ਪਟਿਆਲਾ (ਸਮਾਜ ਵੀਕਲੀ) ਮਹਾਰਾਜਾ ਯਾਦਵਿੰਦਰਾ ਇਨਕਲੇਵ ਵਿੱਚ ਵੱਖ-ਵੱਖ ਟੈਲੀਕੌਮ ਅਤੇ ਕੇਬਲ ਕੰਪਨੀਆਂ ਵੱਲੋਂ ਇੰਟਰਨੈੱਟ, ਮਨੋਰੰਜਨ ਅਤੇ ਸੰਚਾਰ ਸੇਵਾਵਾਂ ਲਈ ਵਿਛਾਈਆਂ ਗਈਆਂ ਤਾਰਾਂ ਦੇ ਬੇਤਰਤੀਬ ਝਾਲ ਕਾਲੋਨੀ ਦੀ ਸੁੰਦਰਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਵਰਤੋਂ ਤੋਂ ਬਾਹਰ ਹੋ ਚੁੱਕੀਆਂ ਇਹ ਲਟਕਦੀਆਂ ਤਾਰਾਂ ਨਾ ਸਿਰਫ਼ ਇਲਾਕੇ ਦੀ ਦਿੱਖ ਨੂੰ ਖਰਾਬ ਕਰ ਰਹੀਆਂ ਹਨ, ਸਗੋਂ ਕਿਸੇ ਵੀ ਸਮੇਂ ਗੰਭੀਰ ਹਾਦਸੇ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਗੰਭੀਰ ਮਸਲੇ ਦੇ ਸਥਾਈ ਹੱਲ ਲਈ ਸੇਵੀਅਰਜ਼ ਕਲੱਬ (ਰਜਿ.) ਦੀ ਟੀਮ ਨੇ ਏਅਰਟੈਲ, ਬੀਐਸਐਨਐਲ, ਜੀਓ,ਫਾਸਟ ਵੇ , ਕਨੈਕਟ ਅਤੇ ਨੈਟਪਲੱਸ ਸਮੇਤ ਹੋਰ ਸੰਬੰਧਿਤ ਕੰਪਨੀਆਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕਲੱਬ ਦੇ ਪ੍ਰਧਾਨ ਪਵਨ ਗਰਗ ਅਤੇ ਜਨਰਲ ਸਕੱਤਰ ਚਮਨ ਸ਼ਰਮਾ ਨੇ ਦੱਸਿਆ ਕਿ ਕਾਲੋਨੀ ਦੇ ਅਨੇਕਾਂ ਵਸਨੀਕ ਕਾਫ਼ੀ ਸਮਾਂ ਪਹਿਲਾਂ ਆਪਣੇ ਪੁਰਾਣੇ ਇੰਟਰਨੈੱਟ ਅਤੇ ਕੇਬਲ ਕਨੈਕਸ਼ਨ ਬੰਦ ਕਰਵਾ ਚੁੱਕੇ ਹਨ, ਪਰ ਕੰਪਨੀਆਂ ਨੇ ਅੱਜ ਤੱਕ ਉਹ ਤਾਰਾਂ ਨਹੀਂ ਹਟਾਈਆਂ। ਨਤੀਜੇ ਵਜੋਂ ਬਿਜਲੀ ਦੇ ਖੰਭਿਆਂ ’ਤੇ ਤਾਰਾਂ ਦੇ ਵੱਡੇ-ਵੱਡੇ ਗੁੱਛੇ ਬਣ ਗਏ ਹਨ, ਜੋ ਬਿਜਲੀ ਸਪਲਾਈ ਦੇ ਰੱਖ-ਰਖਾਅ ਵਿੱਚ ਵੀ ਰੁਕਾਵਟ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਜਾਂ ਤੇਜ਼ ਹਵਾਵਾਂ ਦੌਰਾਨ ਇਹ ਬੇਲੋੜੀਆਂ ਤਾਰਾਂ ਸ਼ਾਰਟ ਸਰਕਟ ਜਾਂ ਹੋਰ ਅਣਚਾਹੀਆਂ ਘਟਨਾਵਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਤੋਂ ਇਲਾਵਾ ਹੇਠਾਂ ਲਟਕਦੀਆਂ ਤਾਰਾਂ ਕਾਰਨ ਬੱਚਿਆਂ, ਬਜ਼ੁਰਗਾਂ, ਰਾਹਗੀਰਾਂ ਅਤੇ ਬੇਜ਼ੁਬਾਨ ਜੀਵਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ। ਕਲੱਬ ਨੇ ਕਿਹਾ ਕਿ ਸਮਾਰਟ ਅਤੇ ਸੁੰਦਰ ਕਾਲੋਨੀ ਦੀ ਪਛਾਣ ਬਣਾਈ ਰੱਖਣ ਲਈ ਬੇਕਾਰ ਹੋ ਚੁੱਕੀਆਂ ਤਾਰਾਂ ਨੂੰ ਤੁਰੰਤ ਹਟਾਉਣਾ ਸਮੇਂ ਦੀ ਲੋੜ ਹੈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਜਲਦੀ ਸਰਵੇ ਕਰਵਾ ਕੇ ਬੇਲੋੜੀਆਂ ਤਾਰਾਂ ਹਟਾਉਣ ਦਾ ਭਰੋਸਾ ਦਿੱਤਾ ਹੈ। ਕਲੱਬ ਨੇ ਉਮੀਦ ਜਤਾਈ ਕਿ ਕੰਪਨੀਆਂ ਆਪਣੇ ਭਰੋਸੇ ’ਤੇ ਜਲਦ ਅਮਲ ਕਰਦਿਆਂ ਕਾਲੋਨੀ ਵਾਸੀਆਂ ਨੂੰ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਤੋਂ ਰਾਹਤ ਦਿਵਾਉਣਗੀਆਂ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





