ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਨੇ ਪਰਿਵਾਰਕ ਫ਼ਿਲਮ ‘ਅਹਿਸਾਸ’ ਦਾ ਪੋਸਟਰ ਕੀਤਾ ਜਾਰੀ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਰਿਵਾਰਕ ਉਲਝਣਾਂ ਦਾ ਸਾਰਥਕ ਹੱਲ ਦੱਸਦੀਆਂ ਫ਼ਿਲਮਾਂ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਜਿਨ੍ਹਾਂ ਨਾਲ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਮਝੂਰ ਦੁਆਬਾ ਫ਼ਿਲਮਜ਼ ਦੀ ਪਰਿਵਾਰਕ ਸੇਧ ਦਿੰਦੀ ਫ਼ਿਲਮ ‘ਅਹਿਸਾਸ’ ਦਾ ਪੋਸਟਰ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪਰਿਵਾਰਕ ਉਲਝਣਾਂ ਨੂੰ ਬਾਰੀਕੀ ਨਾਲ ਪੇਸ਼ ਕਰਦੀ ਹੋਈ ਇਨ੍ਹਾਂ ਦਾ ਸਾਰਥਕ ਹੱਲ ਵੀ ਦੱਸਦੀ ਹੈ। ਫ਼ਿਲਮ ਦੇ ਕਹਾਣੀਕਾਰ ਅਤੇ ਨਿਰਮਾਤਾ ਸੁਰਜੀਤ ਮਝੂਰ ਨੇ ਦੱਸਿਆ ਕਿ ਇਹ ਫ਼ਿਲਮ ਦੱਸ ਰਹੀ ਹੈ ਕਿ ਅੱਜ ਦੀ ਔਰਤ ਨੇ ਭਾਵੇਂ ਹਰੇਕ ਖੇਤਰ ਵਿਚ ਬੇਹੱਦ ਤਰੱਕੀ ਕੀਤੀ ਹੈ, ਪਰੰਤੂ ਪਰਿਵਾਰਕ ਫ਼ੈਸਲਿਆਂ ਵਿਚ ਪਤੀ ਦੀ ਵਿਚਾਰਧਾਰਾ ਨੂੰ ਅੱਖੋਂ-ਪਰੋਖੇ ਕਰਨ ਨਾਲ ਪਰਿਵਾਰ ਟੁੱਟਦੇ ਹਨ। ਪਤੀ ‘ਤੇ ਹਾਵੀ ਪਤਨੀ ਜਦੋਂ ਵਿਆਹੀ ਧੀ ਦੇ ਘਰ ਪਤੀ ਦੀ ਸਲਾਹ ਤੋਂ ਬਿਨਾਂ ਅਣਉਚਿਤ ਦਖਲਅੰਦਾਜ਼ੀ ਕਰਦੀ ਹੈ ਤਾਂ ਆਪਣਾ ਘਰ ਹੀ ਬਰਬਾਦ ਨਹੀਂ ਕਰਦੀ, ਸਗੋਂ ਦੂਸਰਾ ਘਰ ਵੀ ਪ੍ਰਭਾਵਿਤ ਹੁੰਦਾ ਦਿਖਾਂਉਦੀ ਹੋਈ ਇਹ ਫ਼ਿਲਮ ਸਾਰਥਕ ਹੱਲ ਦਿਖਾ ਰਹੀ ਹੈ ਕਿ ਇਨ੍ਹਾਂ ਪਰਿਵਾਰਕ ਮਸਲਿਆਂ ਵਿਚ ਪਤੀ ਦੀ ਰਾਏ ਨੂੰ ਵੀ ਮੁੱਖ ਰੱਖਿਆ ਜਾਣਾ ਹੀ ਸਾਰਥਕ ਹੱਲ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਨਿਰਮਲ ਗੁੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਰਜੀਤ ਮਝੂਰ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਸਾਰਥਕ ਪਰਿਵਾਰਕ ਕਹਾਣੀਆਂ ਉੱਤੇ ਫ਼ਿਲਮਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਜ਼ਿਲ੍ਹਾ ਨਾਜ਼ਰ ਹਰਪਾਲ ਸਿੰਘ, ਜਸਵੀਰ ਸਿੰਘ ਪੀ.ਏ ਟੂ ਡੀ.ਸੀ, ਜਸਵਿੰਦਰ ਸਿੰਘ ਰੀਡਰ ਟੂ ਏ.ਡੀ.ਸੀ, ਪਰਮਜੀਤ ਰਾਮ ਸਟੈਨੋ ਟੂ ਏ.ਡੀ.ਸੀ, ਅਦਾਕਾਰ ਸ਼ਿੰਗਾਰਾ ਮੁਜ਼ੱਫਰਪੁਰ ਅਤੇ ਅਦਾਕਾਰਾ ਡਾ. ਜਸਵਿੰਦਰ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly