ਮੁਹਾਰਨੀ

ਜਸਵਿੰਦਰ ਸਿੰਘ ਜੱਸੀ

(ਸਮਾਜ ਵੀਕਲੀ)

ਊੜਾ ਉੱਠ ਸਵੇਰ ਨੂੰ, ਵੇਖ ਨਵੀਂ ਪ੍ਰਭਾਤ।
ਐੜਾ ਅੱਖਰ ਵਾਲੜੀ, ਮੰਗੀਂ ਹਰਦਮ ਦਾਤ।

ਈੜੀ ਇੱਕੋ ਰੱਬ ਹੈ, ਕਰ ਉਸਨੂੰ ਪ੍ਰਣਾਮ।
ਸੱਸਾ ਸਬਰ ਸੰਤੋਖ ਦਾ, ਭਰ ਭਰ ਪੀ ਲੈ ਜਾਮ‌‌।

ਹਾਹਾ ਹੁਕਮ ਹੈ ਮੰਨਣਾ, ਜਿਸ ਨੇ ਬਖਸ਼ੀ ਜਾਨ।
ਕੱਕਾ ਕਰ ਕੁਰਬਾਨ ਤੂੰ, ਉਸ ਤੋਂ ਕੁੱਲ ਜਹਾਨ।

ਖੱਖਾ ਖਸਮ ਨੂੰ ਛੱਡ ਕੇ, ਮੜ੍ਹੀਆਂ ਤੇ ਨਾ ਜਾਹ।
ਗੱਗਾ ਗੈਰਤਮੰਦ ਬਣ, ਰੁੱਖੀ ਮਿੱਸੀ ਖਾਹ।

ਘੱਘਾ ਘਰ ਵਿੱਚ ਬੈਠ ਕੇ, ਬਾਣੀ ਦਾ ਕਰ ਜਾਪ‌।
ਙੰਙਾ ਅੱਖਰ ਭੋਗਦਾ, ਅੱਜਕਲ੍ਹ ਹੈ ਸੰਤਾਪ।

ਚੱਚਾ ਚਾਦਰ ਵੇਖ ਕੇ, ਆਪਣੇ ਪੈਰ ਪਸਾਰ।
ਛੱਛਾ ਛੱਡ ਹੰਕਾਰ ਨੂੰ, ਅੰਦਰ ਝਾਤੀ ਮਾਰ।

ਜੱਜਾ ਜਾਣਾ ਛੱਡ ਕੇ, ਇਹ ਰੰਗਲਾ ਸੰਸਾਰ।
ਝੱਝਾ ਝੱਖੜ ਤੱਕ ਕੇ, ਹਿੰਮਤ ਨਾ ਤੂੰ ਹਾਰ।

ਞੰਞਾ ਖਤਮ ਹੈ ਹੋ ਰਿਹਾ, ਵਰਤੋਂ ਹੁੰਦੀ ਘੱਟ।
ਟੈਂਕਾ ਟੈਂ ਟੈਂ ਨਾ ਕਰੀਂ, ਦੁੱਖ ਤੋਂ ਪਾਸਾ ਵੱਟ।

ਠੱਠਾ ਠੰਡ ਵਰਤਾ ਸਦਾ, ਕੁੱਲ ਜ਼ਮਾਨਾ ਠਾਰ‌।
ਡੱਡਾ ਡੰਗ ਨਾ ਮਾਰ ਤੂੰ, ਸਭ ਨੂੰ ਵੰਡ ਪਿਆਰ।

ਢੱਢਾ ਢਾਰਸ ਦੇਵਣਾ, ਸੌਖਾ ਨਾ ਇਹ ਜਾਣ।
ਣਾਣਾ ਬਿਨ ਨਾ ਖਾਣ ਹੈ, ਨਾ ਤੇਰੀ ਪਹਿਚਾਣ।

ਤੱਤਾ ਤੱਤ ਸਭ ਜਾਣ ਕੇ, ਆਪਣਾ ਮੂਲ ਪਛਾਣ।
ਥੱਥਾ ਥੁੱਕ ਕੇ ਚੱਟਣਾ, ਮਰਦਾਂ ਦਾ ਨਾ ਮਾਣ।

ਦੱਦਾ ਦੁੱਧ ਦੀ ਧਾਰ ‘ਚੋਂ, ਮਿਲ਼ਦਾ ਕੋਹਿਨੂਰ।
ਧੱਧਾ ਧੋਖੇਬਾਜ਼ ਤੋਂ, ਰਹਿਣਾ ਕੋਹਾਂ ਦੂਰ।

ਨੱਨਾ ਨੈਣ ਬਚਾ ਸਦਾ, ਸਾਂਭੀਂ ਇਸਦਾ ਨੂਰ।
ਪੱਪਾ ਪਲੰਘ ਇਹ ਰੱਤੜਾ, ਛੱਡ ਜਾਣਾ ਹੈ ਦੂਰ।

ਫੱਫਾ ਫਰਸ਼ ਤੇ ਪਾਵਣਾ, ਜਮਾਂ ਨੇ ਪਾਉਣੀ ਮਾਰ।
ਬੱਬਾ ਬੰਦਿਆਂ ਵਾਂਗ ਤੂੰ, ਹੱਥੀਂ ਕਰ ਕੁਝ ਕਾਰ‌।

ਭੱਭਾ ਭੁੱਖਾਂ ਮਾਰ ਕੇ, ਤੱਕ ਆਪਣਾ ਪਰਿਵਾਰ।
ਮੰਮਾ ਮਰਦ ਦਲੇਰ ਜੋ, ਲੈਂਦੇ ਸਭਦੀ ਸਾਰ।

ਯੱਯਾ ਯੱਕ ਨਾ ਮਾਰ ਤੂੰ, ਲੋਕਾਂ ਦੇ ਵਿਚਕਾਰ।
ਰਾਰਾ ਰੱਬ ਬਣਾਂਵਦਾ, ਕਰ ਇਸਦਾ ਸਤਿਕਾਰ।

ਲੱਲਾ ਲੁੱਟ ਕੇ ਖਾਵਣਾ, ਕਰਦੈਂ ਜਿਸ ‘ਤੇ ਮਾਣ।
ਵਾਵਾ ਵਗਣੀ ‘ਵਾ ਜਦੋਂ, ਹੋ ਜਾਣਾ ਹੈ ਘਾਣ।

ੜਾੜਾ ਅੱਖਰ ਆਖ਼ਰੀ, ਪੂਰਾ ਹੋਇਆ ਕਾਮ।
“ਜੱਸੀ” ਸ਼ਾਇਰ ਬਣ ਗਿਆ, ਖ਼ੂਬ ਕਮਾਇਆ ਨਾਮ।.

ਜਸਵਿੰਦਰ ਸਿੰਘ ‘ਜੱਸੀ’

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਕੁਦਰਤੀ ਬਾਤਾਂ)
Next articleਚਲੰਤ ਮਾਮਲਿਆਂ ਤੇ ਲਿਖਣ ਵਾਲਾ ਕਵੀ ਕਰਨੈਲ ਅਟਵਾਲ