ਭਾਜਪਾ ਵੱਲੋਂ ਪੰਥਕ ਪਰਿਵਾਰ ’ਚ ਸੰਨ੍ਹ

ਪਟਿਆਲਾ (ਸਮਾਜ ਵੀਕਲੀ):  ਸਿੱਖ ਚਿਹਰਿਆਂ ਨੂੰ ਨਾਲ ਰਲਾਉਣ ਦੀ ਕੜੀ ਵਜੋਂ ਭਾਜਪਾ ਅੱਜ ਪੰਜਾਬ ਦੇ ਪ੍ਰਮੁੱਖ ਪੰਥਕ ਪਰਿਵਾਰ ’ਚ ਸੰਨ੍ਹ ਲਾਉਣ ’ਚ ਸਫਲ ਹੋ ਗਈ ਹੈ। ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦਾ ਛੋਟਾ ਦੋਹਤਾ ਕੰਵਰਵੀਰ ਸਿੰਘ ਟੌਹੜਾ ਆਪਣੀ ਪਤਨੀ ਅਤੇ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਸਣੇ ਅੱਜ ਨਵੀਂ ਦਿੱਲੀ ’ਚ ਇਕ ਸਮਾਗਮ ਦੌਰਾਨ ਭਾਜਪਾ ’ਚ ਸ਼ਾਮਲ ਹੋ ਗਿਆ ਹੈ। ਕੰਵਰਵੀਰ ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਮਰਹੂਮ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਦਾ ਛੋਟਾ ਪੁੱਤਰ ਹੈ। ਐੱਮਬੀਏ ਅਤੇ ਕੰਪਿਊਟਰ ਇੰਜਨੀਅਰ ਕੰਵਰਵੀਰ ਟੌਹੜਾ ‘ਟੌਹੜਾ ਮੈਮੋਰੀਅਲ ਟਰੱਸਟ’ ਦਾ ਪ੍ਰਧਾਨ ਵੀ ਹੈ। ਡੇਢ ਕੁ ਮਹੀਨਾ ਪਹਿਲਾਂ ਉਸ ਦਾ ਵਿਆਹ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਨਾਲ ਹੋਇਆ ਹੈ।

ਮਹਿਰੀਨ ਟਕਸਾਲੀ ਅਕਾਲੀ ਆਗੂ ਬੇਅੰਤ ਕੌਰ ਚਹਿਲ ਦੀ ਧੀ ਹੈ। ਉਂਜ ਕੰਵਰਵੀਰ ਟੌਹੜਾ ਦੀ ਹੁਣ ਤੱਕ ਅਕਾਲੀ ਦਲ ਵਿੱਚ ਕੋਈ ਸਰਗਰਮੀ ਨਹੀਂ ਸੀ। ਇਸ ਤਰ੍ਹਾਂ ਉਸ ਨੇ ਭਾਜਪਾ ਦਾ ਹੱਥ ਫੜ ਕੇ ਰਾਜਨੀਤੀ ਦੇ ਖੇਤਰ ’ਚ ਪੈਰ ਧਰਿਆ ਹੈ। ਭਾਜਪਾ ’ਚ ਸ਼ਾਮਲ ਹੋਣ ਮਗਰੋਂ ਪਟਿਆਲਾ ਪਰਤੇ ਕੰਵਰਵੀਰ ਨੇ ਦੱਸਿਆ ਕਿ ਇਹ ਪਰਿਵਾਰ ਦਾ ਨਹੀਂ, ਬਲਕਿ ਉਨ੍ਹਾਂ ਦੋਵਾਂ ਜੀਆਂ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਵਿਰੋਧੀ ਨਹੀਂ ਹੈ, ਬਲਕਿ ਇਸ ਨੇ ਕਈ ਅਹਿਮ ਤੇ ਸਿੱਖ ਪੱਖੀ ਫੈਸਲੇ ਲਏ ਹਨ। ਦਿੱਲੀ ਦੰਗਿਆਂ ਸਬੰਧੀ ਸੱਜਣ ਕੁਮਾਰ ਖ਼ਿਲਾਫ਼ ਕਾਰਵਾਈ ਦਾ ਸਿਹਰਾ ਵੀ ਉਨ੍ਹਾਂ ਭਾਜਪਾ ਨੂੰ ਦਿੱਤਾ।

ਕੰਵਰਵੀਰ ਨੇ ਅਕਾਲੀ ਦਲ ਦੇ ਹਾਕਮਾਂ ’ਤੇ ਸਿੱਖ ਕੌਮ ਦਾ ਵਧੇਰੇ ਨੁਕਸਾਨ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਨਿੱਜੀ ਵਿਰਾਸਤ ਬਣਾ ਕੇ ਰੱਖ ਦਿੱਤਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇੱਕੋ ਪਰਿਵਾਰ ’ਚ ਦੋ-ਦੋ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਪੰਥਕ ਪਰਿਵਾਰਾਂ ਨੂੰ ਰੋਲ਼ਿਆ ਜਾ ਰਿਹਾ ਹੈ। ਕੰਵਰਵੀਰ ਨੇ ਕਿਹਾ ਕਿ ਉਹ ਭਾਜਪਾ ’ਚ ਰਹਿ ਕੇ ਬਕਾਇਆ ਸਿੱਖ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦਾ ਹੁਕਮ ਹੋਇਆ ਤਾਂ ਉਹ ਚੋਣ ਲੜਨਗੇ।

ਫ਼ੈਸਲੇ ਨਾਲ ਪਰਿਵਾਰ ਦਾ ਕੋਈ ਸਰੋਕਾਰ ਨਹੀਂ: ਹਰਿੰਦਰਪਾਲ

ਕੁਲਦੀਪ ਕੌਰ ਟੌਹੜਾ ਦੇ ਵੱਡੇ ਪੁੱਤਰ ਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਕੰਵਰਵੀਰ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਦੇ ਫੈਸਲੇ ਨਾਲ਼ ਪਰਿਵਾਰ ਦਾ ਕੋਈ ਸਰੋਕਾਰ ਨਹੀਂ ਹੈ। ਇਹ ਉਸ ਦਾ ਨਿੱਜੀ ਫੈਸਲਾ ਹੈ। ਉਧਰ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ (ਸਾਬਕਾ ਸਰਪੰਚ) ਨੇ ਕਿਹਾ ਕਿ ਇਸ ਮਾਮਲੇ ’ਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਨਾਮ ਵਰਤਣਾ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਕੰਵਰਵੀਰ ਸਿੰਘ ਦੋਹਤਾ ਹੋਣ ਨਾਤੇ ਸ੍ਰੀ ਟੌਹੜਾ ਦੀ ਜਾਇਦਾਦ ਦਾ ਵਾਰਿਸ ਜ਼ਰੂਰ ਹੋ ਸਕਦਾ ਹੈ, ਪਰ ਉਨ੍ਹਾਂ ਦਾ ਅਸਲੀ ਵਾਰਸ ਪੰਥ ਹੈ ਤੇ ਪੰਥਕ ਵਿਚਾਰਧਾਰਾ ’ਚ ਪ੍ਰਪੱਕ ਲੋਕ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi govt will not impose lockdown: CM
Next articleਅਰਵਿੰਦ ਖੰਨਾ, ਕੰਵਰਵੀਰ ਟੌਹੜਾ ਤੇ ਗੁਰਦੀਪ ਗੋਸ਼ਾ ਭਾਜਪਾ ’ਚ ਸ਼ਾਮਲ