ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਸ਼ਹਿਰੀ ਸੰਸਥਾਵਾਂ ਲਈ ਵੋਟਾਂ 14 ਫਰਵਰੀ ਨੂੰ ਪਈਆਂ ਸਨ। ਚੋਣ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਦੇ ਕੁਝ ਬੂਥਾਂ ’ਤੇ ਅੱਜ ਮੁੜ ਤੋਂ ਵੋਟਾਂ ਪੁਆਈਆਂ ਹਨ ਅਤੇ ਭਲਕੇ ਮੁਹਾਲੀ ਦੇ ਦੋ ਬੂਥਾਂ ’ਤੇ ਵੀ ਮੁੜ ਤੋਂ ਪੋਲਿੰਗ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਐੱਸਏਐੱਸ ਨਗਰ ਨਗਰ (ਮੁਹਾਲੀ) ਨਿਗਮ ਦੇ ਵਾਰਡ ਨਾਲ 10 ਦੇ ਬੂਥ ਨੰਬਰ 32 ਤੇ 33 ’ਚ 17 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਦੁਬਾਰਾ ਵੋਟਾਂ ਪੈਣਗੀਆਂ ਅਤੇ ਐੱਸਏਐੱਸ ਨਗਰ (ਮੁਹਾਲੀ) ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਭਲਕੇ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋਈ ਸੀ। ਨਿਗਮਾਂ ਅਤੇ ਕੌਂਸਲਾਂ ਦੇ ਕੁੱਲ 2330 ਵਾਰਡਾਂ ’ਚ ਵੋਟਾਂ ਪਈਆਂ ਸਨ। ਇਨ੍ਹਾਂ ਸ਼ਹਿਰੀ ਚੋਣਾਂ ਦੌਰਾਨ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006, ਬਹੁਜਨ ਸਮਾਜ ਪਾਰਟੀ ਨੇ 106, ਸੀਪੀਆਈ ਨੇ 2 ਅਤੇ 2832 ਆਜ਼ਾਦ ਉਮੀਦਵਾਰਾਂ ਸਮੇਤ ਹੋਰ ਪਾਰਟੀਆਂ ਨੇ ਵੀ ਕੁਝ ਥਾਵਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।

ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨ ਦੇ ਮਕਸਦ ਵਜੋਂ ਵੱਕਾਰ ਦਾ ਸਵਾਲ ਵੀ ਬਣਾਇਆ ਹੋਇਆ ਹੈ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਸੰਸਥਾਵਾਂ ਦੀ ਮਿਆਦ ਤਾਂ ਲੰਘੇ ਸਾਲ ਹੀ ਖ਼ਤਮ ਹੋ ਗਈ ਸੀ ਪਰ ਸਾਲ 2020 ਦੌਰਾਨ ਕਰੋਨਾ ਮਹਾਮਾਰੀ ਦੇ ਚੱਲਦਿਆਂ ਵੋਟਾਂ ਪਵਾਉਣ ਦਾ ਫ਼ੈਸਲਾ ਨਹੀਂ ਸੀ ਲਿਆ ਗਿਆ।

Previous articleKim Jong-un’s wife makes 1st public appearance after over 1 year
Next articleਕਿਸਾਨ ਜਥੇਬੰਦੀਆਂ ਵੱਲੋਂ ਸਰ ਛੋਟੂਰਾਮ ਨੂੰ ਸ਼ਰਧਾਂਜਲੀਆਂ