ਚੋਣਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ ਦੇ ਮੁੱਦੇ ਭਾਰੂ ਹੋਣਾ ਸ਼ੁੱਭ ਸੰਕੇਤ: ਮਾਇਆਵਤੀ

ਲਖਨਊ (ਸਮਾਜ ਵੀਕਲੀ):  ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਵਰਗੇ ਮੁੱਦੇ ਭਾਰੂੁ ਹੋਣਾ ਸ਼ੁੱਭ ਸੰਕੇਤ ਹਨ, ਅਤੇ ਵਿਰੋਧੀ ਪਾਰਟੀਆਂ ਨੂੰ ਹੁਣ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਹਿੱਤ ਦੇ ਇਨ੍ਹਾਂ ਨੂੰ ਮੁੱਦਿਆਂ ਨੂੰ ਲੈ ਕੇ ਚੋਣਾਂ ਹੀ ਲੜ ਰਹੀ ਹੈ ਤਾਂ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਵਾਂਗ ਲੋਕਾਂ ਦੇ ‘ਚੰਗੇ ਦਿਨ’ ਵਾਪਸ ਲਿਆਂਦੇ ਜਾ ਸਕਣ ਅਤੇ ਉਨ੍ਹਾਂ ਨੂੰ ਰਾਹਤ ਮੁਹੱਈਆ ਕਰਵਾਈ ਜਾ ਸਕੇ।

ਮਾਇਆਵਤੀ ਨੇ ਟਵੀਟ ਕੀਤਾ, ‘‘ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਨਫ਼ਰਤ ਦੀ ਰਾਜਨੀਤੀ, ਘਟੀਆ ਕਾਨੂੰਨ ਪ੍ਰਬੰਧ, ਰੁਜ਼ਗਾਰ ਦੀ ਭਾਲ ’ਚ ਪਰਵਾਸ ਦੀ ਮਜਬੁੂਰੀ ਅਤੇ ਲਾਵਾਰਸ ਪਸ਼ੂਆਂ ਆਦਿ ਦੇ ਭਖਦੇ ਮੁੱਦੇ ਲੋਕਾਂ ਦੇ ਦਿਲ-ਦਿਮਾਗ ’ਤੇ ਭਾਰੂ ਹੋਣ ਕਾਰਨ ਵਿਰੋਧੀ ਪਾਰਟੀਆਂ ਨੂੰ ਇੱਥੇ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਭ ਸੰਕੇਤ।’’

ਉਨ੍ਹਾਂ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ, ‘‘ਜਨਹਿੱਤ ਅਤੇ ਲੋਕ ਭਲਾਈ ਦੇ ਇਨ੍ਹਾਂ ਮੁੱਦਿਆਂ ’ਤੇ ਹੀ ਇਹ ਚੋਣਾਂ ਲੜ ਰਹੀ ਹੈ ਤਾਂ ਕਿ ਸਹੀ ਨੀਅਤ ਅਤੇ ਨੀਤੀ ਨਾਲ ਕੰਮ ਕਰਕੇ ਸੂਬੇ ਵਿੱਚ 2007 ਤੋਂ 2012 ਵਾਂਗ ਚੰਗੇ ਦਿਨ ਲਿਆਂਦੇ ਜਾ ਸਕਣ। ਚੰਗੇ ਦਿਨ ਅਮਨ ਤੇ ਕਾਨੂੰਨ ਅਤੇ ਬੇਰੁਜ਼ਗਾਰੀ ਖ਼ਿਲਾਫ਼ ਚੰਗੇ ਪ੍ਰਬੰਧ ਕਰਕੇ ਹੀ ਲਿਆਂਦੇ ਜਾ ਸਕਦੇ ਹਨ।’’ ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਸਰਕਾਰ ਸੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਚੋਣ ਅਮਲ ਦੇ ਪੰਜਵੇਂ ਗੇੜ ਦੌਰਾਨ 61 ਸੀਟਾਂ ਲਈ ਵੋਟਾਂ ਐਤਵਾਰ 27 ਫਰਵਰੀ ਪੈਣੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਕਰ ਪੂਤਿਨ ਨਾਟੋ ਦੇਸ਼ਾਂ ਵਿਚ ਦਾਖ਼ਲ ਹੋਏ ਤਾਂ ਅਮਰੀਕਾ ਦਖ਼ਲ ਦੇਵੇਗਾ: ਬਾਇਡਨ
Next articleਸੁਪਰੀਮ ਕੋਰਟ ਨੇ ਸਿੱਧੂ ਤੋਂ ਦੋ ਹਫ਼ਤਿਆਂ ’ਚ ਜਵਾਬ ਮੰਗਿਆ