(ਸਮਾਜ ਵੀਕਲੀ)
ਉਦਯੋਗਿਕ ਕ੍ਰਾਂਤੀ ਨੇ ਮਨੁੱਖੀ ਜੀਵਨ ਇੰਨਾ ਸੁੱਖਮਈ ਬਣਾ ਦਿੱਤਾ ਹੈ ਕਿ ਹਰ ਪੈਸੇ ਵਾਲ਼ਾ ਵਿਅਕਤੀ ਆਪਣੇ-ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ, ਕਿਉਂਕਿ ਪੈਸੇ ਦੇ ਬਲਬੂਤੇ ਉਹ ਹਰ ਸੁੱਖ-ਸੁਵਿਧਾ ਖਰੀਦਣ ਦੇ ਸਮਰੱਥ ਹੈ। ਸਧਾਰਨ ਤੋਂ ਲੈ ਕੇ ਖ਼ਾਸ ਤੱਕ ਹਰ ਇੱਕ ਵਿਅਕਤੀ ਪਦਾਰਥਵਾਦੀ ਹੋ ਗਿਆ ਹੈ। ਅੱਜ ਦੇ ਪਦਾਰਥਵਾਦੀ-ਯੁੱਗ ਵਿੱਚ ਜਿੱਥੇ ਮਨੁੱਖ ਹਰ ਸੁੱਖ-ਸੁਵਿਧਾ ਦਾ ਅਨੰਦ ਮਾਣ ਰਿਹਾ ਹੈ, ਉੱਥੇ ਕੁਦਰਤ ਅਤੇ ਕੁਦਰਤੀ ਵਸੀਲਿਆਂ, ਵਸਤੂਆਂ ਅਤੇ ਸਰੋਤਾਂ ਦਾ ਲਗਾਤਾਰ ਨਾਸ਼ ਕਰ ਰਿਹਾ ਹੈ।
ਇਹ ਨਾਸ਼ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਉਸ ਵਿੱਚ ਕਬਜ਼ੇ ਦੀ ਪ੍ਰਵਿਰਤੀ ਉਤਪੰਨ ਹੋਈ। ਸਭ ਤੋਂ ਪਹਿਲਾਂ ਤਾਂ ਖੇਤੀਬਾੜੀ ਦਾ ਰਕਬਾ ਵਧਾਉਣ ਲਈ ਉਸ ਨੇ ਮੈਦਾਨੀ ਇਲਾਕਿਆਂ ਦੀ ਜ਼ਮੀਨ ਨੂੰ ਪੱਧਰਾ ਕਰਨਾ ਸ਼ੁਰੂ ਕੀਤਾ। ਜਦੋਂ ਲੋਹੇ ਦੀ ਖੋਜ ਹੋਈ ਤਾਂ ਉਹ ਜੰਗਲਾਂ ਦੀ ਕਟਾਈ ਕਰਨ ਲੱਗ ਪਿਆ। ਇਸ ਕਟਾਈ ਦਾ ਮਕਸਦ ਜੰਗਲਾਂ ਨੂੰ ਨਾਸ਼ ਕਰਨਾ ਨਹੀਂ ਸੀ। ਉਸ ਸਮੇਂ ਉਸ ਨੂੰ ਲੱਗਦਾ ਸੀ ਕਿ ਇਹ ਕੁਦਰਤ ਦੀ ਅਮੁੱਕ ਦਾਤ ਹੈ। ਜਿਵੇਂ ਬੱਚੇ ਹੱਕ ਨਾਲ ਆਪਣੇ ਮਾਪਿਆਂ ਤੋਂ ਹਰ ਵਸਤੂ ਲੈ ਲੈਂਦੇ ਹਨ, ਉਸੇ ਤਰ੍ਹਾਂ ਮਨੁੱਖ ਨੇ ਵੀ ਕੁਦਰਤ ‘ਤੇ ਆਪਣਾ ਕੁਦਰਤੀ ਹੱਕ ਜਤਾਇਆ।
ਹੌਲੀ-ਹੌਲੀ ਜਨਸੰਖਿਆ ਵਾਧਾ ਨੇ ਹਰ ਵਸਤੂ ਦੀ ਮੰਗ ਵੀ ਵਧਾ ਦਿੱਤੀ। ਜਿਵੇਂ-ਜਿਵੇਂ ਸਰਮਾਏਦਾਰੀ ਵਿੱਚ ਵਾਧਾ ਹੁੰਦਾ ਗਿਆ ਕੁਦਰਤ ਨਾਲ ਖਿਲਵਾੜ ਵੀ ਵੱਧਦਾ ਗਿਆ। ਮਨੁੱਖ ਦੀ ਸੁਹਜ ਪ੍ਰਵਿਰਤੀ ਨੇ ਖ਼ੂਬਸੂਰਤ ਵਸਤੂਆਂ ਦੀ ਮੰਗ ਕੀਤੀ। ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ ਦੁਆਰਾ ਆਪਣੇ ਸ਼ੌਂਕ ਦੀ ਪੂਰਤੀ ਲਈ ਜੰਗਲਾਂ ,ਪਹਾੜਾਂ ਦੀ ਕਟਾਈ ਕਰਕੇ ਆਪਣੇ ਆਲੀਸ਼ਾਨ ਮਹਿਲ, ਕਿਲ੍ਹੇ ਬਣਵਾਏ ਗਏ । ਉਹਨਾਂ ਵਿੱਚ ਲੱਕੜ ਦੀ ਮੀਨਾਕਾਰੀ ਕਰਵਾਈ ਗਈ। ਪਰ ਅਜੇ ਵੀ ਮਨੁੱਖ ਨੂੰ ਲੱਗਦਾ ਸੀ ਕਿ ਕੁਦਰਤ ਕੋਲ ਅਮੁੱਕ ਭੰਡਾਰ ਹੈ।
ਅਠਾਰਵੀਂ ਸਦੀ ਵਿੱਚ ਆਈ ਉਦਯੋਗਿਕ ਕ੍ਰਾਂਤੀ ਨੇ ਕੁਦਰਤ ਅਤੇ ਕੁਦਰਤੀ ਵਸੀਲਿਆਂ, ਸੋਮਿਆਂ ਅਤੇ ਸ੍ਰੋਤਾਂ ਨੂੰ ਨਸ਼ਟ ਕਰਨ ਦਾ ਅਜਿਹਾ ਤਾਂਡਵ ਨਾਚ ਸ਼ੁਰੂ ਕੀਤਾ ਜੋ ਹੁਣ ਆਪਣੀ ਚਰਮ ਸੀਮਾ ‘ਤੇ ਪੁੱਜ ਚੁੱਕਾ ਹੈ । ਅੱਜ ਤਕਨਾਲੌਜੀ ਦੇ ਨਾਂ ਹੇਠ ਮਨੁੱਖ ਉਦਯੋਗਿਕ ਵਸਤੂਆਂ ਦਾ ਧੜਾਧੜ ਇਸਤੇਮਾਲ ਕਰ ਰਿਹਾ ਹੈ ਅਤੇ ਕਾਦਰ ਦੀ ਸਿਰਜੀ ਖ਼ੂਬਸੂਰਤ ਕਾਇਨਾਤ ਨੂੰ ਲਗਾਤਾਰ ਗੰਦਾ ਕਰੀ ਜਾ ਰਿਹਾ ਹੈ। ਇਸ ਗੰਦਗੀ ਨੂੰ ਵਧਾਉਣ ਵਿੱਚ ਦੁਬਾਰਾ ਨਾਵਰਤੋਯੋਗ ਪਲਾਸਟਿਕ ਦੇ ਬਰਤਨ, ਪਲਾਸਟਿਕ ਦੇ ਲਿਫ਼ਾਫ਼ੇ ਅਤੇ ਅਤਿ ਆਧੁਨਿਕ ਬਿਜਲਈ ਕਚਰਾ ਹੈ।
ਪਰਮਾਣੂ ਹਥਿਆਰਾਂ ਅਤੇ ਪਰੀਖਣਾਂ ਨਾਲ ਮਿੰਟਾਂ-ਸਕਿੰਟਾਂ ਵਿੱਚ ਹੀ ਕੁਦਰਤੀ ਆਲ਼ੇ-ਦੁਆਲ਼ੇ ਦਾ ਘਾਣ ਕਰ ਦਿੱਤਾ ਜਾਂਦਾ ਹੈ। ਉਦਯੋਗਿਕ ਵਸਤੂਆਂ ਦੇ ਉਤਪਾਦਨ ਨੂੰ ਵਧਾਉਣ ਲਈ ਕੱਚੇ ਮਾਲ ਦੀ ਮੰਗ ਵੱਧ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਮਨੁੱਖ ਨੇ ਖ਼ਤਰਨਾਕ ਹਾਨੀਕਾਰਕ ਕੀਟਨਾਸ਼ਕਾਂ ਅਤੇ ਖਾਦਾਂ ਦਾ ਉਪਯੋਗ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸੇ ਤਰ੍ਹਾਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਗਈ। ਪਾਣੀ ਦਾ ਦੁਰਉਪਯੋਗ ਕੀਤਾ ਗਿਆ।
ਨਤੀਜੇ ਵਜੋਂ ਕੁਦਰਤੀ ਆਫ਼ਤਾਂ ਵਿੱਚ ਦਿਨ ਪ੍ਰਤੀਦਿਨ ਵਾਧਾ ਹੋਈ ਜਾ ਰਿਹਾ ਹੈ। ਧਰਤੀ ਦੀ ਬੰਜਰ ਹੁੰਦੀ ਜਾ ਰਹੀ ਕੁੱਖ, ਮੁੱਕਦਾ ਜਾ ਰਿਹਾ ਨੀਰ, ਹੜ੍ਹ, ਸੁਨਾਮੀਆਂ, ਗੰਦਗੀ ਦੇ ਅਸਮਾਨੀ ਛੂੰਹਦੇ ਢੇਰ, ਕੁਦਰਤੀ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਦਾ ਖ਼ਾਤਮਾ , ਓਜੋਨ ਪਰਤ ਵਿੱਚ ਮਘੋਰੇ ਅਤੇ ਹਵਾ, ਜਲ, ਮਿੱਟੀ, ਸ਼ੋਰ ਪ੍ਰਦੂਸ਼ਣ ਕੁਦਰਤ ਦੇ ਨਾਸ਼ ਦੀ ਮੂੰਹੋਂ ਬੋਲਦੀ ਤਸਵੀਰ ਹੈ। ਕੁਦਰਤੀ ਸੋਮਿਆਂ ਦਾ ਨਾਸ਼ ਮਨੁੱਖ ਦੀਆਂ ਆਉਣ ਵਾਲ਼ੀਆਂ ਨਸਲਾਂ ਲਈ ਜੀਵਨ ਦੁਸ਼ਵਾਰ ਕਰ ਰਿਹਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਨਾਸ਼ ਤੋਂ ਭਲੀਭਾਂਤ ਜਾਣੂ ਹੁੰਦੇ ਹੋਏ ਵੀ ਮਨੁੱਖ ਇਸ ਪ੍ਰਤੀ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠਾ ਹੈ। ਅੱਜ ਦਾ ਤਰਕ ਪਸੰਦ ਬੁੱਧੀਮਾਨ ਵਿਅਕਤੀ ਇਸ ਨਾਸ਼ਵਾਨਤਾ ਵੱਲ ਬੁੱਧੀਹੀਣ ਵਿਅਕਤੀ ਵਾਂਗ ਵਿਵਹਾਰ ਕਰ ਰਿਹਾ ਹੈ। ਕੰਧ ‘ਤੇ ਸਾਫ਼-ਸਾਫ਼ ਲਿਖਿਆ ਉਹ ਜਿਵੇਂ ਪੜ੍ਹਨਾ ਹੀ ਨਹੀਂ ਚਾਹੁੰਦਾ।
ਉਹ ਭੁੱਲ ਗਿਆ ਹੈ ਕਿ ਸ੍ਰਿਸ਼ਟੀ ਨੂੰ ਰਚਣ ਵਾਲਾ ਪ੍ਰਮਾਤਮਾ ਪਲਾਂ ਵਿੱਚ ਹੀ ਸਭ ਕੁਝ ਕਰ ਸਕਦਾ ਹੈ। ਮਨੁੱਖ ਦੀ ਬੁੱਧੀ ਕਦੀ ਵੀ ਸਿਰਜਨਹਾਰ ਦਾ ਮੁਕਾਬਲਾ ਨਹੀਂ ਕਰ ਸਕਦੀ। ਜੇ ਮਨੁੱਖ ਅਜੇ ਵੀ ਨਾ ਸੰਭਲਿਆ ਤਾਂ ਕੁਦਰਤ ਨੇ ਆਪਣੇ ਹਿਸਾਬ ਨਾਲ ਸੰਤੁਲਨ ਬਣਾ ਹੀ ਲੈਣਾ। ਜਿਸ ਤਰ੍ਹਾਂ ਭਸਮਾਸੁਰ ਰਾਕਸ਼ਸ਼ ਨੇ ਸ਼ਿਵ ਕੋਲ਼ੋ ਅਮਰ ਹੋਣ ਦਾ ਵਰ ਪ੍ਰਾਪਤ ਕਰਕੇ ਇਹ ਵੀ ਵਰਦਾਨ ਲਿਆ ਕਿ ਉਹ ਜਿਸ ਦੇ ਵੀ ਸਿਰ ‘ਤੇ ਹੱਥ ਰੱਖੇ ਉਹ ਭਸਮ ਹੋ ਜਾਏ। ਵਰਦਾਨ ਪ੍ਰਾਪਤ ਕਰਕੇ ਉਸ ਨੇ ਸ਼ਿਵ ਨੂੰ ਹੀ ਭਸਮ ਕਰਨ ਦਾ ਯਤਨ ਕੀਤਾ ਤਾਂ ਜੋ ਉਹ ਪਾਰਵਤੀ ਨੂੰ ਹਾਸਲ ਕਰ ਸਕੇ। ਉਸ ਦੀ ਮੈਲ਼ੀ ਭਾਵਨਾ ਨੂੰ ਜਾਣ ਕੇ ਵਿਸ਼ਨੂੰ ਭਗਵਾਨ ਨੇ ਖੂਬਸੂਰਤ ਮੋਹਨੀ ਨਾਰੀ ਦਾ ਭੇਸ ਧਾਰ ਲਿਆ।
ਭਸਮਾਸੁਰ ਉਸ ਵੱਲ ਆਕਰਸ਼ਿਤ ਹੋ ਗਿਆ। ਪਰ ਉਸ ਨੇ ਉਸਨੂੰ ਪਾਉਣ ਲਈ ਭਸਮਾਸੁਰ ਰਾਕਸ਼ਸ਼ ਅੱਗੇ ਸ਼ਰਤ ਰੱਖੀ ਕਿ ਪਹਿਲਾਂ ਉਸਨੂੰ ਉਸ ਨਾਲ ਨਾਚ ਕਰਨਾ ਪਵੇਗਾ। ਲੋਭੀ ਭਸਮਾਸੁਰ ਉਸ ਦੀ ਸ਼ਰਤ ਮੰਨ ਕੇ ਉਸ ਵਾਂਗ ਹੀ ਉਸ ਨਾਲ ਨਰਿਤ ਕਰਨ ਲੱਗਾ। ਨਾਚ ਵਿੱਚ ਇੱਕ ਮੁਦਰਾ ਵਿੱਚ ਆਪਣਾ ਹੱਥ ਸਿਰ ਉੱਤੇ ਰੱਖਿਆ ਜਾਂਦਾ ਹੈ। ਜਿਸ ਵੇਲੇ ਮੋਹਨੀ-ਨਾਰ ਨੇ ਆਪਣਾ ਹੱਥ ਸਿਰ ਉੱਤੇ ਰੱਖਿਆ ਤਾਂ ਉਹ ਰੁੱਕ ਗਈ। ਭਸਮਾਸੁਰ ਵੀ ਨਾਚ ਕਰਦਾ ਕਰਦਾ ਰੁੱਕ ਗਿਆ। ਹੁਣ ਜਿਉਂ ਹੀ ਉਹ ਰੁਕਿਆ ਆਪਣੇ ਮਿਲੇ ਵਰਦਾਨ ਕਰਕੇ ਸਿਰ ‘ਤੇ ਹੱਥ ਰਹਿ ਜਾਣ ਕਰਕੇ ਉਹ ਭਸਮ ਹੋ ਗਿਆ। ਕਹਿਣ ਤੋਂ ਭਾਵ ਹੈ ਕਿ ਜੇਕਰ ਮਨੁੱਖ ਨੇ ਆਪਣੇ ਲਾਲਚ ਨੂੰ ਨਾ ਤਿਆਗਿਆ ਤਾਂ ਪ੍ਰਮਾਤਮਾ ਨੇ ਵੀ ਆਪਣੇ ਹਿਸਾਬ ਨਾਲ ਮਨੁੱਖ ਨੂੰ ਰੋਕਣ ਦਾ ਕੋਈ ਹੱਲ਼ ਕੱਢ ਹੀ ਲੈਣਾ ਹੈ ਜੋ ਕਿ ਯਕੀਨਨ ਹੀ ਕੁਦਰਤ ਨੂੰ ਨਾਸ਼ ਕਰਨ ਵਾਲੇ ਮਨੁੱਖ ਦੇ ਹੱਕ ਵਿੱਚ ਤਾਂ ਕਦੇ ਨਹੀਂ ਹੋਵੇਗਾ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly