(ਸਮਾਜ ਵੀਕਲੀ) ਪਹਿਲੇ ਸਮੇਂ ਪਿੰਡਾਂ ਵਿੱਚ ਲੋਕਾਂ ਦੇ ਘਰ ਮਿੱਟੀ ਦੇ ਬਣੇ ਹੋਏ ਕੱਚੇ ਹੁੰਦੇ ਸਨ ਜਿੰਨਾਂ ਦੀ ਬਹੁਤੀਂ ਮੁਨਿਆਦ ਨਹੀਂ ਹੁੰਦੀ ਸੀ। ਬਰਸਾਤਾਂ ਦੇ ਦਿਨਾਂ ਵਿੱਚ ਫਿਕਰ ਲੱਗਾ ਰਹਿੰਦਾ ਸੀ ਕਿ ਕਿਤੇ ਸਾਡਾ ਕੋਠਾ ਮੀਂਹ ਨਾਲ ਢਹਿ ਨਾ ਜਾਏ। ਕਿਤੇ ਛੱਤ ਨਾ ਚੋਣ ਲੱਗ ਪਵੇ। ਕਿਤੇ ਕੰਧਾਂ ਨਾਲੋਂ ਲੈਅ ਨਾ ਲੱਥ ਜਾਵਣ। ਹਰ ਵਕਤ ਇਹੀ ਫਿਕਰ ਸਤਾਉਂਦਾ ਰਹਿੰਦਾ ਸੀ ਪਰ ਉਸ ਵਕਤ ਰਿਸ਼ਤੇ ਬੜੇ ਮਜ਼ਬੂਤ ਹੁੰਦੇ ਸਨ। ਰਿਸ਼ਤਿਆਂ ਵਿੱਚੋਂ ਪਿਆਰ-ਮੁਹੱਬਤ ਡੁੱਲ-ਡੁੱਲ ਪੈਂਦਾ ਸੀ। ਸਾਰਾ ਪਿੰਡ ਹੀ ਨਹੀਂ ਸਗੋਂ ਆਸੇ-ਪਾਸੇ ਦੇ ਲੋਕ ਮਿਲ-ਜੁਲਕੇ ਰਹਿੰਦੇ ਸਨ। ਲੋੜ ਵੇਲੇ ਇੱਕ-ਦੂਜੇ ਦੀ ਮੱਦਦ ਕਰਨ ਨੂੰ ਹੀ ਆਪਣਾ ਧਰਮ ਸਮਝਿਆ ਜਾਂਦਾ ਸੀ। ਦਿਲਾਂ ਵਿੱਚ ਰਤਾ ਵੀ ਮੈਲ ਨਹੀਂ ਰੱਖਦੇ ਸਨ। ਇੱਕੀ-ਦੁੱਕੀ ਨੂੰ ਛੱਡਕੇ ਸਾਰਾ ਭਾਈਚਾਰਾ ਇੱਕ-ਦੂਜੇ ਦਾ ਹਮਦਰਦੀ ਸੀ। ਇਸੇ ਲਈ ਤਾਂ ਆਖਦੇ ਆ ਪਿੰਡਾਂ ਵਿੱਚ ਰੱਬ ਵੱਸਦਾ ਤੇ ਸ਼ਹਿਰਾਂ ਵਿੱਚ ਨੱਚਦੀ ਬਹਾਰ। ਭਾਵ ਕਿ ਪਿੰਡਾਂ ਦੇ ਸਿੱਧੇ ਸਾਦੇ ਤੇ ਮਨ ਦੇ ਸਾਫ਼ ਲੋਕਾਂ ਨੂੰ ਰੱਬ ਦਾ ਰੂਪ ਦੱਸਿਆ ਗਿਆ। ਉਹਨਾਂ ਵੇਲਿਆਂ ਵਿੱਚ ਸ਼ਹਿਰੀ ਅਬਾਦੀ ਘੱਟ ਹੁੰਦੀ ਸੀ ਤੇ ਰੌਣਕ ਵੀ ਬਹੁਤ ਘੱਟ ਸੀ। ਬਜ਼ਾਰਾਂ ਵਿੱਚ ਹੁਣ ਵਾਂਗੂੰ ਭੀੜ ਨਹੀਂ ਹੁੰਦੀ ਸੀ ਸਗੋਂ ਪਿੰਡਾਂ ਦੇ ਲੋਕ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਹੀ ਸ਼ਹਿਰ ਜਾਇਆ ਕਰਦੇ ਸਨ। ਹੁਣ ਦੀ ਤਰ੍ਹਾਂ ਨਹੀਂ ਕਿ ਵਿਹਲੇ ਘੁੰਮਣ ਲਈ ਸ਼ਹਿਰ ਚਲੇ ਜਾਣਾ। ਲੋਕੀਂ ਆਪਣੀਆਂ ਬਹੁਤੀਂ ਜ਼ਰੂਰਤਾਂ ਆਪਣੇ ਸਾਧਨਾ ਵਿੱਚੋਂ ਹੀ ਪੂਰੀਆਂ ਕਰਿਆ ਕਰਦੇ ਸਨ, ਕਿਉਂਕਿ ਹਰੇਕ ਲੋੜੀਂਦੀ ਚੀਜ਼ ਖੇਤਾਂ ਵਿੱਚੋਂ ਹੀ ਤਿਆਰ ਹੁੰਦੀ ਹੈ। ਲੋਕ ਆਪਣੀ ਲੋੜ ਅਨੁਸਾਰ ਹਰੇਕ ਫ਼ਸਲ ਦੀ ਬਿਜਾਈ ਕਰਦੇ ਸਨ। ਦਾਲ, ਛੋਲੇ, ਮਾਂਹ, ਕਪਾਹ, ਸਰੋਂ, ਗੰਨਾ, ਸਬਜ਼ੀਆਂ ਆਦਿ ਸਭ ਕੁੱਝ ਆਪਣੇ ਖੇਤਾਂ ਵਿੱਚ ਹੀ ਉੱਗਾਇਆ ਜਾਂਦਾ ਸੀ। ਮੁੱਕਦੀ ਗੱਲ ਕਿ ਹਰੇਕ ਵਸਤੂ ਦੀ ਉੱਪਜ ਆਪ ਪੈਦਾ ਕਰਦੇ ਸਨ। ਇਹ ਸਭ ਕੁੱਝ ਕਰਨ ਲਈ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਸੀ। ਖੁਰਾਕਾਂ ਵਿੱਚ ਭੋਰਾ ਵੀ ਮਲਾਵਟ ਨਹੀਂ ਹੁੰਦੀ ਸੀ। ਅੱਜ ਦੇ ਸਮੇਂ ਵਾਂਗੂੰ ਨਹੀਂ ਕਿ ਹਰੇਕ ਚੀਜ਼ ਵਿੱਚ ਮਲਾਵਟ ਕੀਤੀ ਜਾਂਦੀ ਹੈ। ਬਜ਼ਾਰਾਂ ਵਿੱਚ ਸਭ ਕੁੱਝ ਨਕਲੀ ਵਿੱਕ ਰਿਹਾ ਪਰ ਫਿਰ ਵੀ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਆਂ। ਅੱਜ ਦੇ ਸਮੇਂ ਪੰਜਾਬ ਵਿੱਚ ਜਿੰਨਾਂ ਦੁੱਧ ਪੈਦਾ ਹੁੰਦਾ ਹੈ ਉਸ ਤੋਂ ਚਾਰ ਗੁਣਾਂ ਜਿਆਦਾ ਹਰ ਰੋਜ਼ ਉਸਦੀ ਖੱਪਤ ਹੁੰਦੀ ਹੈ ਪਰ ਵਰਤਣ ਵਾਲੇ ਇਹ ਨਹੀਂ ਸੋਚਦੇ ਕਿ ਇਹ ਦੁੱਧ, ਪਨੀਰ, ਖੋਇਆ, ਘਿਉ ਜਾਂ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਲਈ ਦੁੱਧ ਕਿੱਥੋਂ ਆ ਰਿਹਾ? ਹੁਣ ਪਿੰਡਾਂ ਵਿੱਚ ਖੁਰਲੀਆਂ ਉੱਪਰ ਬੱਝੀਆਂ ਮੱਝਾਂ-ਗਾਵਾਂ ਨਹੀਂ ਦਿੱਸਦੀਆਂ ਪਰ ਸ਼ਹਿਰਾਂ ਵਿੱਚ ਦੁੱਧ ਦੇ ਭਰੇ ਡਰੰਮ ਕਿੱਥੋਂ ਆ ਰਹੇ ਤੇ ਕੌਣ ਭੇਜ ਰਿਹਾ? ਚੰਗੀਆਂ ਖੁਰਾਕਾਂ ਖਾਂ-ਪੀ ਕੇ ਲੋਕ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਰਤਾ ਵੀ ਥਕਾਵਟ ਮਹਿਸੂਸ ਨਾ ਕਰਦੇ। ਘਰ ਦੀਆਂ ਤ੍ਰੀਮਤਾਂ ਵੀ ਆਪਣੇ ਕੰਮਕਾਰ ਨਿਬੇੜਕੇ ਡੰਗਰਾਂ ਵਾਸਤੇ ਪੱਠਾ ਟੁੱਕ ਲੈਣ ਆਪ ਲਈ ਪੈਲ਼ੀਆਂ ਵੱਲ ਚਲੇ ਜਾਇਆ ਕਰਦੀਆਂ ਸਨ। ਉਸ ਵਕਤ ਅਣਪੜ੍ਹਤਾ ਤਾਂ ਜ਼ਰੂਰ ਸੀ ਪਰ ਲੋਕਾਂ ਦੇ ਦਿਲਾਂ ਵਿੱਚ ਹੇਰਾ-ਫੇਰੀ ਵਾਲਾ ਕੀੜਾ ਅਜੇ ਤੱਕ ਧੱਸਿਆ ਨਹੀਂ ਸੀ। ਉਦੋਂ ਵੀ ਲੋਕ ਵਹਿਮਾ-ਭਰਮਾ ਵਿੱਚ ਫਸੇ ਹੋਏ ਸਨ ਪਰ ਅੱਜ ਦੇ ਲੋਕ ਉਸ ਵੀ ਕਿਤੇ ਜ਼ਿਆਦਾ ਪਾਖੰਡਵਾਦ ਸ਼ਿਕਾਰ ਹੋਈ ਬੈਠੇ ਆਂ। ਹਰੇਕ ਮਨੁੱਖ ਹੀ ਆਪਣਾ ਰੱਬ ਵੱਖਰਾ ਬਣਾਈ ਬੈਠਾ ਹੈ। ਘਰ ਵਿੱਚ ਮਾਂ-ਬਾਪ ਨੂੰ ਪਾਣੀ ਨਹੀਂ ਪੁੱਛਦੇ ਪਰ ਬਾਹਰ ਸੇਵਾ ਕਰਨ ਲਈ ਛਬੀਲਾਂ ਲਾਈਆਂ ਜਾਂਦੀਆਂ ਹਨ। ਘਰ ਬੁੱਢੇ ਮਾਪੇ ਰੋਟੀ ਨੂੰ ਤਰਸਦੇ ਰਹਿੰਦੇ ਅਤੇ ਉਹਨਾਂ ਦੀ ਔਲਾਦ ਹੋਟਲਾਂ ਵਿੱਚ ਪਾਰਟੀਆਂ ਕਰਦਿਆਂ ਨਹੀਂ ਥੱਕਦੀ। ਹੁਣ ਦੇ ਜ਼ਮਾਨੇ ਵਿੱਚ ਸੱਚ ਬੋਲਣਾ ਭਾਵ ਕਿ ਅੱਧੀ ਲੜਾਈ ਮੁੱਲ ਲੈਣ ਦੇ ਬਰਾਬਰ ਹੈ। ਹੁਣ ਤਾਂ ਚਾਰੇ ਪਾਸੇ ਕੂੜ ਦਾ ਪ੍ਰਚਾਰ ਹੋ ਰਿਹਾ। ਝੂਠ ਪ੍ਰਧਾਨ ਬਣਿਆ ਬੈਠਾ। ਸੱਚੇ ਮਨੁੱਖ ਦੀ ਭੋਰਾ ਕਦਰ ਨਹੀਂ ਰਹਿ ਗਈ। ਹੁਣ ਸੱਚ ਤਾਂ ਗਲ਼ੀਆਂ ਵਿੱਚ ਰੁੱਲਣ ਲਈ ਰਹਿ ਗਿਆ ਅਤੇ ਝੂਠੇ ਬੰਦੇ ਤਾਜ਼ੋ ਤਖ਼ਤ ਸਾਂਭੀ ਬੈਠੇ ਆਂ। ਬੀਤੇ ਸਮਿਆਂ ਦੇ ਰੀਤ-ਰਿਵਾਜ਼ ਅੱਜ ਨਾਲੋਂ ਵੱਖਰੇ ਸਨ। ਖਾਣ-ਪੀਣ ਤੇ ਪਹਿਨਣ ਦੇ ਤੌਰ ਤਰੀਕੇ ਅਲੱਗ ਸਨ। ਬਹੁਤੇ ਲੋਕ ਆਪਣੀ ਮਿਹਨਤ ਕਰਕੇ ਖਾਣ ਵਿੱਚ ਯਕੀਨ ਰੱਖਦੇ ਸੀ। ਪਰਾਇਆ ਹੱਕ ਖਾਣਾ ਉਹਨਾਂ ਲਈ ਹਰਾਮ ਦਾ ਖਾਣ ਦੇ ਬਰਾਬਰ ਹੁੰਦਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਸੀ ਕਿ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥” ਲੋਕ ਅਣਪੜ੍ਹ ਜ਼ਰੂਰ ਸਨ ਪਰ ਉਹ ਬਾਬਾ ਜੀ ਦੀਆਂ ਕਹੀਆਂ ਗੱਲਾਂ ਨੂੰ ਮੰਨਦੇ ਸਨ ਪਰ ਅੱਜ ਉਸ ਦੇ ਸਭ ਕੁੱਝ ਉੱਲਟ ਹੈ ਕਿਉਂਕਿ ਅਸੀਂ ਬਾਬਾ ਜੀ ਨੂੰ ਮੰਨਦੇ ਆਂ ਪਰ ਉਹਨਾਂ ਦੇ ਦਿੱਤੇ ਉਪਦੇਸ਼ ਨੂੰ ਨਹੀਂ ਮੰਨਦੇ।
ਲੇਖਕ ਬਿੰਦਰ ਕੋਲੀਆਂ ਵਾਲ , ਇਟਲੀ



