HOME ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਤਸ਼ੱਦਦ ਦੀ ਨਿਖੇਧੀ

ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਤਸ਼ੱਦਦ ਦੀ ਨਿਖੇਧੀ

1
ਦਿੱਲੀ ,ਚੰਡੀਗੜ੍ਹ ਅਤੇ ਪੰਜਾਬ ਵਿੱਚ ਹੱਕ ਮੰਗਦੇ ਵਿਦਿਆਰਥੀਆਂ ਅਤੇ ਮਗਨਰੇਗਾ ਕਰਮਚਾਰੀਆਂ ਤੇ ਹਕੂਮਤੀ ਜ਼ਬਰ ਦਾ ਵਿਰੋਧ ਕਰਦੇ ਹੋਏ ਸੂਬਾ ਕਮੇਟੀ ਤਰਕਸ਼ੀਲ਼ ਆਗੂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਰ.ਐਸ.ਐਸ. ਦੇ ਫ਼ਿਰਕੂ ਸਮਾਗਮ ਕਰਵਾਉਣੇ ਗ਼ੈਰ ਸੰਵਿਧਾਨਕ – ਤਰਕਸ਼ੀਲ਼ ਸੁਸਾਇਟੀ 

ਬਰਨਾਲਾ   (ਸਮਾਜ ਵੀਕਲੀ)   ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਨੀਟ ਦੇ ਪੇਪਰ ਲੀਕ ਮੁੱਦੇ ਸਮੇਤ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਉਤੇ ਦਿੱਲੀ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ, ਅੰਨ੍ਹੇਵਾਹ ਲਾਠੀਚਾਰਜ ਕਰਨ, ਗ੍ਰਿਫ਼ਤਾਰ ਕਰਨ ਅਤੇ ਪੰਡਾਲ ਦੀ ਤੋੜ ਭੰਨ ਕਰਕੇ ਜਬਰੀ ਧਰਨਾ ਉਠਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਪੰਜਾਬ ਵਿੱਚ ਮਗਨਰੇਗਾ ਕਰਮਚਾਰੀਆਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੰਪਲੈਕਸ ਵਿੱਚ ਆਰ.ਐਸ.ਐਸ.ਨਾਲ ਸੰਬੰਧਿਤ ਫ਼ਿਰਕੂ ਸਮਾਗਮ ਦਾ ਵਿਰੋਧ ਕਰਦੇ ਵਿਦਿਆਰਥੀਆਂ ਨਾਲ ਧੂਹ ਘੜੀਸ ਅਤੇ ਬਦਸਲੂਕੀ ਕਰਨ ਦੀ ਵੀ ਨਿੰਦਾ ਕੀਤੀ ਹੈ। ਸੁਸਾਇਟੀ  ਨੇ ਹਕੂਮਤੀ ਜ਼ਬਰ ਦੀਆਂ ਤਿੰਨੇ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਸਬੰਧੀ ਇੱਕ ਪ੍ਰੈੱਸ ਬਿਆਨ ਰਾਹੀਂ ਰੋਸ ਜਾਹਿਰ ਕਰਦਿਆਂ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੇਪਰ ਲੀਕ,ਬੇਰੁਜ਼ਗਾਰੀ ਅਤੇ ਭ੍ਰਿਸ਼ਟ ਸਿੱਖਿਆ ਢਾਂਚੇ ਸਮੇਤ ਮੌਜੂਦਾ ਹਕੂਮਤ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਅਤੇ ਭ੍ਰਿਸ਼ਟ ਕਾਰਵਾਈਆਂ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਦਾ ਸੰਵਿਧਾਨਕ ਹੱਕ ਹੈ ਪਰ ਮੋਦੀ ਸਰਕਾਰ ਗੱਲਬਾਤ ਦਾ ਰਸਤਾ ਅਖ਼ਤਿਆਰ ਕਰਨ ਦੀ ਥਾਂ ਹਿੰਦੂਤਵ ਦੇ ਫ਼ਿਰਕੂ ਏਜੰਡੇ ਹੇਠ ਦੇਸ਼ ’ਚੋਂ ਅਸਹਿਮਤੀ ਅਤੇ ਸਿਆਸੀ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਲਾਠੀ ਅਤੇ ਗੋਲੀ ਦੇ ਤਾਨਾਸ਼ਾਹੀ ਹੱਥਕੰਡਿਆਂ ਰਾਹੀਂ ਦਬਾਉਣ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਨੂੰ ਆਰ.ਐਸ.ਐਸ. ਨਾਲ ਸੰਬੰਧਿਤ ਸੰਸਥਾਵਾਂ ਦਾ ਫ਼ਿਰਕੂ ਸਮਾਗਮ ਨਾ ਕਰਵਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਚੋਰੀ ਛੁੱਪੇ ਸਮਾਗਮ ਕਰਵਾਉਣਾ ਅਤੇ ਵਿਰੋਧ ਕਰਦੇ ਵਿਦਿਆਰਥੀਆਂ ਉਤੇ ਜ਼ਬਰ ਕਰਨ ਦੀ ਫਾਸ਼ੀਵਾਦੀ ਕਾਰਵਾਈ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਭਗਵੇਂ ਏਜੰਡੇ ਦਾ ਪਰਦਾਫਾਸ਼ ਕੀਤਾ ਹੈ।ਤਰਕਸ਼ੀਲ਼ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਉੱਤੇ ਤਸ਼ੱਦਦ ਕਰਨ ਦੇ ਵਿਰੋਧ ਨੂੰ ਨਿਰਾ ਸਿਆਸੀ ਨਾਟਕ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਲਈ ਸੰਘਰਸ਼ ਕਰਦੇ ਮਗਨਰੇਗਾ ਕਰਮਚਾਰੀਆਂ ਅਤੇ ਨੌਕਰੀਆਂ ਮੰਗਦੇ ਬੇਰੁਜ਼ਗਾਰਾਂ, ਹੱਕ ਮੰਗਦੇ ਕਿਸਾਨਾਂ , ਮਜ਼ਦੂਰਾਂ ਉੱਤੇ ਖੁਦ ਪੰਜਾਬ ਸਰਕਾਰ ਵੱਲੋਂ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਹੈ ਪਰ ਇਸਦੇ ਬਿੱਲਕੁਲ ਉਲਟ ਪੰਜਾਬ ਸਰਕਾਰ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕਰਕੇ ਕੇਜਰੀਵਾਲ ਦੇ ਫ਼ਿਰਕੂ ਏਜੰਡੇ ਹੇਠ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’, ‘ਹਮਾਰੇ ਰਾਮ’ ਵਰਗੇ ਧਾਰਮਿਕ ਸਮਾਗਮਾਂ, ਤੀਰਥ ਯਾਤਰਾਵਾਂ ਅਤੇ ਝੂਠੀ ਇਸ਼ਤਿਹਾਰਬਾਜੀ ਉੱਤੇ ਜਨਤਕ ਸਰਮਾਏ ਦੇ ਕਰੋੜਾਂ ਰੁਪਏ ਦੀ ਫ਼ਜ਼ੂਲਖਰਚੀ ਕਰ ਰਹੀ ਹੈ। ਤਰਕਸ਼ੀਲ਼ ਸੁਸਾਇਟੀ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸਰਪ੍ਰਸਤੀ ਹੇਠ ਗੁੰਡਿਆਂ ਵੱਲੋਂ ਪ੍ਰਸਿੱਧ ਵਿਦਵਾਨ ਰਾਹੁਲ ਸੰਕਰਤਾਇਨ ਦਾ ਬੁੱਤ ਤੋੜਨ ਦੀ ਫਾਸ਼ੀਵਾਦੀ ਕਾਰਵਾਈ ਦੀ ਵੀ ਨਿਖੇਧੀ ਕੀਤੀ ਹੈ।

 ਸੁਮੀਤ ਅੰਮ੍ਰਿਤਸਰ ; ਸੂਬਾਈ ਮੀਡੀਆ ਮੁਖੀ ,ਤਰਕਸ਼ੀਲ਼ ਸੁਸਾਇਟੀ ਪੰਜਾਬ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਰਨਹਮ ਸਰਕਾਰ ਦਾ ਪਹਿਲਾ ਵੱਡਾ ਫ਼ੈਸਲਾ, ਘਰੇਲੂ ਬਿਜਲੀ ਬਿੱਲਾਂ ਤੋਂ 5 ਫ਼ੀਸਦੀ ਵੈਟ ਹਟਾਉਣ ਦਾ ਐਲਿਨ
Next article186 ਸਕੂਲੀ ਬੱਚਿਆ ਨੂੰ ਸਟੇਸਨਰੀ ਵੰਡੀ