ਸ਼ਿਵਾਲੀ ਲਹਿਰਾਗਾਗਾ
(ਸਮਾਜ ਵੀਕਲੀ) ਅੱਜ ਕੱਲ੍ਹ ਹਰ ਪਾਸੇ ਸਰੀਰਕ ਸਿਹਤ ਨੂੰ ਵਧੀਆ ਬਣਾਉਣ ਦੇ ਨੁਸਖੇ, ਸਮਾਨ ਜਾਂ ਕਸਰਤਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ । ਵੱਖ ਵੱਖ ਡਾਇਟੀਸ਼ੀਅਨ ਆਪਣੇ ਆਪਣੇ ਕੋਰਸ ਵੇਚ ਰਹੇ ਨੇ ਅਤੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਫਰੀ ਵੀ ਇਹਨਾਂ ਗੱਲਾਂ ਬਾਰੇ ਦੱਸਿਆ ਜਾਂਦਾ ਹੈ। ਹਰ ਇੱਕ ਇਨਸਾਨ ਸਰੀਰਕ ਤੌਰ ਤੇ ਫਿੱਟ ਦਿਖਣਾ ਚਾਹੁੰਦਾ।ਸੋਹਣਾ ਤੇ ਸੁਡੋਲ ਦਿਖਣ ਲਈ ਹਰ ਸੰਭਵ ਯਤਨ ਕਰਦਾ ਹੈ ਤੇ ਠੀਕ ਵੀ ਹੈ ਪਰ ਕੀ ਕਦੇ ਆਪਣੀ ਮਾਨਸਿਕ ਸਿਹਤ ਬਾਰੇ ਸੋਚਿਆ ਹੈ ? ਜਿਸ ਤਰ੍ਹਾਂ ਜੰਕ ਫੂਡ ਖਾਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਗ਼ਲਤ ਵਿਚਾਰ ਪੜ੍ਹਨ , ਸੁਣਨ ਜਾਂ ਗ਼ਲਤ ਬੰਦਿਆਂ ਦਾ ਸੰਗ ਕਰਨ ਨਾਲ ਜਾਂ ਲੋੜ ਤੋਂ ਜ਼ਿਆਦਾ ਦਿਮਾਗ਼ੀ ਗਤੀਵਿਧੀਆਂ ਨਾਲ ਸਾਡੀ ਮਾਨਸਿਕ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ।ਨਕਾਰਾਤਮਕ ਜਾਂ ਮਾੜੇ ਵਿਚਾਰ ਅਤੇ ਇਨਸਾਨ ਸਾਡੇ ਮਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ ।ਜਿਸ ਤਰ੍ਹਾਂ ਸਰੀਰ ਨੂੰ ਆਰਾਮ ਦੇਣਾ ਜ਼ਰੂਰੀ ਹੈ ਓਸੇ ਤਰ੍ਹਾਂ ਦਿਮਾਗ਼ ਨੂੰ ਵੀ ਤਣਾਅ ਮੁਕਤ ਕਰਨਾ ਅਤਿਅੰਤ ਜ਼ਰੂਰੀ ਹੈ । ਇਸ ਲਈ ਚੰਗਾ ਚੰਗਾ ਪੜ੍ਹੋ,ਵੇਖੋ,ਸੁਣੋ,ਕਰੋ ਅਤੇ ਅਗਾਂਹ ਵਧੂ ਤੇ ਸਕਾਰਾਤਮਕ ਸੋਚ ਵਾਲੇ ਲੋਕਾਂ ਦਾ ਸੰਗ ਕਰੋ ਜਿਹੜੇ ਤੁਹਾਨੂੰ ਊਰਜਾ ਨਾਲ ਭਰ ਸਕਣ । ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾ ਕੇ ਵੀ ਸਾਡਾ ਮਨ ਬਹੁਤ ਖੁਸ਼ ਹੁੰਦਾ ਹੈ । ਮੇਡਿਟੇਸ਼ਨ ਕਰਕੇ ਜਾਂ ਆਪਣੀ ਪਸੰਦ ਦਾ ਸੰਗੀਤ ਸੁਣ ਕੇ ਵੀ ਤੁਸੀਂ ਆਪਣੇ ਮਨ ਨੂੰ ਖੁਰਾਕ ਦੇ ਸਕਦੇ ਹੋ।ਸਭ ਤੋਂ ਅਹਿਮ ਮੋਬਾਇਲ ਤੋਂ ਕੁਝ ਦੇਰ ਦੂਰੀ ਬਣਾ ਕੇ ਵੀ ਤੁਸੀਂ ਬਹੁਤ ਆਰਾਮ ਮਹਿਸੂਸ ਕਰੋਗੇ । ਸੋ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ ਜੋ ਤੁਹਾਡੇ ਮਨ ਨੂੰ ਖੁਸ਼ੀ ਦੇਵੇ ।
ਅਸੀਂ ਮਾਨਸਿਕ ਸਿਹਤ ਨੂੰ ਅਕਸਰ ਅਣਗੌਲਿਆ ਕਰ ਦਿੰਦੇ ਹਾਂ ਜਿਸ ਦੇ ਸਿੱਟੇ ਵਜੋਂ ਸਰੀਰਕ ਤੌਰ ਤੇ ਵਧੀਆ ਬੰਦੇ ਨੂੰ ਵੀ ਦਿਲ ਦੇ ਦੌਰੇ ਜਾਂ ਡਿਪਰੈੱਸ਼ਨ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸੇ ਲਈ ਸਾਨੂੰ ਮਾਨਸਿਕ ਸਿਹਤ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਜ਼ਿੰਦਗੀ ਦਾ ਭਰਪੂਰ ਅਨੰਦ ਮਾਣ ਸਕੀਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly