HOME ਸ਼ਹੀਦੀਆਂ ‘ਤੇ ਪ੍ਰਕਾਸ਼ ਪੁਰਬ ਦੀ ਰਾਹ ਵਿੱਚ ਦੁਵਿਧਾ ਦੇ ਅੜਿੱਕੇ 

ਸ਼ਹੀਦੀਆਂ ‘ਤੇ ਪ੍ਰਕਾਸ਼ ਪੁਰਬ ਦੀ ਰਾਹ ਵਿੱਚ ਦੁਵਿਧਾ ਦੇ ਅੜਿੱਕੇ 

 ਡਾ.  ਸਤਿੰਦਰ ਪਾਲ ਸਿੰਘ 

   (ਸਮਾਜ ਵੀਕਲੀ)  ਇਸ ਸਾਲ ਦਸੰਬਰ ਮਹੀਨੇ ਨੇ ਸਿੱਖ ਕੌਮ ਨੂੰ ਵੱਡੀ ਦੁਵਿਧਾ ਵਿੱਚ ਪਾ ਦਿੱਤਾ ਹੈ। ੨੨ ਦਸੰਬਰ ਅਤੇ ੨੭ ਦਸੰਬਰ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਦਿਵਸ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਲੰਡਰ ਅਨੁਸਾਰ ੨੭ ਦਸੰਬਰ ਨੂੰ  ਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ। ਇਸ ਨਾਲ   ਭਾਵਨਾਵਾਂ ਦਾ ਜਬਰਦਸਤ ਵਿਰੋਧਾਭਾਸ  ਪੈਦਾ ਹੋ ਗਿਆ  ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਸਾਰੇ  ਵਿਸ਼ਵ ਵਿੱਚ ਪੂਰੇ ਜਾਹੋ ਜਲਾਲ ਨਾਲ ਮਨਾਉਂਦਿਆਂ ਹਨ।ਇਹ ਮਾਤਰ ਇੱਕ ਦਿਵਸ ਦਾ ਆਯੋਜਨ ਨਹੀਂ ਹੁੰਦਾ।ਘੱਟੋ ਘੱਟ ਦਸ ਦਿਨ  ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ , ਨਗਰ ਕੀਰਤਨ ਨਿਕਲਦੇ ਹਨ , ਸਮਾਗਮ ਹੁੰਦੇ ਹਨ। ਇਨ੍ਹਾਂ ਦੀ ਤਿਆਰੀ ਬਹੁਤ ਪਹਿਲਾਂ ਤੂੰ ਹੀ ਆਰੰਭ ਕਰ ਦਿੱਤੀ ਜਾਂਦੀ ਹੈ। ਇਸ ਦੌਰਾਨ ਹੀ ਸਮਾਂ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ , ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਵੀ ਸਮਰਪਿਤ ਕਰਨਾ ਹੈ।  ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕੋ ਦਿਨ ਆ ਰਹੇ ਹਨ। ਇੱਕ ਤਰਫ ਸਾਹਿਬਜਾਦਿਆਂ ਦੀ ਸ਼ਹੀਦੀ ਨਾਲ ਜੁੜਿਆਂ ਭਾਵਨਾਵਾਂ ਹਨ ਜੋ ਮਨ ਅੰਦਰ ਸੋਗ ਪੈਦਾ ਕਰਦਿਆਂ ਹਨ ‘ਤੇ ਦੂਜੀ ਤਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਉਮੰਗ ਤੇ ਉਤਸ਼ਾਹ।  ਇੱਕ ਰਾਹ ਕੱਢੀ ਗਈ ਹੈ ਕਿ ਸੰਗਤਾਂ ਚਾਹੁਣ ਤਾਂ ਪ੍ਰਕਾਸ਼ ਪੁਰਬ ਕਿਸੇ ਹੋਰ ਦਿਨ ਮਨਾ ਲੈਣ। ਪਰ ਤਿਥੀ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਇਹ ਭਾਵੇਂ ਤਿਥਿਆਂ ਦੀ ਗਣਿਤ ਦਾ ਮਸਲਾ ਹੈ ਪਰ ਸਵਾਲ ਹੈ ਕਿ ਗਣਿਤ ਲਈ ਕੀ ਭਾਵਨਾਵਾਂ ਨੂੰ  ਅਣਦੇਖਾ ਕਰ ਦਿੱਤਾ ਜਾਣਾ ਚਾਹੀਦਾ ਹੈ। 

ਗੁਰੂ ਨਾਨਕ ਸਾਹਿਬ ਦੇ ਵਚਨ ਹਨ “ ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ ।। “ । ਪ੍ਰੇਮ ਨਿਰੋਲ ਭਾਵਨਾ ਦਾ ਵਿਸ਼ਾ ਹੈ ਜੋ ਮਨ ਅੰਦਰ ਜਨਮ ਲੈਂਦੀ ਹੈ । ਮਨ ਜਦੋਂ ਸਾਹਿਬਜਾਦਿਆਂ ਦੀ ਅਦੁੱਤੀ ਸ਼ਹੀਦੀ ਨਾਲ ਜੁੜਦਾ ਹੈ ਤਾਂ ਰੂਹ ਕੰਬਦੀ ਹੈ , ਵਿਰਲਾਪ ਘੇਰਦਾ ਹੈ। ਸ਼ਹੀਦੀਆਂ ਕੌਮ ਲਈ ਮਾਣ  ਦਾ ਕਾਰਨ ਹਨ ਪਰ ਸ਼ਹੀਦੀਆਂ ਤੇ ਖੁਸ਼ੀਆਂ ਤਾਂ ਨਹੀਂ ਮਨਾਇਆਂ ਜਾ ਸਕਦੀਆਂ। ਜੇ ਸ਼ਹੀਦੀਆਂ ਦਾ ਸੋਗ ਨਹੀਂ ਕਰਨਾ ਹੈ ਤਾਂ ਸ਼ਹੀਦੀਆਂ ਤੇ ਹਰਖ ਵੀ ਨਹੀਂ ਕੀਤਾ ਜਾ ਸਕਦਾ।  ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਹਿ ਸਕੇ ਸਨ ਕਿ “ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜਾਰ। , ਪਰ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਹੀ ਸਨ , ਉਨ੍ਹਾਂ ਜਿਹਾ ਨਾ ਕੋਈ ਹੋਇਆ , ਨਾ ਕੋਈ ਹੋਵੇਗਾ। ਦਸੰਬਰ ਮਹੀਨੇ ਵਿੱਚ ਸਿੱਖ ਸੰਗਤ ਸ਼ਹੀਦੀ ਹਫਤਾ ਜਾਂ ਪੰਦਰਵਾੜਾ ਮਨਾਉਂਦੀ ਹੈ।  ਇਸ ਅੰਤਰਾਲ  ਵਿੱਚ ਪਾਠ ਕੀਤੇ ਜਾਂਦੇ ਹਨ , ਪ੍ਰਸਾਦ ਵਿੱਚ ਮਿੱਠਾ ਨਹੀਂ ਚੜ੍ਹਾਇਆ  ਤੇ ਵਰਤਾਇਆ ਜਾਂਦਾ। ਵਿਆਹ ਆਦਿਕ ਖੁਸ਼ੀ ਦੇ ਕਾਰਜ ਵੀ ਨਹੀਂ ਰੱਖੇ ਜਾਂਦੇ ।  ਇਹ ਸੋਗ ਨਹੀਂ ਹੁੰਦਾ  ਉਸ ਔਖੇ ਸਮੇਂ ਨਾਲ ਮਨ ਨੂੰ ਜੋੜਨ ਅਤੇ ਮਹਿਸੂਸ ਕਰਨ ਦਾ ਜਤਨ ਹੁੰਦਾ ਹੈ ਜੋ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੇ ਹੰਡਾਇਆ ਹੋਵੇਗਾ। ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਭਾਵਨਾਤਮਕ ਅਹਿਸਾਸ ਤੋਂ ਬਿਨਾ ਸਮਝਿਆ ਹੀ ਨਹੀਂ ਜਾ ਸਕਦਾ।ਸ਼ਹੀਦੀਆਂ ਗੁਰਸਿੱਖ ਲਈ  ਇਤਿਹਾਸ ਦੇ ਪੰਨੇ ਨਹੀਂ ਹਨ ਗੁਰਸਿੱਖੀ ਦੀ ਜੀਵੰਤ ਸ਼ੈਲੀ  ਹੈ ਜਿਸ ਦੀ ਜਾਚ ਹਰ ਗੁਰਸਿੱਖ ਨੂੰ ਆਉਣੀ ਚਾਹੀਦੀ ਹੈ। ਸਿੱਖ ਕੌਮ ਜਿਤਨੇ ਪੁਰਬ ਮਨਾਉਂਦੀ ਹੈ ਉਹ ਉਤਸਵ ਜਾਂ ਮੇਲੇ ਨਹੀਂ ਹੁੰਦੇ , ਗੁਰਸਿੱਖੀ ਤੇ  ਦ੍ਰਿੜ੍ਹ ਰਹਿਣ ਦੀ ਪ੍ਰੇਰਨਾ ਦੇ ਅਵਸਰ ਹੁੰਦੇ ਹਨ। ਮਨ ਨੂੰ ਇੱਕ ਖਾਸ ਸੁਨੇਹਾ ਦੇਣ ਵਾਲੇ ਦਿਵਸ ਹੁੰਦੇ ਹਨ। ਸਾਹਿਬਜਾਦਿਆਂ ਦਿਨ ਸ਼ਹੀਦੀਆਂ ਤੋਂ ਪ੍ਰੇਰਨਾ ਲਈ ਪੂਰਾ ਅਵਸਰ ਤਾਂ ਮਿਲਣਾ ਚਾਹੀਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਇਸ ਅਵਸਰ ਤੋਂ ਦੂਰ  ਕਰਨ ਵਾਲਾ  ਹੈ। 

ਗੁਰੂ ਸਾਹਿਬਾਨ ਨੇ ਸਹਿਜ ਨੂੰ ਸਿੱਖੀ ਦਾ ਆਧਾਰ ਬਣਾਇਆ ਅਤੇ ਕਿਸੇ ਵੀ ਗਿਣਤੀ ਮਿਣਤੀ , ਜੁਗਤ , ਸਿਆਣਪ , ਚਤੁਰਾਈ ਤੋਂ ਦੂਰ ਰੱਖਿਆ। ਗੁਰੂ ਅਮਰਦਾਸ ਸਾਹਿਬ ਦਾ ਵਚਨ ਹੈ ਕਿ “ ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੈ ਕੀਜੈ ਰਾਮ “ । ਪੰਥ ਦੇ ਹਰ ਕਾਰਜ ਵਿੱਚ ਸਹਿਜਤਾ ਹੋਵੇ। ਗਿਣਤੀਆਂ ਸਹਿਜ ਨੂੰ ਭੰਗ ਕਰਦਿਆਂ ਹਨ, ਭਰਮ ਪੈਦਾ ਕਰਦਿਆਂ ਹਨ ।  ਗਿਣਤੀਆਂ ਕਾਰਨ ਹੀ ਅਜਿਹੀਆਂ ਹਾਸੋ ਹੀਣੀਆਂ ਸਥਿਤੀਆਂ ਪੈਦਾ ਹੁੰਦੀਆਂ ਆਈਆਂ ਹਨ ਕਿ ਇੱਕ ਹੀ ਪੁਰਬ ਸਾਲ ਵਿੱਚ ਦੋ ਵਾਰ ਆ ਗਿਆ ।  ਇਨ੍ਹਾਂ ਭਰਮਾਂ ਤੋਂ ਦੂਰ ਕਰਨ ਲਈ ਹੀ ਗੁਰੂ ਸਾਹਿਬਾਨ ਨੇ ਮਹੀਨਿਆਂ , ਵਾਰ , ਦਿਨ , ਰੁੱਤਾਂ ਦੇ ਸ਼ਬਦ ਉਚਾਰੇ ਅਤੇ ਨਿਰਣਾਂ ਦਿੱਤਾ ਕਿ ਪ੍ਰੇਮ ਭਾਵਨਾ ਹੀ ਸਰਵਉੱਚ ਹੈ ਜਿਸ ਨਾਲ ਸਾਰੇ ਭਰਮ ਦੂਰ ਹੁੰਦੇ ਹਨ “ ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ “ . ਆਮ ਸਿੱਖ ਅੰਦਰ ਮਾਤਰ ਭਾਵਨਾ ਹੈ।  ਹਰ ਪੁਰਬ ਨੂੰ ਉਹ ਭਾਵਨਾ ਨਾਲ ਮਨਾਉਣਾ ਚਾਹੁੰਦਾ ਹੈ।  ਉਸ ਨੂੰ ਨਹੀਂ ਗਿਆਤ ਕਿ ਕਿਸ ਗਿਣਤੀ , ਵਿਧੀ ਨਾਲ ਹਰ ਸਾਲ ਤਿਥਿਆਂ ਤੈ ਕੀਤੀਆਂ ਜਾਂਦੀਆਂ ਹਨ ਤੇ ਕਲੰਡਰ ਤਿਆਰ ਕੀਤਾ ਜਾਂਦਾ ਹੈ।  ਇਹੋ ਕਾਰਨ ਹੈ ਕਿ ਉਸ ਨੂੰ ਤਿਥਿਆਂ ਦੇ ਅਜਿਹੇ ਵਿਰੋਧਾਭਾਸ ਵੀ ਸਮਝ ਨਹੀਂ ਆਉਂਦੇ।  ਉਹ ਭਰਮ ਵਿੱਚ ਪਿਆ ਰਹਿੰਦਾ ਹੈ। ਇਹ ਕੌਮ ਲਈ ਕਿਸੇ ਵੀ ਦ੍ਰਿਸ਼ਟੀ ਨਾਲ ਹਿੱਤਕਾਰੀ ਨਹੀਂ ਹੈ। ਤਿਥਿਆਂ ਦਾ ਹਰ ਵਾਰ ਬਦਲ  ਜਾਣਾ , ਹਰ ਸਾਲ ਕੋਈ ਨਾ ਕੋਈ ਭਰਮ ਪੈਦਾ ਹੋ ਜਾਣਾ ਕਿਤੇ ਨ ਕਿਤੇ ਸੰਕੇਤ ਕਰਦਾ ਹੈ ਕਿ ਅਸੀਂ ਉਸ ਪਖੰਡਵਾਦ , ਕਰਮਕਾਂਡ ਵੱਲ ਵੱਧ ਰਹੇ ਹਾਂ ਜਿਸ ਤੋਂ ਗੁਰੂ ਸਾਹਿਬਾਨ ਦੇ ਦੂਰ ਕੀਤਾ ਸੀ। ਲੋੜ ਹੈ ਕਿ ਸਿੱਖ ਪੰਥ ਦੀਆਂ ਜਿੰਮੇਵਾਰ ਸੰਸਥਾਵਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਤੇ ਕੋਈ ਪੱਕਾ ਹੱਲ ਲੱਭਣ।  

ਗਣਿਤ ਦੀ ਥਾਂ  ਗੁਰ ਪੁਰਬਾਂ , ਦਿਵਸਾਂ ਦੇ ਇਤਿਹਾਸਕ ਆਧਾਰ ਲੱਭੇ ਜਾਣੇ ਚਾਹੀਦੇ ਹਨ।  ਇਹ ਸੰਭਵ ਹੈ ਕਿਉਂਕਿ ਸਿੱਖ ਇਤਿਹਾਸ ਮਾਤਰ ਪੰਜ ਸ਼ਤਾਬਦੀਆਂ ਪੁਰਾਨਾ ਹੈ। ਇਸ ਵਿੱਚ ਸਮਾਂ ਲੱਗ ਸਕਦਾ ਹੈ ਪਰ ਭਵਿੱਖ ਲਈ ਇੱਕ ਬਹੁਤ ਵੱਡਾ ਕਾਰਜ ਹੋਵੇਗਾ। ਇਸ ਸਾਲ ਬਹੁਤੀਆਂ ਥਾਵਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ 27 ਦਸੰਬਰ ਨੂੰ ਮਨਾਉਣ ਤੋਂ ਬਚਿਆ ਜਾ ਰਿਹਾ ਹੈ। ਇਸ ਨੂੰ ਭਾਵਨਾਤਮਕ ਫੈਸਲਾ ਕਿਹਾ ਜਾ ਸਕਦਾ ਹੈ ਜਿਸ ਨੂੰ ਕਮੋਬੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਧਰ ਤੇ ਵੀ ਸਵੀਕਾਰ ਕਰ ਲਿਆ ਗਿਆ ਹੈ ਪਰ ਫਿਰ ਕਲੰਡਰ ਦਾ ਕੀ ਅਰਥ ਰਹਿ ਗਿਆ। ਇੱਕ ਬੇਲੋੜੀ ਬਹਿਸ ਵੱਖ ਚੱਲਦੀ ਰਹੀ ਹੈ। ਜੋ ਵੀ ਹੋਵੇ ਪ੍ਰਮਾਣਿਕ ਅਤੇ ਪਾਰਦਰਸ਼ੀ ਹੋਵੇ।  ਕੁੱਝ ਠੋਸ ਕੀਤਾ ਜਾਵੇ ਤਾਂ ਜੋ ਅਜਿਹੀਆਂ ਸਥਿਤੀਆਂ ਭਵਿੱਖ ਵਿੱਚ ਨਾ ਪੈਦਾ ਹੋਣ। 

ਡਾ. ਸਤਿੰਦਰ ਪਾਲ ਸਿੰਘ

                                                  

  ਡਾ. ਸਤਿੰਦਰ ਪਾਲ ਸਿੰਘ 

  ਈ – 1716 , ਰਾਜਜੀਪੁਰਮ ਲਖਨਊ – 226017 

  ਈ ਮੇਲ – [email protected]

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly  
 

Previous articleਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵਲੋਂ ਸਰਸਵਤੀ ਪਬਲਿਕ ਸਕੂਲ ਵਿੱਚ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ
Next articleਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ