HOME  ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ...

 ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਕੀਤਾ ਗਿਆ ਸਨਮਾਨਿਤ 

2
*ਗੁਰੂ ਸਾਹਿਬਾਂ ਵੱਲੋਂ ਸਾਡੇ ਪੁਰਖਿਆਂ ਨੂੰ ਬਖਸ਼ੇ ਇਤਿਹਾਸਕ ਹੁਕਮਨਾਮੇ ਤੇ ਨਿਸ਼ਾਨੀਆਂ ਕੌਮ ਦੀ ਅਨਮੋਲ ਵਿਰਾਸਤ- ਭਾਈ ਚਰਨਜੀਤ ਸਿੰਘ* 
ਲੁਧਿਆਣਾ    (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਸ਼ਹੀਦ ਕਿਸੇ ਵੀ ਧਰਮ, ਕੌਮ ਜਾਂ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਜੇਕਰ ਸੰਸਾਰ ਦਾ ਇਤਿਹਾਸ ਕਿਸੇ ਨੇ ਕਲਮ ਨਾਲ ਲਿਖਿਆ ਹੈ ਤਾਂ ਸਿੱਖ ਕੌਮ ਦਾ ਇਤਿਹਾਸ ਖੂਨ ਦੀ ਸਿਆਹੀ ਲਾ ਕੇ ਖੰਡੇ ਦੀ ਧਾਰ ਨਾਲ ਲਿਖਿਆ ਹੈ ਤਾਂ ਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦੇ ਸ਼ਹੀਦ ਹੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸਰਪੰਚ ਸ੍ਰ: ਗੁਰਚਰਨ ਸਿੰਘ ਖੁਰਾਣਾ ਤੇ ਸ੍ਰ: ਸੁਖਵਿੰਦਰਪਾਲ ਸਿੰਘ ਸਰਨਾ ਜਨ.ਸਕੱਤਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਨੇ ਅੱਜ ਸਾਂਝੇ ਰੂਪ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ(ਵੰਸ਼ਜ) ਵਿੱਚੋਂ ਭਾਈ ਚਰਨਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਮੌਕੇ ਇਕੱਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਭੇਟ ਕਰਕੇ ਲਾਸਾਨੀ ਸ਼ਹਾਦਤ ਦੇਣ ਵਾਲੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅਨਿੰਨ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਨਿਰਭਉ- ਨਿਰਵੈਰ, ਧਰਮ ਰੱਖਿਅਕ ਅਤੇ ਤਿਆਗ ਦੇ ਪ੍ਰਤੀਕ ਹੈ। ਜਿਸ ਤੋਂ ਸਮੁੱਚੇ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ। ਸ੍ਰ: ਸੁਖਵਿੰਦਰਪਾਲ ਸਿੰਘ ਸਰਨਾ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਕੌਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਦੀ ਨੌਵੀਂ ਪੀੜ੍ਹੀ ਵਿੱਚੋਂ ਕਿਰਤੀ ਸਿੰਘ ਦੇ ਰੂਪ ਵਜੋਂ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਭਾਈ ਚਰਨਜੀਤ ਸਿੰਘ ਜੀ ਨੂੰ ਸਨਮਾਨਿਤ ਕਰਨ ਵਿੱਚ ਫ਼ਖਰ ਮਹਿਸੂਸ ਕਰ ਰਹੇ ਹਾਂ। ਇਸ ਦੌਰਾਨ ਸ਼ਹੀਦ ਭਾਈ ਮਤੀ ਦਾਸ ਜੀ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਨੇ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਦੇ ਪੁਰਖਿਆਂ ਨੂੰ ਪ੍ਰੇਮ ਤੇ ਸਤਿਕਾਰ ਸਾਹਿਤ ਸੌਂਪੇ ਗਏ ਇਤਿਹਾਸਕ ਹੁਕਮਨਾਮੇ, ਇਤਿਹਾਸਕ ਵਸਤਾਂ ਦੀਆਂ ਤਸਵੀਰਾਂ ਅਤੇ ਸ਼ਹੀਦ ਭਾਈ ਮਤੀ ਦਾਸ ਜੀ ਦੇ ਪੁਰਖਿਆਂ ਅਤੇ ਬਾਅਦ ਦੇ ਪਰਿਵਾਰ ਦੀ ਸਮੁੱਚੀ ਬੰਸਾਵਲੀ ਵੀ ਦਿਖਾਈ ਅਤੇ ਕਿਹਾ ਕਿ ਇਹ ਇਤਿਹਾਸਕ ਨਿਸ਼ਾਨੀਆਂ ਤੇ ਵਸਤਾਂ ਸਮੁੱਚੀ ਕੌਮ ਦੀ ਅਨਮੋਲ ਵਿਰਾਸਤ ਹਨ। ਇਸ ਲਈ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਇਨ੍ਹਾਂ ਇਤਿਹਾਸਕ ਵਸਤਾਂ ਦੀ ਸੰਭਾਲ ਪੁਖਤਾ ਤੇ ਸਚਾਰੂ ਢੰਗ ਨਾਲ ਹੋ ਸਕੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਣਾ ਤੇ ਸੇਧ ਲੈ ਸਕਣ। ਇਸ ਮੌਕੇ ਉੱਘੇ ਸਮਾਜ ਸੇਵੀ ਸਰਪੰਚ ਗੁਰਚਰਨ ਸਿੰਘ ਖੁਰਾਣਾ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਜਨ.ਸਕੱਤਰ ਸੁਖਵਿੰਦਰਪਾਲ ਸਿੰਘ ਸਰਨਾ, ਨਵਪ੍ਰੀਤ ਸਿੰਘ ਬਿੰਦਰਾ(ਮੈਂਬਰ ਟਰੱਸਟ), ਹਰਪ੍ਰੀਤ ਸਿੰਘ ਰਾਜਧਾਨੀ( ਮੈਂਬਰ ਟਰੱਸਟ) ਸਮੇਤ ਜਸਪ੍ਰੀਤ ਸਿੰਘ ਮੱਕੜ ਤੇ ਇਸ਼ਮੀਤ ਸਿੰਘ ਮੱਕੜ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਜੀ ਨੂੰ ਦੁਸ਼ਾਲਾ, ਸਿਰੋਪਾਉ ਤੇ ਸਨਮਾਨ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Next articleਮਾਛੀਵਾੜਾ ਵਿੱਚ ਸਕੂਲੀ ਲੜਕੀਆ ਨਾਲ ਹੁਣ ਨਹੀਂ ਹੋਵੇਗੀ ਛੇੜਛਾੜ