ਮੈਟਰੀਮੋਨੀਅਲ

ਭਗਵਾਨ ਸਿੰਘ ਤਗੱੜ

ਮੈਟਰੀਮੋਨੀਅਲ

-ਭਗਵਾਨ ਸਿੰਘ ਤਗੱੜ

(ਸਮਾਜ ਵੀਕਲੀ)- ਅਖਾਨ ਹੈ: ਜੋੜੀਆਂ ਜੱਗ ਥੋਹੜੀਆਂ, ਨਹੀਂ ਤਾਂ ਨਰੜ ਬਥੇਰੇ। ਕਹਿੰਦੇ ਹਨ ਵਿਆਹ ਸਭ ਤੋਂ ਪੁਰਾਣੀ ਸੰਸਥਾ ਹੈ । ਬਾਣੀ ਵਿਚ ਵੀ ਆਉਂਦਾ ਹੈ ਕਿ ਗ੍ਰਹਿਸਥ ਜੀਵਨ, ਪਰਧਾਨ ਜੀਵਨ ਹੈ।ਵਿਆਹ ਅੰਡਰਸਟੈਡਿੰਗ ਦਾ ਨਾਮ ਹੈ, ਜੇ ਪਤੀ ਪਤਨੀ ਚੰਗੀ ਸੂਝ ਵਾਲੇ ਹੋਣ ਤਾਂ ਜੀਵਨ ਚੰਗਾ ਅਤੇ ਖੁਸ਼ਗਵਾਰ ਬਤੀਤ ਹੁੰਦਾ ਹੈ ।ਕਹਾਵਤ ਹੈ ਕਿ ਏਕ ਨੇ ਕਹੀ ਦੂਜੇ ਨੇ ਮਾਨੀ ਦੋਨੋਂ ਬਰਹਮਗਿਆਨੀ। ਜਿਹੜੇ ਪਤੀ ਪਤਨੀ ਇਕ ਦੂਜੇ ਦੀਆਂ ਗਲਤੀਆਂ ਨੂੰ ਅੱਖੋਂ ਉਹਲੇ ਕਰਦੇ ਰਹਿਣ ਤਾਂ ਜਿੰਦਗੀ ਹੋਰ ਵੀ ਸੁਖਾਲੀ ਹੋ ਜਾਂਦੀ ਹੈ, ਅਤੇ ਜੇ ਉਹ ਹਮੇਸ਼ਾਂ ਇਕ ਦੁਜੇ ਵਿਚ ਨੁਕਸ ਕੱਢਦੇ ਹੋਏ ਕਲੇਸ਼ ਹੀ ਪਾਈ ਰੱਖਣ ਤਾ ਜ਼ਿੰਦਗੀ ਨਰਕ ਬਣ ਜਾਂਦੀ ਹੈ ।

ਜੇ ਪਤਨੀ ਪਤੀ ਨੂੰ ਇਉਂ ਕਹਿੰਦੀ ਰਹੇ ਕਿ ਤੁਸੀਂ ਕੱਪੜੇ ਕਿਹੋ ਜਿਹੇ ਪਾਏ ਹਨ, ਬੈਠੇ ਕਿਸ ਤਰ੍ਹਾਂ ਹੋ, ਪੱਗ ਤਾਂ ਚੱਜ ਨਾਲ ਬੰਨ੍ਹ ਲਿਆ ਕਰੋ , ਟੈਲੀਫੋਨ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ, ਤੁਹਾਨੂੰ ਤਾਂ ਚੱਜ ਨਾਲ ਬੋਲਣਾ ਵੀ ਨਹੀਂ ਆਉਂਦਾ, ਖਾਣ ਲੱਗੇ ਮੂੰਹ ਤਾਂ ਹੋਲੀ ਚਲਾ ਲਿਆ ਕਰੋ, ਮੂੰਹ ਵਿਚ ਛੋਟੀ ਬੁਰਕੀ ਨਹੀਂ ਪਾਈ ਜਾਂਦੀ, ਬੁਰਕੀ ਤਾਂ ਇਉਂ ਪਾਉਨੇ ਹੋਂ ਜਿਵੇਂ ਢੱਟਾ ਮੱਝ ਦੀ ਖੁਰਲੀ ਵਿਚੋਂ ਬੁਰਕ ਭਰ ਰਿਹਾ ਹੁੰਦਾ ਹੈ, ਤੁਰਦੇ ਕਿਸ ਤਰ੍ਹਾਂ ਹੋ ਆਦਿ। ਭਾਵ ਇਹ ਹੈ ਕਿ ਪਤਨੀ ਵੱਲੋਂ ਪਤੀ ਨੂੰ ਗੱਲ ਗੱਲ ‘ਤੇ ਟੋਕਣਾ ਫੇਰ ਤਾਂ ਚੰਗਾ ਭਲਾ ਪਤੀ ਪਾਗਲਖਾਨੇ ਜਾਣ ਵਾਲਾ ਹੋ ਜਾਂਦਾ ਹੈ। ਤੇ ਇਹੀ ਹਾਲ ਪਤਨੀ ਦਾ ਵੀ ਹੋ ਸਕਦਾ ਹੈ, ਜੇ ਪਤੀ ਟੋਕਾ ਟਾਕੀ ਕਰਨ ਵਾਲਾ ਮਿਲ ਜਾਵੇ ਤਾਂ ਪਤਨੀ ਦਾ ਨਮਦਾ ਕਸਿਆ ਜਾਂਦਾ ਹੈ ।

ਕਿਸੇ ਨੇ ਪੁੱਛ ਲਿਆ ਜੀ ਸਵਰਗ ਵਿਚ ਵੀ ਵਿਆਹ ਹੁੰਦੇ ਹਨ, ਤਾਂ ਦੂਜਾ ਕਹਿਣ ਲੱਗਿਆ, ਜੇ ਸਵਰਗ ਵਿਚ ਵਿਆਹ ਹੋਣ ਲੱਗ ਜਾਣ ਤਾ ਉਸਨੂੰ ਸਵਰਗ ਨਹੀਂਂ ਕਿਹਾ ਜਾ ਸਕਦਾ। ਖ਼ੈਰ ਵਿਆਹ ਦੀ ਗੱਲ ਚੱਲੀ ਐ ਤਾਂ ਵਿਆਹ ਦੀ ਗੱਲ ਤੇ ਆਉਂਦੇ ਹਾਂ। ਪਹਿਲੇ ਜਮਾਨੇ ਵਿਚ ਅਵਾਜਾਈ ਦੇ ਸਾਧਨ ਘੱਟ ਹੁੰਦੇ ਸਨ, ਲੋਕ ਵਿਆਹ ਸ਼ਾਦੀਆਂ ਵਿਚ ਉਠਾਂ, ਗੱਡੀਆਂ ਜਾਂ ਘੋੜਿਆਂ ਤੇ ਜਾਂਦੇ ਹੁੰਦੇ ਸਨ ਬਰਾਤ ਵੀ ਕੁੜੀ ਵਾਲਿਆਂ ਦੇ ਘਰ ਤਿੰਨ- ਤਿੰਨ ਦਿਨ ਤਕ ਠਹਿਰਦੀ ਸੀ, ਸਾਰਾ ਕੰਮ ਆਪਣੇ ਹੱਥੀਂ ਕਰਨਾ ਪੈਂਦਾ ਸੀ , ਪਰ ਅੱਜਕਲ੍ਹ ਉਹ ਜਮਾਨਾ ਨਹੀਂਂ ਰਿਹਾ, ਲੋਕ ਆਪਣੇ ਕੰਮ ਧੰਦਿਆਂ ਵਿਚ ਬੜੇ ਰੁੱਝੇ ਹੋਏ ਹਨ, ਲੋਕਾਂ ਕੋਲ ਇੰਨਾ ਸਮਾਂ ਹੀ ਨਹੀਂ ਹੈ। ਇਸੇ ਕਰਕੇ ਵਿਆਹ ਵਾਲੇ ਕੰਪਨੀਆਂ ਹਾਇਰ ਕਰ ਲੈਂਦੇ ਹਨ ਕੰਪਨੀਆਂ ਪੈਕੇਜ ਡੀਲ ਦਿੰਦੀਆਂ ਹਨ।ਇਕ ਕੰਪਨੀ ਦਾ ਇਸ਼ਤਿਹਾਰ ਰੇਡਿਉ ਤੇ ਸੁਣਿਆਂ, ਇਸ਼ਤਿਹਾਰ ਕੁਝ ਇਸ ਤਰ੍ਹਾਂ ਸੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਤੁਸੀਂ ਬਰਾਤ ਲੈਕੇ ਆ ਜਾਉ ਬਾਕੀ ਸਾਰਾ ਕੰਮ ਅਸੀਂ ਕਰਾਂਗੇ ਤੇ ਕਿਸੇ ਨੇ ਪੁੱਛ ਲਿਆ, ਕਿ ਇਸ ਪੈਕੇਜ ਡੀਲ ਵਿਚ ਕੁੜੀ ਵੀ ਸ਼ਾਮਲ ਹੈ।” ਇਸ਼ਤਿਹਰ ਵਿਚ ਹੀ ਅੱਗੋਂ ਉਹ ਕਹਿੰਦਾ, ਨਹੀਂ ਜੀ ਕੁੜੀ ਅਤੇ ਮੁੰਡਾ ਤੁਹਾਨੂੰ ਆਪ ਲਿਆਉਂੁਣੇ ਪੈਣਗੇ।” ਕਹਿਣ ਦਾ ਭਾਵ ਹੈ ਘੋੜੀ, ਜੋੜੀ ਰੋਟੀ-ਪਾਣੀ, ਸ਼ਮਿਅਨਾ, ਹਾਲ, ਕਰਾਕਰੀ ਅਤੇ ਡੇਕੋਰੇਸ਼ਨ ਆਦਿ ਸਭ ਚੀਜਾਂ ਦਾ ਇੰਤਜ਼ਾਮ ਕੰਪਨੀ ਕਰ ਦਿੰਦੀ ਹੈ। ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ, ਬਸ ਕੁੜੀ ਜਾਂ ਮੁੰਡਾ ਲੱਭਣ ਦੀ ਤੁਹਾਡੀ ਜੁੰਮੇਵਾਰੀ ਹੈ। ਅਤੇ ਇਹ ਜੁੰਮੇਵਾਰੀ ਮੇਰੇ ਇਕ ਮਿੱਤਰ ਨੇ ਮੇਰੇ ਉੱਤੇ ਸੁੱਟ ਦਿੱਤੀ, ਜੁੰਮੇਵਾਰੀ ਹਲਕੀ ਜਿਹੀ ਸੀ ਨਹੀਂ ਤਾਂ ਸਿਰ ਪਾਟ ਜਾਣਾ ਸੀ ਚਲੋ ਖ਼ੈਰ ਮਜ਼ਾਕ ਦੀ ਗੱਲ ਛੱਡੀਏ । ਮੇਰਾ ਮਿੱਤਰ ਖੈਹਿਬੜ ਸਿੰਘ ਗਲ ਪੈਣਾ ਮੈਨੂੰ ਕਹਿਣ ਲੱਗਿਆ, ” ਯਾਰ ਦਲਿੱਦਰ ਸਿਂਹਾਂ ਪਤਾ ਹੀ ਨਹੀਂ ਲੱਗਿਆ ਬੱਚੇ ਕਦੋਂ ਵੱਡੇ ਹੋ ਗਏ ਸੁਖ ਨਾਲ ਤੇਰੇ ਤਿੰਨ ਬੱਚੇ ਹਨ ਤੇ ਮੇਰੇ ਦੋ ਬੱਚੇ ਹਨ ਸਾਰੀ ਜ਼ਿਦਗੀ ਲੂਣ ਤੇਲ, ਲੱਕੜੀਆਂ ਇਕੱਠੀਆ ਕਰਨ ਵਿਚ ਨਿਕਲ ਗਈ ।”

ਮੈਂ ਕਿਹਾ, ”ਖੈਹਿਬੜ ਸਿਹਾਂ ਸਮਾਂ ਕਿਸੇ ਦੀ ਉੜੀਕ ਨਹੀਂ ਕਰਦਾ। ਜੇ ਅਸੀਂ ਅੱਜ ਦਾ ਕੰਮ ਕਲ੍ਹ ਤੇ ਛੱਡ ਦੇਈਏ ਤਾਂ ਕਲ੍ਹ-ਕਲ੍ਹ ਕਰਦੇ ਜਿੰਦਗੀ ਬੀਤ ਜਾਂਦੀ ਹੈ ਅਤੇ ਉਦੋਂ ਹੀ ਪਤਾ ਲਗਦਾ ਹੈ ਜਦੋਂ ਭੜਾਕਾ ਬੋਲ ਜਾਂਦਾ ਹੈ ਮੇਰੇ ਕਹਿਣ ਦਾ ਭਾਵ ਹੈ ਰਾਮ- ਨਾਮ ਸੱਤ ਹੈ ਗੋਪਾਲ ਨਾਮ ਸੱਤ ਹੈ ਹੋ ਜਾਂਦਾ ਹੈ। ਹਾਂ ਸੱਚ ਤੂੰ ਦੱਸ ਕਿਵੇਂ ਆਉਣਾ ਹੋਇਆ।”

ਖੈਹਿਬੜ ਸਿੰਘ ਮੈਨੂੰ ਕਹਿਣ ਲੱਗਿਆ , ”ਯਾਰ ਕੂੜੀ ਅਤੇ ਮੁੰਡਾ ਸੁੱਖ ਨਾਲ ਦੋਨੋਂ ਹੀ ਵਿਆਹੁਣ ਵਾਲੇ ਹੋ ਗਏ ਹਨ ਲੱਭ ਕੋਈ ਕੁੜੀ ਤੇ ਮੁੰਡਾ ਕਬੀਲਦਾਰੀ ਕਿਉਂਟੀ ਜਾਵੇ ।”
ਤੇ ਮੈਂ ਉਸਨੂੰ ਕੂੜੀ ਤੇ ਮੁੰਡਾ ਲੱਭਣ ਵਾਸਤੇ ਹਾਂ ਕਰ ਦਿੱਤੀ। ਹਾਂ ਤਾਂ ਮੈਂ ਜਲਦੀ ਜਲਦੀ ਵਿਚ ਕਰ ਦਿੱਤੀ, ਸੋਚਿਆ ਅੱਜਕਲ੍ਹ ਚੰਗੇ ਕੁੜੀਆਂ ਅਤੇ ਮੁੰਡੇ ਲੱਭਣੇ ਕੋਈ ਸੋਖੀ ਗੱਲ ਥੋਹੜੀ ਹੈ, ਚੰਗੇ ਬੱਚੇ ਲੱਭਦੇ-ਲੱਭਦੇ ਮੂੰਹ ਦੂਜੇ ਪਾਸੇ ਲੱਗ ਜਾਦਾ ਹੈ । ਮੇਰੇ ਖਾਸ ਮਿੱਤਰ ਨੇ ਬੱਚੇ ਲੱਭਣ ਵਾਸਤੇ ਮੈਨੂੰ ਕਿਹਾ ਸੀ ਮੈਂ ਨਾਂਹ ਨਹੀਂ ਸੀ ਕਰ ਸਕਿਆ। ਤੇ ਇਕ ਛੁੱਟੀ ਵਾਲੇ ਦਿਨ ਬਜਾਰ ਜਾਕੇ ਢੇਰ ਸਾਰੇ ਅਖ਼ਬਾਰ ਖਰੀਦ ਲਿਆਇਆ ਘਰਵਾਲੀ ਨੂੰ ਕਿਹਾ ਅੱਜ ਨਾ ਤੂੰ ਮੈਨੂੰ ਬੁਲਾਈਂ ਮੇਰੇ ਮਿੱਤਰ ਖੈਹਿਬੜ ਸਿੰਘ ਗਲਪੈਣਾ ਦੇ ਬੱਚਆਂ ਵਾਸਤੇ ਅਖ਼ਬਾਰ ਵਿੱਚੋਂ ਰਿਸ਼ਤੇ ਲਭਣੇ ਹਨ।”
ਮੇਰੀ ਪਤਨੀ ਚੁਗਲ ਕੌਰ ਕਹਿਣ ਲੱਗੀ,” ਅਖ਼ਬਾਰਾਂ ਵਿੱਚੋਂ ਤੁਹਾਨੂੰ ਲੱਭ ਗਏ ਮੁੰਡਾ ਅਤੇ ਕੁੜੀ ਇਉਂ ਕਰੋ ਤੁਸੀ ਦੋਸਤਾ ਅਤੇ ਰਿਸ਼ਤੇਦਾਰਾਂ ਨੂੰ ਕਹਿ ਦਿਉ ਕਿ ਉਹ ਰਿਸ਼ਤੇ ਬਾਰੇ ਦੱਸਣ, ਜੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਆਪਣੇ ਮਿੱਤਰ ਨੂੰ ਦੱਸ ਦੇਣਾ।”

ਮੈਂ ਕਿਹਾ ਮੇਰਾ ਮਿੱਤਰ ਉਹ ਵੀ ਕਰ ਹਟਿਆ ਹਾਲੇ ਤੱਕ ਤਾਂ ਕੋਈ ਰਿਸ਼ਤਾ ਨਹੀਂ ਆਇਆ ਵੈਸੇ ਆਪਾਂ ਵੀ ਆਪਣੇ ਰਿਸ਼ਤੇ ਦਾਰਾਂ ਨੂੰ ਦੱਸ ਦਿਆਂਗੇ ਨਾਲੇ ਆਪ ਕੋਸ਼ਿਸ਼ ਕਰਨ ਵਿਚ ਕੀ ਹਰਜ ਹੈ ਅਖ਼ਬਾਰਾਂ ਵਿੱਚੋਂ ਵੀ ਮੈਟਰੀਮੋਨੀਅਲ ਦੇਖ ਲੈਨੇ ਐਂ ਵੈਸੇ ਬੱਚੇ ਤਾਂ ਆਪਣੇ ਵੀ ਵੱਡੇ ਹੋ ਗਏ ਹਨ ਸਾਨੂੰ ਵੀ ਤਾਂ ਬੱਚੇ ਲੱਭਣ ਦੀ ਲੋੜ ਹੈ ।”
ਚੁਗਲ ਕੌਰ ਕਹਿਣ ਲੱਗੀ ,” ਜਿਵੇਂ ਤੁਹਾਡੀ ਮਰਜੀ ਪਰ ਅਖ਼ਬਾਰਾਂ ਵਿੱਚੋਂ ਤੁਹਾਨੂੰ ਲੱਭਣਾ ਲਭਾਣਾ ਕੁਝ ਨਹੀਂ।”
ਮੈਂ ਸਾਰਾਂ ਦਿਨ ਲਗਾਕੇ ਅਖ਼ਬਾਰਾਂ ਵਿਚ ਲਿਖੇ ਮੇਟਰੀਮੋਨੀਅਲ ਪੜ੍ਹੇ ਜਿਹੜੇ ਮੈਟਰੀਮੌਨੀਅਲ ਮੈਂ ਚੁਣੇ ਲਉ ਤੁਸੀਂ ਵੀ ਉਨ੍ਹਾਂ ਤੇ ਗੌਰ ਫਰਮਾਉ।

ਮੈਟਰੀਮੋਨੀਅਲ ਨੰਬਰ ਇਕ—ਸੱਤਰ ਸਾਲ ਦਾ ਇਕ ਨੌਜਵਾਨ, ਜਿਹੜਾ ਵਲੈਤ ਵਿਚ ਰਹਿੰਦਾ ਹੈ ਅਤੇ ਉਸਦੇ ਤਿੰਨ ਵਿਆਹ ਹੋ ਚੁੱਕੇ ਹਨ, ਪੋਤਿਆਂ- ਪੜੋਤਿਆਂ ਵਾਲਾ ਹੈ ਘਰਬਾਰ, ਜਾਏਦਾਦ ਅਤੇ ਸਾਰੇ ਪੈਸੇ ਪਹਿਲੀਆਂ ਪਤਨੀਆਂ ਅਤੇ ਬੱਚੇ ਹੂੰਜਕੇ ਲੈ ਗਏ ਹਨ, ਅਤੇ ਉਹ ਸਾਰੇ ਅੱਡ ਰਹਿੰਦੇ ਹਨ, ਆਪ ਕੌਂਸਲ ਦੇ ਫਲੈਟ ਵਿਚ ਰਹਿੰਦਾ ਹੈ , ਉਸਨੂੰ ਸ਼ੁਗਰ, ਬਲੱਡ ਪਰੈਸ਼ਰ, ਦਿਲ ਦੀ ਬਿਮਾਰੀ ਹੈ ਅਤੇ ਨਿਗਾਹ ਵੀ ਘੱਟ ਗਈ ਹੈ, ਗੋਡੇ ਗਿੱਟੇ ਜਵਾਬ ਦਿੰਦੇ ਜਾਂਦੇ ਹਨ, ਦੰਦਾ ਦੀ ਬੀੜ ਵੀ ਨਵੀਂ ਲੁਆਈ ਹੈ, ਇਕ ਪੈਰ ਕਬਰ ਵਿਚ ਲਟਕਿਆ ਹੋਇਆ ਹੈ, ਪਤਾ ਨਹੀਂ ਕਦੋਂ ਪਾਰ ਬੋਲ ਜਾਵੇ। ਉਸ ਕੋਲ ਦੇਣ ਲੈਣ ਨੂੰ ਕੁਝ ਵੀ ਨਹੀਂ ਫੇਰ ਵੀ ਉਹ ਚੋਥੇ ਵਿਆਹ ਵਿਚ ਰੁਚੀ ਰੱਖਦਾ ਹੈ। ਉਸਨੂੰ ਸਤਾਰਾਂ ਸਾਲ ਤੋਂ ਲੈਕੇ ਪੰਝੀ ਸਾਲ ਦੀ ਕੁਆਰੀ ਅਤੇ ਸੁਚੱਜੀ ਕੁੜੀ ਦੀ ਭਾਲ ਹੈ।ਜਿਹੜੀ ਆਪ ਕੰਮ ਤੇ ਜਾਕੇ ਪੈਸੇ ਕਮਾਕੇ ਲਿਆਵੇ ਅਤੇ ਘਰ ਆਕੇ ਸਾਰੇ ਘਰ ਦਾ ਕੰਮ ਕਰਨ ਤੋਂ ਅਲਾਵਾ ਸੱਤਰ ਸਾਲ ਦੇ ਨੌਜਵਾਨ ਦੀ ਵੀ ਸੇਵਾ ਕਰੇ । ਵਲੈਤ ਆਉਣ ਦੇ ਚਾਹਵਾਨ ਬਾਕਸ ਨੰਬਰ 2 ਤੇ ਪਤਾ ਦੇਣ ਜਾਤ ਪਾਤ ਦਾ ਕੋਈ ਪਰਹੇਜ ਨਹੀਂ।

ਮੈਟਰੀਮੋਨੀਅਲ ਨੰਬਰ ਦੋ—ਸਤਾਈ ਸਾਲ ਦਾ ਸ਼ਰਾਬੀ -ਕਵਾਬੀ ਜੁਆਰੀ ਅਤੇ ਵੇਹਲੜ ਨੋੌਜਵਾਨ ਜਿਹੜਾ ਦੋ ਵਿਆਹ ਕਰਵਾ ਚੁੱਕਿਆ ਹੈ ਅਤੇ ਜਿਸਦਾ ਸਾਰਾ ਪਰਿਵਾਰ ਅੱਜ ਤਕ ਸੋਹਰਿਆਂ ਦੇ ਪੈਸਿਆਂ ਨਾਲ ਗੁਜਾਰਾ ਕਰਦਾ ਆ ਰਿਹਾ ਹੈ। ਉਹ ਪਹਿਲੀ ਪਤਨੀ ਦੀ ਦਾਜ ਵਾਸਤੇ ਬਹੁਤ ਕੁੱਟ ਮਾਰ ਕਰਦਾ ਸੀ, ਉਸਨੇ ਖੁਦਕੁਸ਼ੀ ਕਰ ਲਈ । ਦੂਜੀ ਪਤਨੀ ਦੇ ਮਾਪਿਆਂ ਨੇ ਆਵਦੀ ਸਮੱਰਥਾ ਅਨੂਸਾਰ ਦਾਜ ਦਿੱਤਾ ਸੀ, ਪਰ ਦਾਜ ਦੇ ਲਾਲਚੀ ਕੁੱਤਿਆਂ ਨੇ ਪਤਨੀੇ ਨੂੰ ਘੱਟ ਦਾਜ ਲਿਆੳਂੁਣ ਦੇ ਕਾਰਨ, ਸੋਹਰਿਆਂ ਨੇ ਪਹਿਲਾਂ ਤਾਂ ਬਹੁਤ ਟਾਰਚਰ ਕੀਤਾ ਕਿ ਉਹ ਆਵਦੇ ਮਾਪਿਆਂ ਤਂੋ ਪੰਦਰਾਂ ਲੱਖ ਰੁਪਏ ਲੈਕੇ ਆਵੇ ਕਿਉਂਕਿ ਉਨ੍ਹਾਂ ਨੇ ਪੈਸਿਆਂ ਨਾਲ ਵਪਾਰ ਖੋਲ੍ਹਣਾ ਹੈ। ਆਰਥਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਆਪਣੇ ਮਾਪਿਆਂ ਤੋਂ ਪੈਸੇ ਲਿਆ ਨਾ ਸਕੀ, ਤਾਂ ਉਸਨੇ ਆਵਦੀ ਪਤਨੀ ਦਾ ਬੀਮਾ ਕਰਵਾਕੇ ਸਟੋਵ ਨਾਲ ਅੱਗ ਲਗਾਕੇ ਸਾੜ ਦਿੱਤਾ। । ਇਕ ਗੱਲ ਹੋਰ ਯਾਦ ਆ ਗਈ ਭਾਰਤ ਵਿਚ ਬੜੇ ਹੀ ਅਜੀਬ ਕਿਸਮ ਦਾ ਸਟੋਵ ਇਜਾਦ ਹੋਇਆ ਹੈ, ਜਿਹੜਾ ਸਿਰਫ਼ ਨੂੰਹਾਂ ਨੂੰ ਹੀ ਫੂਕਦਾ ਹੈ ਧੀਆਂ ਨੂੰ ਨਹੀਂ, ਇਹ ਸਟੋਵ ਹੀਟ ਸੀਕਿੰਗ ਮਿਜ਼ਾਇਲ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਹੀਟ ਸੀਕਿੰਗ ਮਿਜ਼ਾਇਲ ਆਪਣੇ ਟਾਰਗੈਟ ਵਿਚ ਜਾਕੇ ਵੱਜਦੀ ਹੈ ਉਸੇ ਤਰ੍ਹਾਂ ਦਾ ਹੈ ਇਹ ਸਟੋਵ। ਇਸ ਨੌਜਵਾਨ ਵਾਸਤੇ ਇਕ ਅਮੀਰ ਕੂੜੀ ਦੀ ਲੋੜ ਹੈ, ਉਹ ਭਾਵੇਂ ਕਾਲੀ- ਕਲੂਟੀ, ਮਧਰੀ, ਬਦਸਕਲ ਅਤੇ ਅਨਪੜ੍ਹ- ਗੰਵਾਰ ਹੋਵੇ, ਅਤੇ ਆਪਣੇ ਅਮੀਰ ਬਾਪ ਦੀ ਕੱਲੀ ਔਲਾਦ ਹੋਵੇ, ਅਤੇ ਢੇਰ ਸਾਰਾ ਪੈਸਾ ਦਾਜ ਵਿਚ ਲੈਕੇ ਆਵੇ ਤਾਂਕਿ ਨੌਜਵਾਨ ਆਪਣੇ ਪਰਿਵਰ ਦਾ ਗੁਜਾਰਾ ਕਰ ਸਕੇ।ਖਤੋ ਖਿਤਾਬਤ ਕਰਨ ਵਾਲੇ ਸਾਹਿਬਾਨ ਬਾਕਸ ਨੰਬਰ 10 ਤੇ ਪਤਾ ਕਰਨ। ਸਾਡਾ ਜਾਤ- ਪਾਤ ਅਤੇ ਧਰਮ ਪੈਸਾ ਹੈ ਅਸੀਂ ਪੈਸੇ ਨੂੰ ਹੀ ਭਗਵਾਨ ਮੰਨਦੇ ਹਾਂ।

ਮੈਟਰੀਮੋਨੀਅਲ ਨੰਬਰ ਤਿੰਨ—ਬਾਈ ਸਾਲਾ ਅਨਪੜ੍ਹ ਨੌਜਵਾਨ ਜਿਹੜਾ ਜੇਬ੍ਹਾਂ ਕੱਟਣ ਵਿਚ ਬੜਾ ਮਾਹਿਰ ਹੈ, ਅਤੇ ਚੋਰੀ ਕਰਨ ਦੇ ਜੁਰਮ ਵਿਚ ਵੀਹ ਵਾਰੀ ਵੱਡੇ ਘਰ (ਜੇਲ੍ਹ) ਵਿਚ ਜਾ ਆਇਆ ਹੈ ਕਿਉਂਕਿ ਉਹ ਸਾਲ ਵਿਚ ਅੱਠ ਮਹੀਨੇ ਜੇਲ੍ਹ ਵਿਚ ਹੀ ਰਹਿੰਦਾ ਹੈ, ਤੇ ਸਾਰਾ ਖਰਚਾ ਪਾਣੀ ਜੇਲ੍ਹ ਵਾਲੇ ਹੀ ਕਰਦੇ ਹਨ, ਇਸ ਨਾਲ ਉਸਦੀ ਪੈਸੇ ਦੀ ਬਹੂਤ ਬੱਚਤ ਹੋ ਜਾਂਦੀ ਹੈ। ਉਸਨੂੰ ਇਕ ਚਲਾਕ ਅਤੇ ਸਿਆਣੀ ਕੰਨਿਆਂ ਦੀ ਲੋੜ ਹੈ, ਜਿਹੜੀ ਉਸਦੇ ਕੰਮ (ਜੇਬ੍ਹ ਕੱਟਣੀ ਅਤੇ ਚੋਰੀ ਕਰਨੀ) ਵਿਚ ਹੱਥ ਵੰਡਾਵੇ ਅਤੇ ਕਾਰੋਬਾਰ ਵਿਚ ਵਾਧਾ ਕਰੇ । ਰੁਚੀ ਰੱਖਣ ਵਾਲੇ ਬਾਕਸ ਨੰਬਰ 840 ਤੇ ਲਿਖਤ- ਪੜ੍ਹਤ ਕਰਨ।

ਮੈਟਰੀਮੋਨੀਅਲ ਨੰਬਰ ਚਾਰ—ਇਕ ਤੀਹ ਸਾਲਾ ਨੌਜਵਾਨ ਜਿਸਦਾ ਕਦ ਪੰਜ ਫੱਟ ਦਾ ਹੈ ਅਤੇ ਮੋਟਾ ਇੰਨਾ ਕਿ ਤੁਰੇ ਜਾਂਦੇ ਉਸਦਾ ਢਿੱਡ ਸੜਕ ਤੇ ਲਗਦਾ ਹੈ ਉਸਨੇ ਨਟਵਰ ਲਾਲ ਸਕੂਲ ਆਫ਼ ਜਾਲਸਾਜੀ ਤੋਂ ਦੋ ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ। ਹਵਾਲਾ, ਘੁਟਾਲਾ, ਕਬੂਤਰਬਾਜੀ, ਕਬਜੇ ਛਡਾਉਣੇ, ਰਿਸ਼ਵਤ ਅਤੇ ਭਿਰਸ਼ਟਾਚਾਰੀ ਵਿਚ ਕਰੋੜਾਂ ਹੀ ਬਣਾ ਲਏ ਹਨ, ਨੋਟ ਛਾਪਣ ਦੇ ਧੰਦੇ ਵਿਚ ਉਹ ਜੇਲ੍ਹ ਦੀ ਹਵਾ ਵੀ ਖਾ ਆਇਆ ਹੈ। ਅਫਸਰ ਅਤੇ ਨੇਤਾ ਆਵਦੀ ਮੁੱਠੀ ਵਿਚ ਰੱਖਦਾ ਹੈ ਉਨ੍ਹਾਂ ਦੀ ਬਦੌਲਤ ਉਹ ਬਾਹਲੀ ਦੇਰ ਜੇਲ੍ਹ ਵਿਚ ਨਹੀਂ ਰਹਿੰਦਾ। ਉਸ ਵਿਚ ਨੇਤਾ ਬਣਨ ਦੇ ਸਾਰੇ ਲੱਖਣ ਹਨ, ਹੋ ਸਕਦਾ ਹੈ ਉਹ ਜਲਦੀ ਹੀ ਮੰਤਰੀ ਬਣ ਜਾਵੇਗਾ। ਇਸ ਨੌਜਵਾਨ ਵਾਸਤੇ ਇਕ ਚਲਾਕ ਕੁੜੀ ਦੀ ਲੋੜ ਹੈ ਜਿਹੜੀ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰੇ ਅਤੇ ਲੋਕਾਂ ਦਾ ਮੋਢਾ ਲਾਹਕੇ ਰੱਖ ਦੇਵੇ।ਰੁਚੀ ਰੱਖਣ ਵਾਲੇ ਬਾਕਸ ਨੰਬਰ 420 ਤੇ ਰਾਵਤਾ ਕਰਨ।

ਮੈਟਰੀਮੋਨੀਅਲ ਨੰਬਰ ਪੰਜ—ਉਮਰ ਕੈਦ ਕੱਟ ਕੇ ਆਏ ਪੰਝ੍ਹਾ ਸਾਲ ਦੇ ਨੌਜਵਾਨ, ਜਿਸਨੇ ਫਿਰੌਤੀ ਅਤੇ ਐਕਸਟੋਰਸ਼ਨ ਦੇ ਧੰਦੇ ਵਿਚ ਦੋ ਕਤਲ ਅਤੇ ਪੰਜ ਕਤਲ ਸੁਪਾਰੀ ਲੈਕੇ ਕੀਤੇ ਹਨ।ਇਸਦਾ ਇਕ ਮਾਫ਼ੀਆ ਗਰੋਹ ਹੈ ਇਹ ਸਾਰਾ ਗਰੋਹ ਅਫ਼ੀਮ, ਸੋਨਾ, ਹਥਿਆਰ ਅਤੇ ਰੇਤ ਖਨਨ ਦਾ ਧੰਦਾ ਬੜੇ ਧੜੱਲੇ ਨਾਲ ਕਰ ਰਿਹਾ ਹੈ । ਪੁਲਿਸ ਵਾਲੇ ਇਸਨੂੰ ਇਸ ਕਰਕੇ ਕੁਝ ਨਹੀਂ ਕਹਿੰਦੇ ਕਿਉਂਕਿ ਪੁਲਿਸ ਵਾਲਿਆ ਦੀ ਜੇ੍ਹਬ ਹਮੇਸ਼ਾ ਗਰਮ ਕਰੀ ਰੱਖਦਾ ਹੈ ਇਸ ਨੌਜਵਾਨ ਵਾਸਤੇ ਇਕ ਗੁੱਸੇ ਖੋਰ,ਅਤੇ ਅੱਖੜ ਕਿਸਮ ਦੀ ਕੁੜੀ ਜਿਹੜੀ ਨੱਕ ਤੇ ਮੱਖੀ ਨਾ ਭੈਠਣ ਦੇਵੇ ਅਤੇ ਲੜਾਈ ਅਤੇ ਗਾਲ੍ਹ ਤੋਂ ਬਿਨਾਂ ਗੱਲ ਨਾ ਕਰੇ , ਆਪਣੇ ਪਤੀ ਦੇ ਖਿਲਾਫ਼ ਕੀਤੀਆਂ ਗੱਲਾਂ ਦਾ ਮੂੰਹ ਤੋੜ ਜਵਾਬ ਦੇਵੇ, ਅਤੇ ਹਰ ਬੰਦੇ ਨੂੰ ਟੁੱਟ ਕੇ ਪਵੇ। ਮੂੰਹ ਤੋੜ ਜਵਾਬ ਇਸ ਕਰਕੇ ਦੇਵੇ ਜਦੋਂ ਕਿਸੇ ਦਾ ਮੂਹੰ ਹੀ ਟੁੱਟ ਜਾਂਦਾ ਉਹ ਜਵਾਬ ਦੇਣ ਜੋਗਾ ਨਹੀਂ ਰਹਿੰਦਾ। ਰੁਚੀ ਰੱਖਣ ਵਾਲੇ ਬਾਕਸ ਨੰਬਰ 666 ਤੇ ਪਤਾ ਦੇਣ।ਇੰਨੀਆਂ ਸਾਰੀਆਂ ਮੈਟਰੀਮੋਨੀਅਲ ਪੜ੍ਹਕੇ ਮੈਨੂੰ ਗੁੱਸਾ ਵੀ ਆਇਆ ਅਤੇ ਹਾਸਾ ਵੀ । ਸੋਚਿਆ ਚੋਰ ਉਚੱਕੇ, ਬਦਮਾਸ਼, ਅਤੇ ਸੱਤਰ ਸਾਲ ਦੇ ਬੁੜ੍ਹੇ ਵਿਆਹ ਕਰਵਾਉਣ ਨੂੰ ਕਿੰਨੇ ਕਾਹਲੇ ਹਨ ਫੇਰ ਸੋਚਿਆ ਕੁੜੀਆਂ ਦੇ ਮੈਟਰੀਮੋਨੀਅਲ ਵੀ ਪੜ੍ਹ ਹੀ ਲਵਾਂ ਸ਼ਾਇਦ ਕੋਈ ਚੰਗੀ ਕੂੜੀ ਮਿਲ ਜਾਵੇ ਸਾਰੇ ਮੈਟਰੀਮੋਨੀਅਲ ਪੜ੍ਹਕੇ ਹੀ ਆਪਣੇ ਮਿੱਤਰ ਖਹਿਬੜ ਸਿੰਘ ਗਲ ਪੇਣਾ ਨੂੰ ਦੱਸੂੰਗਾ। ਕੁੜੀਆਂ ਦੇ ਮੈਟਰੀਮੋਨੀਅਲ ਨੇ ਤਾਂ ਉਂਈਂ ਚੰਦ ਚਾੜ੍ਹਤਾ, ਇਹ ਤੁਹਾਨੂੰ ਪੜ੍ਹਕੇ ਪਤਾ ਲੱਗੇਗਾ ਕਿ ਕੀ ਚੰਦ ਚਾੜ੍ਹਿਆ ਹੈ।

ਮੈਟਰੀਮਨਿੀਅਲ ਨਮਬਰ 6—ਪੈਂਤੀ ਸਾਲ ਦੀ ਅਮਰੀਕਨ ਕੁੜੀ, ਜਿਸਨੂੰ ਭਾਰਤੀ ਸਭਿਅਤਾ ਦਾ ਬਿਲਕੁਲ ਨਹੀਂ ਪਤਾ, ਖੁੱਲ੍ਹੇਆਮ ਸ਼ਰਾਬ, ਸਿਗਰਟ, ਅਤੇ ਡਰਗ ਦਾ ਸੇਵਨ ਕਰਦੀ ਹੈ, ਅਤੇ ਸਾਰੀ ਸਾਰੀ ਰਾਤ ਕਲੱਬਾ ਵਿਚ ਗੁਜਾਰਦੀ ਹੈ, ਰੋਜ ਪਾਰਟਨਰ ਬਦਲਦੀ ਹੈ, ਸਕੂਲ ਦੀ ਪੜ੍ਹਾਈ ਵਿਚ ਘੱਟ ਹੀ ਧਿਆਨ ਦਿੱਤਾ ਸੀ, ਕਿੳਂੁਕਿ ਉਸਨੂੰ ਅਵਾਰਾਗਰਦੀ ਤੋਂ ਹੀ ਵੇਹਲ ਨਹੀਂ ਸੀ ਮਿਲਦੀ। ਇਹਦੇ ਬਾਰੇ ਇਕ ਹੋਰ ਖਾਸ ਗੱਲ ਹੈ, ਦੋ ਵਾਰੀ ਆਪਣੇ ਪਤੀਆਂ ਤੋਂ ਤਲਾਕ ਲੈ ਚੁੱਕੀ ਹੈ। ਦੇਖਣ-ਪਾਖਣ ‘ਚ ਵੀ ਚੰਦਭਾਨ ਦਾ ਟੇਸ਼ਨ ਹੀ ਹੈ, ਭਾਵ ਬਹੁਤੀ ਸੋਹਣੀ ਨਹੀ,ਂ ਕਦ ਛੱਤ ਨਾਲ ਲਗਦਾ ਹੈ, ਦਰਵਾਜੇ ਥਾਣੀ ਵੀ ਝੁਕ ਕੇ ਲੰਘਣਾ ਪੈਂਦਾ ਹੈ। ਇਸ ਕੁੜੀ ਵਾਸਤੇ ਭਾਰਤੀ ਸਭਿਅਤਾ ਦਾ ਜਾਨਕਾਰ, ਸੋਹਣਾ, ਅਤੇ ਲੰਮੇ ਕਦ ਦਾ ਆਗਿਆਕਾਰੀ ਅਤੇ ਚੰਗੇ ਸੁਭਾਅ ਅਤੇ ਪੜ੍ਹੇਲਿਖੇ ਮੁੰਡੇ ਦੀ ਲੋੜ ਹੈ ਜਿਹੜਾ ਸਾਡੀ ਕੁੜੀ ਨੂੰ ਸਿੱਧੇ ਰਾਹ ਤੇ ਲਿਆ ਸਕੇ ਰੁਚੀ ਰੱਖਣ ਵਾਲੇ ਬਾਕਸ ਨੰਬਰ 999 ਤੇ ਜਾਨਕਾਰੀ ਹਾਸਲ ਕਰਨ।

ਮੈਟਰੀਮੋਨੀਅਲ ਨੰਬਰ 7—ਪੰਝੀ ਸਾਲ ਦੀ ਅਨਪੜ੍ਹ ਕੁੜੀ, ਜਿਸਨੂੰ ਘਰ ਦਾ ਕੋਈ ਕੰਮ ਨਹੀਂ ਆਉਂਦਾ, ਦੇਖਣ ਵਿਚ ਭਾਵੇਂ ਸੋਹਣੀ ਲਗਦੀ ਹੈ, ਪਰ ਬਚਪਨ ਤੋਂ ਹੀ ਦਿਮਾਗ ਨੂੰ ਤਾਲਾ ਲਗਿਆ ਹੋਇਆ ਹੈ, ਕਹਿਣ ਦਾ ਭਾਵ ਉਸਦੀ ਦਿਮਾਗੀ ਹਾਲਤ ਠੀਕ ਨਹੀਂ। ਉਸ ਕੁੜੀ ਵਾਸਤੇ ਪੜੇ੍ਹ-ਲਿਖੇ ਚੁਸਤ-ਚਲਾਕ ਸੋਹਣੇ ਅਤੇ ਲੰਮੇ ਕਦ ਦੇ ਮੁੰਡੇ ਦੀ ਲੋੜ ਹੈ। ਜਿਹੜਾ ਪਹਿਲਾਂ ਕਮਾਕੇ ਲਿਆਵੇ, ਫੇਰ ਸਾਰੇ ਘਰ ਦੇ ਕੰਮ ਤੋਂ ਅਲਾਵਾ, ਖਾਣਾ ਵੀ ਆਪ ਹੀ ਬਣਾਵੇ, ਅਤੇ ਆਪਣੇ ਹੱਥੀਂ ਕੂੜੀ ਨੂੰ ਖੁਆਵੇ-ਪਿਆਵੇ ਅਤੇ ਕੂੜੀ ਦੀ ਦੇਖਭਾਲ ਵੀ ਕਰੇ । ਵਲੈਤ ਆਉਂਣ ਦੇ ਚਾਹਵਾਨ ਮੁੰਡੇ ਬਾਕਸ ਨੰਬਰ 840 ਤੇ ਖਤੋ-ਖਿਤਾਬਤ ਕਰਨ।

ਮੈਟਰੀਮੋਨੀਅਲ ਨਮਬਰ 8—ਛਾਲਾਂ ਚੁਕਾਉਣ ਵਾਲੀ ਤੱਤੇ ਸੁਭਾਅ ਦੀ ਤੀਹ ਸਾਲ ਦੀ ਕੁੜੀ, ਜਿਸਦਾ ਵਜਨ ਤਿੰਨ ਕਵਿੰਟਲ ਹੈ, ਜਿਹੜੀ ਮਣ ਪੱਕਾ ਖਾਣ ਤੋਂ ਬਾਅਦ ਡਕਾਰ ਵੀ ਨਹੀਂ ਲੈਂਦੀ।ਇਸ ਕੁੜੀ ਵਾਅਤੇ ਮਾੜਚੂ ਜਿਹਾ ਮੁੰਡਾ ਚਾਹੀਦਾ ਹੈ ਜਿਹੜਾ ਖਾਣਾ ਬਣਾਕੇ ਕੁੜੀ ਨੂੰ ਖੁਆਵੇ ਆਪ ਭਾਵੇਂ ਖਾਵੇ ਜਾਂ ਨਾ ਖਾਵੇ। ਤੇ ਇਕ ਹੋਰ ਗੱਲ ਤਿੰਨ ਕਵਿੰਟਲ ਦੀ ਇਹ ਕੁੜੀ ਇਕ ਦਿਨ ਆਵਦੇ ਪਹਿਲੇ ਪਤੀ ਤੇ ਡਿੱਗੀ ਤੇ ਉਸਦਾ ਬੰਟਾਧਾਰ ਹੋ ਗਿਆ, ਕਹਿਣ ਦਾ ਭਾਵ ਹੈ ਉਹ ਵਿਚਾਰਾ ਪਾਰ ਬੋਲ ਗਿਆ। ਜੇ ਤੁਹਾਨੂੰ ਇਹ ਕੁੜੀ ਪਸੰਦ ਹੈ ਤਾਂ ਬਾਕਸ ਨੰਬਰ 1 ਤੇ ਪਤਾ ਕਰੋ ਜੀ, ਇਕ ਗੱਲ ਹੋਰ ਲਿਖਣ ਵਾਲੇ ਜਾਤ-ਪਾਤ ਅਤੇ ਧਰਮ ਦਾ ਖ਼ਿਆਲ ਰੱਖਣ।

ਮੈਟਰੀਮੋਨੀਅਲ ਨੰਬਰ 9—ਤੀਹ ਸਾਲ ਦੀ ਚੰਬਲ ਘਾਟੀ ਵਿੱਚੋਂ ਵੀਰੱਪਨ ਜਿਹੇ ਡਾਕੂਆਂ ਕੋਲੋਂ ਸਿੱਖਿਆ ਲੈਕੇ ਆਈ ਫੂਲਨ ਦੇਵੀ ਨੂੰ ਮਾਤ ਪਾਉਣ ਵਾਲੀ ਡਾਕੂ ਸੁੰਦਰੀ, ਜਿਹੜੀ ਘੁੜਸਵਾਰੀ ਅਤੇ ਹਥਿਆਰ ਚਲਾਉਣ ਵਿਚ ਬੜੀ ਮਾਹਰ ਹੈ। ਇਸ ਕੁੜੀ ਵਾਸਤੇ ਉਹੀ ਮੁੰਡਾ ਜਾਨਕਾਰੀ ਹਾਸਲ ਕਰੇ ਜਿਸਨੂੰ ਘੁੜਸਵਾਰੀ ਅਤੇ ਹਥਿਆਰ ਚਲਾਉਣੇ ਆਉਂਦੇ ਹੋਣ ਪਤਾ ਕਰੋ ਜੀ ਬਾਕਸ ਨੰਬਰ 10 ਤੇ, ਪਤਾ ਕਰਨ ਨੂੰ ਰਹਿਣ ਦਿਉ ਡਾਕੂ ਸੁੰਦਰੀ ਨੇ ਆਪ ਹੀ ਚੁੱਕਕੇ ਲੈ ਜਾਣਾ ਹੈ.

ਇਹ ਸਾਰੀਆਂ ਮੈਟਰੀਮੋਨੀਅਲ ਪੜ੍ਹਕੇ ਮੈਂ ਆਪਣੇ ਮਿੱਤਰ ਖਹਿਬੜ ਸਿੰਘ ਗਲਪੈਣਾ ਨੂੰ ਕਿਹਾ, “ਯਾਰ ਮੈਨੂੰ ਤਾਂ ਕੋਈ ਵੀ ਮੈਟਰੀਮੋਨੀਅਲ ਚੰਗਾ ਨਹੀਂ ਲੱਗਿਆ, ਤੂੰ ਉਦਾਸ ਨਾ ਹੋ, ਅਤੇ ਹੋਸਲਾ ਰੱਖ। ਤੇਰੇ ਮੁੰਡੇ ਅਤੇ ਕੁੜੀ ਦੇ ਰਿਸ਼ਤੇ ਵਾਸਤੇ ਮੈਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਰਿਸ਼ਤੇ ਬਾਰੇ ਕਹੁੰਗਾ ਬੱਚੇ ਸਭਦੇ ਸਾਂਝੇ ਹੁੰਦੇ ਹਨ, ਤੁੰ ਫਿਕਰ ਨਾ ਕਰ ਕੋਈ ਨਾ ਕੋਈ ਸੰਜੋਗ ਬਣ ਹੀ ਜਾਵੇਗਾ। ਕਈ ਵਾਰੀ ਬੱਚਿਆਂ ਦਾ ਸਾਕ ਕਈ ਕਈ ਸਾਲ ਨਹੀਂ ਹੁੰਦਾ ਅਤੇ ਮਾਪਿਆਂ ਦੀ ਚਿੰਤਾ ਵਧਦੀ ਜਾਂਦੀ ਹੈ ਤੇ ਜਦੋਂ ਵਿਆਹ ਹੋਣਾ ਹੁੰਦਾ ਪਤਾ ਹੀ ਨਹੀਂ ਲਗਦਾ ਇਕਦਮ ਹੀ ਹੋ ਜਾਂਦਾ ਹੈ।”
ਮੈਨੂੰ ਅੱਗੋਂ ਖਹਿਬੜ ਸਿੰਘ ਗਲਪੈਣਾ ਕਹਿਣ ਲੱਗਿਆ, ”ਦਲਿੱਦਰ ਸਿਹਾਂ ਜੇ ਤੁੰ ਮੇਰੀ ਮਦਦ ਨਹੀਂ ਕਰਨੀ ਤਾਂ ਨਾ ਕਰ, ਪਰ ਮੇਰੀ ਚਿੰਤਾ ਹੋਰ ਨਾ ਵਧਾ। ਨਾਲੇ ਫੜਾ ਅਖ਼ਬਾਰ ਮੈਂ ਆਪੇ ਦੇਖ ਲਵਾਂਗਾ ਮੈਟਰੀਮੋਨੀਅਲ। ਮੈਨੂੰ ਇਉਂ ਲਗਦਾ ਹੈ ਕਿ ਇਹ ਮੈਟਰੀਮੋਨੀਅਲ ਤੈਨੂੰ ਚੰਗੇ ਲੱਗੇ ਹੋਣਗੇ, ਤੇ ਤੂੰ ਮੈਨੂੰ ਦੱਸਣਾ ਨਹੀਂ ਚਾਹੁੰਦਾ ਮੈਨੂੰ ਲਗਦਾ ਹੈ ਤੂੰ ਆਵਦੇ ਬੱਚਿਆਂ ਵਾਸਤੇ ਇਹ ਮੇਟਰੀਮੋਨੀਅਲ ਰੱਖ ਲਏ ਹਨ।”

ਮੈਂ ਕਿਹਾ, “ ਭਰਾਵਾ ਇਹ ਤਾਂ ਇਹੋ ਜਿਹੇ ਮੈਟਰੀਮੋਨੀਅਲ ਹਨ, ਜੇ ਉਹ ਮੈਨੂੰ ਪੈਸੇ ਵੀ ਦੇਣ ਤਾਂਹ ਵੀ ੳੁੱਥੇ ਮੈਂ ਆਵਦੇ ਬੱਚਿਆਂ ਦਾ ਰਿਸ਼ਤਾ ਨਾ ਕਰਾਂ ।” ਤੇ ਮੈਨੂੰ ਉਸਤੇ ਗੁੱਸਾ ਆ ਗਿਆ, ਸੋਚਿਆ ਇਹ ਮੇਰਾ ਕਾਹਦਾ ਦੋਸਤ ਹੈ, ਮੇਰੇ ਤੇ ਯਕੀਨ ਹੀ ਨਹੀਂ ਕਰਦਾ ਤੇ ਮੈਂ ਸਾਰੇ ਅਖ਼ਬਾਰ ਉਸਦੇ ਮੱਥੇ ਮਾਰੇ।

ਤਿੰਨ ਹਫ਼ਤਿਆਂ ਬਾਅਦ ਮੈਨੂੰ ਮਠਿਆਈ ਦੇ ਦੋ ਡੱਬੇ ਦਿੰਦਾ ਹੋਇਆ ਕਹਿਣ ਲੱਗਿਆ, “ਤੇਰਾ ਬਹੁਤ-ਬਹੁਤ ਧਨਵਾਦ, ਤੂੰ ਮੈਨੂੰ ਮੈਟਰੀਮੋਨੀਅਲ ਦੀ ਦੱਸ ਪਾਈ। ਮੈਂ ਕੁੜੀ ਵਾਸਤੇ ਨੰਬਰ ਇਕ ਅਤੇ ਮੁੰਡੇ ਵਾਸਤੇ ਨੰਬਰ 6 ਮੈਟਰੀਮੋਨੀਅਲ ਚੁਣਿਆਂ, ਤੇ ਜਲਦੀ ਹੀ ਟੈਲੀਫੋਨ ਰਾਹੀਂ ਰਿਸ਼ਤੇ ਪੱਕੇ ਕਰ ਦਿੱਤੇ ਅਤੇ ਕਿਉਂਕਿ ਦੋਨੋਂ ਪਾਰਟੀਆਂ ਭਾਰਤ ਵਿਚ ਆਈਆ ਹੋਈਆਂ ਸਨ ਉਨ੍ਹਾਂ ਨੂੰ ਵਿਆਹਵਾਂ ਦੀ ਇਸ ਕਰਕੇ ਜਲਦੀ ਸੀ ਕਿਉਂਕਿ ਉਨ੍ਹਾਂ ਨੇ ਵਾਪਸ ਵੀ ਜਾਣਾ ਸੀ। ਮੈਨੂੰ ਇਸ ਕਰਕੇ ਕਾਹਲ ਸੀ ਕਿ ਕਿਤੇ ਹੋਰ ਰਿਸ਼ਤਾ ਨਾ ਹੋ ਜਾਵੇ ਤੇ ਜਲਦੀ ਹੀ ਦੋਨੋਂ ਵਿਆਹ ਕਰ ਦਿੱਤੇ ਤੂੰ ਸੰਜੋਗਾ ਦੀ ਗੱਲ ਹੀ ਸਮਝ ਲੈ। ਮੁੰਡੇ ਦੀ ਉਮਰ ਕੁਝ (ਸੱਤਰ ਸਾਲ ਦੀ) ਜਿਆਦਾ ਹੈ ਪਰ ਕੋਈ ਗੱਲ ਨਹੀਂ ਕੁੜੀ ਵਲੈਤ ਚਲੀ ਜਾਵੇਗੀ। ਨਾਲੇ ਸੱਤਰ ਸਾਲ ਦੇ ਬੁੜ੍ਹੇੇ ਨੇ ਕਿੰਨਾ ਚਿਰ ਜੀਣਾ ਹੈ ਇਕ ਵਾਰੀ ਕੁੜੀ ਦੀ ਵਲੈਤ ਵਿਚ ਪੱਕੇ ਹੋਣ ਦੀ ਮੋਹਰ ਲੱਗ ਜਾਵੇ ਫੇਰ ਕੋਈ ਹੋਰ ਮੁੰਡਾ ਲੱਭ ਲਵਾਂਗੇ। ਅਤੇ ਮੁੰਡੇ ਵਾਅਤੇ ਮੈਟਰੀਮੋਨੀਅਲ 6 ਇਸ ਕਰਕੇ ਚੁਣਿਆਂ ਸੀ ਕਿ ਉਹ ਅਮਰੀਕਾ ਵਿਚ ਪੱਕਾ ਹੋ ਜਾਵੇ, ਫੇਰ ਅਸੀਂ ਵੀ ਉੱਥੇ ਚਲੇ ਜਾਵਾਂਗੇ ਮੈਨੂੰ ਪਤਾ ਹੈ ਕੂੜੀ ਦਾ ਚਾਲ-ਚਲਨ ਠੀਕ ਨਹੀਂ ਪਰ ਦਲਿੱਦਰ ਸਿਹਾਂ ਕਦੇ- ਕਦੇ ਕੰਮ ਕਢਵਾਉਣ ਵਾਸਤੇ ਗਧੇ ਨੂੰ ਵੀ ਬਾਪ ਬਣਾਉਂਣਾ ਪੈਂਦਾ ਹੈ ਇਥੇ ਤਾਂ ਨਰਕ ਹੈ ਨਰਕ।” ਤੇ ਇਕ ਵਾਰੀ ਫੇਰ ਉਹ ਮੇਰਾ ਧੰਨਵਾਦ ਕਰਕੇ ਚਲਾ ਗਿਆ।

ਮੈਂ ਚੁਗਲ ਕੌਰ ਨੂੰ ਕਿਹਾ ਖਹਿਬੜ ਸਿੰਘ ਗਲਪੈਣਾ ਨੇ ਆਵਦੇ ਦੋਨੋਂ ਬੱਚੇ ਡੋਬ ਦਿੱਤੇ। ਲੋਕ ਬਾਹਰ ਜਾਣ ਵਾਸੇ ਕਿੰਨੇ ਤਰਲੇ ਲੈ ਰਹੇ ਹਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿਖ ਦੀ ਚਿੰਤਾ ਨਹੀਂ।ੳਨ੍ਹਾਂ ਦਾ ਇੱਕੋ ਹੀ ਏਮ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਚਲੇ ਜਾਈਏ ਮੈਂਨੂੰ ਤਾਂ ਫਿਕਰ ਲੱਗਿਆ ਪਿਆ ਕਿਤੇ ਸਾਰਾ ਭਾਰਤ ਹੀ ਖਾਲੀ ਨਾ ਹੋ ਜਾਵੇ ਜੇ ਖਾਲੀ ਹੋ ਗਿਆ ਤਾਂ ਸਰਕਾਰ ਕਿਸ ਤੇ ਰਾਜ ਕਰੇਗੀ।”
ਚੁਗਲ ਕੌਰ ਕਹਿਣ ਲੱਗੀ “ਮੈਂ ਤੁਹਾਨੂੰ ਕਿਹਾ ਸੀ ਨਾ ਖ਼ਰੀਦ ਕੇ ਲਿਆਉ ਅਖ਼ਬਾਰ, ਪਰ ਤੁਸੀਂ ਨਹੀਂ ਸੀ ਮੰਨੇ। ਸਾਨੂੰ ਤਾਂ ਉਸਨੇ ਵਿਆਹਵਾਂ ਵਿਚ ਵੀ ਨਹੀਂ ਸੱਦਿਆ, ਇੰਨੇ ਸਾਲਾਂ ਦੀ ਮਿੱਤਰਤਾ ਖੁਹ ਵਿਚ ਪਾ ਦਿੱਤੀ।”
ਮੈਂ ਆਵਦੀ ਪਤਨੀ ਚੁਗਲ ਕੋਰ ਨੂੰ ਕਿਹਾ , “ਹੁਣ ਮੈਨੂੰ ਸਮਝ ਆਗਈ ਕਿ ਉਸਨੇ ਵਿਆਹਵਾਂ ਵਿਚ ਕਿਉਂ ਨਹੀਂ ਬੁਲਾਇਆ, ਕਿਉਂਕਿ ਮੈਂ ਨਹੀਂ ਸੀ ਇਨ੍ਹਾਂ ਵਿਆਹਵਾਂ ਵਾਸਤੇ ਮੰਨਣਾ।” ਤੇ ਅੱਗੇ ਤੋਂ ਮੈਂ ਮੇਟਰੀਮੋਨੀਅਲ ਪੜ੍ਹਣੇ ਹੀ ਛੱਡ ਦਿੱਤੇ।

Previous article12 LS seats in K’taka to witness high-stake contest
Next articleਚੇਤਰ ਰੁੱਤ