ਚਿੱਟਾ ਵੇਚਣ ਵਾਲਿਆਂ ਨੂੰ ਮੱਲਾ ਦੀ ਪੰਚਾਇਤ ਵੱਲੋਂ ਤਾੜਨਾ

ਜਗਰਾਉਂ (ਸਮਾਜ ਵੀਕਲੀ) : ਚਿੱਟਾ (ਹੈਰੋਇਨ) ਵੇਚਣ ਵਾਲਿਆਂ ਖ਼ਿਲਾਫ਼ ਪਿੰਡ ਮੱਲ੍ਹਾ ਦੇ ਵਾਸੀਆਂ ਦਾ ਵੱਡਾ ਇੱਕਠ ਸਰਪੰਚ ਹਰਬੰਸ ਸਿੰਘ ਢਿੱਲੋ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਵਿਖੇ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਬੰਸ ਸਿੰਘ ਢਿੱਲੋਂ, ਪੰਚ ਸੁਖਵਿੰਦਰ ਸਿੰਘ, ਪੰਚ ਜਗਦੀਸ਼ ਸਿੰਘ, ਬੀਬੀ ਬਲਜੀਤ ਕੌਰ ਅਤੇ ਯੂਥ ਆਗੂ ਬਲਵਿੰਦਰ ਸਿੰਘ ਨੇ ਇੱਕਸੁਰ ਹੁੰਦਿਆਂ ਆਖਿਆ ਕਿ ਜੇਕਰ ਕੋਈ ਵਿਅਕਤੀ ਪਿੰਡ ਦੀ ਹੱਦ’ਚ ਚਿੱਟਾ ਵੇਚਦਾ ਫੜਿਆ ਗਿਆ। ਉਸ ਖ਼ਿਲਾਫ਼ ਪੰਚਾਇਤ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਚਿੱਟਾ ਵੇਚਣ ਵਾਲੇ ਦੀ ਪਿੰਡ ਵਿਚੋਂ ਕੋਈ ਵੀ ਜ਼ਮਾਨਤ ਦੇਵੇਗਾ ਤਾਂ ਉਸ ਦਾ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਵੇਗਾ।

ਉਨ੍ਹਾਂ ਪਿੰਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਚਿੱਟੇ ਦੀ ਵਿਕਰੀ ਖਿਲਾਫ ਸਾਰੇ ਰਲ ਕੇ ਹੰਭਲਾ ਮਾਰੋ ਤਾਂ ਜੋ ਪਿੰਡ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਪਿੰਡ ’ਚ ਰਹਿਣ ਵਾਲੇ ਲੋਕਾਂ ਚੋਂ ਚਿੱਟਾ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਕਿ ਇਹ ਸਮਾਜ ਵਿਰੋਧੀ ਧੰਦਾ ਤੁਰੰਤ ਬੰਦ ਕੀਤਾ ਜਾਵੇ ਨਹੀਂ ਹੈ ਤਾਂ ਆਉਦੇ ਦਿਨਾਂ ’ਚ ਨਿਕਲਣ ਵਾਲੇ ਗੰਭੀਰ ਨਤੀਜਿਆਂ ਲਈ ਤਿਆਰ ਰਹਿਣ। ਮੋਹਤਬਾਰਾਂ ਦੇ ਸਮੂਹ ਨੇ ਕਥਿਤ ਤੌਰ ’ਤੇ ਚਿੱਟਾ ਵੇਚਣ, ਪੀਣ ਵਾਲੇ ਵਿਅਕਤੀਆਂ ਦੇ ਘਰ-ਘਰ ਜਾ ਕੇ ਆਪਣਾ ਫਰਜ਼ ਨਿਭਾਉਂਦੇ ਹੋਏ ਅਪੀਲ ਕੀਤੀ। ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਨਸ਼ਾ ਛਡਾਊ ਸੈਟਰ ਵਿਚ ਭਰਤੀ ਕਰਵਾਉਣ ਦਾ ਵਾਅਦਾ ਕੀਤਾ। ਪਿੰਡ ’ਚ ਖੁੱਲੇ ਮੈਡੀਕਲ ਸਟੋਰਾਂ, ਆਰ.ਐਮ.ਪੀ ਡਾਕਟਰਾਂ ਨੂੰ ਵੀ ਸਖਤੀ ਨਾਲ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਿੰਜ ਅਤੇ ਨਸ਼ੇ ਵਾਲੀਆਂ ਗੋਲੀਆਂ ਨਾ ਵੇਚੀਆਂ ਜਾਣ। ਆਗੂਆਂ ਨੇ ਇਲਾਕੇ ਦੇ ਨਸ਼ੇੜੀਆਂ ਨੂੰ ਚਿਤਾਵਨੀ ਦਿੱਤੀ ਕਿ ਪਿੰਡ ਮੱਲ੍ਹਾ ਵਿੱਚ ਚਿੱਟਾ ਵੇਚਦਾ ਜਾਂ ਚਿੱਟਾ ਪੀਦਾ ਫੜ੍ਹਿਆ ਗਿਆ ਤਾਂ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ। ਮੱਲ੍ਹਾ ਵਾਸੀਆਂ ਨੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਏਕੇ ਦਾ ਸਬੂਤ ਦਿੱਤਾ। ਦੂਜੇ ਪਾਸੇ ਪੁਲੀਸ ਥਾਣਾ ਹਠੂਰ ਦੇ ਇੰਸਪੈਕਟਰ ਰੁਪਿੰਦਰ ਕੌਰ ਢਿੱਲੋਂ ਨੇ ਪਿੰਡ ਮੱਲ੍ਹਾ ਵਾਸੀਆਂ ਦੀ ਸ਼ਲਾਘਾ ਕਰਦਿਆਂ ਨਸ਼ਿਆਂ ਖ਼ਿਲਾਫ਼ ਹੰਭਲੇ ’ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੀ ਪੁਲਾਂ ’ਤੇ ਲੱਗੀਆਂ ਲੋਹੇ ਦੀਆਂ ਰੇਲਿੰਗਾਂ ਚੋਰੀ
Next articleਆਪਣੇ ਪਿਤਾ ਖਿਲਾਫ਼ ਇਕ ਸ਼ਬਦ ਨਹੀਂ ਸੁਣਾਂਗੀ: ਸੁਪ੍ਰਿਆ ਸੂਲੇ