ਚਲੰਤ ਮਾਮਲਿਆਂ ਤੇ ਲਿਖਣ ਵਾਲਾ ਕਵੀ ਕਰਨੈਲ ਅਟਵਾਲ

ਕਰਨੈਲ ਅਟਵਾਲ

(ਸਮਾਜ ਵੀਕਲੀ)

ਮੇਰੇ ਪਿਆਰੇ ਪਾਠਕੋ ਅੱਜ ਗੱਲ ਕਰਦੇ ਹਾਂ, ਚਲੰਤ ਮਾਮਲਿਆਂ ਤੇ ਲਿਖਣ ਵਾਲੇ ਕਵੀ ਕਰਨੈਲ ਅਟਵਾਲ ਦੀ। ਉਹਨਾਂ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਅਖੀਰਲੇ ਪਿੰਡ ਕਣਕਵਾਲ ਚਹਿਲਾਂ ਵਿੱਚ ਮਾਤਾ ਸ੍ਰੀਮਤੀ ਜਲ ਕੌਰ ਅਤੇ ਪਿਤਾ ਸ: ਗੋਂਦਾ ਸਿੰਘ ਜੀ ਦੇ ਘਰ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਸਾਹਿਤ ਸਫ਼ਰ ਦੀ ਰੇਡੀਓ ਦੇ ਮਸ਼ਹੂਰ ਪ੍ਰੋਗਰਾਮ “ਦੇਸ਼ ਪੰਜਾਬ” ਦੇ ਵਿੱਚ ਚਿੱਠੀਆਂ ਲਿਖਦੇ-ਲਿਖਦੇ ਪਤਾ ਹੀ ਨਹੀਂ ਲੱਗਾ, ਉਹਨਾਂ ਦੀ ਇਨਕਲਾਬੀ ਕਲਮ ਕਦੋਂ ਕਵਿਤਾਵਾਂ ਤੇ ਗ਼ਜ਼ਲਾਂ ਦੇ ਰੂਪ ਵਿੱਚ ਕਾਗਜ਼ ਦੀ ਹਿੱਕ ਤੇ ਉਕਰਨ ਲੱਗੀ। ਗੱਲ 1995 ਦੀ ਹੈ ਜਦੋਂ ਉਹ ਆਪਣੀ ਰਚਨਾ ਕਿਸੇ ਅਖਬਾਰ ਨੂੰ ਭੇਜਣ ਲਈ ਲਿਖ ਰਹੇ ਸੀ, ਤਾਂ ਇੱਕ ਗੁਆਂਢਣ ਨੇ ਉਹਨਾਂ ਦੀ ਮਾਂ ਨੂੰ ਆ ਕੇ ਪੁੱਛਿਆ ਕਿ ਤੁਹਾਡਾ ਮੁੰਡਾ ਕਾਗਜ਼ ਤੇ ਰੋਜ਼ ਹੀ ਕੀ ਲਿਖਦਾ ਰਹਿੰਦਾ ਹੈ, ਤਾਂ ਉਹਨਾਂ ਦੀ ਮਾਂ ਨੇ ਜਵਾਬ ਦਿੱਤਾ, ਇਹ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਮੈਨੂੰ ਜ਼ਰੂਰ ਯਕੀਨ ਹੈ ਕਿ ਇਹ ਕਦੇ ਵੀ ਕੁੱਝ ਵੀ ਗਲਤ ਨਹੀਂ ਲਿਖ ਸਕਦਾ।

ਮਾਂ ਦੀ ਇਸ ਹੱਲਾਸ਼ੇਰੀ ਤੋਂ ਬਾਅਦ ਉਹਨਾਂ ਨੇ ਕਦੇ ਮੁੜਕੇ ਪਿੱਛੇ ਨਹੀਂ ਵੇਖਿਆ।ਉਹਨਾਂ ਦੀਆਂ ਮਿਆਰੀ ਰਚਨਾਵਾਂ ਤਕਰੀਬਨ ਪੰਜਾਬ ਦੇ ਸਾਰੇ ਅਖਬਾਰਾਂ ਤੇ ਰਸਾਲਿਆਂ ਵਿੱਚ ਅਕਸਰ ਹੀ ਛਪਦੀਆਂ ਰਹਿੰਦੀਆਂ ਹਨ, ਉਸ ਤੋਂ ਇਲਾਵਾ ਉਹਨਾਂ ਦੀ ਸਾਂਝੀ ਕਿਤਾਬ “ਕਾਵਿ ਰਿਸ਼ਮਾਂ” ਵੀ ਛਪ ਚੁੱਕੀ ਹੈ। ਹੁਣ ਉਹ ਆਪਣੀ ਪਲੇਠੀ ਕਿਤਾਬ ਦੀ ਤਿਆਰੀ ਕਰ ਰਹੇ ਹਨ, ਜੋ ਕਿ ਕੁੱਝ ਸਮੇਂ ਤੱਕ ਪਾਠਕਾਂ ਦੇ ਰੂਬਰੂ ਹੋਵੇਗੀ। ਪਾਠਕੋ ਏਥੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਹ ਦੂਰਦਰਸ਼ਨ ਡੀ.ਡੀ.ਪੰਜਾਬੀ ਜਲੰਧਰ ਦੇ ਮਸ਼ਹੂਰ ਪ੍ਰੋਗਰਾਮ “ਗੱਲਾਂ ਤੇ ਗੀਤ” ਵਿੱਚ 2015 ਤੇ 2018 ਦੇ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਹੁਣ ਆਪਾਂ ਉਹਨਾਂ ਦੀਆਂ ਰਚਨਾਵਾਂ ਦਾ ਆਨੰਦ ਮਾਣਦੇ ਹਾਂ, ਜੋ ਕਿ ਹੁਣ ਸਾਂਝੇ ਪਰਿਵਾਰ ਖੇਰੂੰ- ਖੇਰੂੰ ਹੋ ਰਹੇ ਹਨ, ਜੋ ਕਿ ਟੁੱਟੇ ਪਰਿਵਾਰਾਂ ਨੂੰ ਜੋੜਨ ਲਈ ਸੇਧ ਦਿੰਦੀ ਹੈ। ਉਹਨਾਂ ਦੀ ਕਲਮ ਦੇ ਕੁੱਝ ਰੰਗ-

“ਵੇਲਾ ਸੰਭਾਲ ਲਈਏ

ਆਓ ਘਰਾਂ ਨੂੰ ਪਰਤ ਚੱਲੀਏ,
ਭਾਵੇਂ ਕੁੱਝ ਦੇਰ ਸਵੇਰ ਹੋ ਗਈ।

ਟੱਬਰ ਸਾਂਝੇ, ਮੁੜ ਕਰ ਲਈਏ,
ਇਕੱਲਿਆਂ ਦੀ ਜ਼ਿੰਦਗੀ ਹਨੇਰ ਹੋ ਗਈ।

ਖੁਸ਼ੀਆਂ ਖੇੜੇ ਅਲੋਪ ਹੋ ਗਏ,
ਜਦੋਂ ਦੀ ਬਹੁਤੀ ਮੇਰ ਤੇਰ ਹੋ ਗਈ।

ਨਾਲ ਕਿਸੇ ਦੇ ਕੁੱਝ ਨਹੀਂ ਜਾਣਾ,
ਜਦੋਂ ਜਿੰਦ ਮਿੱਟੀ ਦੀ ਢੇਰ ਹੋ ਗਈ।

ਦਿਲਾਂ ‘ਚ ਸਾਂਝਾ ਉਜਾਗਰ ਕਰੀਏ,
ਫਿਰ ਖੁਸ਼ੀ ਹੀ ਚਾਰ ਚੁਫ਼ੇਰ ਹੋ ਗਈ।

ਮੁੜ ਕਦੇ, ਇਕੱਠੀ ਹੋਣੀ ਨਹੀਂਓ,
ਜੇ ਰੇਤ ਹੱਥਾਂ ਚੋਂ ਕੇਰ ਹੋ ਗਈ।

‘ਅਟਵਾਲ’ ਅਜੇ ਵੀ ਵੇਲਾ ਸੰਭਾਲ ਲਈਏ,
ਕੀ ਹੋਇਆ ਜੇ ਕੁੱਝ ਦੇਰ ਹੋ ਗਈ।”

ਗ਼ਜ਼ਲ

“ਉੱਠ ਜ਼ਿੰਦੇ ਕੋਈ ਨਗਮਾ ਛੇੜ ਪਿਆਰ ਦਾ,
ਇਹ ਬੀਤਦਾ ਜਾਂਦੈ ਸਮਾਂ ਤੈਨੂੰ ਪੁਕਾਰ ਦਾ।

ਪਲ-ਪਲ ਜ਼ਿੰਦਗੀ ਕਰਵਟ ਬਦਲਦੀ ਰਹਿੰਦੀ ਏ,
ਹਰ ਸ਼ਖਸ ਨੂੰ ਕਰਨਾ ਪੈਂਦਾ ਸਾਹਮਣਾ ਜਿੱਤ-ਹਾਰ ਦਾ।

ਪੱਤਝੜ ਦੇ ਵਿੱਚ ਵੀ ਜਿਉਂਣਾ ਸਿੱਖ ਲੈ ਤੂੰ,
ਐਪਰ ਮਨੋਂ ਨਾ ਵਿਸਾਰੀ ਕਦੇ ਵੀ ਚੇਤਾ ਬਹਾਰ ਦਾ।

ਰਾਜੇ ਰੌਣੇ ਆ ਕੇ ਕੂਚ ਜਹਾਨੋਂ ਕਰ ਗਏ ਨੇ,
ਮੁੱਲ ਸਦਾ ਹੀ ਪੈਂਦਾ ਏ ਸੱਚੇ-ਸੁੱਚੇ ਕਿਰਦਾਰ ਦਾ।

ਕਾਲੇ ਗੋਰੇ ਚਿੱਟੇ ਸਭ ਰੰਗ ਹੈਨ ਉਸ ਕੁਦਰਤ ਦੇ,
ਹਰ ਵਕਤ ਹੀ ਲੋਚ ਦਾ ਰਹਿ ਭਲਾ ਸਮੁੱਚੇ ਸੰਸਾਰ ਦਾ।

ਜੋ ਹਰ ਵੇਲੇ ਆਪਣੇ ਹੀ ਰੋਣੇ ਧੋਣੇ ਰੋਂਦਾ ਰਹੇ,
ਉਹ ਬੰਦਾ ਕਦੇ ਵੀ, ਕਿਸੇ ਦਾ ਕੁੱਝ ਨਾ ਸਵਾਰ ਦਾ।

ਭੁੱਲ ਕੇ ਵੀ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਈ ਨਾ,
‘ਅਟਵਾਲ’ ਦੁਸ਼ਮਣਾਂ ਦਾ ਵੀ ਰਹੀ ਹਮੇਸ਼ਾ ਸੀਨਾ ਠਾਰ ਦਾ।”

ਹੁਣ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ,ਬੇਟੀ ਰਣਦੀਪ ਕੌਰ ਅਤੇ ਬੇਟਾ ਹਰਵੀਰ ਸਿੰਘ ਹਨ। ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ। ਉਹਨਾਂ ਦਾ ਪਰਿਵਾਰ ਇੱਕ ਗਰੁੱਪ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਅਟਵਾਲ ਦੀ ਕਲਮ ਵਿਚ ਬਹੁਤ ਨਿਖਾਰ ਹੈ ਲੱਗਦਾ ਹੈ ਕਿ ਬਹੁਤ ਜਲਦੀ ਪਹਿਲੀ ਕਤਾਰ ਦੇ ਕਵੀ ਬਣ ਜਾਣਗੇ।ਮੈਂ ਦੁਆ ਕਰਦਾ ਹਾਂ ਕਿ ਇਹਨਾਂ ਦੀ ਇਨਕਲਾਬੀ ਕਲਮ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੀ ਰਹੇ-ਆਮੀਨ ।

ਰਮੇਸ਼ਵਰ ਸਿੰਘ

ਸੰਪਰਕ-9914880392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹਾਰਨੀ
Next articleਓਂਟਾਰੀਓ ਫਰੈਂਡ ਕਲੱਬ ਵੱਲੋ ਜੀਵਨ ਜਾਂਚ ਵਿਸੇ ਤੇ ਸੈਮੀਨਾਰ