(ਸਮਾਜ ਵੀਕਲੀ) 9 ਅਕਤੂਬਰ ਨੂੰ ਬਹੁਜਨ ਸਮਾਜ ਪਾਰਟੀ, ਡੀ ਐਸ ਫੋਰ ਅਤੇ ਬਾਮਸੇਫ਼ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 19ਵਾਂ ਪ੍ਰੀਨਿਰਵਾਣ ਦਿਵਸ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਪੰਜਾਬ ਦੇ ਫਿਲੋਰ ਵਿਖੇ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਕਾਂਸ਼ੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਉਹਨਾਂ ਦੇ ਪ੍ਰੀਨਿਰਵਾਣ ਦਿਵਸ ਤੇ ‘ਤਖਤ ਬਦਲ ਦਿਉ, ਤਾਜ ਬਦਲ ਦਿਉ’ ਰੈਲੀ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਦੂਜੇ ਪਾਸੇ ਲਖਨਊ ਵਿਖੇ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਦੇ ਸਬੰਧ ਵਿੱਚ 20 ਲੱਖ ਦੇ ਕਰੀਬ ਲੋਕ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਸੱਦੇ ਤੇ ਮਹਾਂਰੈਲੀ ਵਿੱਚ ਪਹੁੰਚੇ। ਇਸ ਮਹਾਰੈਲੀ ਨੇ ਸੱਤਾਧਾਰੀ ਪਾਰਟੀ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਤੋਂ ਰੋਕਣ ਲਈ ਥਾਂ ਥਾਂ ਨਾਕਾਬੰਦੀ ਕਰ ਦਿੱਤੀ ਸੀ, ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਤਾਂ ਕਿ ਲੋਕ ਬੱਸਾਂ ਰਾਹੀਂ ਜਾਂ ਟ੍ਰੇਨਾਂ ਦੁਆਰਾ ਮਹਾਰੈਲੀ ਵਿੱਚ ਨਾ ਪਹੁੰਚ ਸਕਣ। ਪਰ ਬਸਪਾ ਪ੍ਰੇਮੀਆਂ ਨੇ ਇੱਕ ਦਿਨ ਪਹਿਲਾਂ ਹੀ ਆਪਣਾ ਰਾਸ਼ਨ ਨਾਲ ਲੈ ਕੇ ਲਖਨਊ ਵੱਲ ਕੂਚ ਕਰ ਦਿੱਤਾ ਸੀ। 9 ਅਕਤੂਬਰ ਸਵੇਰੇ 4 ਵਜੇ ਰੈਲੀ ਸਥਾਨ ਤੇ ਕਰੀਬਨ 40 ਫੀਸਦੀ ਲੋਕਾਂ ਦਾ ਇਕੱਠ ਹੋ ਚੁੱਕਿਆ ਸੀ। ਜਿਹੜੇ ਲੋਕ ਕਹਿੰਦੇ ਸਨ ਕਿ ਬਸਪਾ ਖ਼ਤਮ ਹੋ ਚੁੱਕੀ ਹੈ ਇਹ ਮਹਾਂਰੈਲੀ ਉਹਨਾਂ ਲਈ ਚਪੇੜ ਸਾਬਿਤ ਹੋਈ ਹੈ। ਬੇਸ਼ੱਕ ਮਾਇਆਵਤੀ ਨੇ ਕਈ ਸਾਲ ਰਾਜਨੀਤੀ ਤੋਂ ਚੁੱਪੀ ਵੱਟ ਰੱਖੀ ਸੀ ਪਰ ਫਿਰ ਵੀ ਮਾਇਆਵਤੀ ਜੀ ਨੇ ਇਹ ਵਿਰੋਧੀਆਂ ਨੂੰ ਦੱਸ ਦਿੱਤਾ ਕਿ ਮੈਂ ਹਾਲੇ ਜ਼ਿੰਦਾ ਹਾਂ। ਮਾਇਆਵਤੀ ਜੀ ਦੇ ਭਾਸ਼ਣ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ ਹੈ। ਮਾਇਆਵਤੀ ਜੀ ਨੇ ‘ ਬਹੁਜਨ ਹਿਤਾਏ ਬਹੁਜਨ ਸੁਖਾਏ’ ਦੇ ਅਸੂਲਾਂ ਨੂੰ ਲੈ ਕੇ ਸਰਕਾਰ ਬਣਾਉਣ ਦਾ ਪ੍ਰਣ ਕੀਤਾ ਹੈ। ਰੈਲੀ ਵਿੱਚ ਵੀ ਇਹੀ ਵੇਖਣ ਨੂੰ ਮਿਲਿਆ ਹੈ ਕਿ ਹਰ ਜ਼ਾਤ ਅਤੇ ਵਰਗ ਦੇ ਲੋਕ ਮਾਇਆਵਤੀ ਜੀ ਦੀ ਝਲਕ ਪਾਉਣ ਲਈ ਲੱਖਾਂ ਦੇ ਇਕੱਠ ਵਿੱਚ ਪਹੁੰਚੇ ਸਨ। ਰੈਲੀ ਵਿੱਚ ਲੋਕਾਂ ਦਾ ਜੋਸ਼ ਵੇਖ ਕੇ ਪਤਾ ਲੱਗਦਾ ਸੀ ਕਿ ਮਾਇਆਵਤੀ ਜੀ ਦਾ ‘ਬਹੁਜਨ ਹਿਤਾਏ ਬਹੁਜਨ ਸੁਖਾਏ’ ਵਾਲਾ ਫ਼ਾਰਮੂਲਾ 2027 ਵਿੱਚ ਕਾਮਯਾਬ ਹੋ ਸਕਦਾ ਹੈ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਸਪਾ, ਕਾਂਗਰਸ ਅਤੇ ਬਿਨਾਂ ਨਾਂ ਲਿਆ ਚੰਦ੍ਰ ਸ਼ੇਖਰ ਰਾਵਣ ਤੇ ਨਿਸ਼ਾਨੇ ਸਾਧੇ। ਸਪਾ ਤੇ ਨਿਸ਼ਾਨਾ ਸਾਧਦੇ ਹੋਇਆ ਉਹਨਾਂ ਕਿਹਾ ਕਿ ਜਦੋਂ ਇਹ ਲੋਕ ਸੱਤਾ ਵਿੱਚ ਹੁੰਦੇ ਹਨ ਇਹਨਾਂ ਨੂੰ ਸਾਡੇ ਸੰਤ ਮਹਾਂਪੁਰਸ਼ ਭੁੱਲ ਜਾਂਦੇ ਹਨ ਪਰ ਜਦੋਂ ਹੀ ਇਹਨਾਂ ਤੋਂ ਸੱਤਾ ਦੀ ਕੁਰਸੀ ਖੁੱਸ਼ ਜਾਂਦੀ ਹੈ ਤਾਂ ਇਹਨਾਂ ਨੂੰ ਝੱਟ ਸਾਡੇ ਮਹਾਂਪੁਰਸ਼ਾਂ ਦੀ ਯਾਦ ਆ ਜਾਂਦੀ ਹੈ। ਮਾਇਆਵਤੀ ਜੀ ਸਪਾ ਤੇ ਅਲੋਪ ਲਗਾਉਂਦਿਆਂ ਕਿਹਾ ਕਿ ਇਹਨਾਂ ਨੇ ਸਾਡੇ ਦੁਆਰਾ ਬਣਾਏ ਕਾਂਸ਼ੀ ਰਾਮ ਜੀ ਦੇ ਨਾਂ ਤੇ ਨਗਰਾਂ ਦੇ ਨਾਵਾਂ ਨੂੰ ਵੀ ਬਦਲ ਦਿੱਤਾ ਹੈ। ਜੇਕਰ ਇਹ ਸੱਚਮੁੱਚ ਹੀ ਕਾਂਸੀ ਰਾਮ ਜੀ ਦਾ ਸਤਿਕਾਰ ਕਰਦੇ ਤਾਂ ਇਹ ਅਜਿਹਾ ਨਾ ਕਰਦੇ। ਜਿੱਥੇ ਮਾਇਆਵਤੀ ਨੇ ਸਪਾ ਅਤੇ ਕਾਂਗਰਸ ਨੂੰ ਲਪੇਟੇ ਵਿੱਚ ਲਿਆ ਉੱਥੇ ਹੀ ਮਾਇਆਵਤੀ ਜੀ ਨੇ ਆਪਣੇ ਭਾਸ਼ਣ ਦੌਰਾਨ ਯੋਗੀ ਅਦਿੱਤਿਆਨਾਥ ਦੇ ਕੰਮਾਂ ਦੀ ਤਾਰੀਫ਼ ਕਰ ਦਿੱਤੀ ਹੈ । ਯੋਗੀ ਅਦਿੱਤਿਆਨਾਥ ਦੀ ਤਾਰੀਫ਼ ਹੀ ਵਿਰੋਧੀਆਂ ਅਤੇ ਨਿਊਜ਼ ਚੈਨਲਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣਿਆ ਰਿਹਾ। ਕਈ ਵਿਰੋਧੀਆਂ ਨੇ ਇੱਥੋਂ ਤੱਕ ਕਿਹਾ ਕਿ ਇਹ ਰੈਲੀ ਬਸਪਾ ਦੀ ਰੈਲੀ ਨਹੀਂ ਬਲਕਿ ਬਸਪਾ ਅਤੇ ਭਾਜਪਾ ਦੀ ਰੈਲੀ ਸੀ। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਮਾਇਆਵਤੀ ਅਤੇ ਭਾਜਪਾ ਦੀ ਮਿਲੀਭੁਗਤ ਦੱਸਿਆ ਹੈ। ਉਧਰ ਕਾਂਗਰਸ ਦੇ ਪ੍ਰਵਕਤਾ ਸੁਰੇਂਦਰ ਰਾਜਪੂਤ ਨੇ ਕਿਹਾ ਕਿ ਮਾਇਆਵਤੀ ਜੀ ਨੇ ਭਾਜਪਾ ਦੁਆਰਾ ਲਿਖਿਆ ਹੋਇਆ ਭਾਸ਼ਣ ਪੜਿਆ ਸੀ। ਪਰ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਸੱਚਮੁਚ ਹੀ ਮਾਇਆਵਤੀ ਜੀ ਅਤੇ ਭਾਜਪਾ ਦੀ ਇੱਕ ਗੱਲ ਹੈ ਤਾਂ ਫਿਰ ਸਰਕਾਰ ਲਖਨਊ ਰੈਲੀ ਵਿੱਚ ਆਉਣ ਵਾਲੇ ਲੋਕਾਂ ਨੂੰ ਕਦੇ ਵੀ ਨਾ ਰੋਕਦੀ। ਸਰਕਾਰ ਦੀ ਤਾਰੀਫ਼ ਕਰਨ ਤੋਂ ਇੱਕ ਗੱਲ ਤਾਂ ਜ਼ਾਹਿਰ ਹੈ ਕਿ ਮਾਇਆਵਤੀ ਜੀ ਨੇ ਭਾਜਪਾ ਨੂੰ ਗੱਠਬੰਧਨ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮਾਇਆਵਤੀ ਜੀ ਦੇ ਭਾਸ਼ਣ ਅਤੇ ਇਕੱਠ ਤੋਂ ਭਾਜਪਾ ਖੁਦ ਸ਼ਸ਼ੋਪੰਜ ਵਿੱਚ ਹੈ। ਇਹ ਵੀ ਸੱਚ ਹੈ ਕਿ ਰੈਲੀ ਵਿੱਚ ਆਏ ਜਨ ਸੈਲਾਬ ਨੂੰ ਵੇਖ ਕੇ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ।
ਦੇਵ ਮੁਹਾਫਿਜ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



