ਸਰਕਾਰੀ ਸਕੂਲ ਬਣਵਾਉਣ ਲਈ ਚੱਲ ਰਹੇ ਧਰਨੇ ਵਿੱਚ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਆਗੂ ਪਹੁੰਚੇ 

15 ਅਕਤੂਬਰ ਦੇ ਰੋਸ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਕਰਾਂਗੀ ਸ਼ਮੂਲੀਅਤ – ਜਸਬੀਰ ਜੱਸੀ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਅਧੂਰੀ ਬਿਲਡਿੰਗ ਨੂੰ ਮੁਕੰਮਲ ਤੌਰ ਤੇ ਵਿੱਦਿਆ ਦਾ ਮੰਦਰ ਬਣਵਾਉਣ ਅਤੇ ਸਾਜਿਸ਼ਕਾਰਾਂ ਦੀਆਂ ਸਾਜਿਸ਼ਾਂ ਨੂੰ ਨੁਕਰੇ ਲਾਉਣ ਲਈ ਸਰਕਾਰੀ ਸਕੂਲ ਬਚਾਓ ਮੋਰਚਾ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਅੱਜ 27ਵਾਂ ਦਿਨ ਵੀ ਬੀਤ ਗਿਆ। ਅੱਜ ਇਸ ਧਰਨੇ ਨੂੰ ਉਸ ਵਕਤ ਹੋਰ ਉਤਸ਼ਾਹ ਮਿਲਿਆ ਜਦੋਂ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਪ੍ਰੈਸ ਸਕੱਤਰ ਜਸਬੀਰ ਜੱਸੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਵੰਤ ਕੌਰ ਪਬਵਾਂ ਉਚੇਚੇ ਤੌਰ ‘ਤੇ ਪਹੁੰਚੇ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਚੰਦ ਘੰਟਿਆਂ ਬਾਅਦ ਹੀ ਹਲਕਾ ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ, ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ, ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਹੋਰਾਂ ਵੱਲੋਂ ਭੁੰਜੇ ਜਮੀਨ ‘ਤੇ ਬੈਠਕੇ ਧਰਨਾ ਦਿੱਤਾ ਗਿਆ ਪਰ ਜਿਸ ਜਗ੍ਹਾ ਗਰੀਬ ਬੱਚਿਆਂ ਦਾ ਭਵਿੱਖ ਤਬਾਹ ਹੋ ਰਿਹਾ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਮਿਤੀ 11 ਸਤੰਬਰ ਤੋਂ ਧਰਨਾ ਲਗਾਤਾਰ ਜਾਰੀ ਹੈ ਉਸ ਜਗ੍ਹਾ ‘ਤੇ ਪਹੁੰਚਣ ਲਈ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਉਹਨਾਂ ਦੇ ਮੰਤਰੀ ਸੰਤਰੀ ਨੂੰ ਅਤਿਅੰਤ ਸ਼ਰਮ ਮਹਿਸੂਸ ਹੋ ਰਹੀ ਹੈ। ਵਿਧਾਇਕ ਅਤੇ ਉਹਨਾਂ ਦੀ ਪਾਰਟੀ ਵੱਲੋਂ ਸਕੂਲ ਪ੍ਰਤੀ ਵਰਤੀ ਜਾ ਰਹੀ ਅਣਗਿਹਲੀ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਮਿਤੀ 15 ਅਕਤੂਬਰ ਦਿਨ ਐਤਵਾਰ ਨੂੰ ਮੁੜ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਉਹ ਵੱਧ ਚੜ੍ਹਕੇ ਹਿੱਸਾ ਲੈਣਗੇ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹੰਸ ਰਾਜ ਪਬਵਾਂ, ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਧਰਨਾਕਾਰੀ ਬਾਲ ਕ੍ਰਿਸ਼ਨ ਬਾਲੀ, ਪੱਤਰਕਾਰ ਤੀਰਥ ਚੀਮਾਂ, ਗੁਰਮੇਲ ਸਿੰਘ ਗੇਲੀ, ਰਾਜੀਵ ਜੋਸ਼ੀ, ਮਨਜਿੰਦਰ ਸਿੰਘ ਮੰਗਾ ਵੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਚਾਇਤ ਅਫਸਰ ਤੋਂ ਸਕੂਲ ਨੂੰ ਲੈਂਡ ਟਰਾਂਸਫਰ ਕਰਵਾਉਣ ਲਈ  ਡੀ ਸੀ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ 
Next article ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਥਲਾ ਵਿਖੇ ਜੰਗਲ਼ੀ ਜੀਵ ਸੁਰੱਖਿਆ ਸਪਤਾਹ ਮਨਾਇਆ ਗਿਆ।