਿਕ ਜ਼ਰੂਰਤਾਂ ਅਤੇ ਹੋਰ ਕਈ ਤਰ੍ਹਾਂ ਦੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਾਠਕ੍ਰਮ ਦਾ ਜ਼ਿਆਦਾ ਝੁਕਾਅ ਆਮ ਜ਼ਿੰਦਗੀ ਨਾਲ ਜੁੜੀਆਂ ਨਿਯਮਿਤ ਕ੍ਰਿਆਵਾਂ ਜਿਵੇਂ ਕਿ ਪਖਾਨਾ ਕਰਨਾ, ਨਹਾਉਣਾ, ਆਪਣੇ ਆਪ ਨੂੰ ਸਵਾਰਨਾ, ਕੱਪੜੇ ਪਹਿਨਣਾ/ਉਤਾਰਨਾ, ਰੋਟੀ ਖਾਣ, ਆਪਣੇ ਸਰੀਰ ਦੀ ਸਾਂਭ ਸੰਭਾਲ ਕਰਨਾ, ਦੂਜਿਆਂ ਦੁਆਰਾ ਪੁੱਛੇ ਆਮ ਸਵਾਲਾਂ ਦੇ ਜਵਾਬ ਦੇਣਾ, ਗੱਲਬਾਤ ਕਰਨਾ, ਕਿਰਿਆਤਮਕ ਵਿਦਿਆ ਸਿੱਖਣ ਨੂੰ ਤਰਜ਼ੀਹ ਦਿੰਦਾ ਹੈ।
ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਇੰਟਲੈਕਚੁਅਲ ਅਤੇ ਡਿਵਲਪਮੈਂਟ ਡਿਸੇਬਲ (ਮੰਦਬੁੱਧਿਤਾ) ਬੱਚਿਆਂ ਲਈ ਡੇ-ਬੋਰਡਿੰਗ ਅਤੇ ਹਾਸਟਲ ਦੀ ਸੁਵਿੱਧਾ ਵੀ ਪ੍ਰਦਾਨ ਕਰਦਾ ਹੈ।  ਜਿਸ ਵਿੱਚ ਪੂਰੇ ਭਾਰਤ ਤੋਂ ਬੱਚੇ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੇ ਹਨ। NGO ਦਾ ਪ੍ਰਬੰਧਨ ਪਬਲਿਕ ਡੋਨੇਸ਼ਨ ਤੇ ਅਧਾਰਿਤ ਹੈ। ਲੋਕਾਂ ਦੇ ਸਹਿਯੋਗ ਨਾਲ ਤਿਆਰ ਹੋਈ ਸੰਸਥਾ, ਲੋਕ ਸੇਵਾ ਲਈ ਹੀ ਪੂਰਨ ਤੌਰ ਤੇ ਸਮਰਪਿਤ ਹੈ। ਅੰਤ ਵਿੱਚ ਚੇਅਰਮੈਨ ਖੁਰਾਕ ਕਮਿਸ਼ਨ ਬਾਲ ਮੁਕੰਦ ਸ਼ਰਮਾ ਨੇ ਅਜਿਹੀਆਂ ਸੰਸਥਾਵਾਂ ਦੀ ਹਰ ਸੰਭਵ ਮਦਦ ਦੀ ਅਪੀਲ ਮੀਡੀਆ ਰਾਹੀਂ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਧੀਆ ਲੇਖਣੀ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ – ਮੂਲ ਚੰਦ ਸ਼ਰਮਾ 
Next articleFirst They Came for The Jews…