ਮੁਜ਼ੱਫਰਨਗਰ ਰੈਲੀ ਕਾਮਯਾਬ ਬਣਾਉਣ ਲਈ ਮੀਟਿੰਗਾਂ

ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼/ਉੱਤਰਾਖੰਡ ਮਿਸ਼ਨ ਸ਼ੁਰੂ ਕਰਕੇ ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਬਕ ਸਿਖਾਉਣ ਦੇ ਇਰਾਦੇ ਨਾਲ 5 ਸਤੰਬਰ ਨੂੰ ਰੱਖੀ ਗਈ ਮੁਜ਼ੱਫਰਨਗਰ ਰੈਲੀ ਵਿੱਚ ਤਾਕਤ ਦਿਖਾਉਣ ਦੀ ਕੋਸ਼ਿਸ਼ ਹੈ। ਇਸ ਰੈਲੀ ਲਈ ਪੰਜਾਬ ਸਮੇਤ ਹੋਰ ਦੂਰ ਦੇ ਰਾਜਾਂ ਤੋਂ ਕਿਸਾਨਾਂ ਦੇ 4 ਸਤੰਬਰ ਤੱਕ ਪੁੱਜ ਜਾਣ ਦੀ ਸੰਭਾਵਨਾ। ਇਸੇ ਕਰਕੇ ਗਾਜ਼ੀਪੁਰ ਬਾਰਡਰ ਮੋਰਚੇ ਦੇ ਆਗੂਆਂ ਨੇ ਮੁਜ਼ਫ਼ਰਨਗਰ ਡੇਰੇ ਲਾ ਲਏ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਸਮੁੱਚੀ ਤਿਆਰੀ ਦਾ ਜਾਇਜ਼ਾ ਲਿਆ।

ਦੇਸ਼ ਦੇ ‘ਮਿੰਨੀ ਪੰਜਾਬ’ ਵੱਜੋਂ ਜਾਣੇ ਜਾਂਦੇ ਤਰਾਈ ਦੇ ਇਲਾਕੇ ਵਿੱਚ ਅੰਗਰੇਜ਼ਾਂ ਤੇ ਫਿਰ ਤਤਕਾਲੀ ਕੇਂਦਰ ਸਰਕਾਰ ਨੇ ਦੁਆਬੇ, ਮਾਝੇ ਦੇ ਸਿੱਖ ਕਿਸਾਨਾਂ ਨੂੰ ਵੱਡੇ ਜੰਗਲੀ ਟੱਕ ਆਬਾਦ ਕਰਨ ਲਈ ਦਿੱਤੇ ਸਨ।  ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਜ਼ਫ਼ਰਨਗਰ ਦੀ ਰੈਲੀ ਵਾਲੀ ਥਾਂ ਨੇੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਲੰਗਰ ਤੇ ਸਹੂਲਤਾਂ ਕਿਸਾਨਾਂ ਨੂੰ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਸ਼ਹਿਰ ਬੰਦ ਰਹੇਗਾ ਅਤੇ ਦੁਕਾਨਦਾਰ ਭਰਾ ਦੁਕਾਨਾਂ ਅੱਗੇ ਲੰਗਰ ਕਿਸਾਨਾਂ ਲਈ ਲਾਉਣਗੇ।

ਕੈਪਟਨ ਨੂੰ ਕਿਸਾਨਾਂ ਖਿ਼ਲਾਫ਼ ਦਰਜ ਮਾਮਲੇ ਵਾਪਸ ਲੈਣ ਲਈ ਕਿਹਾ

ਸਿੰਘੂ ਬਾਰਡਰ ਵਿਖੇ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਬੈਠਕ ਵਿੱਚ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲਏ ਜਾਣ। ਮੁਜ਼ਫ਼ਰਨਗਰ ਰੈਲੀ ਮਗਰੋਂ 8 ਸਤੰਬਰ ਦੀ ਮੋਰਚੇ ਦੀ ਬੈਠਕ ਦੌਰਾਨ ਅਗਲੇ ਢੁੱਕਵੇਂ ਐਲਾਨ ਕਰ ਦਿੱਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਕੈਪਟਨ ਸਰਕਾਰ ਦੀ ਹੈ। ਜੰਗਬੀਰ ਸਿੰਘ ਦੀ ਅਗਵਾਈ ਹੇਠ ਬੈਠਕ ’ਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਫਰਦਾਂ/ਜਮ੍ਹਾਂਬੰਦੀਆਂ ਪੰਜਾਬ ਸਰਕਾਰ ਨੂੰ ਨਾ ਦੇਣ, ਜੇਕਰ ਸੂਬਾ ਸਰਕਾਰ ਕਿਸਾਨਾਂ ਨੂੰ ਤੰਗ ਕਰਦੀ ਹੈ ਤਾਂ ਵਿਰੋਧ ਕੀਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੀ ਨਿੰਦਾ ਕੀਤੀ ਗਈ ਕਿ ਮੋਰਚਾ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ।  ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਰੁਲਦੂ ਸਿੰਘ ਮਾਨਸਾ ਸਮੇਤ ਹਰਜਿੰਦਰ ਸਿੰਘ ਟਾਂਡਾ ਤੇ ਹੋਰ ਆਗੂ ਸ਼ਾਮਲ ਹੋਏ। ਜਸਵੀਰ ਸਿੰਘ ਰੋਡੇ ਦੇ ਪੁੱਤਰ ਨੂੰ ਕਥਿਤ ਝੂਠੇ ਮਾਮਲਿਆਂ ’ਚ ਫਸਾਉਣ ਦੀ ਨਿੰਦਾ ਕੀਤੀ ਗਈ। ਟਿਕਰੀ ਬਾਰਡਰ ਵਿਖੇ ਵੀ ਮਨਜੀਤ ਸਿੰਘ ਧਨੇਰ ਸਮੇਤ ਸਥਾਨਕ ਕਮੇਟੀ ਨੇ ਰੈਲੀ ਬਾਰੇ ਮੀਟਿੰਗਾਂ ਕੀਤੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article1984 ਦੰਗੇ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਆਰਜ਼ੀ ਜ਼ਮਾਨਤ ਦੇਣ ਤੋਂ ਨਾਂਹ
Next articleInfiltration bid foiled in J&K’s Poonch, abandoned supplies seized