ਇਕ ਗਧੇ ਨਾਲ ਮੁਲਾਕਾਤ

ਇਕ ਗਧੇ ਨਾਲ ਮੁਲਾਕਾਤ

          ਭਗਵਾਨ ਸਿੰਘ ਤਗੱੜ

-ਭਗਵਾਨ ਸਿੰਘ ਤਗੱੜ

(ਸਮਾਜ ਵੀਕਲੀ)- ਗਧੇ ਨੂੰ ਲੋਕ ਦੋ ਰੂਪਾਂ ਵਿਚ ਦੇਖਦੇ ਹਨ, ਇਕ ਤਾਂ ਮੂਰਖ਼ ਬੰਦੇ ਨੂੰ ਲੋਕ ਕਹਿ ਦਿੰਦੇ ਹਨ, ਇਹ ਤਾਂ ਨਿਰਾ ਗਧਾ ਹੈ ਇਸਨੂੰ ਤਾਂ ਕੱਖ ਦਾ ਵੀ ਨਹੀਂ ਪਤਾ, ਅਤੇ ਦੂਜਾ ਜੇ ਬੰਦਾ ਬਹੁਤਾ ਕੰਮ ਕਰ ਰਿਹਾ ਹੋਵੇ ਤਾਂ ਲੋਕ ਕਹਿ ਦਿੰਦੇ ਹਨ ਕਿ ਉਹ ਗਧੇ ਵਾਂਗ ਕੰਮ ਕਰ ਰਿਹਾ ਹੈ, ਤੇ ਜਾਂ ਫੇਰ ਬਹੁਤਾ ਭਾਰ ਢੋਣ ਵਾਲੇ ਬੰਦੇ ਦੀ ਤੁਲਨਾ ਵੀ ਗਧੇ ਨਾਲ ਕੀਤੀ ਜਾਂਦੀ ਹੈ ਅਤੇ ਲੋਕ ਕਹਿ ਦਿੰਦੇ ਹਨ ਕਿ ਦੇਖੋ ਬੰਦਾ ਗਧੇ ਵਾਂਗ ਭਾਰ ਢੋਈ ਜਾਂਦਾ ਹੈ। ਗਧੇ ਵਿਚਾਰੇ ਸਾਰਾ ਦਿਨ ਭਾਰ ਢੋਂਦੇ ਹਨ ਸਾਡੀ ਜਾਚੇ ਵੇਹਲੇ ਬੰਦਿਆਂ ਨੂੰ ਇਨ੍ਹਾਂ ਗਧਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੂਰਖ਼ ਬੰਦਿਆਂ ਦੀ ਲੋਕ ਗਧਿਆਂ ਨਾਲ ਤੁਲਨਾ ਕਿਉਂ ਕਰਦੇ ਹਨ, ਪਰ ਅਸੀਂ ਕਦੇ ਇਹ ਸੋਚਿਆ ਹੀ ਨਹੀਂ ਕਿ ਕਈ ਗਧੇ ਸਿਆਣੇ ਵੀ ਹੁੰਦੇ ਹਨ। ਇਹੋ ਜੇ ਇਕ ਗਧੇ ਨਾਲ ਮੇਰੀ ਮੁਲਾਕਾਤ ਹੋ ਗਈ ਉਹ ਵੀ ਸਬਬ ਨਾਲ ਹੀ ਮਿਲ ਗਿਆ। ਮੈਂ ਇਕ ਦਿਨ ਪਾਰਕ ਦੀ ਸੈਰ ਕਰਦਾ ਹੋਇਆ ਸਾਹ ਲੈਣ ਵਾਸਤੇ ਇਕ ਬੈਂਚ ‘ਤੇ ਬੈਠ ਗਿਆ, ਮੈਨੂੰ ਬੈਂਚ ਤੇ ਬੈਠਿਆਂ ਹਾਲੇ ਥੋੜੀ ਦੇਰ ਹੀ ਹੋਈ ਸੀ, ਤੇ ਮੈਨੂੰ ਇਕ ਆਵਾਜ ਆਈ ਕੋਈ ਮੇਰਾ ਨਾਂ ਲੈਕੇ ਮੈਨੂੰ ਬੁਲਾ ਰਿਹਾ ਸੀ, ਮੈਂ ਅੱਗੇ ਪਿੱਛੇ ਦੇਖਿਆ ਨਾਂ ਬੰਦਾ ਨਾ ਬੰਦੇ ਦੀ ਜਾਤ ਮੈਨੂੰ ਉੱਥੇ ਕੋਈ ਵੀ ਬੰਦਾ ਨਜ਼ਰ ਨਾ ਆਇਆ ਮੈਂ ਹੇਰਾਨ ਸੀ ਕਿ ਇਹ ਅਵਾਜ ਕਿੱਥੋਂ ਆ ਰਹੀ ਹੈ, ਮੈਂ ਹਾਲੇ ਉਸ ਅਵਾਜ ਨੂੰ ਪਛਾਣਨ ਦੀ ਕੋਸਿ਼ਸ਼ ਹੀ ਕਰ ਰਿਹਾ ਸੀ ਤੇ ਫੇਰ ਉਹੀ ਅਵਾਜ ਮੇਰੇ ਕਨਾਂ ਵਿਚ ਪਈ, ਮੈਂ ਚਾਰੇ ਪਾਸੇ ਫੇਰ ਨਜ਼ਰ ਮਾਰੀ ਮੈਨੂੰ ਨੇੜੇ-ਤੇੜੇ ਕੋਈ ਬੰਦਾ ਨਜ਼ਰ ਨਾ ਆਇਆ। ਮੈਂ ਸੋਚਿਆ ਅੱਜ ਤਾਂ ਘਰਵਾਲੀ ਦੀ ਗੱਲ ਸੱਚ ਹੁੰਦੀ ਜਾਪਦੀ ਹੈ, ਉਸਨੇ ਬਥੇਰਾ ਕਿਹਾ ਸੀ ਕਿ ਰਾਤ-ਬਰਾਤੇ ਪਾਰਕ ਵਿਚ ਨਾ ਜਇਆ ਕਰੋ ਦਰਖਤਾਂ ਤੇ ਬਲਾਵਾਂ ਹੁੰਦੀਆਂ ਹਨ ਪਰ ਮੇਰੀ ਸੁਣਦੇਂ ਕਿੱਥੇ ਹੋਂ। ਸੱਚ ਪੁੱਛੋ ਤਾਂ ਮੈਂ ਡਰ ਗਿਆ ਸੀ, ਸੋਚਿਆ ਕਿਤੇ ਕੋਈ ਬਲਾ ਹੀ ਨਾ ਹੋਵੇ ਜੇ ਚੰਬੜ ਗਈ ਤਾਂ ਵਖ਼ਤ ਪੈ ਜਾਵੇਗਾ। ਤੇ ਮੈਂ ਉੱਠਕੇ ਕਾਹਲੀ ਕਾਹਲੀ ਤੁਰਨ ਲੱਗ ਗਿਆ ਤਾਂਕਿ ਪਾਰਕ ਚੋਂ ਛੇਤੀ ਬਾਹਰ ਨਿਕਲਿਆ ਜਾ ਸਕੇ।ਤੇ ਫੇਰ ਪਿੱਛੋਂ ਇਕ ਹਾਸੇ ਦੀ ਅਵਾਜ ਆਈ ਤੇ ਮੈਨੂੰ ਉਹ ਕਹਿਣ ਲੱਗਿਆ, “ ਡਰਪੋਕ ਚੰਦ ਜੀ ਮੈਨੂੰ ਪਤਾ ਹੈ ਤੁਸੀਂ ਡਰ ਗਏ ਹੋ ਤੁਹਾਡਾ ਡਰਨਾ ਸਵਭਾਵਕ ਵੀ ਹੈ, ਪਰ ਭਾਈ ਸਾਹਬ ਤਸੀਂ ਡਰੋ ਨਾ, ਮੇਰੇ ਵੱਲ ਮੁੜਕੇ ਦੇਖੋ , ਮੈਂ ਇਕ ਗਧਾ ਹਾਂ ਬੋਲਣ ਵਾਲਾ ਗਧਾ।” ਮੈਂ ਪਿੱਛੇ ਮੁੜਕੇ ਦੇਖਿਆ ਤਾਂ ਵਾਕਿਆ ਹੀ ਇਕ ਗਧਾ ਖੜਾ ਸੀ ਮੈਂ ਉਸਨੂੰ ਕਿਹਾ, “ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ ।”
ਕਹਿਣ ਲੱਗਿਆ, ”ਭਾਈ ਸਾਹਬ ਤੁਹਾਡਾ ਡਰਨਾ ਕੁਦਰਤੀ ਸੀ ਕਿਉਂਕਿ ਤੁਸੀਂ ਅੱਜਤਕ ਕਿਸੇ ਗਧੇ ਨੂੰ ਬੋਲਦੇ ਹੋਏ ਨਹੀਂ ਨਾ ਤੱਕਿਆ।”
“ਤੁਸੀਂ ਮੇਰਾ ਨਾਂ ਕਿਵੇਂ ਜਾਣਦੇ ਹੋ।”
“ਨਾਂ ਛੱਡਕੇ ਮੈਂ ਤਾਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਇਕ ਅਖ਼ਬਾਰ ਦੇ ਪੱਤਰਕਾਰ ਹੋ, ਤੁਹਾਡੀ ਇਕ ਸੋਹਣੀ ਅਤੇ ਗੋਲ ਮਟੋਲ ਪਤਨੀ ਅਤੇ ਦੋ ਬੱਚੇ ਹਨ ਨਾਲੇ ਮੈਨੂੰ ਤਾਂ ਇਹ ਵੀ ਪਤਾ ਹੈ ਕਿ ਤੁਸੀਂ ਰਹਿੰਦੇ ਕਿੱਥੇ ਹੋ।”
ਇਕ ਗਧਾ ਮੇਰੇ ਬਾਰੇ ਇੰਨਾ ਕੁਝ ਜਾਣਦਾ ਹੈ, ਗਧੇ ਦੇ ਮੁਹੋਂ ਸੁਣਕੇ ਮੈਂ ਬੜਾ ਹੀ ਹੈਰਾਨ ਹੋਇਆ। ਤੁਹਾਨੂੰ ਤਾਂ ਗਧਾ ਜੀ ਇਕ ਡਿਟੈਕਟਿਵ ਏਜੰਸੀ ਖੋਲਣੀ ਚਾਹੀਦੀ ਹੈ। ”ਮੈਂ ਉਸਨੂੰ ਕਿਹਾ।
ਕਹਿਣ ਲੱਗਿਆ, “ਕਿਉਂ ਮਜ਼ਾਕ ਕਰਦੇ ਹੋ, ਮੇਰੇ ਵਰਗੇ ਗਰੀਬ ਗਧੇ ਕੋਲ ਪੈਸੇ ਕਿੱਥੇ ਹਨ ਏਜੰਸੀ ਖੋਲਣ ਵਾਸਤੇ।”
“ਤੁਸੀਂ ਮੈਨੂੰ ਹੀ ਗੱਲਬਾਤ ਕਰਨ ਵਾਸਤੇ ਕਿਉਂ ਚੁਣਿਆਂ ਹੈ?”
“ਭਾਈ ਸਾਹਬ ਮੈ ਚਾਹੁੰਦਾ ਹਾਂ ਮੇਰੀ ਮੁਲਾਕਾਤ ਤੁਸੀਂ ਅਖ਼ਬਾਰ ਵਿਚ ਛਾਪੋ, ਤਾਂਕਿ ਗਧਿਆਂ ਦੀ ਜੂਨ ਸਵਾਰੀ ਜਾਵੇ।”
“ਗਧਾ ਜੀ ਇਕ ਸ਼ਰਤ ਤੇ ਤੁਹਾਡੇ ਨਾਲ ਮੈਂ ਮੁਲਾਕਾਤ ਕਰ ਸਕਦਾ ਹਾਂ ਜੇ ਤੁਸੀਂ ਮੈਨੂੰ ਭਾਈ ਸਾਹਬ ਨਾ ਕਹਂੋ, ਮੈਂ ਗਧਾ ਨਹੀਂ ਬਣਨਾ ਚਾਹੁੰਦਾ ਇਨਸਾਨ ਹੀ ਬਣਿਆ ਰਹਿਣਾ ਚਾਹੁੰਦਾ ਹਾਂ ।”
“ਚੰਗਾ ਭਾਈ ਸਾਹਬ, ਨਹੀਂ—ਨਹੀਂ ਮੇਰੇ ਕਹਿਣ ਦਾ ਭਾਵ ਹੈ ਕਿ ਚੰਗਾ ਇਨਸਾਨ ਜੀ, ਮੈਂ ਤੁਹਾਨੂੰ ਭਾਈ ਸਾਹਬ ਨਹੀਂ ਕਹਾਂਗਾ, ਹੁਣ ਤਾਂ ਖੁਸ਼ ਹੋ।”
ਤੇ ਇਹ ਕਹਿਕੇ ਉਹ ਗੱੁਝਾ ਜਿਹਾ ਹੱਸਿਆ, ਖਬਰੇ ਮੇਰੇ ਇਨਸਾਨ ਬਣੇ ਰਹਿਣ ਦਾ ਉਸਨੇ ਕੀ ਮਤਲਬ ਕੱਢਿਆ ਸੀ।
“ਚੰਗਾ ਫੇਰ ਤੁਸੀਂ ਕੱਲ੍ਹ ਮੈਨੂੰ ਮਿਲਣਾ, ਮੈਂ ਆਵਦਾ ਟੇਪਰਿਕਾਰਡਰ ਤੇ ਮਾਈਕ ਲਈ ਆਵਾਂਗਾ, ਆਪਾਂ ਕਿਸੇ ਨਵੇਕਲੀ ਜਗ੍ਹਾ ਤੇ ਜਾਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ।”
“ਨਵੇਕਲੀ ਜਗ੍ਹਾ ਤੇ ਕਿਉਂ, ਕਿਸੇ ਖੱੁਲੀ ਜਗਾ੍ਹ ਤੇ ਮੇਰੇ ਨਾਲ ਗੱਲਬਾਤ ਕਿਉਂ ਨਹੀਂ ਕਰਨਾ ਚਾਹੁੰਦੇ?” ਉਸ ਗਧੇ ਨੇ ਇਹ ਕਹਿਕੇ ਰੋਸ ਪ੍ਰਕਟ ਕੀਤਾ।
“ਤੁਸੀਂ ਸਮਝਦੇ ਨਹੀ, ਜੇ ਕਿਸੇ ਨੇ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਦਿਆਂ ਦੇਖ ਲਿਆ ਤੁਹਾਡੇ ਤੇ ਤਾਂ ਲੋਕਾਂ ਨੇ ਬਿਲਕੁਲ ਯਕੀਨ ਨਹੀਂ ਕਰਨਾ ਕਿ ਤੁਸੀਂ ਬੋਲ ਵੀ ਸਕਦੇ ਹੋ, ਪਰ ਮੈਨੂੰ ਲੋਕਾਂ ਨੇ ਕਹਿਣੈ ਇਹ ਤਾਂ ਪਾਗਲ ਹੋ ਗਿਆ ਆਪਣੇ ਆਪ ਹੀ ਬੋਲੀ ਜਾਂਦਾ ਹੈ, ਅਤੇ ਜੇ ਕਿਤੇ ਇਹ ਗੱਲ ਸੰਪਾਦਕ ਕੋਲ ਪਹੁੰਚ ਗਈ ਤਾਂ ਫੇਰ ਮੇਰੀ ਨੌਕਰੀ ਤਾਂ ਗਈ। ਸੰਪਾਦਕ ਨੇ ਕਹਿਣੈ ਪਾਗਲ ਬੰਦੇ ਦਾ ਸਾਡੇ ਦਫਤਰ ਵਿਚ ਕੋਈ ਕੰਮ ਨਹੀਂ ਮੇਰੇ ਤਾਂ ਫੇਰ ਬਾਲ ਬੱਚੇ ਭੁੱਖੇ ਮਰ ਜਾਣਗੇ, ਗਧਾ ਜੀ ਤੁਹਾਡੀ ਜੂਨ ਸਵਾਰਦੇ ਸਵਾਰਦੇ ਕਿਤੇ ਮੇਰੀ ਭੁਗਤ ਹੀ ਨਾ ਸਵਾਰੀ ਜਾਵੇ।”
“ਜਿਵੇਂ ਤੁਸੀਂ ਕਹੋ ਕਰ ਲਵਾਂਗੇ ਪਰ ਐਸ ਗਰੀਬ ਗਧੇ ਦੀ ਗੱਲ ਸੁਣਿਉਂ ਜਰੂਰ।” ਉਸਨੇ ਵਿਚਾਰਾ ਜਿਹਾ ਹੋਕੇ ਕਿਹਾ।
ਤੇ ਦੂਜੇ ਦਿਨ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਪਾਰਕ ਵਿਚ ਆ ਗਿਆਂ ਜਿੱਥੇ ਉਹ ਗਧਾ ਮੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਤੇ ਉਹ ਗਧਾ ਪਾਰਕ ਦੇ ਇਕ ਕੋਣੇ ਵਿਚ ਬਣੇ ਹੋਏ ਸੈੱ਼ਡ ਵਿਚ ਚਲੇ ਗਏ, ਜਿੱਥੇ ਬੰਦਿਆਂ ਦੀ ਆਵਾਜਾਈ ਨਾਂਹ ਦੇ ਬਰਾਬਰ ਸੀ। ਮੈਂ ਗੱਲਬਾਤ ਰਿਕਾਰਡ ਕਰਨ ਵਾਸਤੇ ਆਪਣਾ ਟੇਪਰਿਕਾਰਡਰ ਚਾਲੂ ਕਰਕੇ ਮਾਈਕ ਅੱਗੇ ਕਰਦੇ ਹੋਏ ਗਧੇ ਨੂੰ ਪੱੁਛਿਆ, ਭਾਈ ਸਾਹਬ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਬੰਦਿਆਂ ਵਾਂਗ ਗੱਲਾਂ ਕਰਨੀਆਂ ਕਿਵੇਂ ਸਿੱਖੀਆਂ?”
ਪਹਿਲਾਂ ਤਾਂ ਉਹ ਬੜਾ ਹੱਸਿਆ ਤੇ ਫੇਰ ਕਹਿਣ ਲੱਗਿਆ, “ਮੈਨੂੰ ਤਾਂ ਤੁਸੀਂ ਕਿਹਾ ਹੈ ਕਿ ਮੈਂ ਤੁਹਾਨੂੰ ਭਾਈਸਾਹਬ ਨਾ ਕਹਾਂ ਪਰ ਤੁਸੀਂ ਮੈਨੂੰ ਭਾਈ ਸਾਹਬ ਕਹਿ ਰਹੇ ਹੋ ਇਹ ਦੁਹਰਾ ਮਾਪਦੰਡ ਕਿਉਂ ਹੈ।” ਫੇਰ ਉਸਨੇ ਕੁਝ ਸੋਚਣ ਤੋਂ ਬਾਅਦ ਕਿਹਾ, “ ਮੈਂ ਵੀ ਮੂਰਖ਼ (ਗਧਾ) ਹਾਂ ਤੁਸੀਂ ਇਨਸਾਨ ਹੋ ਜੋ ਮਰਜੀ ਕਹਿ ਸਕਦੇ ਹੋ, ਮੈਂ ਵਿਚਾਰਾ ਗਰੀਬ ਗਧਾ ਹਾਂ ਮੇਰੀ ਕੀ ਔਕਾਤ ਹੈ ਕੁਝ ਕਹਿਣ ਦੀ।” ਉਸਨੇ ਨਿਰਾਸ਼ ਹੋਕੇ ਕਿਹਾ।
“ਗਧਾ ਜੀ ਤੁਸੀਂ ਨਿਰਾਸ਼ ਨਾ ਹੋਵੋ ਤੁਹਾਨੂੰ ਨਿਰਾਸ਼ ਕਰਨ ਦਾ ਮੇਰਾ ਕੋਈ ਮਕਸਦ ਨਹੀਂ ਸੀ ਇਹ ਤਾਂ ਮੇਰੇ ਮੁੰਹ ਚੋਂ ਨਿਕਲ ਗਿਆ ਭਾਈ ਸਾਹਬ ਆਮ ਬੰਦੇ ਦੀ ਜੁਬਾਨ ਤੇ ਚੜ੍ਹਿਆ ਹੁੰਦਾ ਹੈ, ਜਦੋਂ ਲੋਕ ਇਕ ਦੂਜੇ ਨੂੰ ਮਿਲਦੇ ਹਨ ਤਾਂ ਅਕਸਰ ਕਹਿ ਦਿੰਦੇ ਹਨ ਕਿ ਭਾਈ ਸਾਹਬ ਤੁਹਾਡਾ ਕੀ ਹਾਲ ਹੈ। ਖ਼ੈਰ ਆਪਾਂ ਗੱਲ ਨੂੰ ਕਿਸੇ ਹੋਰ ਪਾਸੇ ਹੀ ਲੈ ਗਏ ਹਾਂ, ਪਰ ਮੈਨੂੰ ਇਹ ਦੱਸੋ ਕਿ ਤੁਸੀਂ ਬੰਦਿਆਂ ਵਾਂਗ ਗੱਲਾਂ ਕਰਨੀਆਂ ਕਿਵੇਂ ਸਿੱਖੀਆਂ।” ਮੈਂ ਗੱਲ ਨੂੰ ਅੱਗੇ ਤੋਰਦੇ ਹੋਏ ਗਧੇ ਨੂੰ ਪੁੱਛਿਆ।
“ਇਸ ਵਿਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ, ਜੇ ਬੰਦੇ ਗਧਿਆਂ ਵਾਲੀਆਂ ਗੱਲਾਂ ਕਰਦੇ ਹਨ ਤਾਂ ਗਧੇ ਬੰਦਿਆਂ ਵਾਲੀਆ ਗੱਲਾਂ ਕਿਉਂ ਨਹੀਂ ਕਰ ਸਕਦੇ।”
“ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ?” ਮੈਂ ਉਸ ਗਧੇ ਨੂੰ ਪੁੱਛਿਆ।
“ਡਰਪੋਕ ਚੰਦ ਜੀ, ਤੁਸੀਂ ਕਲ੍ਹ ਆਪਣੇ ਮਿੱਤਰ ਚਮਚਾ ਸਿੰਘ ਨਾਲ ਗੱਲਾਂ ਕਰ ਰਹੇ ਸੀ, ਗੱਲ ਬਾਤ ਦੇ ਦੌਰਾਨ ਤੁਸੀਂ ਆਪਣੇ ਮਿੱਤਰ ਨੂੰ ਇਹ ਨਹੀਂ ਸੀ ਕਿਹਾ ਕਿ, ਯਾਰ ਕੀ ਗਧਿਆਂ ਵਾਲੀਆਂ ਗੱਲਾ ਕਰ ਰਿਹਾਂ ਹੈਂ। ਦੱਸੋ ਤੁਸੀਂ ਕਿਹਾ ਸੀ ਕਿ ਨਹੀਂ, ਝੂਠ ਨਾ ਬੋਲਿਉ।” ਤੇ ਮਜਬੂਰਨ ਉਸ ਗਧੇ ਦੀ ਗੱਲ ਮੈਨੂੰ ਮੰਨਣੀ ਪਈ।
ਗੱਧਾ ਜੀ ਆਪਾਂ ਹੁਣ ਗੱਲ ਬਾਤ ਅਰੰਭ ਹੀ ਲਈ ਹੈ ਤਾਂ ਤੁਸੀਂ ਆਪਣੀ ਜਿ਼ਦਗੀ ਤੇ ਟਾਰਚ ਦੀ ਰੋਸ਼ਨੀ ਪਾਉਣ ਦੀ ਕ੍ਰਿਪਾਲਤਾ ਕਰੋਂਗੇ?”
“ਪਰ ਟਾਰਚ ਤਾਂ ਮੇਰੇ ਕੋਲ ਹੈ ਨਹੀਂ।” ਗਧੇ ਨੇ ਜਵਾਬ ਦਿੱਤਾ। ਤੇ ਫੇਰ ਉਹ ਆਪ ਹੀ ਹੱਸ ਪਿਆ। ਹੱਸਣ ਤੋਂ ਬਾਅਦ ਮੈਨੂੰ ਉਹ ਕਹਿਣ ਲੱਗਾ, “ ਮੈਂ ਤਾਂ ਇਵੇਂ ਮਜ਼ਾਕ ਕਰ ਰਿਹਾ ਸੀ, ਵੇੈਸੇ ਮੈਂ ਤੁਹਾਡੀ ਗੱਲ ਸਮਝ ਗਿਆ ਸੀ। ਲਉ ਮੈਂ ਤੁਹਾਨੂੰ ਆਪਣੀ ਜਿ਼ਦਗੀ ਬਾਰੇ ਦਸਦਾ ਹਾਂ। ਸਾਡੀ ਕਾਹਦੀ ਜਿ਼ਦਗੀ ਹੈ ਜੀ।” ਉਸਨੇ ਉਦਾਸ ਹੁੰਦੇ ਹੋਏ ਕਿਹਾ। “ਜਿਸ ਮਾਲਕ ਦਾ ਖਾਂਦੇ ਹਾਂ ਉਸਨੂੰ ਕੰਮ ਵੀ ਪੂਰਾ ਦਿੰਦੇ ਹਾਂ। ਮੀਂਹ, ਹਨੇਰੀ, ਠੰਡ ਹੋਵੇ ਜਾਂ ਹੋਵੇ ਧੁੱਪ ਅਸੀਂ ਸਾਰਾ ਦਿਨ ਗਧਿਆਂ ਵਾਂਗ ਭਾਰ ਢੋਈ ਜਾਂਦੇ ਰਹਿਨੇ ਹੈਂ।” ਤੇ ਇਹ ਗੱਲ ਕਹਿਣ ਤੋਂ ਬਾਅਦ ਉਹ ਆਪ ਹੀ ਹੱਸ ਪਿਆ। “ਅਸੀ ਬੰਦਿਆਂ ਵਰਗੇ ਨਹੀਂ ਜਿਸ ਥਾਲੀ ਵਿਚ ਖਾਦਾ ਉਸ ਵਿਚ ਹੀ ਛੇਕ ਕਰ ਦਿੱਤਾ।ਅੱਜ ਦਾ ਇਨਸਾਨ ਜਾਨਵਰ ਬਣ ਗਿਆ ਹੈ,ਜਾਨਵਰ ਕਿਹਾ ਤਾਂ ਕੀ ਕਿਹਾ ਇਨਸਾਨ ਤਾਂ ਜਾਨਵਰਾਂ ਤੋਂ ਵੀ ਬਦਤਰ ਹੋ ਗਿਆ ਹੈ ਇਨਸਾਨ ਹੈਵਾਨ ਬਣ ਗਿਆ ਹੈ।ਬਲਾਤਕਾਰ,ਚੋਰੀਆਂ,ਡਾਕੇ,ਬੇਈਮਾਨੀ ਕਤਲੋਗਾਰਤ,ਰਿਸ਼ਵਤਖੋਰੀ,ਘਪਲੇ,ਭਰੂਣ ਹੱਤਿਆ ਵਰਗੇ ਪਾਪ ਤੇ ਹੋਰ ਨਾ ਜਾਣੇ ਕੀ -ਕੀ ਕੰਮ ਕਰਦਾ ਹੈ ਇਨਸਾਨ।ਪੈਸਾ ਹੀ ਪਰਧਾਨ ਹੋ ਗਿਆ ਹੈ ਇਨਸਾਨ ਵਾਸਤੇ,ਪੈਸੇ ਤੋਂ ਅੱਗੇ ਹੋਰ ਇਸਨੂੰ ਕੁਝ ਦਿਸਦਾ ਹੀ ਨਹੀਂ ਇਨਸਾਨ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ।ਸਾਇਂਸ ਦੀ ਤਰੱਕੀ ਇਨਸਾਨ ਨੇ ਆਪਣੀ ਬੇਹਤਰੀ ਵਾਸਤੇ ਕੀਤੀ ਸੀ, ਪਰ ਉਹ ਤਾਂ ਬੰਬ ਧਮਾਕੇ ਕਰਕੇ,ਆਪਣੇ ਆਪ ਨੂੰ ਹੀ ਤਬਾਹ ਕਰ ਰਿਹਾ ਹੈ।ਜੰਗਲਾਂ ਦੇ ਜੰਗਲ ਕੱਟ ਕੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਇਨਸਾਨ।ਇਨਸਾਨ ਨੇ ਆਪਣੇ ਆਪ ਨੂੰ ਤਬਾਹੀ ਦੇ ਕਗਾਰ ਤੇ ਲਿਆਕੇ ਖੜ੍ਹਾ ਕਰ ਲਿਆ ਹੈ। ਲੀਡਰ ਲੋਕਾਂ ਨੂੰ ਧਰਮ,ਜਾਤ-ਪਾਤ ਆਦਿ ਦੇ ਨਾਂ ਤੇ ਲੜਾਕੇ ਆਪਣਾ ਉੱੱਲੂ ਸਿੱਧਾ ਕਰ ਰਹੇ ਹਨ।”
ਉੱੱਲੂ ਪੁੱਠਾ ਕਦੋਂ ਹੋ ਗਿਆ ,ਮੈਨੂੰ ਪਤਾ ਹੀ ਨਹੀਂ ਲੱਗਿਆ।” ਮੈਂ ਉਸ ਗੱਧੇ ਨੂੰ ਪੱੁਛਿਆ?
“ਤੁਸੀਂ ਮਜ਼ਾਕ ਚੰਗਾ ਕਰ ਲੈਨੇ ਹੋਂ,ਉੱਲੂ ਸਿੱਧਾ ਕਰਨ ਵਾਲੀ ਤਾਂ ਕਹਾਵਤ ਕਹੀ ਸੀ ਸੱਚੀਂ ਉੱਲੂ ਪੁੱਠਾ ਨਹੀਂ ਸੀ ਹੋ ਗਿਆ।” ਉਸਨੇ ਹੱਸਦੇ ਹੋਏ ਕਿਹਾ।
“ਗਧਾ ਜੀ ਤੁਸੀਂ ਠੀਕ ਕਹਿਨੇ ਹੋਂ, ਕਹਾਵਤ ਦਾ ਤਾਂ ਮੈਨੂੰ ਵੀ ਪਤਾ ਹੈ ਮੈਂ ਵੀ ਮਜ਼ਾਕ ਹੀ ਕਰ ਰਿਹਾ ਸੀ,ਖੈ਼ਰ ਅੱਗੇ ਦੱਸੋ ਮੈਂ ਸੁਣ ਰਿਹਾ ਹਾਂ।”
“ਡਰਪੋਕ ਚੰਦ ਜੀ ਸਰਕਾਰ ਨੂੰ ਹੀ ਲੈ ਲਉ ਜਨਤਾ ਦੀ ਭਲਾਈ ਕਰਨ ਦੀ ਬਜਾਏ ਸਰਕਾਰਾਂ ਇਕ ਦੂਜੀਆਂ ਸਰਕਾਰਾਂ ਨੂੰ ਡੇਗਣ ਤੇ ਜ਼ੋਰ ਦੇ ਰਹੀਆਂ ਹਨ,ਸਰਕਾਰ ਦਾ ਅਪਰਾਧੀਕਰਨ ਹੋ ਗਿਆ ਹੈ,ਵੱਡੇ ਵੱਡੇ ਚੋਰ ਡਾਕੂ ਅਤੇ ਭਾਈ ਸਰਕਾਰ ਵਿਚ ਭਰਤੀ ਕੀਤੇ ਹੋਏ ਹਨ,ਕੋਈ ਵੀ ਪਰੋਜੈਕਟ ਪੈਸੇ ਦੀ ਹੇਰਾ ਫੇਰੀ ਤੋਂ ਬਗੈਰ ਪੁਰਾ ਨਹੀਂ ਹੁੰਦਾ,ਥੱਲੇ ਤੋਂ ੳੱੁਤੇ ਤੱਕ ਕੀ ਅਫਸਰ ਤੇ ਕੀ ਮੰਤਰੀ ਅੱਧਾ ਪੈਸਾ ਹੜਪ ਜਾਂਦੇ ਹਨ ਕਈ ਵਾਰੀ ਤਾਂ ਕੱਲਾ ਨੀਂ-ਪੱਥਰ ਹੀ ਗੱਡਿਆ ਰਹਿ ਜਾਂਦਾ ਹੈ ਤੇ ਕੋਈ ਲੋੜਵੰਦ ਪੁੱਟ ਕੇ ਲੈ ਜਾਂਦਾ ਹੈ ।” ਉਹ ਸਾਰੀ ਗੱਲ ਉਹ ਇੱਕੋ ਸਾਹ ਵਿਚ ਕਿਹ ਗਿਆ।”
“ਗਧਾ ਜੀ ਤੁਹਾਨੂੰ ਇੰਨੀਆਂ ਗੱਲਾਂ ਦਾ ਕਿਵੇਂ ਪਤਾ ਲੱਗਿਆ?” ਮੈਂ ਉਸਤੋਂ ਂ ਪੁੱਛਿਆ।
ਮੇਰੇ ਹੈਰਾਨੀ ਭਰੇ ਚੇਹਰੇ ਨੂੰ ਤੱਕ ਕੇ ਉਹ ਕਹਿਣ ਲੱਗਿਆ ,ਪੱਤਰਕਾਰ ਜੀ ਤੁਸੀਂ ਹੈਰਾਨ ਨਾ ਹੋਵੋ ਮੈਨੂੰ ਵੀ ਅਖ਼ਬਾਰ ਪੜ੍ਹਣ ਦੀ ਆਦਤ ਹੈ,ਮੈਂ ਅਖ਼ਬਾਰ ਖ਼ਰੀਦ ਤਾਂ ਨਹੀਂ ਸਕਦਾ ਪਰ ਸੜਕ ਤੇ ਪਿਆ ਅਖ਼ਬਾਰ ਪੜ੍ਹ ਜਰੂਰ ਲਈਦਾ ਹੈ।ਕਦੇ- ਕਦੇ ਟੈਲੀਵਿਜ਼ਨ ਦੀ ਦੁਕਾਨ ਦੇ ਮੁਹਰੇ ਖੜੇ ਹੋਕੇ ਖ਼ਬਰਾਂ ਵੀ ਦੇਖ ਲਈਦੀਆਂ ਹਨ,ਬਸ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ,ਤੇ ਕਈ ਵਾਰੀ ਦੋ ਚਾਰ ਬੰਦੇ ਇਕੱਠੇ ਹੋਕੇ ਜਦੋਂ ਗੱਲਾਂ ਕਰਦੇ ਹਨ ਉਹ ਵੀ ਸੁਣ ਲਈਦੀਆਂ ਹਨ।”
“ਗਧਾ ਜੀ ਤੁਸੀ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਇਹ ਤਾਂ ਮਾੜੀ ਗੱਲ ਹੈ।”
“ਕੀ ਕਰਾਂ ਫੇਰ, ਮੈਂ ਆਪਣੇ ਕੰਨ ਬੰਦ ਕਰ ਲਵਾਂ ਇਹ ਤਾਂ ਬੰਦਿਆਂ ਨੂੰ ਹੀ ਕੰਨ ਬੰਦ ਕਰਨ ਦੀ ਆਦਤ ਹੁੰਦੀ ਹੈ।ਮੇਰੇ ਪਹਿਲੇ ਮਾਲਕ ਦੀ ਪਤਨੀ ਰੋਜ ਆਪਣੇ ਪਤੀ ਨਾਲ ਲੜਦੀ ਸੀ,ਗੰਦੀਆਂ -ਗੰਦੀਆਂ ਗਾਲ੍ਹਾਂ ਕੱਢਦੀ ਸੀ ਤੇ ਮਾਲਕ ਉਸਤੋਂ ਡਰਦਾ ਸੀ ਤੇ ਫੇਰ ਉਹ ਆਪਣੇ ਕੰਨਾਂ ਵਿਚ ਰੂੰ ਦੇਣ ਲੱਗ ਪਿਆ,ਉਸ ਦਿਨ ਤੋਂ ਬਾਅਦ ਉਸਨੂੰ ਉਸਦੀ ਘਰਵਾਲੀ ਦੀ ਕੋਈ ਵੀ ਗੱਲ ਨਹੀਂ ਸੀ ਸੁਣਾਈ ਦਿੱਤੀ,ਇਹ ਸਲਾਹ ਮੈਂ ਉਸਨੂੰ ਦਿੱਤੀ ਸੀ।”
“ਗਧਾ ਜੀ ਤੁਸੀਂ ਤਾਂ ਬੜੇ ਸਿਆਣੇ ਹੋਂ ਤੁਸੀਂ ਆਪਣੇ ਮਾਲਕ ਨੂੰ ਚੰਗੀ ਸਲਾਹ ਦਿੱਤੀ ,ਤੁਹਾਨੂੰ ਤਾਂ ਸਰਕਾਰ ਦਾ ਸਲਾਹਕਾਰ ਹੋਣਾ ਚਾਹੀਦਾ ਹੈ।”
“ਡਰਪੋਕ ਚੰਦ ਜੀ,ਮੈਂ ਸਵਾਹ ਸਿਆਣਾ ਹਾਂ। ਇਕ ਦਿਨ ਮੇਰੇ ਮਾਲਕ ਦੀ ਘਰਵਾਲੀ ਨੂੰ ਪਤਾ ਲੱਗ ਗਿਆ ਕਿ ਕੰਨਾਂ ਵਿਚ ਰੂੰ ਪਾਉਣ ਵਾਲੀ ਸਲਾਹ ਮੈਂ ਦਿੱਤੀ ਸੀ,ਉਸਨੇ ਤਾਂ ਮੈਨੂੰ ਕੁੱਟਕੇ ਘਰੋਂ ਕੱਢ ਦਿੱਤਾ ਉਸਨੂੰ ਇਹ ਵੀ ਪਤਾ ਲੱਗ ਗਿਆ ਕਿ ਮੈਂ ਬੋਲ ਵੀ ਸਕਦਾ ਹਾਂ, ਕਹਿੰਦੀ ਜਾਹ ਭੱਜ ਜਾ ਇੰਥੋਂ ਸਾਡੇ ਵਾਸਤੇ ਕੋਈ ਮੁਸੀਬਤ ਖੜੀ ਕਰੇਂਗਾ।”
ਇਸਦਾ ਇਹ ਮਤਲਬ ਹੋਇਆ ਕਿ ਤੁਹਾਨੂੰ ਨੌਕਰੀ ਤੋਂ ਸੈਕ ਮਿਲ ਗਈ, ਫੇਰ ਹੋਰ ਕਿੱਥੇ ਨੌਕਰੀ ਕੀਤੀ।”
“ਪੱਤਰਕਾਰ ਜੀ ਨੌਕਰੀ ਚਲੀ ਜਾਣ ਤੋਂ ਬਾਅਦ ਮੈਂ ਭੁੱਖਾ ਧਿਆਇਆ ਦੋ ਦਿਨ ਤੱਕ ਏਧਰ-ਉਧਰ ਧੱਕੇ ਖਾਂਦਾ ਰਿਹਾ,ਜਦੋਂ ਭੱੁਖ ਨੇ ਲਾਚਾਰ ਕਰ ਦਿੱਤਾ ਤਾਂ ਫੇਰ ਮੈਂ ਆਪਣੇ ਪੁਰਾਣੇ ਮਾਲਕ ਕੋਲ ਚਲਾ ਗਿਆ, ਉਹ ਮੈਨੂੰ ਕਹਿਣ ਲੱਗਾ ਮੈਂ ਤੇਨੂੰ ਰੱਖ ਤਾਂ ਨਹੀਂ ਸਕਦਾ ਪਰ ਮੈਂ ਤੈਨੂੰ ਆਪਣੇ ਇਕ ਰਿਸ਼ਤੇਦਾਰ ਕੋਲ ਵੇਚ ਦਿੰਦਾ ਹਾਂ ਉਹ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਹੈ, ਉਸਨੂੰ ਇਕ ਗਧੇ ਦੀ ਲੋੜ ਹੈ ਤੇ ਚਾਰ ਪੈਸੇ ਮੈਨੂੰ ਵੀ ਮਿਲ ਜਾਣਗੇ, ਤੇ ਡਰਪੋਕ ਚੰਦ ਜੀ ਮੈਂ ਅਪਣੇ ਨਵੇਂ ਮਾਲਕ ਕੋਲ ਆ ਗਿਆ ਉਥੇ ਇਕ ਗਲਤੀ ਕਰ ਬੈਠਾਂ ਇੱਟਾਂ ਢੋਂਦੇ ਢੋਂਦੇ ਮੈਨੂੰ ਉਸਦੀ ਕੁੜੀ ਨਾਲ ਪਿਆਰ ਹੋ ਗਿਆ।”
“ਤੁਸੀਂ ਤਾਂ ਇਕ ਗਧੇ ਹੋ ਫੇਰ ਇਨਸਾਨ ਦੀ ਕੁੜੀ ਨਾਲ ਕਿਵੇਂ ਪਿਆਰ ਕਰ ਸਕਦੇ ਹੋ?” ਮੈਂ ਹੈਰਾਨੀ ਨਾਲ ਕਿਹਾ।
“ਇਸ ਵਿਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਡਰਪੋਕ ਚੰਦ ਜੀ ਜੇ ਇਕ ਇਨਸਾਨ ਗਧੀ ਨਾਲ ਪਿਆਰ ਕਰ ਸਕਦਾ ਹੈ ਤਾਂ ਗਧਾ ਇਨਸਾਨ ਨਾਲ ਪਿਆਰ ਕਿਉਂ ਨਹੀਂ ਕਰ ਸਕਦਾ।”
“ਤੁਹਾਡੇ ਕੋਲ ਇਸਦਾ ਕੀ ਸਬੂਤ ਹੈ।” ਮੈਂ ਉਸ ਗਧੇ ਨੂੰ ਪੱੁਛਿਆ।
“ਜਦੋਂ ਤੁਸੀਂ ਪਰਸੋਂ ਸ਼ਾਮ ਨੂੰ ਪਾਰਕ ‘ਚ ਖੜੇ ਆਪਣੇ ਮਿੱਤਰ ਚੰਡੂ ਲਾਲ ਚਰਸੀ ਨਾਲ ਗੱਲਾਂ ਕਰ ਰਹੇ ਸੀ ਤਾਂ ਮੈਂ ਉਹ ਸਾਰੀਆਂ ਗੱਲਾਂ ਸੁਣ ਲਈਆਂ ਸੀ।ਤੁਸੀਂ ਆਪਣੇ ਮਿੱਤਰ ਦਾ ਹਵਾਲਾ ਦੇਕੇ ਕਹਿ ਰਹੇ ਸੀ ਚੰਡੂ ਲਾਲ ਤੁੰ ਮੁੱਛੜ ਸਿੰਘ ਹਰਿਆਣਵੀ ਨੂੰ ਸਮਝਾ ਕਿ ਉਸ ਕੁੜੀ ਨਾਲ ਉਹ ਵਿਆਹ ਨਾ ਕਰਾਵੇ ਉਸਨੂੰ ਵਿਆਹ ਕਰਵਾਉਣ ਵਾਸਤੇ ਬਸ ਇਹੀ ਕੁੜੀ ਮਿਲੀ ਸੀ।ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ-ਤੇ ਤੁਹਾਡਾ ਦੋਸਤ ਚੰਡੂਲਾਲ ਚਰਸੀ ਕਹਿ ਰਿਹਾ ਸੀ ਕਿ ਉਹ ਮੁੱਛੜ ਸਿੰਘ ਹਰਿਆਨਵੀ ਨੂੰ ਸਮਝਾ ਸਮਝਾ ਕੇ ਥੱਕ ਗਿਆ ਹੈ ਪਰ ਉਹ ਨਹੀਂ ਮੰਨਦਾ।ਉਹ ਤੁਹਾਨੂੰ ਕਹਿ ਰਿਹਾ ਸੀ ਡਰਪੋਕ ਚੰਦ ਜੀ ਆਪਾਂ ਇਸ ਵਿਚ ਕੀ ਕਰ ਸਕਦੇ ਹਾਂ ਉਹ ਅਖਾਣ ਹੈ ਨਾ ਅਖੇ ‘ਗਧੀ ਪਰ ਆਇਆ ਦਿਲ ਤੋ ਪਰੀ ਕਿਆ ਚੀਜ਼ ਹੈ’।ਦੱਸੋ ਤੁਹਾਡੇ ਮਿੱਤਰ ਨੇ ਇਹ ਗੱਲ ਕਹੀ ਸੀ ਕਿ ਨਹੀਂ।ਜੇ ਫੇਰ ਉਹ ਗਧੀ ਨਾਲ ਪਿਆਰ ਕਰ ਸਕਦਾ ਹੈ ਤਾਂ ਮੈਂ ਆਪਣੇ ਮਾਲਕ ਦੀ ਕੁੜੀ ਨਾਲ ਪਿਆਰ ਕਿਉਂ ਨਹੀਂ ਕਰ ਸਕਦਾ ।”
“ਗਧਾ ਜੀ ਮੈਂ ਤੁਹਾਨੂੰ ਗੰਦਰਭ ਰਾਜ ਕਹਿ ਸਕਦੈਂ ? ਗਧਾ ਜੀ ਕਹਿਣਾ ਮੈਨੂੰ ਚੰਗਾ ਨਹੀਂ ਲਗਦਾ ਵੈਸੇ ਗੰਦਰਭ ਰਾਜ ਦਾ ਮਤਲਬ ਵੀ ਗਧਾ ਹੀ ਹੁੰਦਾ ਹੈ, ਪਰ ਗਦਧਰਬ ਰਾਜ ਮੈਨੂੰ ਜਿਆਦਾ ਇੱਜਤ ਵਾਲਾ ਨਾਂ ਲਗਦਾ ਹੈ।”
“ਡਰਪੋਕ ਚੰਦ ਜੀ ਮੈਨੂੰ ਤੁਸੀਂ ਇੰਨਾ ਮਾਣ ਬਕਸਿ਼ਆ ਹੈ ਮੈਂ ਤੁਹਾਡਾ ਬਹੁਤ ਰਿਣੀ ਰਹਾਂਗਾ।”
“ਹਾਂ ਤਾਂ ਗੰਦਰਬ ਰਾਜ ਜੀ, ਤੁਸੀਂ ਆਪਣੇ ਪਿਆਰ ਦੀ ਗੱਲ ਕਰ ਰਹੇ ਸੀ,ਫੇਰ ਉਸ ਕੁੜੀ ਨਾਲ ਤੁਹਾਡਾ ਪਿਆਰ ਪਰਵਾਨ ਚੜ੍ਹਿਆ ਜਾਂ ਨਹੀਂ।”
“ਡਰਪੋਕ ਚੰਦ ਜੀ ਪਿਆਰ ਕਾਹਦਾ ਪਰਵਾਨ ਚੜ੍ਹਣਾ ਸੀ, ਮੈ ਸੁਣਿਆਂ ਮੇਰਾ ਮਾਲਕ ਇਕ ਦਿਨ ਆਵਦੀ ਕੁੜੀ ਨੂੰ ਕਹਿ ਰਿਹਾ ਸੀ ਜੇ ਤੂੰ ਨਹੀਂ ਨਾ ਮੰਨਦੀ, ਕਿਸੇ ਗਧੇ ਨਾਲ ਤੇਰਾ ਵਿਆਹ ਕਰ ਦੇਵਾਂਗਾ, ਇਸ ਗੱਲ ਤੋਂ ਮੈਨੂੰ ਉਮੀਦ ਬੱਝ ਗਈ ਸੀ ਕਿ ਮੇਰਾ ਵਿਆਹ ਮਾਲਕ ਦੀ ਕੁੜੀ ਨਾਲ ਹਵੇਗਾ,ਮੈਂ ਤਾਂ ਦੂਜੇ ਜਾਨਵਰਾਂ ਨੂੰ ਵਿਆਹ ਦਾ ਸੱਦਾ-ਪੱਤਰ ਵੀ ਦੇ ਦਿੱਤਾ ਸੀ,ਅਤੇ ਮਾਲਕ ਨੂੰ ਖੁਸ਼ ਕਰਨ ਵਾਸਤੇ ਮੈਂ ਬਹੁਤ ਮੇਹਨਤ ਕੀਤੀ ਨਾ ਦਿਨ ਦੇਖਿਆ ਨਾ ਰਾਤ ਦੇਖੀ ਨਾ ਭੁੱਖ ਦੇਖੀ ਨਾ ਤੇਹ ਸਾਰਾ ਦਿਨ ਗਧਿਆਂ ਵਾਂਗ ਕੰਮ ਕਰਦਾ ਰਿਹਾ।ਮਾਲਕ ਮੇਰੇ ਕੰਮ ਤੋਂ ਬਹੁਤ ਖੁਸ਼ ਸੀ ਤੇ ਮੈਨੂੰ ਵੀ ਖੁਸ਼ੀ ਸੀ ਕਿ ਮਾਲਕ ਦੀ ਕੁੜੀ ਨਾਲ ਮੇਰਾ ਵਿਆਹ ਹੋ ਜਾਵੇਗਾ,ਪਰ ਇਕ ਦਿਨ ਚਾਣਚੱਕ ਹੀ ਮੈਂ ਸੁਣਿਆਂ ਮਾਲਕ ਮਾਲਕਨ ਨੂੰ ਕਹਿ ਰਿਹਾ ਕਿ ਕੁੜੀ ਦਾ ਵਿਆਹ ਪੱਕਾ ਕਰ ਦਿੱਤਾ ਹੈ ਸੱਚ ਪੁੱਛੋਂ ਤਾਂ ਡਰਪੋਕ ਚੰਦ ਜੀ ਇਹ ਗੱਲ ਸੁਣਕੇ ਮੇਰਾ ਤਾਂ ਦਿਲ ਹੀ ਟੱੁਟ ਗਿਆ ਸੀ ਤੇ ਇਕ ਦਿਨ ਦੁਖੀ ਹੋਕੇ ਮਾਲਕ ਨੂੰ ਚੰਗੀਆਂ ਸੁਣਾਈਆਂ, ਮੈ ਕਿਹ ਤਸੀਂ ਮੇਰੇ ਨਾਲ ਧੋਖਾ ਕੀਤਾ ਹੈ ਤੁਹਾਡੀ ਕੁੜੀ ਨੂੰ ਤਾਂ ਮੈਂ ਪਿਆਰ ਕਰਦਾ ਸੀ, ਤੁਸੀਂ ਉਸਦਾ ਵਿਆਹ ਕਿਤੇ ਹੋਰ ਕਰ ਰਹੇ ਹੋ,ਤੁਸੀ ਖੁਦ ਹੀ ਆਪਣੀ ਕੁੜੀ ਨੂੰ ਇਕ ਦਿਨ ਕਿਹਾ ਸੀ ਮੇਰੇ ਨਾਲ ਤੁਹਾਡੀ ਕੁੜੀ ਦਾ ਵਿਆਹ ਕਰ ਦੇਵੋਂਗੇ ਤੇ ਹੁਣ ਤੁਸੀ ਮੁਕਰ ਰਹੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਮੇਰੇ ਇਹ ਗੱਲ ਕਹਿਣ ਤੋਂ ਬਆਦ ਪੱਤਰਕਾਰ ਸਾਹਬ ਮੇਰੇ ੳੱੁਤੇ ਮੁਸੀਬਤਾਂ ਦਾ ਪਹਾੜ ਟੱੁਟ ਪਿਆ।ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਮੈਂ ਇਨਸਾਨਾ ਵਾਂਗ ਬੋਲ ਅਤੇ ਸੁਣ ਵੀ ਸਕਦਾ ਹਾਂ,ਉਨ੍ਹਾਂ ਨੇ ਤਾਂ ਸਮਝਿਆਂ ਮੈਂ ਕੋਈ ਬਲਾ ਹਾਂ ਮੇਰੀ ਤਾਂ ਉਨ੍ਹਾਂ ਨੇ ਕੁੱਟ-ਕੁੱਟ ਕੇ ਚਮੜੀ ਉਧੇੜ ਦਿੱਤੀ,ਮੈਂ ਉਨਂ੍ਹਾਂ ਨੂੰ ਕਿਹਾ ਕਿ ਮੇਰੇ ਵਿਚ ਕੋਈ ਬਲਾ ਨਹੀਂ ਹੈ ਇਹ ਸੱਚ ਹੈ ਕਿ ਮੈਂ ਬੋਲ ਸਕਦਾ ਹਾਂ ਤੁਸੀਂ ਡਰੋ ਨਾ।” “ ਜੇ ਤੂੰ ਬੋਲ ਸਕਦਾ ਹੈਂ ਤਾਂ ਤੈਨੂੰ ਮੈਂ ਇੱਥੇ ਰਹਿਣ ਨਹੀਂ ਦੇਣਾ,ਪਤਾ ਨਹੀਂ ਤੂੰ ਬਾਹਰ ਜਾਕੇ ਸਾਡੇ ਪਰਿਵਾਰ ਦੀਆਂ ਗੱਲਾਂ ਕਿਸੇ ਹੋਰ ਕੋਲ ਵੀ ਕਰਦਾ ਹੋਵੇਂਗਾ ਫੇਰ ਤੂੰ ਤਾਂ ਸਾਡੇ ਵਾਸਤੇ ਖਤਰਨਾਕ ਸਾਬਤ ਹੋਵਂੇਗਾ,ਸਾਡੀ ਤਾਂ ਉਥੋਂ ਜੀ ਛੱੁਟੀ ਹੋ ਗਈ।”
“ਗੰਦਰਭ ਰਾਜ ਜੀ ਤੁਸੀਂ ਬੋਲ ਅਤੇ ਸੁਣ ਵੀ ਸਕਦੇ ਹੋ ਇਸ ਗੱਲ ਨੇ ਤਾਂ ਤੁਹਾਡੇ ਵਾਸਤੇ ਚੰਗੀ ਭਲੀ ਮੁਸੀਬਤ ਖੜੀ ਕਰ ਦਿੱਤੀ।”
“ਮੁਸੀਬਤ ਵਰਗੀ ਮੁਸੀਬਤ,ਪੱਤਰਕਾਰ ਸਾਹਬ, ਹੁਣ ਮੈਂ ਸੋਚਦਾ ਹਾਂ ਕਿ ਚੰਗਾ ਹੁੰਦਾ ਮੈਂ ਬੋਲਣਾ ਅਤੇ ਸਣਨਾ ਨਾ ਸਿੱਖਦਾ।”
ਗੰਦਰਭ ਰਾਜ ਜੀ ਜਦੋਂ ਤੁਸੀਂ ਉਥੋਂ ਪਿਆਰ ਵਿਚ ਅਸਫਲ ਹੋਗਏ ਤਾਂ ਕਿੱਥੇ ਪਿਆਰ ਕੀਤਾ?”
“ਡਰਪੋਕ ਚੰਦ ਜੀ, ਸਾਡੀ ਕਿਸਮਤ ਵਿਚ ਕਿਸੇ ਦਾ ਪਿਆਰ ਕਿੱਥੇ,ਜਿੱਥੇ ਵੀ ਪਿਆਰ ਕੀਤਾਂ ਧੋਖਾ ਹੀ ਖਾਧਾ।”
“ਗਦਧਰਬ ਰਾਜ ਜੀ ਧੋਖਾ ਖਾਣ ਦੀ ਕੀ ਲੋੜ ਸੀ, ਬਜਾਰ ਵਿਚ ਹੋਰ ਬਥੇਰਾ ਕੁਝ ਮਿਲਦਾ ਹੈ ਖਾਣ ਨੂੰ।”
ਪੱਤਰਕਾਰ ਜੀ ਮੈਨੂੰ ਲਗਦੈ ਮੇਰੇ ਨਾਲ ਰਹਿਕੇ ਤੁਸੀਂ ਵੀ ਗਧਿਆਂ (ਮੂਰਖਾਂ) ਵਾਲੀਆਂ ਗੱਲਾਂ ਕਰਨ ਲੱਗ ਪਏ ਹੋ।ਖੈ਼ਰ ਮੈਂ ਤੁਹਾਨੂੰ ਆਪਣੇ ਅਗਲੇ ਪਿਆਰ ਦੀ ਗੱਲ ਸੁਣਾਉਂਣ ਲੱਗਿਆ ਹਾਂ ਉਥੋਂ ਨੌਕਰੀ ਤੋਂ ਕੱਢੇ ਜਾਣ ਤੋਂ ਬਆਦ ਮੈਂ ਅਵਾਰਾਗਰਦੀ ਕਰਨ ਲੱਗ ਪਿਆ ਸੀ,ਜੇ ਕਿਤੇ ਮਿਲ ਗਿਆ ਤਾਂ ਖਾ ਲਿਆ, ਨਾ ਮਿਲਿਆ ਤਾਂ ਭੁੱਖੇ ਹੀ ਸੌਂ ਜਾਣਾ ਸੋਚਿਆ ਬਹੁਤ ਸਾਰੇ ਇਨਸਾਨ ਵੀ ਤਾਂ ਭੁੱਖੇ ਹੀ ਸੌਂਦੇ ਹਨ ਫੇਰ ਮੇਰੇ ਵਰਗੇ ਗਧੇ ਨੂੰ ਕਿਸਨੇ ਪੁੱਛਣਾ ਸੀ।ਸੋਚਿਆ ਇਹ ਵੀ ਕੋਈ ਜਿ਼ੰਦਗੀ ਹੈ ਪਹਿਲਾਂ ਮਾਲਕਾਂ ਦਾ ਭਾਰ ਢੌਂਦਾ ਸੀ ਤਾਂ ਵੀ ਦੁਖੀ ਸੀ ਹੁਣ ਵੇਹਲਾ ਫਿਰਦਾ ਹਾਂਂ ਕੋਈ ਕੰਮ ਨਹੀ ਫੇਰ ਵੀ ਦੁਖੀ ਹਾਂ। ਡਰਪੋਕ ਚੰਦ ਜੀ ਮੈਂ ਤੁਹਾਨੂੰ ਦੱਸਾਂ ਗਧੇ ਦੀ ਜੂਨ ਹੀ ਮਾੜੀ ਹੈ।”
“ਗਦਧਰਭ ਰਾਜ ਜੀ ਤੁਹਾਡੀ ਤਾਂ ਜੂਨ ਖਰਾਬ ਹੈ ਮੇਰੀ ਤਾਂ ਪੂਰੀ ਦੀ ਪੂਰੀ ਮਈ (ਮਹੀਨਾ ) ਖਰਾਬ ਗਈ ਹੈ,”
“ ਪਤੱਰਕਾਰ ਸਾਹਬ ਮਜ਼ਾਕ ਚੰਗਾ ਕਰ ਲੈਨੇ ਹਂੋ। ਖੈ਼ਰ ਇਕ ਦਿਨ ਇਕ ਚਮਤਕਾਰ ਹੀ ਹੋ ਗਿਆ,ਮੈਂ ਸੜਕ ਤੇ ਪਿਆ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਇਕ ਗਧੀ ਮੇਰੇ ਕੋਲ ਆਕੇ ਕਹਿਣ ਲੱਗੀ,ਛੱਡੋ ਪਰ੍ਹੇ, ਅ਼ਖਬਾਰ ਵਿਚ ਕੋਈ ਖੁਸ਼ੀ ਦੀ ਗੱਲ ਤਾਂ ਹੁੰਦੀ ਨਹੀਂ। ਆਹੀ ਲਿਖਿਆਂ ਹੁੰਦਾ ਹੈ,ਕਿਸੇ ਦੀ ਨੁੰਹ ਦਾਜ ਪਿਛੇ ਸਾੜ ਕੇ ਮਾਰ ਦਿੱਤੀ, ਕਿਸੇ ਦੀ ਕੁੜੀ ਭੱਜ ਗਈ,ਕਿਸੇ ਨੇ ਖ਼਼ਦਕੂਸੀ਼ ਕਰ ਲਈ, ਬੱਚੀ ਦਾ ਬਲਾਤਕਾਰ ਹੋ ਗਿਆ, ਕਿਤੇ ਭੁਚਾਲ ਤੇ ਕਿਤੇ ਬਾੜ੍ਹ ਆ ਗਈ ,ਕਿਤੇ ਬੱਦਲ ਫਟ ਗਿਆ ਤੇ ਸੈਕੜੇ ਬੰਦੇ ਮਰ ਗਏ ਤੇ ਫਸਲਾਂ ਤਬਾਹ ਹੋ ਗਈਆਂ ਚੋਰੀਆਂ ਅਤੇ ਠੱਗੀਆ ਤੇ ਡਾਕੇ ਤਾਂ ਆਮ ਹੀ ਹੋ ਗਿਆ ਹੈ, ਪੈਸੇ ਪਿੱਛੇ ਰਿਸ਼ਤੇਦਾਰਾ ਦਾ ਕਤਲ, ਬਿਮਾਰੀਆਂ ਦਾ ਤਾਂ ਕੋਈ ਅੰਤ ਹੀ ਨਹੀਂ, ਬੱਸ ਅਤੇ ਟਰੱਕ ਦੀ ਟੱਕਰ ਵਿਚ ਕਈ ਮੌਤਾਂ। ਗਧਾ ਜੀ ਅਖ਼ਬਾਰਾਂ ਵਿਚ ਇਹੋ ਜਿਹੀਆਂ ਹੀ ਖ਼ਬਰਾਂ ਹੁੰਦੀਆਂ ਹਨਂ।ਖੈ਼ਰ ਮੈਨੂੰ ਉਸ ਦਿਨ ਪਤਾ ਲਗਿੱਆ ਕਿ ਮੈਂ ਕੱਲਾ ਬੋਲਣ ਵਾਲਾ ਗਧਾ ਨਹੀਂ ਮੇਰੇ ਵਾਂਗ ਹੋਰ ਵੀ ਬੋਲਣ ਵਾਲੇ ਗਧੇ ਹਨ।ਅਸੀਂ ਰੋਜ ਮਿਲਕੇ ਆਪਣਾ ਦੱੁਖ -ਸੁੱਖ ਫੋਲਦੇ ਉਹ ਬੜੀਆਂ ਸਿਆਣੀਆਂ ਗੱਲਾਂ ਕਰਦੀ ਸੀ, ਗੱਲਾਂ-ਗੱਲਾਂ ਵਿਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਗਏ, ਉਹ ਇਕ ਦਿਨ ਮੈਨੂੰ ਆਵਦੇ ਮਾਲਕ ਦੇ ਘਰ ਲੈ ਗਈ ਉਸਨੂੰ ਇਕ ਗਧੇ ਦੀ ਲੋੜ ਸੀ ਤੇ ਮਾਲਕ ਨੇ ਮੇਨੂੰ ਨੌਕਰੀ ਤੇ ਰੱਖ ਲਿਆ ਅਸੀਂ ਸਾਰਾ ਦਿਨ ਕੰਮ ਕਰਦੇ ਅਤੇ ਸਮਾਂ ਮਿਲਣ ਤੇ ਮੌਜ-ਮਸਤੀ ਕਰਦੇ ਅਤੇ ਕਈ ਵਾਰੀ ਲੜ ਵੀ ਪੈਂਦੇ ਤੇ ਸਾ਼ਮ ਨੂੰ ਫੇਰ ਇੱਕਠੇ ਹੋ ਜਾਦੇ ਲਗਦਾ ਸੀ ਪਟੜੀ ਫੇਰ ਲੀਹ ਤੇ ਆ ਗਈ ਹੈ ।ਪੱਤਰਕਾਰ ਸਾਹਬ ਮੈਂ ਭਾਵੇਂ ਬੋਲਣ ਵਾਲਾ ਗਧਾ ਹਾਂ ਕਿੰਨੀ ਵੀ ਸਿਆਣਪ ਵਰਤਾ ,ਪਰ ਕਿਤੇ ਨਾ ਕਿਤੇ ਮੂਰਖਤਾ ਵਾਲੀ ਗੱਲ ਕਰ ਹੀ ਦਿੰਨਾਂ ਹਾਂ, ਹਾਂ ਤਾਂ ਆਖਰ ਗਧਾ ਹੀ।”
“ਕਿਉਂ ਕੀ ਗੱਲ ਹੋ ਗਈ?”
“ਗੱਲ ਕੀ ਹੋਣੀ ਸੀ ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰ ਲਈ।”
“ਫੇਰ ਤਾਂ ਜਖ਼ਮ ਬਹੁਤ ਢੁੰਗਾ ਹੋ ਗਿਆ ਹੋਵੇਗਾ।”
“ਡਰਪੋਕ ਚੰਦ ਜੀ ਜਦੋਂ ਮੈਂ ਕੋਈ ਕਹਾਵਤ ਕਹਾਂ ਤਾਂ ਤੁਸੀਂ ਸੱਚ ਮੰਨ ਲੈਦੇ ਹੋਂ , ਪਰ ਜਦੋਂ ਤੁਸੀ ਕੁਝ ਕਹਿੰਦੇੇ ਹੋ ਤਾਂ ਤੁਸੀ ਕਹਿੰਦੇ ਹੋਂ ਇਹ ਕਹਾਵਤੱ ਹੈ।”
“ਗੰਦਰਭ ਰਾਜ ਜੀ ,ਮੈਂ ਤਾਂ ਮਜ਼ਾਕ ਕਰ ਰਿਹਾ ਸੀ,ਵੈਸੇ ਮੈਨੂੰ ਵੀ ਕਹਾਵਤਾਂ ਦਾ ਪਤਾ ਹੈ,ਤੁਹਾਡੀ ਕਹਾਣੀ ਦਿਲਚਸਪ ਹੁੰਦੀ ਜਾਂਦੀ ਹੈ ।ਖ਼ੈਰ ਅੱਗੇ ਦੱਸੋ ਤੁਹਾਡੇ ਨਾਲ ਕੀ ਹੋਇਆ?”
“ਹੋਣਾ ਕੀ ਸੀ ਇਕ ਦਿਨ ਮੇਰੇ ਮਾਲਕ ਦੇ ਘਰ ਉਸਦਾ ਇਕ ਰਿਸ਼ਤੇਦਾਰ ਆਇਆ, ਮੇਰਾ ਮਾਲਕ ਉਸਦੇ ਰਿਸ਼ਤੇਦਾਰ ਨੂੰ ਕਹਿ ਰਿਹਾ ਸੀ ਭਰਾਜੀ ਮੇਰਾ ਕੰਮ ਹੋਣਾ ਚਾਹੀਦਾ ਹੈ, ਜੇ ਗਧੇ ਨੂੰ ਵੀ ਪਿਉ ਬਣਾਉਂਣਾ ਪਿਆ ਤਾਂ ਬਣਾ ਲਵਾਂਗੇ।ਬਾਕੀ ਗੱਲਾਂ ਤਾਂ ਮੈਨੂੰ ਸੁਣੀਆਂ ਨਹੀਂ , ਪਰ ਗਧੇ ਨੂੰ ਪਿਉ ਬਣਾਉਂਣ ਵਾਲੀ ਗੱਲ ਜਰੂਰ ਸੁਣ ਗਈ ਸੀ।ਮੈਂ ਤਾਂ ਫੁੱਲਿਆ ਨਾ ਸਮਾਵਾਂ,ਮੈਂ ਸੋਚਿਆ ਇਹ ਤਾਂ ਚਮਤਕਾਰ ਹੋ ਗਿਆ ਮੇਰਾ ਮਾਲਕ ਮੈਨੂੰ ਪਿਉ ਬਣਾਉਂਣਾ ਚਾਹੁੰਦਾ ਹੈ, ਸੋਚਿਆ ਚਲੋ ਇਹ ਵੀ ਚੰਗਾ ਹੋਇਆ ਹੁਣ ਕੰਮ ਘੱਟ ਕਰਨਾ ਪਵੇਗਾ, ਮੈਨੂੰ ਪਿਉ ਬਣਾਕੇ ਕੁਝ ਤਾਂ ਲਿਹਾਜ ਕਰੇਗਾ।ਤੇ ਮੇਰੀ ਮੱਤ ਮਾਰੀ ਗਈ ਇਕ ਦਿਨ ਉਸਨੂੰ ਕਹਿ ਹੀ ਦਿੱਤਾ,ਪੁੱਤ, ਪਿਉ ਬਣਾਕੇ ਹਾਲੇ ਵੀ ਮੈਂਥੋਂ ਇੰਨਾ ਕਮ ਲੈਂਨਾ ਹੈਂ ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ।” ਪਹਿਲਾਂ ਤਾਂ ਉਸਨੂੰ ਯਕੀਨ ਹੀ ਨਾ ਆਇਆ ਕਿ ਮੈਂ ਬੋਲ ਵੀ ਸਕਦਾ ਹਾਂ।ਮੈਨੂੰ ਉਹ ਕਹਿਣ ਲੱਗਿਆ, “ਇਹ ਕੀ ਕਹਿਨੈ ਉਏ ਗਧਿਆ,ਤੇਰੀ ਹਿੰਮਤ ਕਿਵੇਂ ਪਈ ਮੈਨੂੰ ਪੁੱਤ ਕਹਿਣ ਦੀ।” “ਮੈਂ ਕਿਹਾ, ਉਦਣ ਤਾਂ ਗਧੇ ਨੂੰ ਪਿਉ ਬਣਾਈ ਜਾਂਦਾ ਸੀ ਇੰਨੀੰ ਜਲਦੀ ਗੱਲ ਭੁੱਲ ਗਿਆ” “ਕਹਿੰਦਾ ਉਹ ਤਾਂ ਕਹਾਵਤ ਸੀ।” ਮੈਂ ਸੋਚਿਆਂ ਸੋਹਰੀਆਂ ਕਹਾਵਤਾਂ ਨੇ ਲੈ ਲਿਆ ਤੇ ਉਸ ਦਿਨ ਉਸਨੇ ਮੈਨੰਮ ਇੰਨਾ ਕੱੁਟਿਆ ਕਿ ਰਹੇ ਰੱਬ ਦਾ ਨਾਂ, ਵਿਚਾਰੀ ਗਧੀ ਦੇ ਵੀ ਮੈਨੂੰ ਛਡਾਉਣ ਲੱਗੇ ਪੈ ਗਈਆਂ ਜਿਹੜੀ ਮਾਲਕ ਨੂੰ ਗਾਲ੍ਹਾਂ ਕੱਢ ਰਹੀ ਸੀ ਮੇਰੇ ਮਾਲਕ ਤੋਂ ਮੈਨੂੰ ਮੇਰੀ ਉਸ ਗਰਲ ਫਰੈਂਡ ਨੇ ਹੀ ਬਚਾਇਆ ਸੀ।”
“ਉਹ ਕਿਸ ਤਰ੍ਹਾਂ।”
“ਜਿਸ ਘਰ ਵਿਚ ਉਹ ਪਹਿਲਾਂ ਕੰਮ ਕਰਦੀ ਸੀ ਉਸਦਾ ਲੜਕਾ ਥਾਣੇਦਾਰ ਬਣ ਗਿਆ ਸੀ,ਉਹ ਗਧੀ ਨੂੰ ਜਾਣਦਾ ਸੀ ਕਿਉਕਿ ਉਹ ਗਧੀ ਉਨਾਂ੍ਹ ਦੇ ਘਰ ਰਹਿੰਦੀ ਸੀ ,ਗਧੀ ਨੇ ਧਮਕੀ ਦਿੱਤੀ ਸੀ ਕਿ ਜੇ ਮੇਰੇ ਯਾਰ (ਗਧੇ) ਨੂੰ ਕੁੱਟ-ਮਾਰ ਕਰਨੋ ਨਹੀਂ ਹਟੇਂਗਾ ਤਾਂ ਥਾਣੇਦਾਰ ਨੂੰ ਕਹਿਕੇ ਤੇਰੇ ਹੱਡ ਭਨਾ ਦੇਵਾਂਗੀ,ਫੇਰ ਕਿਤੇ ਜਾਕੇ ਸਾਨੂੰ ਉਸਨੇ ਛੱਡਿਆ ।ਕਈ ਦਿਨ ਤਾਂ ਅਸੀਂ ਪਾਰਕ ਵਿਚ ਬਣੇ ਹੋਏ ਸ਼ੈੱਡ ਵਿਚ ਹੀ ਪਏ ਰਹੇ ਮੈਂ ਤਾਂ ਤੁਰਨ-ਫਿਰਨ ਜੋਗਾ ਨਹੀਂ ਸੀ ਇੱਕ ਦਾਨੀ ਪੁਰਸ਼ ਸਾਡੇ ਵਾਸਤੇ ਚਾਰਾ ਸੁੱਟ ਜਾਂਦਾ ਸੀ ਤੇ ਸਾਡਾ ਗੁਜਾਰਾ ਹੋਈ ਜਾਂਦਾ ਸੀ।ਜਦੋਂ ਅਸੀਂ ਤੁਰਨ-ਫਿਰਨ ਜੋਗੇ ਹੋਏ ਤਾਂ ਗਧੀ ਨੇ ਥਾਣੇਦਾਰ ਨੂੰ ਸਿ਼ਕਾਇਤ ਲਗਾਕੇ ਮੇਰੇ ਉਸ ਮਾਲਕ ਦੇ ਹੱਡ ਭਨਾ ਦਿੱਤੇ ਉਹ ਤਾਂ ਕਈ ਦਿਨ ਉੱੱਠਣ ਜੋਗਾ ਨਹੀਂ ਸੀ ਛੱਡਿਆ ।ਥਾਣੇਦਾਰ ਦਾ ਬਚਪਨ ਉਸ ਗਧੀ ਨਾਲ ਹੀ ਬੀਤਿਆ ਸੀ ਤੇ ਉਸਨੂੰ ਪਤਾ ਸੀ ਗਧੀ ਬੋਲਦੀ ਵੀ ਹੈ, ਅਤੇ ਬਹੁਤ ਵਾਰੀ ਗਧੀ ਨੇ ਚੋਰਾਂ ਨੂੰ ਪਕੜਵਾਉਣ ਵਿਚ ਉਸਦੀ ਮਦਦ ਕੀਤੀ ਸੀ ,ਹੁੰਦਾ ਇਉਂ ਸੀ ਕਈ ਵਾਰੀ ਸਬੱਬ ਨਾਲ ਚੋਰ ਅਤੇ ਠੱਗ ਸਕੀਮ ਬਣਾ ਰਹੇ ਹੁੰਦੇ ਸੀ ਤੇ ਗਧੀ ਉਨ੍ਹਾਂ ਦੀਆਂ ਗੱਲਾਂ ਸੁਣਕੇ ਥਾਣੇਦਾਰ ਨੂੰ ਦੱਸ ਦਿੰਦੀ ਸੀ ਤੇ ਚੋਰ ਪਕੜੇ ਜਾਂਦੇ ਸੀ ਇਸ ਤਰ੍ਹਾਂ ਥਾਣੇਦਾਰ ਨੇ ਚੋਰਾਂ ਅਤੇ ਠੱਗਾਂ ਤੋਂ ਬਹੁਤ ਸਾਰੇ ਪੈਸੇ ਬਣਾਏ ਸੀ।ਸਾਡੇ ਰਾਜੀ ਹੋਣ ਤੌਂ ਬਾਅਦ ਥਾਣੇਦਾਰ ਨੇ ਸਾਨੂੰ ਇੱਕ ਭੱਠੇ ਤੇ ਕੰਮ ਤੇ ਲੁਆ ਦਿੱਤਾ ਅਤੇ ਭੱਠੇ ਦੇ ਮਾਲਕ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਇਨ੍ਹਾਂ ਜਾਨਵਰਾਂ ਤੋਂ ਵਿਤੋਂ ਵੱਧ ਕੰਮ ਲਿਆ ਤਾਂ ਥਾਣੇ ਲਿਜਾਕੇ ਤੇਰੀ ਚੰਗੀ ਸੇਵਾ ਕਰੂੰਗਾ।ਹੁਣ ਅਸੀਂ ਅਰਾਮ ਨਾਲ ਰਹਿਨੇ ਹਾਂ।ਮੈਂ ਤਾਂ ਉਸ ਗਧੀ ਨਾਲ ਵਿਆਹ ਕਰਵਾਉਣ ਦਾ ਮਨ ਬਣਾ ਲਿਆ ਹੈ,ਤੁਹਾਨੂੰ ਵੀ ਵਿਆਹ ਤੇ ਬੁਲਾਵਾਂਗਾ ਆਉਂਗੇ ਨਾ,ਤੁਸੀਂ ਸਾਡੇ ਵਿਆਹ ਦੀ ਖ਼ਬਰ ਆਪਣੇ ਅਖ਼ਬਾਰ ਵਿਚ ਜਰੂਰ ਛਾਪਣਾ।”
“ਫੇਰ ਤਾਂ ਗਦਧਰਬ ਰਾਜ ਜੀ ਤੁਹਾਡੇ ਵਾਸਤੇ ਹੈਪੀ ਐਂਡਿੰਗ ਹੋ ਗਿਆ ਇਸ ਬਾਰੇ ਕੁਝ ਕਹਿਣਾ ਚਾਹੋਂਗੇ।”
“ਪੱਤਰਕਾਰ ਸਾਹਬ ਵੈਸੇ ਤਾਂ ਜਾਨਵਰਾਂ ਦੀ ਦੇਖਭਾਲ ਕਰਨ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ, ਪਰ ਮੈਂ ਜਾਨਵਰਾਂ ਦੀ ਇੱਕ ਯੂਨੀਅਨ ਬਣਾਉਂਣਾ ਚਾਹੁੰਦਾ ਹਾਂ,ਯੁਨੀਅਨ ਬਣਾਕੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਵਾਂਗੇ।ਲੋਕ ਘੋੜਿਆਂ, ਉਂਠਾਂ ਹਾਥੀਆਂ , ਬਲਦਾਂ, ਅਤੇ ਸਾਡੇ ਵਰਗੇ ਗਧਿਆਂ ਤੋਂ ਕਿੰਨਾ ਕੰਮ ਲੈਂਦੇ ਹਨ,ਲੋਕ ਆਪਣੇ ਅਤੇ ਆਪਣੇ ਬੱਚਿਆਂ ਵਾਸਤੇ ਰਿੱਛਾਂ ਦੇ ਨੱਕ ਵਿਚ ਨਕੇਲ ਪਾਕੇ ਨਚਾਉਂਦੇ ਹਨ ਸਾਨੂੰ ਵੀ ਥਕਾਵਟ ਹੁੰਦੀ ਹੈ, ਸਾਡੇ ਵਿਚ ਵੀ ਜਾਨ ਹੈ।ਜਿੰਨਾ ਚਿਰ ਗਉਆਂ ਦੱੁਧ ਦਿੰਦੀਆਂ ਰਹਿੰਦੀਆਂ ਹਨ ਲੋਕ ਰੱਖੀ ਰੱਖਦੇ ਹਨ ਅਤੇ ਜਦੋਂ ਦੁੱਧ ਦੇਣੋ ਹਟ ਜਾਦੀਆਂ ਹਨ ਲੋਕਾਂ ਦੇ ਟੰਬੇ ਖਾਣ ਵਾਸਤੇ ਬਾਹਰ ਛੱਡ ਦਿੰਦੇ ਹਨ ਵਿਚਾਰੀਆਂ ਬਜਾਰਾਂ ਵਿਚ ਅਖ਼ਬਾਰ ਅਤੇ ਪਲਾਸਟਕ ਅਤੇ ਹੋਰ ਕੂੜ-ਕਬਾੜ ਖਾਕੇ ਗੁਜਾਰਾ ਕਰਦੀਆਂ ਹਨ , ਵੈਸੇ ਗਊ ਨੂੰ ਉਹ ਮਾਤਾ ਕਹਿੰਦੇ ਹਨ ਪੱਤਰਕਾਰ ਡਰਪੋਕ ਚੰਦ ਜੀ ਹੈ ਨਾ ਅਜੀਬ ਗੱਲ।ਇਸੇ ਤਰ੍ਹਾਂ ਕੁੱਤੇ ਬਿੱਲੀਆਂ ਦਾ ਹਾਲ ਹੈ,ਕੋਈ ਇਨ੍ਹਾਂ ਦੀ ਸਾਂਭ ਸੰਭਾਲ ਨਹੀਂ ਕਰਦਾ।ਇਹ ਸਭ ਗੱਲਾਂ ਸਰਕਾਰ ਦੇ ਸਾਹਮਣੇ ਰੱਖਾਂਗੇ ਕਿ ਸਾਰੇ ਜਾਨਵਰਾਂ ਦੀ ਦੇਖਭਾਲ ਕੀਤੀ ਜਾਵੇ ਅਤੇ ਸਾਨੁੰ ਵੀ ਹਫ਼ਤੇ ਵਿਚ ਇਕ ਛੱਟੀ ਜਰੂਰ ਹੋਣੀ ਚਾਹੀਦੀ ਹੈ,ਜੇ ਅਸੀਂ ਬਿਮਾਰ ਹੋ ਜਾਈਏ ਤਾਂ ਸਾਡਾ ਮੁਫ਼ਤ ਇਲਾਜ ਕਰਵਾਇਆ ਜਾਵੇ, ਸਾਲ ਵਿਚ ਸਾਨੂੰ ਦੋ ਹਫ਼ਤੇ ਦੀ ਛੁੱਟੀ ਹੋਵੇ, ਤਾਂਕਿ ਅਸੀਂ ਵੀ ਦੋ ਹਫ਼ਤੇ ਅਰਾਮ ਕਰ ਸਕੀਏ।ਪੱਤਰਕਾਰ ਸਾਹਬ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੀ ਲੋਕਾਂ ਦੀ ਤਰ੍ਹਾਂ ਧਰਨੇ ਤੇ ਬੈਠਾਂਗੇ ਅਤੇ ਜਲਸੇ ਜਲੂਸ ਕਢਾਂਗ,ੇ ਰੇਲ ਰੋਕਾਂਗੇ ਹੜਤਾਲ ਕਰਾਂਗੇ।ਪੱਤਰਕਾਰ ਸਾਹਬ ਮੈਂ ਚਾਹੁੰਦਾ ਹਾ ਕਿ ਤੁਸੀਂ ਅਖ਼ਬਾਰ ਵਿਚ ਇਹ ਗੱਲਾਂ ਛਾਪਕੇ ਸਾਡੀ ਮਦਦ ਕਰੋ।”
“ਗਦੰਰਭ ਰਾਜ ਜੀ ਤੁਸੀਂ ਚੋਣ ਕਿਉਂ ਨਹੀਂ ਲੜਦੇ, ਚੋਣ ਜਿੱਤਕੇ ਲੋਕਸਭਾ ਵਿਚ ਜਾਉ ਤੇ ਆਵਦੀ ਆਵਾਜ ਬੁਲੰਦ ਕਰੋ।”ਪੱਤਰਕਾਰ ਸਾਹਬ ਤੁਹਾਡਾ ਕਿ ਖਿ਼ਆਲ ਹੈ ਲੋਕ ਇਕ ਗਧੇ ਨੂੰ ਵੋਟ ਪਾਉਣਗੇ,ਲੋਕ ਸਭਾ ਵਿਚ ਤਾਂ ਅੱਗੇ ਹੀ ਬਹੁਤ ਸਾਰੇ ਗਧੇ ਭਰੇ ਪਏ ਹਨ।”
“ਗੰਦਰਭ ਰਾਜ ਜੀ ਜਦੋਂ ਤੁਸੀਂ ਮੰਨੀ ਜਾਨੇ ਹਂੋ ਕਿ ਲੋਕ ਸਭਾ ਵਿਚ ਗਧੇ ਹੀ ਗਧੇ ਇਕੱਠੇ ਹੋਏ ਪਏ ਹਨ ਤਾਂ ਫੇਰ ਇਕ ਹੋਰ ਗਧਾ ਲੋਕਸਭਾ ਵਿਚ ਚਲਾ ਜਾਵੇਗਾ ਤਾਂ ਕਿ ਫ਼ਰਕ ਪੈ ਜਾਵੇਗਾ॥ਪਰ ਤੁਸੀਂ ਇੱਥੇ ਗਲਤ ਹੋ ਲੋਕ ਸਭਾ ਵਿਚ ਗਏ ਲੋਕ ਗਧੇ ਨਹੀਂ ਹਨ ਸਗੋਂ ਲੋਕਾਂ ਨੂੰ ਗਧਾ (ਮੂਰਖ਼)ੇ ਬਣਾਉਂਦੇ ਹਨ।ਹਾਂ ਤੁਸੀ ਹੋਰ ਕੁਝ ਤਾਂ ਨਹੀਂ ਕਹਿਣਾ।”ਢਰਪੋਕ ਚੰਦ ਜੀ ਮੇਰੀ ਇਹ ਮੁਲਾਕਾਤ ਅਖ਼ਬਾਰ ਵਿਚ ਜਰੂਰ ਛਾਪਣਾ , ਮੈਨੂੰ ਇਹ ਵੀ ਪਤਾ ਹੈ ਤੁਹਾਡਾ ਕਿਸੇ ਨੇ ਯਕੀਨ ਨਹੀਂ ਕਰਨਾ ਕਿ ਤੁਹਾਂਡੀ ਇਕ ਬੋਲਣ ਵਾਲੇ ਗਧੇ ਨਾਲ ਮੁਲਾਕਾਤ ਹੋਈ ਸੀ ਲੋਕਾਂ ਨੇ ਤੁਹਾਨੂੰ ਪਾਗਲ ਕਹਿਣਾ ਹੈ, ਹੋ ਸਕਦਾ ਹੈ ਪਾਗਲ ਸਮਝਕੇ ਸੰਪਾਦਕ ਤੁਹਾਨੂੰ ਨੌਕਰੀ ਤੋਂ ਹੀ ਕੱਢ ਦੇਵੇ , ਇਹ ਮੈਂ ਨਹੀਂ ਚਾਹੁੰਦਾ,ਮੈਨੂੰ ਪਤਾ ਹੈ ਨੌਕਰੀ ਤੋਂ ਬਿਨਾ ਬੰਦਾ ਕਿੰਨਾ ਦੁਖੀ ਹੁੰਦਾ ਹੈ ਕਿੳਂੁਕਿ ਮੇਰੇ ਨਾਲ ਬੀਤ ਚੁੱਕੀ ਹੈ, ਚਲੋ ਇਸ ਮੁਲਾਕਾਤ ਨੂੰ ਛਾਪਣਾ ਜਾਂ ਨਾ ਛਾਪਣਾ ਤੁਹਾਡੀ ਮਰਜੀ ਹੈ, ਪਰ ਤੁਸੀਂ ਮੇਰੇ ਦੋਸਤ ਤਾਂ ਬਣ ਸਕਦੇ ਹੋ ਕਿਉਂਕਿ ਮੈਨੂੰ ਬੰਦਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਚੰਗੀਆਂ ਲਗਦੀਆਂ ਹਨ।”
ਤੇ ਮਂੈ ਉਸ ਗਧੇ ਨੂੰ ਵਾਅਦਾ ਕਰਕੇ ਕਿ ਅੱਜ ਤੋਂ ਅਸੀਂ ਦੋਸਤ ਹਾਂ ਤੇ ਮੈਂ ਫੇਰ ਵੀ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਪਾਰਕ ਵਿਚ ਆਵਾਂਗਾ, ਕਿਉਂਕਿ ਮੈਂ ਸੋਚਿਆ ਇਸ ਗੱਲ ਦਾ ਮੈਨੂੰ ਵੀ ਲਾਭ ਹੋ ਸਕਦਾ ਹੈ ਗਧੇ ਰਹੀਂ ਮੈ ਇਹੋ ਜਿਹੀਆਂ ਗੱਲਾਂ ਦਾ ਪਤਾ ਕਰ ਸਕਦਾ ਹਾਂ ਜਿਹੜੀਆਂ ਦੂਜੇ ਅਖ਼ਬਾਰਾਂ ਵਾਲਿਆਂ ਨੂੰ ਹਾਦਸਾ ਵਾਪਰਨ ਤੋਂ ਬਾਅਦ ਪਤਾ ਚੱਲੇਗਾ।, ਅਖ਼ਬਾਰ ਵਿਚ ਇਹੋ ਜਿਹੀਆਂ ਸਨਸਨੀਖੇਜ ਖ਼ਬਰਾਂ ਛਾਪਣ ਤੋਂ ਬਾਅਦ ਅਖ਼ਬਾਰ ਦੀ ਵਿਕਰੀ ਵਧੇਗੀ ਅਤੇ ਮੇਰੀ ਤਰੱਕੀ ਵੀ ਹੋ ਜਾਵੇਗੀ , ਇਸ ਹਿਸਾਬ ਨਾਲ ਗਧੇ ਨਾਲ ਦੋਸਤੀ ਕਰਨੀ ਮੜੀ ਨਹੀ ਤੇ ਉਸਤੋਂ ਇਜਾਜਤ ਲੈਕੇ ਮੈਂ ਪਾਰਕ ਚੋਂ ਬਾਹਰ ਆਉਂਦੇ ਆਂਉਂਦੇ ਗਧੇ ਦੀ ਸਿਆਣਫ ਭਰੀਆਂ ਗੱਲਾਂ ਤੇ ਹੈਰਾਨ ਹੋ ਰਿਹਾ ਸੀ ਸੋਚਦਾ ਸੀ ਇਹ ਗਧਾ ਕਿੰਨਾ ਸਿਆਣਾ ਹੈ।

Previous articleDelhi hospital horror: Doctors unmasked as illegal surgeries prove deadly for many in GK
Next articleTwo detained for bomb hoax at Goa airport