ਆਪਣਾ ਸੋਚਣ ਢੰਗ ਵਿਗਿਆਨਕ ਬਣਾਓ-ਤਰਕਸ਼ੀ ਮੰਨਣ ਤੋਂ ਪਹਿਲਾਂ ਸੋਚੋ,ਪਰਖੋ-ਮਾਸਟਰ ਪਰਮਵੇਦ

ਮਾਸਟਰ ਪਰਮਵੇਦ

(ਸਮਾਜ ਵੀਕਲੀ)

ਅਸੀਂ ਕਿਸੇ ਗੱਲ / ਘਟਨਾ ਨੂੰ ਬਿਨਾਂ ਸੋਚੇ,ਸਮਝੇ ,ਵਿਚਾਰੇ ,ਪਰਖੇ ,ਪੜਤਾਲੇ ਸੱਚ ਮੰਨ ਲੈਂਦੇ ਹਾਂ ਤੇ ਅਖੌਤੀ ਸਿਆਣਿਆਂ ਦੇ ਫੈਲਾਏ ਭਰਮ ਜਾਲ ਵਿੱਚ ਫਸ ਕੇ ਅਸੀਂ ਆਰਥਿਕ ਤੇ ਮਾਨਸਿਕ ਲੁੱਟ ਕਰਵਾਉਣੀ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਕਿਸੇ ਘਟਨਾ /ਗਲ ਨੂੰ ਸੋਚ ਸਮਝ ਕੇ ਵਿਚਾਰ ਕੇ ਮੰਨਣਾ ਚਾਹੀਦਾ ਤਾਂ ਜੋ ਅਸੀਂ ਲੁੱਟ ਤੋਂ ਬਚ ਸਕੀਏ। ਇਹ ਗਲ ਹੋ ਸਕਦੀ ਹੈ ਜਾਂ ਨਹੀਂ ਭਾਵ ਅਸੀਂ ਆਪਣੀ ਬੁੱਧੀ ਦੀ ਵਰਤੋਂ ਕਰਕੇ ਕੋਈ ਗਲ ਮੰਨਦੇ ਹਾਂ ਜਾਂ ਨਕਾਰਦੇ ਹਾਂ ਤਾਂ ਉਸ ਸਮੇਂ ਅਸੀਂ ਵਿਗਿਆਨਕ ਦ੍ਰਿਸ਼ਟੀ ਅਪਣਾ ਰਹੇ ਹੁੰਦੇ ਹਾਂ। ਘਰਾਂ ਵਿੱਚ ਕਈ ਵਾਰੀ ਰਹੱਸਮਈ ਘਟਨਾਵਾਂ ਵਾਪਰਨ ਲੱਗ ਜਾਂਦੀਆਂ ਹਨ ਜਿਵੇਂ ਆਪਣੇ ਆਪ ਇੱਟਾਂ ਵੱਟੇ ਰੋੜੇ ਡਿੱਗਣੇ ਜਾਂ ਬੰਦ ਪੇਟੀ ਵਿੱਚ ਪਏ ਕੱਪੜਿਆਂ ਨੂੰ ਅੱਗ ਲੱਗਣੀ , ਆਟੇ ਵਿਚ ਖੂਨ ਦੇ ਛਿੱਟੇ ਆਉਣਾ।

ਅੰਧਵਿਸ਼ਵਾਸੀ ਲੋਕ ਇਸ ਨੂੰ ਨੂੰ ਭੂਤ ਪ੍ਰੇਤਾਂ ਦੀਆਂ ਕਾਰਵਾਈ ਸਮਝਦੇ ਹਨ ਤੇ ਇਸ ਦੇ. ਇਲਾਜ ਲਈ ਇਹ ਅਖੌਤੀ ਸਿਆਣਿਆਂ ਤੋਂ ਲੁੱਟ ਕਰਵਾਉਂਦੇ ਹਨ । ਕਈ ਵਾਰੀ ਘਰ ਦਾ ਮੈਂਬਰ ਗੁੰਮ ਸੁੰਮ ਹੋ ਜਾਂਦਾ ਹੈ ਜਾਂ ਸਿਰ. ਮਾਰਨ ਲੱਗ ਜਾਂਦਾ ਹੈ ਉਸ ਸਮੇਂ ਇਹ ਨਾ ਸਮਝ ਲੋਕ ਓਪਰੀ ਕਸਰ ਦਾ ਅਸਰ/ ਵਡੇਰਿਆਂ ਦੇ ਕੁਲਟਣ ਦਾ ਕਾਰਨ ਸਮਝਦੇ ਹਨ।ਪਰ ਵਿਗਿਆਨਕ ਚੇਤਨਾ ਵਾਲੇ ਲੋਕ ਇਸ ਨੂੰ ਕਿਸੇ ਪਰਿਵਾਰਕ ਮੈਂਬਰ ਦੀ ਸਮੱਸਿਆ ਸਮਝਦੇ ਹਨ ।ਮਾਨਸਿਕ ਰੋਗ ਮਾਹਰ ਡਾਕਟਰਾਂ,ਮਨੋਵਿਗਿਆਨੀਆਂ ਤੋਂ ਇਲਾਜ ਕਰਵਾਉਂਦੇ ਹਨ।

ਇਸ ਤਰ੍ਹਾਂ ਕੁਝ ਬੇਅਰਥ ,ਵੇਲਾ ਵਿਹਾਅ ਚੁੱਕੀਆਂ ਰਸਮਾਂ ਜਾਂ ਵਹਿਮ ਪੀੜ੍ਹੀ ਦਰ ਪੀੜ੍ਹੀ ਤੁਰਦੇ ਆ ਰਹੇ ਹਨ। ਜਿਵੇਂ ਤੁਰਨ ਲੱਗਿਆਂ ਛਿੱਕ ਵੱਜਣ ਨੂੰ ਬੇ ਸ਼ਗਨੀ , ਬਿੱਲੀ ਦੇ ਰਸਤਾ ਕੱਟਣ ਨੂੰ ਬੁਰਾ ਸਮਝਣਾ,ਇਸੇ ਤਰਾਂ ਨਵੀਂ ਬਣੀ ਇਮਾਰਤ , ਨਵੇਂ ਖਰੀਦੇ ਕਾਰ ,ਸਕੂਟਰ ਜਾਂ ਸੋਹਣੇ ਬੱਚੇ ਜਾਂ ਪਸ਼ੂ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਟੂਣੇ ਟਾਮਣ ਕਰਨਾ ,ਨਜ਼ਰ ਵੱਟੂ ਜਾਂ ਕਾਲਾ ਟਿੱਕਾ ਲਾਉਣਾ ਕੁੱਝ ਉਦਾਹਰਣਾਂ ਹਨ।

ਪਰ ਵਿਗਿਆਨਕ ਸੋਚ ਦੇ ਧਾਰਨੀ ਲੋਕ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਗਿਆਨਕ ਕਾਰਨ ਜਾਣਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਛਿੱਕ ਕਦੋਂ ਵੱਜਦੀ ਹੈ ਉਹ ਇਸ ਨੂੰ ਸ਼ੁਭ ਅਸ਼ੁਭ ਨਹੀਂ ਸਮਝਦੇ । ਉਨ੍ਹਾਂ ਨੂੰ ਪਤਾ ਹੈ ਕਿ ਬਿੱਲੀ ਦੇ ਸਰੀਰ ਵਿਚੋਂ ਕਿਸੇ ਕਿਸਮ ਦੀਆਂ ਵਿਕਿਰਣਾ ਨਹੀਂ ਨਿਕਲਦੀਆਂ। ਵਿਗਿਆਨ ਇਹ ਗੱਲ ਵੀ ਸਪੱਸ਼ਟ ਕਰ ਚੁੱਕਾ ਹੈ ਕਿ ਮਨੁੱਖ ਦੀਆਂ ਅੱਖਾਂ ਵਿੱਚੋਂ ਅਜਿਹੀ ਕੋਈ ਤਰੰਗ ਨਹੀਂ ਨਿਕਲਦੀ ਜਿਹੜੀ ਕਿਸੇ ਜਾਨਦਾਰ ਜਾਂ ਬੇਜਾਨ ਚੀਜ਼ ਤੇ ਅਸਰ ਪਾਉਂਦੀ ਹੋਵੇ।ਵਿਗਿਆਨਕ ਸੋਚ ਦੇ ਮਾਲਕ ਲੋਕ ਇਨ੍ਹਾਂ ਬੇਅਰਥ ਅੰਧ ਵਿਸਵਾਸ਼ਾਂ, ਵਹਿਮਾਂ ਭਰਮਾਂ ਤੋਂ ਮੁਕਤ ਹਨ ।

ਅੰਧਵਿਸ਼ਵਾਸੀ ਲੋਕ ਤਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਵੀ ਧਾਗੇ ਤਵੀਤਾਂ ਦਾ ਆਸਰਾ ਲੈਂਦੇ ਹਨ ,ਜਦ ਕਿ ਮੈਡੀਕਲ ਸਾਇੰਸ ਨੇ ਹਰ ਬੀਮਾਰੀ ਦੇ ਕਾਰਨ ਜਾਣ ਲਏ ਹਨ ।ਬਹੁਤ ਸਾਰੀਆਂ ਬਿਮਾਰੀਆਂ ਪਾਣੀ ਤੇ ਹਵਾ ਰਾਹੀਂ ਆਏ ਵਿਸ਼ਾਣੂਆਂ,ਕੀਟਾਊਣੀਆਂ ਜਾਂ ਜੀਵਾਣੂਆਂ ਰਾਹੀਂ ਲੱਗਦੀਆਂ ਹਨ । ਇਸ ਲਈ ਸ਼ੁੱਧ ਵਾਤਾਵਰਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਸ ਸਮੇਂ ਮਨ ਬੜਾ ਦੁਖੀ ਹੁੰਦਾ ਹੈ ਜਦੋਂ
ਜਦ ਇਹ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਲੋਕ ਆਪਣੀਆਂ ਹਰ ਕਿਸਮ ਦੀਆਂ ਬੀਮਾਰੀਆਂ ਦੀ ਮੁਕਤੀ ਲੋਹੇ ਦੇ ਭਾਂਡਿਆਂ ਨੂੰ ਵਰਤਣ ਵਿੱਚ ਸਮਝਦੇ ਹਨ ਜਾਂ ਲਕੜ ਦੇ ਗਲਾਸ ਵਿੱਚ ਪਾਣੀ ਪੀਣ ਵਿੱਚ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬੀਮਾਰੀਆਂ ਤੋਂ ਮੁਕਤੀ ਸਮਝ ਜਾਂਦੇ ਹਨ।

ਸਰਵ ਲੋਹੇ ਦੇ ਭਾਂਡੇ ਵੇਚਣ ਵਾਲਾ ਤੇ ਲੱਕਣ ਦੇ ਭਾਂਡੇ ਬਣਾ ਕੇ ਵੇਚਣ ਵਾਲੇ ਲੋਕਾਂ ਨੂੰ ਠੱਗ ਕੇ ਹਸ ਰਹੇ ਹੁੰਦੇ ਹਨ ਪਰ ਭੋਲੇ ਭਾਲੇ ਲੋਕ ਆਪਣੀ ਦਸਾਂ ਨਹੁੰਆਂ ਦੀ ਕਮਾਈ ਲੁੱਟਾ ਕੇ ਠੀਕ ਹੋਣ ਦਾ ਭਰਮ ਪਾਲ ਰਹੇ ਹੁੰਦੇ ਹਨ।ਪਿਛੇ ਜਿਹੇ ਸੰਗਰੂਰ ਨੇੜਲੇ ਪਿੰਡਾਂ ਵਿੱਚ ਅਜਿਹੇ ਚਾਲਬਾਜ਼ ਲੋਕਾਂ ਨੂੰ ਭਰਮਾ ਕੇ ਲੁੱਟਦੇ ਰਹੇ ਹਨ। ਆਪਣੇ ਬੰਦਿਆਂ ਰਾਹੀਂ ਝੂਠੀਆਂ ਵੀਡੀਓਜ਼ ਬਣਾ ਕੇ ਬੀਮਾਰੀਆਂ ਤੋਂ ਮੁਕਤੀ ਦਾ ਪ੍ਰਪੰਚ ਕਰ ਜਾਂਦੇ ਹਨ।ਬਹੁਤ ਵਾਰੀ ਅਜਿਹੇ ਚਾਲਬਾਜ਼ ਧਾਰਮਿਕ ਸਥਾਨਾਂ ਦਾ ਆਸਰਾ ਵੀ ਲੈ ਲੈਂਦੇ ਹਨ ।

ਅਖੌਤੀ ਸਿਆਣੇ ਪਸ਼ੂ ,ਪੰਛੀਆਂ ਜਾਂ ਬੱਚਿਆਂ ਦੀਆਂ ਬਲੀਆਂ ਦੇ ਕੇ ਗੰਭੀਰ ਸਰੀਰਕ ਮਾਨਸਿਕ ਬਿਮਾਰੀਆਂ ਅਤੇ ਘਰੇਲੂ ਦੁੱਖਾਂ ਤਕਲੀਫ਼ਾਂ ਤੋਂ ਨਿਜਾਤ ਮਿਲਣ ਵਿੱਚ ਵਿਸਵਾਸ਼ ਦਵਾਉਂਦੇ ਹਨ।।ਨੌਕਰੀ, ਧਨ ਆਦਿ ਦੀ ਪਰਾਪਤੀ ਲਈ ਜਦੋਂ ਇਹ ਲਾਈਲਗ ਲੋਕ ਤਾਂਤਰਿਕਾਂ ਦੇ ਭਰਮ ਜਾਲ ਵਿੱਚ ਫਸ ਕੇ, ਬਹਿਕਾਵੇ ਵਿੱਚ ਆ ਕੇ ਜਦ ਆਪਣਿਆਂ ਦੀ ਬਲੀ ਦੇਣ ਤੋਂ ਨਹੀਂ ਝਿਜਕਦੇ ਤਾਂ ਉਸ ਸਮੇਂ ਮਨੁੱਖਤਾ ਸ਼ਰਮਸਾਰ ਹੋ ਰਹੀ ਹੁੰਦੀ ਹੈ। ਇਹ ਲੋਕ ਮਨ ਦੀ ਖ਼ੁਸ਼ੀ ਅਤੇ ਘਰੇਲੂ ਖ਼ੁਸ਼ਹਾਲੀ ਦੀ ਪ੍ਰਾਪਤੀ ਲਈ ਜਾਗਰੂਕ ਹੋਣ ਤੇ ਦ੍ਰਿੜ ਇਰਾਦਾ ਰੱਖਣ ਦੀ ਥਾਂ ਅਖੌਤੀ ਕਰਮਕਾਂਡ ਰਾਹੀਂ ਝੂਠੇ ਚਮਤਕਾਰ ਦੀ ਆਸ ਵਿੱਚ ਰਹਿੰਦੇ ਹਨ ।

ਟੀਵੀ ਤੇ ਹੋਰ ਇਲੈਕਟ੍ਰਾਨਿਕ ਮੀਡੀਆ ਲੋਕਾਂ ਨੂੰ ਗਿਆਨਵਾਨ ਬਣਾਉਣ , ਜਾਗਰੂਕ ਕਰਨ, ਅੰਧਵਿਸ਼ਵਾਸ ਦੀ ਦਲਦਲ ‘ਚੋਂ ਕੱਢਣ ਦੀ ਥਾਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਕੇ ਲੋਕਾਂ ਦੀ ਸੋਚ ਨੂੰ ਖੁੰਢੀ ਕਰਨ ਚ ਲੱਗੇ ਹੋਏ ਹਨ। ਬਹੁਤ ਸਾਰੇ ਅੰਧ ਵਿਸਵਾਸ਼ੀ ,ਗੈਰ ਵਿਗਿਆਨਕ ਤੇ ਕਾਮ ਉਕਸਾਊ ਸੀਰੀਅਲ ਦਿਖਾ ਕੇ ਬੱਚਿਆਂ ਦੀ ਮਨੋਦਸ਼ਾ ਵਿਗਾੜੀ ਜਾ ਰਹੀ।

ਜਿੰਨ, ਚੁੜੇਲਾਂ ਭੂਤ ਪ੍ਰੇਤਾਂ ਦੀ ਹੋਂਦ ਨੂੰ ਸੱਚਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਦਾ ਯੁੱਗ ਕੰਪਿਊਟਰ ਯੁੱਗ ਹੈ ,ਵਿਗਿਆਨੀਆਂ ਨੇ ਕੁਦਰਤ ਦੇ ਬਹੁਤ ਸਾਰੇ ਰਹੱਸ ਜਾਣ ਲਏ ਹਨ ਤੇ ਰਹਿੰਦਿਆਂ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਹੈ। ਸੋ ਸਾਨੂੰ ਪੁਰਾਣੀਆਂ ਅਰਥਹੀਣ ਮਾਨਤਾਵਾਂ, ਤਰਕਹੀਣ ਵਿਚਾਰਾਂ ਨੂੰ ਤਿਆਗ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣਾ ਚਾਹੀਦਾ ਹੈ ਅਤੇ ਇਸ ਦੇਸ਼ ਦੇ ਭਵਿੱਖ ਬੱਚਿਆਂ ਨੂੰ ਵਿਗਿਆਨਕ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦ ਧਾਰਨੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ ।

ਵਿਗਿਆਨ ਦੀ ਮਹੱਤਵਪੂਰਨ ਖੋਜ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਇਸ ਵਿੱਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ ।ਸੋ ਇਨ੍ਹਾਂ ਨੂੰ ਆਪਣੇ ਫ਼ਰਜ਼ ਪਛਾਣਨੇ ਚਾਹੀਦੇ ਹਨ ।ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਹਰ ਬੁੱਧੀਜੀਵੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।ਸੋਚਣ ਢੰਗ ਵਿਗਿਆਨਕ ਬਣਾਉਣ ਤੋਂ ਬਿਨਾਂ ਸਾਡੇ ਭੋਲੇ ਭਾਲੇ ਲੋਕ ਇੰਨਾ ਢੌਂਗੀਆਂ ਦੇ ਫੈਲਾਏ ਮੱਕੜਜਾਲ ਵਿੱਚ ਫਸ ਕੇ ਲੁੱਟ ਕਰਵਾਉਂਦੇ ਰਹਿਣਗੇ।ਅਜ ਤੋਂ ਤਿੰਨ ਕੁ ਸਾਲ ਪਹਿਲਾਂ ਕਿਸੇ ਨੇ ਕਹਿ ਦਿਤਾ ਦਰੱਖਤਾਂ ਤੋਂ ਅਮ੍ਰਿਤ ਗਿਰ ਰਿਹਾ ਹੈ ਤਾਂ ਮੂੰਹ ਉਪਰ ਕਰਕੇ ਬੂੰਦਾਂ ਪੁਆਉਣੀਆਂ ਸੁਰੂ ਕਰ ਦਿਤੀਆਂ ,ਜਦ ਦੱਸਿਆ ਗਿਆ ਕਿ ਇਹ ਤਾਂ ਦਰੱਖਤਾਂ ਤੇ ਬੈਠੇ ਵੀਂਡੇ ਆਪਣੇ ਸਰੀਰ ਤੋਂ ਗੰਦੀਆਂ ਬੂੰਦਾਂ ਕੱਢ ਰਹੇ ਹਨ ਤਾਂ ਫਿਰ ਥੁੱਕਦੇ ਫਿਰਨ।

ਇਸ ਲਈ ਅਖੌਤੀ ਸਿਆਣੇ,ਤਾਂਤਰਿਕ ਕਿਸੇ ਨਾ ਕਿਸੇ ਢੰਗ ਰਾਹੀਂ ਲੋਕਾਂ ਨੂੰ ਲੁਟਣ ਲਈ ਜਾਲ ਵਛਾਉਂਦੇ ਰਹਿਣਗੇ ,ਲੋਕ ਲੁੱਟਟੇ ਰਹਿਣਗੇ।ਇਹ ਭਾਵੇਂ ਸਰਵ ਲੋਹ ਜਾਂ ਲੱਕੜ ਦੇ ਭਾਂਡੇ ਹੋਣ,ਖੰਭ ਲਾ ਕੇ,ਲੱਤ ਮਾਰ ਕੇ,ਜਲੇਬੀ ਖੁਆ ਕੇ,ਨਲਕੇ ਦਾ ਕਰਾਮਾਤੀ ਪਾਣੀ ਪਿਆ ਕੇ ਕਰਾਮਾਤੀ ਬਾਲੂ ਖੁਆਕੇ,ਸੋਟੀ ਮਾਰ ਕੇ,ਸਰੀਰ ਤੇ ਹੱਥ ਫੇਰ ਕੇ ਜਾਦੂ- ਟੂਣੇ, ਧਾਗੇ ਤਵੀਤਾਂ ਜੰਤਰ -ਮੰਤਰ ਰਾਹੀਂ ਹਰ ਬੀਮਾਰੀ ਨੂੰ ਠੀਕ ਕਰਨ ਦਾ ਭਰਮ ਪਾਲ ਕੇ ਸਾਡੇ ਲੋਕ ਲੁੱਟ ਦੇ ਸ਼ਿਕਾਰ ਹੁੰਦੇ ਰਹਿਣਗੇ।ਕਦੇ ਨੱਕ ਨਾਲ ਪੜ੍ਹਾਉਣ ਵਾਲੇ ਸਰਗਰਮ ਹੋਣਗੇ,ਇਨ੍ਹਾਂ ਸਭ ਭਰਮਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣਾ ਸੋਚਣਢੰਗ ਵਿਗਿਆਨਕ ਬਣਾਉਣਾ ਪਵੇਗਾ,ਵਿਗਿਆਨਕ ਚੇਤਨਾ ਵਿਕਸਤ ਕਰਨੀ ਪਵੇਗੀ , ਕਿਉਂਕਿ ਵਿਗਿਆਨ ਸੋਚ ਹੀ ਭਰਮ ਮੁਕਤ,ਲੁੱਟ ਰਹਿਤ ਤੇ ਚੰਗੇ ਸਮਾਜ ਦਾ ਰਾਹ ਦਸੇਰਾ ਹੈ।

ਮਾਸਟਰ ਪਰਮਵੇਦ
ਜੋਨ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

 

Previous articleਏਹੁ ਹਮਾਰਾ ਜੀਵਣਾ ਹੈ -191
Next articleਟੁੱਟੀ ਜੁੱਤੀ