(ਸਮਾਜ ਵੀਕਲੀ)
ਅਸੀਂ ਮਾਧੋ ਤੇਰੀ ਦੀਦ ਬਿਨ
ਇਕ ਸਦੀ ਲੰਘਾਈ ਵੇਖ,
ਸਾਡੇ ਪੈਰਾਂ ਦੇ ਵਿੱਚ ਭਟਕਣਾ
ਸਾਡੇ ਲੇਖਾਂ ਦੇ ਵਿੱਚ ਮੇਖ।
ਅਸੀਂ ਬਾਹਰੋਂ ਸਾਬਤ ਜਾਪਦੇ
ਤੇ ਅੰਦਰੋਂ ਹੋਏ ਚੂਰ,
ਹੋ ਕਤਰਾ-ਕਤਰਾ ਵਹਿ ਗਿਆ
ਸਾਡੀ ਅੱਖੀਂ ਵਿਚਲਾ ਨੂਰ।
ਸਾਨੂੰ ਆਖਣ ਲੋਕ ਦਿਵਾਲ਼ੀਏ
ਸਾਨੂੰ ਖੜ੍ਹ-ਖੜ੍ਹ ਵੇਖੇ ਜੱਗ,
ਸਾਡੇ ਬੋਲ ਧੁਆਂਖੇ ਕਰ ਗਈ
ਸਾਡੇ ਅੰਦਰ ਬਲ਼ਦੀ ਅੱਗ।
ਸਾਡੀ ਬੌਂਦਲ਼ਿਆਂ ਦੀ ਰਹਿ ਗਈ
ਵੇ ਪੱਤਣਾ ‘ਤੇ ਪਤਵਾਰ,
ਹੁਣ ਹੌਲ਼ਾ-ਹੌਲ਼ਾ ਜਾਪਦਾ
ਬੇੜੀ ਨੂੰ ਸਾਡਾ ਭਾਰ।
ਸਾਡੀ ਚੁੱਪ ਨੂੰ ਮਿਹਣੇ ਦੇੰਵਦੇ
ਕੁਝ ਬੇਕਦਰਾਂ ਦੇ ਬੋਲ,
ਸਾਡੇ ਹੋਸ਼ ਗੁਆਚੇ ਜਾਣ ਕੇ
ਸਾਨੂੰ ਕਮਲ਼ੇ ਕਰਨ ਕਲੋਲ।
ਸਾਡੇ ਕੋਰੇ ਮਨ ਦੇ ਵਰਕ ‘ਤੇ
ਤੂੰ ਭਰਿਆ ਗੂੜ੍ਹਾ ਰੰਗ,
ਸਾਨੂੰ ਬਿਰਹਾ ਮਾਰੇ ਬਰਛੀਆਂ
ਸਾਡੀ ਇੱਕਤਰਫ਼ਾ ਇਹ ਜੰਗ।
ਸਾਨੂੰ ਜੰਗਲ਼ ਵਾਜਾਂ ਮਾਰਦੇ
ਸਾਨੂੰ ਭੀੜਾਂ ਪੈਂਦੀਆਂ ਖਾਣ,
ਤੋਹਫ਼ੇ ਵਿੱਚ ਬਸਤਰ ਗੇਰੂਏ
ਸਾਨੂੰ ਸਾਧੂ ਦੇ-ਦੇ ਜਾਣ।
ਅਸੀਂ ਆਪਮੁਹਾਰੇ ਝੱਲਦੇ
ਆਪੇ ‘ਤੇ ਹੋਇਆ ਕਹਿਰ,
ਸਾਨੂੰ ਗੁੜ ਤੋਂ ਮਿੱਠਾ ਜਾਪਦਾ
ਤੇਰੇ ਏਸ ਇਸ਼ਕ ਦਾ ਜ਼ਹਿਰ।
ਸਾਡੇ ਦਿਲ ਦੇ ਵਿਹੜੇ ਉੱਗ ਪਏ
ਕੁਝ ਪੀੜਾਂ ਵਾਲ਼ੇ ਝਾੜ,
ਸਾਨੂੰ ਕੋਹ-ਕੋਹ ਜਾਵੇ ਮਾਰਦੀ
ਸਾਡੇ ਅੰਦਰ ਪਈ ਉਜਾੜ।
ਸਾਡੇ ਹੰਝ ਸੁਕਾਵਣ ਆਣ ਕੇ
ਕੁਝ ਕੂੰਜਾਂ ਫੂਕਾਂ ਮਾਰ,
ਸਾਡੇ ਆਸਾਂ ਵਾਲ਼ੇ ਕਲਸ ਦੇ
ਜਮਨਾ ਵਿਚ ਫੁੱਲ ਉਤਾਰ।
ਅਸੀਂ ਵਿੱਤੋਂ-ਬਾਹਰੀ ਕੱਟ ਲਈ
ਹੁਣ ਸਾਡੀ ਲੋੜ ਪਛਾਣ,
ਧਰਤੀ ਦੀ ਨਿੱਘੀ ਹਿੱਕ ‘ਤੇ
ਸਾਡੇ ਜਜ਼ਬੇ ਵਿਛਦੇ ਜਾਣ।
ਕੋਈ ਜੋਗੀ ਲੱਭ ਉਤਾਵਲਾ
ਤੇ ਭਾਲ਼ ਕੋਈ ਸ਼ਮਸ਼ਾਨ,
ਅਸੀਂ ਪੀੜਾਂ ਜਾਈਏ ਮਣਸ ਕੇ
ਤੇ ਬਿਰਹਾ ਕਰਕੇ ਦਾਨ।
ਸਾਨੂੰ ਗ਼ਮ ਦੇ ਨਾਗ ਡਰਾਂਵਦੇ
ਤੇ ਹੱਡੀਆਂ ਧੋਂਦਾ ਨੀਰ,
ਸਾਡੀ ਹਰ ਲੈ ਸਾਰੀ ਵੇਦਨਾ
ਸਾਡਾ ਇਹ ਮਸਲਾ ਗੰਭੀਰ।
ਅਸੀਂ ਸਾਰੀ ਉਮਰ ਲੰਘਾ ਲਈ
ਸਾਡੇ ਸਿਰ ਉੱਤੇ ਇਲਜ਼ਾਮ,
ਅਸੀਂ ਠਾਕਰ ਪੂਜਣ ਨਾ ਗਏ
ਸਾਨੂੰ ਮਿਲ਼ਿਆ ਨਾ ਕੋਈ ਰਾਮ।
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ