(ਸਮਾਜ ਵੀਕਲੀ)
ਰੰਗੀਆਂ ਰੰਗਾਈਆਂ ਰਹਿ ਗਈ ਆਂ ਵੇ,ਤੇਰੇ ਪੱਗ ਨਾਲ ਦੀਆਂ ਚੁੰਨੀਆਂ ਵੇ।
ਇਸ ਸਮੇਂ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਐ। ਕਦੇ ਕਦੇ ਇਉ ਲੱਗਦੇ। ਜਿਵੇਂ ਕੋਈ ਕਹੇ “ਨੀ ਮੈਂ ਹਾਰ ਕਿ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ।” ਹੁਣ ਚੱਬਣ ਨੂੰ ਮੂੰਗਫਲੀ ਤੇ ਛੋਲੇ ਵੀ ਹੁੰਦੇ ਨੇ। ਪਰ ਉਹ ਗੱਲ ਨਹੀਂ ਬਣਦੀ ਜੋ ਅੱਕ ਚੱਬਣ ਨਾਲ ਬਣਦੀ ਹੈ । ਛੋਲਿਆਂ ਦੀ ਦਾਲ ਵੀ ਹੁਣ ਲੰਗਰ ਵਿੱਚ ਈ ਮਿਲਦੀ ਐ।
ਕੀ ਫਾਇਦਾ ਹੋਇਆ ਸਭਾ ਦੀਆਂ ਵੋਟਾਂ ਬਣਾਈਆਂ ਦਾ। ਸਾਹਿਤ ਦੇ ਮੱਠ ਦੀ ਚੌਧਰ ਲੈਣੀ ਕਿਹੜਾ ਹੁਣ ਸੌਖੀ ਐ। ਅਗਲੇ ਗੋਡਣੀਆਂ ਲਵਾ ਦੇਂਦੇ ਆ। ਇਸ ਬਾਰ ਸਾਡੀਆਂ ਵੀ ਗੋਡਣੀਆਂ ਹੀ ਲੱਗੀਆਂ ਨੇ ।
ਅਸੀਂ ਤੇ ਸੋਚਿਆ ਕਿ ਲੋਕ ਸਾਹਿਤ ਪੜ੍ਹ ਕੇ ਸਿਆਣੇ ਹੋਣਗੇ। ਪਰ ਕੰਮ ਉਲਟ ਹੋ ਗਿਆ। ਲੋਕ ਤਾਂ ਸਿਆਣੇ ਹੋ ਗਏ ਤੇ ਅਸੀਂ ਚੌਧਰ ਲਈ ਸਭ ਹੱਦਾਂ ਲੰਘਣ ਲੱਗੇ। ਸਾਡੇ ਤੇ ਸਿਆਸੀ ਬੰਦਿਆਂ ਵਿੱਚ ਕੋਈ ਫਰਕ ਹੀ ਨਾ ਰਿਹਾ । ਓਹੀ ਹੇਰਾਫੇਰੀ, ਜੋੜ ਤੋੜ ਤੇ ਲੈਣ ਦੇਣ ਕਰਨਾ ਪਿਆ ।
ਪੰਜਾਬ ਅੱਜਕੱਲ੍ਹ ਕਈ ਤਰ੍ਹਾਂ ਦੇ ਮਾਫ਼ੀਆ ਦੇ ਸਿਕੰਜੇ ਹੇਠ ਰੀਂਗ ਰਿਹਾ ਹੈ। ਇਹ ਮਾਫ਼ੀਆ ਕਿੱਧਰੇ ਨਜ਼ਰ ਤਾਂ ਨਹੀਂ ਆਉਂਦਾ ਪਰ ਜਦੋਂ ਕਿੱਧਰ ਘਟਨਾ ਵਾਪਰਦੀ ਹੈ, ਉਦੋਂ ਹੀ ਪਤਾ ਲਗਦਾ ਹੈ। ਇਹ ਹਰ ਤਰ੍ਹਾਂ ਦਾ ਮਾਫ਼ੀਆ ਏਨਾਂ ਕਿਉਂ ਸਰਗਰਮ ਹੋਇਆ ਹੈ? ਰੱਬ ਜਾਣਦਾ ਹੁੰਦਾ ਜਾਂ ਸਮੇਂ ਦੀ ਸਰਕਾਰ ?
ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਵੇਲੇ ਹੀ ਸ਼ੁਰੂ ਹੋ ਗਈ ਸੀ। ਹੁਣ ਇਹ ਖਾਨਦਾਨੀ ਬੀਮਾਰੀ ਵਾਂਗ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ। ਇਸ ਬੀਮਾਰੀ ਤੋਂ ਹੁਣ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ, ਕਿਉਂਕਿ ਇਹਨਾਂ ਦਾ ਦੋਹਾਂ ਕੰਮ ‘ਲੁੱਟਣਾ’, ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨੇਰ ‘ਚ ਤੇ ਸਾਧ ਚਾਨਣ ਦੀ ਆੜ ‘ਚ ਲੁੱਟਦਾ ਹੈ।
ਲੁੱਟਮਾਰ ਤਾਂ ਲੋਕਾਂ ਦੀਆਂ ਭਾਵਨਾਵਾਂ ਦੀ ਸਾਹਿਤਕਾਰ ਵੀ ਕਰਦੇ ਹਨ ਪਰ ਇਹਨਾਂ ਦਾ ਪਤਾ ਨਹੀਂ ਲੱਗਦਾ । ਇਹ ਵਿੱਚ ਕਈ ਤਰ੍ਹਾਂ ਦੇ ਸਾਹਿਤਕਾਰ ਹੁੰਦੇ ਹਨ । ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੀ ਸੇਵਾਦਾਰ ਅਖਵਾਉਂਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ ‘ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ’ ਦੀ ਸੇਵਾ ਵੱਧ ਕਰਦੇ ਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਹਨਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ। ਤਾਂ ਮੱਠ ਦੇ ਕਬਜ਼ਾਧਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕ-ਬੱਸਾਂ ਉਪਰ ਲੱਦ ਕੇ ‘ਵੋਟਰਾਂ’ ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਦੀ ਅੰਡਰ ਗਰਾਊਂਡ ਹੋ ਜਾਂਦੀਆਂ ਹਨ।
ਹਰ ਮੱਠ ਕੋਈ ਨਾ ਕੋਈ ਸਾਹਿਤਕ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ। ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ ‘ਲੱਕਾ ਕਬੂਤਰ’ ਭਾਲ ਲੈਂਦੇ ਹਨ, ਜਿਹੜਾ ਇਹਨਾਂ ਦੇ ਇਸ਼ਾਰੇ ‘ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਕਬੂਤਰ ਨੂੰ ਚੋਗਾ ਹੀ ਨਹੀਂ ਪਾਉਂਦੇ ਸਗੋਂ ਉਸ ਦਾ ਮਾਸ ਖਾਣ ਤੱਕ ਜਾਂਦੇ ਹਨ। ਜੇ ਕਿਤੇ ਕੋਈ ‘ਕਬੂਤਰੀ’ ਹੋਵੇ ਫਿਰ ਤਾਂ ਇਹ ਡੰਡੋਤ ਵੀ ਕਰਦੇ ਹਨ। ਸਪੇਰੇ ਵਾਂਗ ਬੀਨ ਵਜਾਉਂਦੇ ਨੇ ਉਸ ਦੇ ਸੋਹਿਲੇ ਗਾਉਂਦੇ ਨੇ। ਮੀਡੀਆ ਵਿੱਚ ਚਰਚਾ ਕਰਵਾਉਂਦੇ ਨੇ ।
ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਪੁਰਸਕਾਰ ਵੰਡਦੇ ਹਨ। ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲੇ ਆਪੋ ਆਪਣੇ ਚਹੇਤੇ ਚਹੇਤੀਆਂ ਨੂੰ ਪੁਰਸਕਾਰ ਦੇ ਕੇ ਬਾਹਰ ਵਿਦੇਸ਼ਾਂ ਦਾ ਟੂਰ ਕਰਦੇ ਹਨ ਤੇ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਕੇ ਪੈ ਗਿਆ। ਜਦੋਂ ਪੁਜਾਰੀ ਬੀਮਾਰ ਹੋਵੇ ਫਿਰ ਕਿਸ ਨੇ ਪੁਛਣਾ ਸੀ ਕਿ ਵਿਦੇਸ਼ ‘ਚ ਕੀਤੀ ਗਜਾ ਦਾ ਹਿਸਾਬ ਕਿਤਾਬ।
ਖੈਰ ਪੁਰਸਕਾਰ ਹਾਸਲ ਕਰਨ ਦੀ ਦੌੜ ਵਿੱਚ ਕਈ ਤਾਂ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਤੋਂ ਵਧੇਰੇ ਪੱਲਿਓਂ ਖ਼ਰਚ ਕਰ ਦੇਂਦੇ ਹਨ। ਉਹ ਪੁਰਸਕਾਰ ਪ੍ਰਾਪਤ ਕਰਨ ਲਈ ਹਰ ਤਰਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਉਹ ਪੁਰਸਕਾਰ ਲੈਣ ਲਈ ਕੀ ਕੀ ਕਰਦੇ ਹਨ ? ਇਹ ਤਾਂ ਉਹ ਹੀ ਜਾਣਦੇ ਹਨ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ।
ਜਦੋਂ ਮੱਠ ਪੁਰਸਕਾਰ ਦੇਣ ਲਈ ਨਾਵਾਂ ਦੀ ਭਾਲ ਕਰਦੇ ਹਨ ਤਾਂ ਪੁਰਸਕਾਰ ਹਥਿਆਉਣ ਵਾਲੇ ਕਈ ਤਰਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲੀ ਅੱਡ ਕੇ, ਕੋਈ ਡੰਡੋਤ ਕਰਦਾ ਹੈ। ਕੋਈ ਹੋਰ ਢੰਗ ਤਰੀਕਾ ਵਰਤਦਾ ਹੈ। ਪਹਿਲਾਂ ਅਗਲਾ ਮਿੰਨਤ ਤਰਲਾ ਕਰਦਾ ਹੈ ਜੇ ਲਿਸਟ ‘ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗ ਅਰਾਟ ਪਾਉੁਂਦਾ ਹੈ। ਉਸ ਦਾ ਇਹ ਅਰਾਟ ਜਦੋਂ ਕੋਈ ਸੁਣਦਾ ਨਹੀਂ ਤਾਂ ਉਹ ਕੁੱਤੇ ਵਾਂਗ ਆਪਣੇ ਕੀਤੇ ਜ਼ਖ਼ਮਾਂ ਨੂੰ ਆਪਣੀ ਹੀ ਜੀਭ ਨਾਲ ਚੱਟਣ ਲੱਗਦਾ ਹੈ ਤੇ ਫੇਰ ਜੁਆਕਾਂ ਵਾਂਗ ਰੋਣ ਲਗਦਾ ਹੈ। ਇਹ ਵੀ ਆਪਣੀ ਕਿਸਮ ਦਾ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ, ਕੋਈ ਧਨ ਤੇ ਕੋਈ ਜਜ਼ਬਾਤਾਂ ਤੇ ਭਾਵਨਾਵਾਂ ਦਾ ਢੰਗ ਤਰੀਕਾ ਵਰਤਦਾ ਹੈ।
ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਚਾਰੇ ਪਾਸੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਹਨਾਂ ਨੂੰ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਉਨਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਕੰਮ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਂਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲੇਖਕ, ਲੇਖਿਕਾ ਨੂੰ ਅਸਮਾਨ ‘ਤੇ ਚਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲੇ ਪਰਵਾਸੀ ਲੇਖਕਾਂ ਤੇ ਖਾਸਕਰ ‘ਬੀਬੀਆਂ ‘ ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛੱਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ ‘ ਕਬੂਤਰ ਕਬੂਤਰੀ ‘ ਛੱਤਰੀ ਉਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ ਪੁਸਤਕ ਵੀ ਨਾ ਹੋਵੇ ਤਾਂ ਇਹ ਦਿਨਾਂ ਵਿਚ ਹੀ ਪੁਸਤਕ ਦਾ ਪ੍ਰਬੰਧ ਕਰ ਲੈਂਦੇ ਹਨ। ਝੱਟ – ਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲਿਆਂ ਨੇ ਕਈ ‘ਬੀਬੀਆਂ ‘ ਨੂੰ ਸਾਹਿਤ ਦੇ ਮੈਦਾਨ ਵਿਚ ਲਾਂਚ ਵੀ ਕੀਤਾ ਹੈ। ਉਨਾਂ ਨੂੰ ‘ਪੰਜਾਬ ਦੀ ਧੀ’ ਪੁਰਸਕਾਰ ਵੀ ਦਿੱਤਾ ਹੈ।
ਇਨਾਂ ਮੱਠ ਵਾਲਿਆਂ ਦਾ ਪ੍ਰਕਾਸ਼ਕਾਂ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁਗੱਣੇ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਦਾ ਫੇਰ ਮੁੱਲ ਵੱਟਦੇ ਹਨ। ਇਹਨਾਂ ਪ੍ਰਕਾਸ਼ਕਾਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ ਸਬੰਧ ਹੁੰਦਾ ਹੈ। ਇਹ ਕਮੇਟੀ ਵਾਲੇ ਉਸ ਪ੍ਰਕਾਸ਼ਕ ਦੀ ਕੋਈ ਨਾ ਕੋਈ ਪੁਸਤਕ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਪ੍ਰਕਾਸ਼ਕਾਂ ਦਾ ਕਈ ਵਰੇ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ ‘ ਮਾਂ ਬੋਲੀ ਦੇ ਸੇਵਾਦਾਰ ‘ ਹਰ ਸਾਲ ਆਪਣੀ ਝੋਲੀ ਭਰਦੇ ਰਹਿੰਦੇ ਹਨ। ਇਹਨਾਂ ਦਾ ਆਪਣਾ ਹੀ ਨੈਟਵਰਕ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ ‘ ਸਰਬੋਤਮ ਪ੍ਰਕਾਸ਼ਕ’ ਦਾ ਪੁਰਸਕਾਰ ਵੀ ਢੁੱਕ ਲੈਂਦੇ ਹਨ।
ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਮੱਠ ‘ਤੇ ਕਿਸੇ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ ਜੇ ਕਦੇ ਕਿਸੇ ਚੋਣ ਵਿਚ ਹਾਰ ਦੀ ਹਾਲਤ ਬਣ ਜਾਵੇ ਇਹ ਪਾਸਾ ਬਦਲਣ ਲੱਗੇ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗ ਪੱਗ ਬਦਲਕੇ ਦੂਜੇ ਪਾਸੇ ਜਾ ਹੱਥ ਮਿਲਾਉੁਂਦੇ ਹਨ ਤਾਂ ਕਿ ਮੱਠ ‘ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਉਂਝ ਇਹ ਮੱਠ ਹਰ ਸਾਲ ਆਪੋ ਅਪਣੇ ਚਹੇਤਿਆਂ ਦੀਆਂ ਵੋਟਾਂ ਬਣਾਉੁਂਦੇ ਰਹਿੰਦੇ।ਹਨ ਤਾਂ ਕਿ ਮੱਠ ਵਿਚ ਧੜਾ ਭਾਰੂ ਰਹੇ।
ਮੱਠ ਦੇ ਪੁਜਾਰੀ ਹਰ ਸਾਲ ਠੰਢੇ ਮੁਲਕਾਂ ਵਿਚ ”ਮਾਂ ਬੋਲੀ’ ਦੀ ਸੇਵਾ ਲਈ ਉਗਰਾਈ ਉੱਤੇ ਜਾਂਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ, ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਨੂੰ ਇਹ ‘ਮਾਂ ਬੋਲੀ’ ਦੇ ਪੁਜਾਰੀ ਭਰਮਾਉਂਦੇ ਹਨ, ‘ਮਾਂ ਬੋਲੀ ‘ ਮਰ ਰਹੀ ਹੈ, ਦਾ ਵਾਸਤਾ ਪਾਉਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਵਾਉਂਦੇ ਹਨ ਤੇ ਇਧਰ ਆ ਕੇ ਮਾ ਬੋਲੀ ਦੇ ਨਾਂ ‘ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਮਾਲ ਜੇਬ ‘ਚ ਪਾਉਂਦੇ ਹਨ ਤੇ ਲੋਕਾਂ ਵਿਚ ਮਾਂ ਬੋਲੀ ਦੇ ਸੇਵਕ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਆਖੋ ‘ਮਾਂ ਬੋਲੀ ਦੇ ਸੇਵਕਾਂ ‘ ਦੀ ਜੈ । ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।
ਸਮਾਜ ਦਾ ਹੁਣ ਕੀ ਐ। ਆਪਾਂ ਸਮਾਜ ਤੋਂ ਕੀ ਲੈਣਾ ਹੈ ? ਪਵੇ ਢੱਠੇ ਖੂਹ ਵਿੱਚ । ਹੁਣ ਤਾਂ ਸਮਾਜ ਦਾ ਸਭ ਕੁੱਝ ਵੈਂਟੀਲੇਟਰ ਉਤੇ ਹੋ ਗਿਆ। ਕੁਦਰਤ ਨੇ ਗਧੇ ਘੋੜੇ ਬਰਾਬਰ ਕਰ ਦਿੱਤੇ ਹਨ ਪਰ ਘੋੜਿਆਂ ਨੂੰ ਤੇ ਉਹਨਾਂ ਦੇ ਮਾਲਕਾਂ ਨੂੰ ਅਕਲ ਨਹੀਂ ਆਈ।
ਹੁਣ ਤੁਸੀਂ ਦੱਸੋ ਕਿ ਇਹ ਭ੍ਰਿਸ਼ਟਾਚਾਰ ਦੀ ਕਿਵੇਂ ਹਟੂ?
ਬੁੱਧ ਸਿੰਘ ਨੀਲੋਂ
94643-70823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly