(ਸਮਾਜ ਵੀਕਲੀ) ਅੱਜ ਇੱਕ ਪੋਸਟ ਪੜ੍ਹੀ ਜਿਸ ਵਿੱਚ ਚੰਡੀਗੜ੍ਹ ਦਾ ਜ਼ਿਕਰ ਕਰਦੇ ਹੋਏ ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਜੀ ਨੇ ਲਿਖਿਆ ਸੀ ਕਿ ਹਜ਼ਾਰਾਂ ਪੂਰਬੀਏ ਯੂਪੀ, ਬਿਹਾਰ ਚੋ ਆਉਂਦੇ ਹਨ ਜੋ ਸਿਰਫ ਮਹਿੰਦੀ ਲਾਉਣ ਦਾ ਕੰਮ ਕਰਕੇ ਚੰਗੀ ਰੋਜ਼ੀ ਰੋਟੀ ਕਮਾਉਂਦੇ ਹਨ। ਇਹ ਸੱਚ ਹੈ। ਪ੍ਰੰਤੂ ਇਹ ਉਸ ਤੋਂ ਵੱਡਾ ਵੀ ਸੱਚ ਹੈ ਕਿ ਸਾਡੇ ਘਰਾਂ ਦੀਆਂ ਲੜਕੀਆਂ ਇਹ ਕੰਮ ਹੋਰ ਵੀ ਨਿਪੁੰਨਤਾ ਨਾਲ ਕਰਦੀਆਂ ਹਨ। ਅਸੀਂ ਉਹਨਾਂ ਨੂੰ ਮੌਕਾ ਨਹੀਂ ਦਿੰਦੇ ਜਾਂ ਸ਼ਾਇਦ ਮੁਫ਼ਤ ਦਾ ਸਮਝਕੇ ਮਹੱਤਵ ਨਹੀਂ ਦਿੰਦੇ। ਮੇਰੇ ਸਕੂਲ ਬਾਦਲ ਵਿੱਚ ਮੈਂ ਹਰ ਸਾਲ ਦੇਖਦਾ ਕਿ ਕਈ ਵਿਦਿਆਰਥਣਾਂ ਇਹ ਕੰਮ ਸ਼ੌਂਕੀਆਂ ਕਰਦੀਆਂ ਜੋ ਪੇਸ਼ੇਵਰ ਮਹਿੰਦੀ ਲਾਉਣ ਵਾਲੀਆਂ ਨੂੰ ਵੀ ਮਾਤ ਪਾਉਂਦੀਆਂ ਸਨ। ਉਹਨਾਂ ਵਿੱਚ ਇਹ ਕਲਾ ਸੀ। ਡੱਬਵਾਲੀ ਮੇਰੇ ਘਰ ਦੇ ਸ਼ਾਹਮਣੇ ਰਹਿਣ ਵਾਲੀ ਪ੍ਰਿਯੰਕਾ ਸ਼ਰਮਾ ਮੇਰੀਆਂ ਬੇਟੀਆਂ ਦੇ ਮਹਿੰਦੀ ਲਾਉਂਦੀ। ਕਮਾਲ ਕਰ ਦਿੰਦੀ। ਵਿਆਹ,, ਕਰਵਾ ਚੌਥ ਅਤੇ ਹੋਰ ਸਮਾਗਮਾਂ ਤੇ ਅਸੀਂ ਉਸਨੂੰ ਵਗਾਰ ਪਾਈ ਰੱਖਦੇ। ਉਹ ਸਾਡੇ ਘਰੇ ਆਕੇ ਅਪਣੱਤ ਨਾਲ ਮਹਿੰਦੀ ਲਾਉਂਦੀ। ਹੁਣ ਵੀ ਅਜਿਹੇ ਮੌਕਿਆਂ ਤੇ Priyanka Manish Sharma ਨੂੰ ਜਰੂਰ ਯਾਦ ਕਰਦੇ ਹਾਂ। ਗੱਲ ਇੱਕ ਹੁਨਰ ਦੀ ਹੈ। ਕੱਲ੍ਹ ਅਸੀਂ ਆਪਣੀ ਜਾਣਕਾਰ ਜਸਲੀਨ ਨੂੰ ਬੁਲਾਇਆ। ਜਿਸਨੂੰ ਘਰਦੇ ਜੱਸੂ ਆਖਦੇ ਹਨ। ਉਂਜ ਉਹ ਗ੍ਰੈਜੂਏਟ ਹੈ। ਉਸ ਕੋਲ੍ਹ ਮਹਿੰਦੀ ਲਾਉਣ ਦੀ ਕਲਾ ਹੈ। ਉਹ ਮੋਬਾਇਲ ਦਾ ਸਹਾਰਾ ਵੀ ਲੈਂਦੀ ਹੈ। ਉਸਦੀ ਕਲਾ ਅਤੇ ਮਿਹਨਤ ਨੂੰ ਵੇਖਕੇ ਦਿਲ ਖੁਸ਼ ਹੁੰਦਾ ਹੈ। ਉਸਦੀ ਲਗਾਈ ਮਹਿੰਦੀ ਦੀ ਡਿਜਾਇੰਗ ਨੂੰ ਵੇਖਕੇ ਬੇਟੀ ਪ੍ਰਤਿਮਾ ਮੁਰੇਜਾ ਸੇਠੀ ਦੀਆਂ ਸਹੇਲੀਆਂ ਨੇ ਉਸਨੂੰ ਰੋਕ ਲਿਆ। ਵਿਚਾਰੀ ਦੇਰ ਰਾਤ ਤੱਕ ਉਹਨਾਂ ਨੂੰ ਮਹਿੰਦੀ ਲਾਉਂਦੀ ਰਹੀ। ਘੱਟ ਪੈਸਿਆਂ ਵਿੱਚ ਵੱਧ ਸੰਤੁਸ਼ਟੀ। ਮਹਿੰਦੀ ਲਾਉਣਾ ਇੱਕ ਕਲਾ ਤਾਂ ਹੈ ਹੀ ਇੱਕ ਪੇਸ਼ਾ ਵੀ ਹੈ। ਜੋ ਇਸਨੂੰ ਪੇਸ਼ੇ ਦੇ ਰੂਪ ਵਿਚ ਨਹੀਂ ਅਪਣਾਉਣਾ ਚਾਹੁੰਦੇ ਉਹਨਾਂ ਲੜਕੀਆਂ ਨੂੰ ਇਹ ਕਲਾ ਜਰੂਰ ਸਿੱਖਣੀ ਚਾਹੀਦੀ ਹੈ। ਵੈਸੇ ਸਾਨੂੰ ਵਰਕ ਕਲਚਰ ਨੂੰ ਅਪਣਾਉਂਦੇ ਹੋਏ ਆਪਣੀਆਂ ਬੇਟੀਆਂ ਨੂੰ ਇਹ ਕਲਾ ਵੀ ਸਿਖਾਉਣੀ ਚਾਹੀਦੀ ਹੈ। ਜਿਸ ਨਾਲ ਬਾਹਰ ਜਾਕੇ ਖਰਚ ਕਰਨ ਦੀ ਬਜਾਇ ਘਰ ਵਿੱਚ ਹੀ ਇਹ ਬੁੱਤਾ ਸਾਰਿਆ ਜਾ ਸਕਦਾ ਹੈ। ਹਾਂ ਜਿੰਨਾ ਦੀ ਜੇਬ ਭਾਰ ਝੱਲਦੀ ਹੋਵੇ ਕੋਲ੍ਹ ਟਾਈਮ ਨਾ ਹੋਵੇ ਅਤੇ ਟੋਹਰ ਬਣਾਉਣੀ ਵੀ ਜਰੂਰੀ ਹੋਵੇ ਅਤੇ ਆਪਣੇ ਲਗਾਈ ਮਹਿੰਦੀ ਦਾ ਜਿਕਰ ਚਾਰ ਚੰਗੇ ਲੋਕਾਂ ਵਿੱਚ ਕਰਨਾ ਹੋਵੇ ਉਹ ਗੁਜਾਲਿਕ ਲਗਜੂਰੀਅਸ ਸਲੋਨ ਨੇੜੇ ਬੀਬੀ ਵਾਲਾ ਚੌਂਕ ਤੇ ਜਾਕੇ ਜੇ ਆਪਣਾ ਝੱਸ ਪੂਰਾ ਕਰ ਸਕਦੇ ਹਨ।
ਰਮੇਸ਼ਸੇਠੀਬਾਦਲ
9876627233



