(ਸਮਾਜ ਵੀਕਲੀ) ਨੇਤਰਹੀਣ ਹੋਣ ਦੇ ਬਾਵਜੂਦ ਨੇਤਰਹੀਣਾਂ ਨੂੰ ਵਿੱਦਿਆ ਪੜ੍ਹਾਉਣੀ ਬਹੁਤ ਵੱਡਾ ਪੁੰਨ ਹੈ । ਪਰਮਾਤਮਾ ਵੱਲੋਂ ਚਾਹੇ ਉਹਨਾਂ ਨੂੰ ਅੱਖਾਂ ਦੇ ਜੋਤ ਪ੍ਰਾਪਤ ਨਹੀਂ ਹੋਈ ਪਰ ਉਹ ਪਰਮਾਤਮਾ ਨੂੰ ਕੋਈ ਉਲਾਂਭਾ (ਤਾਅਨਾ) ਵੀ ਨਹੀਂ ਮਾਰਦੇ । ਨੇਤਰਹੀਣ ਵਿਦਿਆਰਥੀ ਵੀ ਅੱਜ ਕਈ ਉੱਚ ਪਦਵੀਆਂ ਤੇ ਸੁਸ਼ੋਭਿਤ ਹਨ । ਉਚੇਰੀ ਵਿੱਦਿਆ ਪ੍ਰਾਪਤ ਕਰਕੇ ਅੱਗੋਂ ਹੋਰ ਨੇਤਰਹੀਣਾਂ ਨੂੰ ਵੀ ਸਿੱਖਿਆ ਦੇ ਰਹੇ ਹਨ । ਅਜਿਹੇ ਹੀ ਸੰਗੀਤ ਅਧਿਆਪਕ ਹਨ ਮਾਸਟਰ ਇਕਬਾਲ ਸਿੰਘ ।
ਮਾਸਟਰ ਇਕਬਾਲ ਸਿੰਘ ਦਾ ਜਨਮ 4 ਜੁਲਾਈ 1973 ਈ: ਨੂੰ ਪਿਤਾ ਸ੍ਰ: ਬਲਵਿੰਦਰ ਸਿੰਘ ਮਿਸਤਰੀ ਦੇ ਘਰ ਮਾਤਾ ਹਰਭਜਨ ਕੌਰ ਜੀ ਦੀ ਕੁੱਖ ਤੋਂ ਕਲਕੱਤਾ ਵਿਖੇ ਹੋਇਆ । ਅੱਖਾਂ ਤੋਂ ਬਿਨਾਂ ਉਹਨਾਂ ਦੇ ਸਰੀਰ ਦੇ ਸਾਰੇ ਅੰਗ ਤੰਦਰੁਸਤ ਹਨ । ਭਾਵੇਂ ਮਾਪਿਆਂ ਲਈ ਨੇਤਰਹੀਣ ਪੁੱਤ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਕੰਮ ਸੀ, ਪ੍ਰੰਤੂ ਰੱਬ ਦੇ ਜੀਅ ਦੀ ਸੇਵਾ-ਸੰਭਾਲ ਦੇ ਨਾਲ ਕੁਦਰਤ ਨੇ ਉਹਨਾਂ ਨੂੰ ਅਜਿਹੀ ਸ਼ਕਤੀ ਬਖਸ਼ੀ ਕਿ ਉਹਨਾਂ ਨੇ ਮਿਹਨਤ ਤੇ ਲਗਨ ਦਾ ਪੱਲਾ ਨਾ ਛੱਡਿਆ । ਉਹ ਮੁਸੀਬਤਾਂ ਨੂੰ ਪਾਰ ਕਰਦਾ ਅੱਗੇ ਹੀ ਅੱਗੇ ਵੱਧਦਾ ਗਿਆ । ਉਸ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਕ ਸੀ । ਮਾਤਾ-ਪਿਤਾ ਨੇ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ ਅਤੇ ਉੱਥੇ ਮੈਟ੍ਰਿਕ ਤੱਕ ਦੀ ਪੜ੍ਹਾਈ ਚੰਗੇ ਨੰਬਰ ਲੈ ਕੇ ਪਾਸ ਕੀਤੀ । 10+2 ਪਿੰਡ ਗਾਲਬ ਕਲਾਂ, ਬੀ.ਏ. ਐਸ.ਡੀ.ਕਾਲਜ ਅੰਬਾਲਾ ਤੋਂ ਅਤੇ ਐੱਮ.ਏ. (ਮਿਊਜਿਕ ਵੋਕਲ) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 1998 ‘ਚ ਐੱਮ.ਏ. (ਮਿਊਜਿਕ) ਦੀ ਪ੍ਰੀਖਿਆ 569/ 800 (72%) ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਸਟੇਟ ਬੈਂਕ ਆਫ ਇੰਡੀਆ ਲੁਧਿਆਣਾ ਤੇ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਵੱਲੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਕਬਾਲ ਸਿੰਘ ਨੇ ਜੂਨ 1999 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਿਆ ਗਿਆ ਯੂ.ਜੀ.ਸੀ. (ਯੂਨੀਵਰਸਿਟੀ ਗਰਾਂਟ ਕਮਿਸ਼ਨ) ਦਾ ਟੈਸਟ ਵੀ ਪਾਸ ਕਰ ਲਿਆ ਹੈ । ਇਸ ਨੇ ਸਾਰੀ ਵਿਦਿਆ ਕੈਸਿਟ ਰਿਕਾਰਡਿੰਗ ਰਾਹੀਂ ਤੇ ਸਟੱਡੀ ਹੈਲਪਰ ਰਾਹੀਂ ਪ੍ਰਾਪਤ ਕੀਤੀ। ਉਹਨਾਂ ਸੰਗੀਤ ਦੀ ਸਿੱਖਿਆ ਮਾਸਟਰ ਬੋਧਰਾਜ ਅਰੋੜਾ ਜੀ ਪਾਸੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਮੇਹਰਵਾਨ, ਰਾਮਪੁਰ ਘਰਾਣੇ ਦੇ ਉਸਤਾਦ ਹਾਫ਼ਿਜ਼ ਅਹਿਮਦ ਖਾਨ ਪਾਸੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਿਆ।
ਇਹਨਾਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਖੇ ਸੰਗੀਤ ਭੂਸ਼ਣ, ਸੰਗੀਤ ਵਿਸ਼ਾਰਦ ਤੇ ਸੰਗੀਤ ਭਾਸ਼ਕਰ ਦਾ ਸੱਤ ਸਾਲ ਦਾ ਡਿਪਲੋਮਾ ਵੀ ਪਹਿਲੇ ਸਥਾਨ ‘ਚ ਪ੍ਰਾਪਤ ਕੀਤਾ ਹੈ । ਉਹਨਾਂ ਦੇ ਬੋਲਾਂ ਵਿੱਚ ਇੰਨੀ ਮਿਠਾਸ ਹੈ ਕਿ ਹਰ ਵੱਡੇ-ਛੋਟੇ ਨੂੰ ‘ਜੀ’ ਕਹਿ ਕੇ ਬੁਲਾਉਂਦੇ ਹਨ।
ਇਕਬਾਲ ਸਿੰਘ ਵਿੱਦਿਆ ਵਿੱਚ ਨਾਮ ਕਮਾਉਣ ਦੇ ਨਾਲ-ਨਾਲ ਰੱਸਾਕਸ਼ੀ ਤੇ ਕ੍ਰਿਕਟ ਦੇ ਵੀ ਚੰਗੇ ਖਿਡਾਰੀ ਹਨ ।ਪੰਜਾਬ ਸਪੋਰਟਸ ਐਸੋਸ਼ੀਏਸ਼ਨ ਫਾਰ ਦਾ ਬਲਾਈਂਂਡ ਲੁਧਿਆਣਾ ਦਾ ਪ੍ਰੀਜਾਈਡਿੰਗ ਸੈਕਟਰੀ ਰਿਹਾ ਹੈ। ਉਹਨਾਂ ਹਿਸਾਰ, ਲਖਨਊ, ਜਲੰਧਰ, ਅੰਮ੍ਰਿਤਸਰ, ਦਿੱਲੀ ਵਿਖੇ ਕ੍ਰਿਕਟ ਮੈਚ ਖੇਡੇ । ਜਲੰਧਰ ਵਿਖੇ 1999 ਤੇ 2000 ‘ਚ ਖੇਡੇ ਗਏ ਕ੍ਰਿਕਟ ਮੈਚਾਂ ਵਿੱਚ ਇਹਨਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ । ਨੇਤਰਹੀਣ ਜਾਗਰਤੀ ਸੰਘ ਹਰਿਆਣਾ, ਆਰੀਆ ਪਰਾਗਿਆ ਚਕਸੂ ਕੁਮਾਰ ਸਭਾ ਅੰਧ ਵਿਦਿਆਲਾ ਲੋਹਗੜ੍ਹ ਗੇਟ ਅੰਮ੍ਰਿਤਸਰ, ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਆਦਿ ਕ੍ਰਿਕਟ ਟੀਮਾਂ ਵਿੱਚ ਭਾਗ ਲਿਆ। 1998, 1999 ਤੇ 2000 ਵਿੱਚ ਜਲੰਧਰ ਵਿਖੇ ਰੱਸਾਕਸ਼ੀ ਖੇਡ ਵਿੱਚ ਲਗਾਤਾਰ ਪੰਜਾਬ ਦੀ ਟੀਮ ਨੇ ਤਿੰਨ ਸਾਲ ਟਰਾਫ਼ੀ ਜਿੱਤੀ । ਇਕਬਾਲ ਸਿੰਘ ਨੇ ਤਿੰਨੇ ਸਾਲ ਹੀ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । 1996 ਵਿੱਚ ਇੰਡੀਅਨ ਬਲਾਈਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿਖੇ ਹੋਈਆਂ ਖੇਡਾਂ ਵਿੱਚ 100 ਤੇ 200 ਮੀਟਰ ਦੌੜ ਵਿੱਚ ਵੀ ਭਾਗ ਲਿਆ। ਹਰ ਸਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ। ਜਿਸ ਵਿੱਚ ਗੁਰਬਾਣੀ ਦੇ ਨਿਰਧਾਰਿਤ ਰਾਗਾਂ ਵਿੱਚ ਵੱਖ-ਵੱਖ ਸੰਗੀਤ ਦੇ ਵਿਦਵਾਨਾਂ ਵੱਲੋਂ ਸ਼ਬਦ ਗਾਇਨ ਕੀਤੇ ਜਾਂਦੇ ਹਨ । ਇਸ ਸੰਮੇਲਨ ਵਿੱਚ ਮਾਸਟਰ ਇਕਬਾਲ ਸਿੰਘ 2004 ਤੋਂ ਲੈ ਕੇ ਅੱਜ ਤੱਕ ਬਿਨਾਂ ਨਾਗਾ ਹਾਜ਼ਰੀ ਭਰ ਰਹੇ ਹਨ । ਜਵੱਦੀ ਟਕਸਾਲ ਵਿਖੇ ਹਰ ਸਾਲ ਸੰਗੀਤ ਦੀ ਵਰਕਸ਼ਾਪ ਵੀ ਲਗਾਈ ਜਾਂਦੀ ਹੈ, ਜਿਸ ਦੇ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸੰਗੀਤ ਨਾਲ ਜੋੜਿਆ ਜਾਂਦਾ ਹੈ । ਉਸ ਵਰਕਸ਼ਾਪ ਵਿੱਚ ਵੀ ਸੰਗੀਤ ਦੇ ਨਾਮਵਰ ਅਧਿਆਪਕ ਅਤੇ ਹੋਰ ਮਹਾਨ ਸ਼ਖਸ਼ੀਅਤਾਂ ਸੰਗੀਤ ਵਿਸ਼ੇ ਤੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ। ਉਸ ਵਰਕਸ਼ਾਪ ਵਿੱਚ 2022 ਅਤੇ 2023 ਵਿੱਚ ਇਕਬਾਲ ਸਿੰਘ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ । ਮਾਸਟਰ ਇਕਬਾਲ ਸਿੰਘ ਅਕਾਸ਼ਵਾਣੀ ਜਲੰਧਰ ਤੋਂ ਸ਼ਾਸਤਰੀ ਸੰਗੀਤ ਵਿੱਚ ਬੀ ਗ੍ਰੇਡ, ਗ਼ਜ਼ਲ ਵਿੱਚ ਬੀ ਹਾਈ ਗ੍ਰੇਡ, ਅਤੇ ਸ਼ਬਦ ਗਾਇਨ ਵਿੱਚ ਵੀ ਬੀ ਹਾਈ ਗ੍ਰੇਡ ਦਾ ਆਰਟਿਸਟ ਹੈ। ਉਹਨਾਂ ਦੇ ਪ੍ਰੋਗਰਾਮ ਸਮੇਂ ਸਮੇਂ ਸਿਰ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਰਹਿੰਦੇ ਹਨ। ਸ਼ਾਸਤਰੀ ਗਾਇਨ ਵਿੱਚ ਉਹਨਾਂ ਕਈ ਸੰਗੀਤ ਸੰਮੇਲਨਾਂ ਵਿੱਚ ਭਾਗ ਲਿਆ ਅਤੇ ਆਪਣੇ ਗਾਇਨ ਦਾ ਪ੍ਰਦਰਸ਼ਨ ਕੀਤਾ । ਜਿਨ੍ਹਾਂ ਵਿੱਚੋਂ ਕੁੱਝ ਨਾਮ ਹੇਠ ਲਿਖੇ ਅਨੁਸਾਰ ਹਨ ।
* ਹਰਿਵੱਲਭ ਸੰਗੀਤ ਸੰਮੇਲਨ ਜਲੰਧਰ ।
* ਮਾਸਟਰ ਰਤਨ ਸੰਗੀਤ ਸੰਮੇਲਨ ਫਗਵਾੜਾ ।
* ਬਸੰਤ ਸੰਗੀਤ ਸੰਮੇਲਨ ਹੁਸ਼ਿਆਰਪੁਰ ।
* ਵਿਸ਼ਨੂੰ ਦਿਗੰਬਰ ਸੰਗੀਤ ਸੰਮੇਲਨ ਫ਼ਰੀਦਕੋਟ ।
* ਭਾਈ ਮਰਦਾਨਾ ਸੰਗੀਤ ਸੰਮੇਲਨ ਪਟਿਆਲਾ ।
* ਤਰਸੇਮ ਲਾਲ ਸਿੱਧੂ ਸੰਗੀਤ ਸੰਮੇਲਨ ਲੁਧਿਆਣਾ ।
* ਹੋਲੀ ਸੰਗੀਤ ਸੰਮੇਲਨ ਅੰਮ੍ਰਿਤਸਰ ।
ਮਾਸਟਰ ਇਕਬਾਲ ਸਿੰਘ ਨੇ ਆਪਣਾ ਯੂਟਿਊਬ ਚੈਨਲ ਵੀ ਬਣਾਇਆ ਹੋਇਆ ਹੈ, ਜਿਸ ਦਾ ਨਾਮ “ਇਕਬਾਲ ਸਿੰਘ ਬਮਰਾਹ” ਹੈ। ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਕੋਈ ਵੀ ਸੰਗੀਤ ਸੁਣਨ ਦਾ ਇਛੁੱਕ ਹੋਵੇ ਉਹ ਇਹਨਾਂ ਦੀ ਗਾਇਕੀ ਨੂੰ ਸੁਣ ਸਕਦਾ ਹੈ। ਮਾਸਟਰ ਇਕਬਾਲ ਸਿੰਘ ਵੱਲੋਂ ਸੰਗੀਤ ਬਾਰੇ ਵੀ ਇੱਕ ਪੁਸਤਕ ਲਿਖੀ ਜਾ ਰਹੀ ਹੈ ਜਿਸ ਦਾ ਨਾਂ “ਗੁਰਬਾਣੀ ਗਾਇਨ” ਹੈ । ਜਿਸ ਵਿੱਚ ਗੁਰਬਾਣੀ ਦੇ 62 ਰਾਗ ਸ਼ਾਮਲ ਕੀਤੇ ਗਏ ਹਨ । ਉਹਨਾਂ ਰਾਗਾਂ ਵਿੱਚੋਂ ਉਚਾਰੇ ਗਏ ਸ਼ਬਦ ਇਸ ਪੁਸਤਕ ਵਿੱਚ ਸ਼ਾਮਲ ਹਨ । ਵਰਤਮਾਨ ਸਮੇਂ ਇਕਬਾਲ ਸਿੰਘ ਜੀ ਭਾਰਤ ਨੇਤਰਹੀਣ ਸੇਵਕ ਸਮਾਜ (ਰਜਿ:) ਸਭਾ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ । ਇਹ ਸਭਾ ਲੁਧਿਆਣਾ ਵਿਖੇ ਨੇਤਰਹੀਣ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ । ਮਾਸਟਰ ਇਕਬਾਲ ਸਿੰਘ ਵੱਲੋਂ ਕਾਫੀ ਲੰਮੇ ਅਰਸੇ ਤੋਂ ਹਰ ਸ਼ਨਿੱਚਰਵਾਰ ਨੂੰ ਭਾਰਤ ਨੇਤਰਹੀਣ ਸੇਵਕ ਸਮਾਜ ਵਿੱਚ ਜਾ ਕੇ ਨੇਤਰਹੀਣ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਫੀਸ ਦੇ ਸੰਗੀਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ । ਜਿਸ ਨਾਲ ਨੇਤਰਹੀਣ ਵਿਦਿਆਰਥੀ ਸੰਗੀਤ ਦੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਰਹੇ ਹਨ / ਹੋ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਰਮਾਤਮਾ ਨੇ ਚਾਹਿਆ। ਮੈਂ ਨੇਤਰਹੀਣ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੰਦਾ ਰਹਾਂਗਾ।
ਇਕਬਾਲ ਸਿੰਘ ਨੇ ਵਿੱਦਿਆ ਤੇ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਭਾਗ ਲਿਆ । 1994 ‘ਚ ਜਲੰਧਰ ਵਿਖੇ ਹੋਏ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਮਿਊਜਿਕ ਵੋਕਲ ਗਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ 2100 ਰੁਪਏ ਤੇ ਮੋਮੈਂਟੋ ਨਾਲ ਇਕਬਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਿਖੇ 15ਵੀਂ ਭਾਈ ਮਰਦਾਨਾ ਯਾਦਗਾਰੀ ਗੁਰਬਾਣੀ ਗਾਇਨ ਪ੍ਰਤਿਯੋਗਤਾ ‘ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ । ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਲੁਧਿਆਣਾ ਵਿਖੇ ਤੀਸਰੀ ਭਾਈ ਦਲੀਪ ਸਿੰਘ ਯਾਦਗਾਰੀ ਤਬਲਾ ਵਾਦਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਮਾਸਟਰ ਇਕਬਾਲ ਸਿੰਘ ਨੇ ਅੰਤਰ ਕਾਲਜ ਯੂਥ ਫੈਸਟੀਵਲਾਂ ਤੇ ਹੋਰ ਕਈ ਸੱਭਿਆਚਾਰਕ ਮੁਕਾਬਲਿਆਂ ‘ਚ ਵੱਖ-ਵੱਖ ਥਾਵਾਂ (ਲੁਧਿਆਣਾ, ਦੋਰਾਹਾ, ਚੰਡੀਗੜ੍ਹ, ਕੁਰੂਕਸ਼ੇਤਰ, ਜੈਪੁਰ, ਜਗਾਧਰੀ, ਸਿੱਧਵਾਂ ਖੁਰਦ, ਅੰਬਾਲਾ ਕੈਂਟ, ਕਾਲਕਾ, ਜਲੰਧਰ) ਤੇ ਗੀਤ, ਗ਼ਜ਼ਲ, ਸ਼ਬਦ, ਭਜਨ, ਤਬਲਾ, ਸ਼ਾਸਤਰੀ ਸੰਗੀਤ ਤੇ ਕਵਿਤਾ ਗਾਇਨ ‘ਚ ਭਾਗ ਲਿਆ । ਇਕਬਾਲ ਸਿੰਘ ਨੇ ਇਹਨਾਂ ਵੱਖ-ਵੱਖ ਥਾਵਾਂ ਤੇ ਹੋਏ ਮੁਕਾਬਲਿਆਂ ‘ਚ ਜ਼ਿਆਦਾਤਰ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ 80 ਤੋਂ ਵੀ ਵੱਧ ਮਾਣ- ਸਨਮਾਨ ਪ੍ਰਾਪਤ ਕੀਤੇ।
ਮਾਸਟਰ ਇਕਬਾਲ ਸਿੰਘ ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਦਾ ਪਹਿਲਾਂ ਜੁਆਇੰਟ ਸਕੱਤਰ ਅਤੇ ਵਰਤਮਾਨ ਸਮੇਂ ਪ੍ਰਧਾਨ, ਸੁਰਾਂਗਣ ਸੰਗੀਤ ਸਭਾ ਲੁਧਿਆਣਾ ਦਾ ਪ੍ਰਬੰਧਕ ਹੈ । ਮਾਸਟਰ ਇਕਬਾਲ ਸਿੰਘ ਅੱਜ-ਕੱਲ੍ਹ ਨੇਤਰਹੀਣਾਂ ਦੀ ਸਰਕਾਰ ਸੰਸਥਾ ਜਮਾਲਪੁਰ, ਲੁਧਿਆਣਾ ਵਿਖੇ ਮਿਊਜਿਕ ਅਧਿਆਪਕ ਵਜੋਂ ਬੱਚਿਆਂ ਦੀ ਵਿੱਦਿਆ ਰਾਹੀਂ ਸੇਵਾ ਕਰ ਰਹੇ ਹਨ । ਇਹਨਾਂ ਵੱਲੋਂ ਤਿਆਰ ਕੀਤੇ ਬੱਚੇ ਗੀਤ, ਗ਼ਜ਼ਲ, ਸ਼ਬਦ, ਭਜਨ ਗਾਇਨ ਵਿੱਚ ਵੱਖ-ਵੱਖ ਥਾਵਾਂ ਤੇ ਅਨੇਕਾਂ ਹੀ ਇਨਾਮ ਪ੍ਰਾਪਤ ਕਰ ਚੁੱਕੇ ਹਨ ।
ਕਰਨੈਲ ਸਿੰਘ ਐੱਮ.ਏ.
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email :- [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



