ਪੁਸਤਕ ਦਾ ਨਾਂ – ਪਾਣੀ ‘ ਤੇ ਮੂਰਤ
ਗ਼ਜ਼ਲਕਾਰ – ਅਵਤਾਰ ਸਿੰਘ ਮਾਨ
ਪੰਨੇ – 104। ਕੀਮਤ – 200/- ਰੁਪਏ
ਪ੍ਰਕਾਸ਼ਕ – ਪ੍ਰੀਤ ਪਬਲੀਕੇਸ਼ਨਜ਼, ਨਾਭਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਅਜੋਕੇ ਸਮੇਂ ਦੇ ਦੌਰ ਵਿੱਚ ਨੌਜਵਾਨ ਪੀੜ੍ਹੀ ਕਾਵਿ ਦੀ ਗ਼ਜ਼ਲ ਵਿਧਾ ਨੂੰ ਜਿਆਦਾ ਅਪਣਾਉਣ ਅਤੇ ਪਸੰਦ ਕਰਨ ਲੱਗ ਪਈ ਹੈ। ਗ਼ਜ਼ਲ ਦੀਆਂ ਅਨੇਕਾਂ ਬਹਿਰਾਂ, ਵਿਧਾਨ ਅਤੇ ਪੁਸਤਕਾਂ ਉਪਲੱਭਧ ਹਨ। ਬਹੁਤ ਸਾਰੇ ਕਵੀ ਕਾਵਿ ਵਿਧਾ ਦੀ ਖੁੱਲੀ ਕਵਿਤਾ ਨੂੰ ਛੱਡ ਕੇ ਤੁੱਕਬੰਦੀ ਵਿਚ ਯਕੀਨ ਰੱਖਣ ਲਗੇ ਹਨ। ਪੁਰਾਣੀਆਂ ਪਰੰਪਰਾਵਾਂ ਤੋਂ ਬਹੁਤ ਅੱਗੇ ਨਿਕਲ ਗਏ ਹਨ।
ਅਵਤਾਰ ਸਿੰਘ ਮਾਨ ਵੀ ਆਪਣੀ ਨਵੀਂ ਕਿਰਤ ਗ਼ਜ਼ਲ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਨਾਲ ਸਾਂਝ ਪਾਈ ਹੈ ਹਾਲਾਂਕਿ ਉਸ ਨੇ ਕਈ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਹਾਜਰੀ ਲਵਾਈ ਹੈ। ਹਥਲਾ ਗ਼ਜ਼ਲ ਸੰਗ੍ਰਹਿ ‘ ਪਾਣੀ ‘ ਤੇ ਮੂਰਤ ‘ ਉਸ ਦਾ ਪਲੇਠਾ ਮੌਲਿਕ ਸੰਗ੍ਰਹਿ ਹੈ ਜਿਹੜਾ ਉਸ ਆਪਣੀ ਬੇਟੀ ਆਈਮਨ ਨੂੰ ਸਮਰਪਿਤ ਕੀਤਾ ਹੈ।
ਹਥਲੇ ਪਲੇਠੇ ਗ਼ਜ਼ਲ ਸੰਗ੍ਰਹਿ ਨੂੰ ਵਾਚਦਿਆਂ ਧਿਆਨ ਵਿੱਚ ਆਇਆ ਹੈ ਕਿ ਉਹ ਭਾਵੇਂ 1998 ਤੋਂ ਕਾਵਿ ਧਾਰਾ ਨਾਲ ਜੁੜਿਆ ਹੈ ਪਰ ਉਸ ਦੇ ਕਥਨ ਮੁਤਾਬਿਕ ਉਹ ਆਪਣੀ ਕਾਵਿ ਸਿਰਜਣਾ ਨੂੰ ਕਵਿਤਾ ਅਕਵਿਤਾ, ਗ਼ਜ਼ਲ ਅਗਜ਼ਲ ਮੰਨਦਾ ਹੈ। ਲੇਖਕ ਨੇ ਪਾਣੀ ਉਪਰ ਮੂਰਤ ਬਣਾਉਣ ਦਾ ਅਨੋਖਾ ਯਤਨ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਬੀਤੇ ਸਮੇਂ ਦੀ ਗੱਲ, ਕਿਸਾਨੀ ਦਾ ਪਹਿਲੂ, ਸੋਸ਼ਲ ਮੀਡੀਆ ਅਤੇ ਮੈਸੇਜ ਅਤੇ ਖੁੱਲ੍ਹੇ ਖ਼ਤਾਂ ਦਾ ਜ਼ਮਾਨਾ, ਘਰਾਂ ਵਿੱਚ ਚਲਦੀ ਸਿਆਸਤ, ਮਨੁੱਖੀ ਮੁਹੱਬਤ, ਨਫ਼ਰਤਾਂ, ਇਸ਼ਤਿਹਾਰ ਬਾਜੀ ਅਤੇ ਦਰ ਪੇਸ਼ ਮੁਸ਼ਕਲਾਂ, ਸੱਚ ਨੂੰ ਫਾਂਸੀ, ਫਿੱਕੇ ਤੇ ਓਪਰੇ ਹਾਸੇ ਦੀ ਗੱਲ ਕੀਤੀ ਹੈ।
ਪੁਸਤਕ ਵਿਚ ਚਾਰ ਸ਼ਿਅਰਾਂ ਦੀਆਂ ਬਹੁਤ ਗ਼ਜ਼ਲਾਂ ਸ਼ਾਮਲ ਹਨ ਜਿਥੋਂ ਤੱਕ ਗ਼ਜ਼ਲ ਨੂੰ ਪੰਜ ਸ਼ਿਅਰਾਂ ਤੋਂ ਤੇਰਾਂ ਸ਼ਿਅਰਾਂ ਤੱਕ ਸਹੀ ਮੰਨਿਆ ਗਿਆ ਹੈ। ਕਿਸੇ ਦੇ ਅਰਮਾਨਾਂ ਨੂੰ ਲਿਤਾੜ ਕੇ ਕਿਸੇ ਹੋਰ ਦਾ ਮਾਣ ਵਧਾਉਣ ਦੀ ਗੱਲ ਕਲੀ ਅਤੇ ਫੁੱਲ ਦੇ ਪ੍ਰਤੀਬਿੰਬ ਨਾਲ ਗੱਲ ਕੀਤੀ ਹੈ। ਮੁਸ਼ਕਿਲਾਂ ਦੇ ਲੜਨ ਲਈ ਹਿੰਮਤ ਰੱਖਣੀ ਪੈਂਦੀ ਹੈ। ਜ਼ਿੰਦਗੀ ਨੂੰ ਇਕ ਨਾਟਕ ਵਾਂਗ ਲੰਘਾਇਆ ਜਾ ਰਿਹਾ ਹੈ। ਪੁਸਤਕ ਵਿਚ ਰੁੱਖਾਂ ਨੂੰ ਕੱਟਣਾ ਵਾਤਾਵਰਨ ਨੂੰ ਗੰਧਲਾ ਕਰਨ ਜਿਹਾ ਹੈ ਅਤੇ ਪਾਣੀ ਦੀ ਮੱਹਤਤਾ ਗ਼ਜ਼ਲ ਰਾਹੀਂ ਪੇਸ਼ ਕੀਤੀ ਗਈ ਹੈ। ਸਮਾਜ ਵਿਚ ਧਰਮਾਂ ਦਾ ਰੌਲਾ ਪੈ ਰਿਹਾ ਹੈ ਪਰ ਆਦਮੀ ਕਿਧਰੇ ਨਜ਼ਰ ਨਹੀਂ ਆਉਂਦਾ। ਸਭ ਲੋਕ ਮਤਲਬੀ ਬਣ ਗਏ ਜਿਸ ਕਰਕੇ ਦੋਸਤ ਜਾਂ ਦੁਸ਼ਮਣ ਦੀ ਪਹਿਚਾਣ ਹੀ ਨਹੀਂ ਦਿੱਸਦੀ।
ਵਿਦੇਸ਼ਾਂ ਵਿਚ ਭੇਜੇ ਜਾ ਰਹੇ ਬੱਚਿਆਂ ਦੀ ਗੱਲ ਵੀ ਪੁਸਤਕ ਵੀ ਵਿਚਲੀ ਗ਼ਜ਼ਲ ਕਰਦੀ ਆਖਦੀ ਹੈ ਕਿ ਜਿਹੜੀ ਇਥੋਂ ਦੀ ਪਨੀਰੀ ਜਾਣੀ ਬੱਚਿਆਂ ਨਾਲ ਰੌਣਕਾਂ ਸਨ ਉਹ ਤਾਂ ਵਿਦੇਸ਼ਾਂ ਵਿੱਚ ਤੌਰ ਦਿੱਤੀ ਹੈ, ਹੁਣ ਘਰਾਂ ਅੰਦਰ ਉਦਾਸੀਆਂ ਡੇਰੇ ਲਾਈ ਬੈਠੀਆਂ ਹਨ। ਜਦੋਂ ਆਪਣੇ ਹੀ ਅਤਾ ਪਤਾ ਨਹੀਂ ਲੈਂਦੇ ਫਿਰ ਬਿਗਾਨਿਆਂ ਤੇ ਕੀ ਸ਼ਿਕਵੇ ਕਰਨੇ। ਪੁਸਤਕ ਦਾ ਸ਼ਿਅਰ ਦੇਖੋ –
” ਜਦੋਂ ਹੁਣ ਆਪਣੇ ਵੀ ਮਾਰ ਕੇ ਛਾਵੇਂ ਨਹੀਂ ਸੁੱਟਦੇ,
ਮਨਾ ਕਰਨਾ ਗਿਲਾ ਤੂੰ ਛੱਡ ਦੇ ਬੇਗਾਨਿਆਂ ਉੱਤੇ” (ਪੰਨਾ 45)
ਅੱਜ ਦੇ ਸਮੇਂ ਲੋਕਾਂ ਵਲੋਂ ਕੀਤੀ ਜਾਂਦੀ ਫਰਜੀ ਕਾਰਵਾਈ ਨੂੰ ਆਪਣੇ ਸ਼ਿਅਰ ਵਿੱਚ ਇੰਜ ਲਿਖਦਾ ਹੈ ਕਿ –
” ਸਟੇਟਸ ਹੰਝੂਆਂ ਭਿੱਜੀ ਇਮੋਜੀ ਦਾ ਲਗਾਇਆ ਹੈ,
ਬਹਾਨੇ ਨਾਲ ਉਹ ਵੀ ਵਿਛੜਿਆਂ ਨੂੰ ਯਾਦ ਕਰਦੇ ਨੇ।” (ਪੰਨਾ 54)
ਅੱਜ ਦੀ ਪਨੀਰੀ ਵਿਚ ਆਪਣੇ ਤੋਂ ਵੱਡਿਆਂ ਦੀ ਕਦਰ ਕਰਨ ਦੀ ਲਿਆਕਤ ਖਤਮ ਹੁੰਦੀਂ ਜਾ ਰਹੀ ਹੈ। ਸ਼ਾਇਰ ਨੂੰ ਮਹਿਬੂਬ ਦੇ ਵਾਅਦੇ ਸਰਕਾਰ ਦੇ ਲਾਰਿਆਂ ਵਰਗੇ ਲਗਦੇ ਨੇ। ਭਾਵ ਅੱਜ ਦੀ ਮੁਹੱਬਤ ਵਿਚ ਵੀ ਸਿਆਸਤ ਭਾਰੂ ਹੈ। ਉਹ ਆਪਣੇ ਇਕ ਗ਼ਜ਼ਲ ਦੇ ਸ਼ਿਅਰ ਵਿੱਚ ਇੰਜ ਲਿਖਦਾ ਹੈ –
” ਮੇਰੇ ਮਹਿਬੂਬ ਤੂੰ ਸਰਕਾਰ ਵਰਗਾ ਹੀ ਨਿਕੰਮਾ ਹੈਂ,
ਕਦੇ ਵਾਅਦਾ ਨਹੀਂ ਤੇਰਾ ਕੋਈ ਵੀ ਤੋੜ ਚੜ੍ਹਿਆ ਹੈ।” (ਪੰਨਾ 61)
ਇਸੇ ਤਰ੍ਹਾਂ ਗ਼ਜ਼ਲ ਦਾ ਇਕ ਸ਼ਿਅਰ ਬੰਦੇ ਨੂੰ ਹਿੰਮਤ ਅਤੇ ਸਿਰੜ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਹਰ ਔਖੇ ਵਸਤੂ ਸਿਰ ਤਲੀ ਤੇ ਧਰਨਾ ਜਰੂਰੀ ਹੈ, ਤਾਂ ਹੀ ਮੰਜ਼ਿਲ ਪ੍ਰਾਪਤ ਹੋ ਸਕਦੀ ਹੈ। ਸ਼ਿਅਰ ਦੇਖਣਾ –
” ਮਿਲੇਗੀ ਲਾਜ਼ਮੀ ਮੰਜ਼ਿਲ ਸ਼ੁਰੂ ਤਾਂ ਕਰ ਸਫ਼ਰ ਪਹਿਲਾਂ,
ਗਲੀ ਜੋ ਯਾਰ ਦੀ ਜਾਣਾ ਤਲੀ ‘ ਤੇ ਸਿਰ ਤਾਂ ਧਰ ਪਹਿਲਾਂ” (ਪੰਨਾ 90)
ਅੱਜ ਦੇ ਅਖ਼ਬਾਰਾਂ ਦੀ ਗੱਲ ਕਰਦੀ ਗਜ਼ਲ ਆਖਦੀ ਹੈ ਕਿ ਅਖ਼ਬਾਰਾਂ ਤਾਂ ਇਸ਼ਤਿਹਾਰਾਂ ਨਾਲ ਭਰੀਆਂ ਹੁੰਦੀਆਂ ਨੇ, ਖ਼ਬਰ ਕੋਈ ਮਿਲਦੀ ਨਹੀਂ ਕਿਉੰਕਿ ਅਖ਼ਬਾਰਾਂ ਵਿਚ ਖ਼ਬਰ ਤੋਂ ਜਿਆਦਾ ਇਸ਼ਤਿਹਾਰ ਦਿਸਦੇ ਹਨ। ਇਸ ਸੱਚਾਈ ਨੂੰ ਬਿਆਨ ਕਰਦਾ ਸ਼ਿਅਰ –
” ਇਸ਼ਤਿਹਾਰਾਂ ਨਾਲ ਭਰਿਆ ਅੱਜ ਦਾ ਅਖਬਾਰ ਹੈ,
ਦੇਖ ਲੈ ਤੂੰ ਏਸ ਵਿਚ ਆਈ ਖ਼ਬਰ ਕੋਈ ਨਹੀਂ।” (ਪੰਨਾ 97)
ਇਸ ਤੋਂ ਇਲਾਵਾ ਪੁਸਤਕ ਵਿਚ ਦੋ ਗ਼ਜ਼ਲਾਂ ਸਭ ਤੋਂ ਛੋਟੀ ਬਹਿਰ ਵਿਚ ਮਿਲਦੀਆਂ ਹਨ ਜਿਵੇਂ ਕਿ ਦਿਲ ਦੇ ਜਾਨੀ, ਮੰਗਦੇ ਗਈ ਅਤੇ ਪੀੜ ਪਰਾਈ, ਸੀਨੇ ਲਾਈ। ਆਦਿ। ਪੁਸਤਕ ਦਾ ਪਾਠ ਕਰਦਿਆਂ ਮੈਨੂੰ ਲੱਗਿਆ ਕਿ ਗ਼ਜ਼ਲਾਂ ਖੂਬਸੂਰਤੀ ਨਾਲ ਪੇਸ਼ ਕੀਤੀਆਂ ਹਨ ਪਰ ਫਿਰ ਵੀ ਇਸ ਗ਼ਜ਼ਲਕਾਰ ਨੂੰ ਅਜੇ ਹੋਰ ਮਿਹਨਤ ਦੀ ਲੋੜ ਹੈ। ਪਲੇਠੀ ਮੌਲਿਕ ਪੁਸਤਕ ਹੋਣ ਕਾਰਨ ਇਸ ਨੂੰ ਖੁਸ਼ ਆਮਦੀਦ ਆਖਣਾ ਬਣਦਾ ਹੈ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


