*ਮੈਡਮ ਜੀ – ਸਾਡੇ ਘਰ ਹਲਦੀ ਨੀ ਹੁੰਦੀ!*

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ, ਅਧਿਆਪਕ ਦਾ ਕਿੱਤਾ ਸਿਰਫ ਵਿਦਿਆਰਥੀ ਨੂੰ ਪੜਾਉਣਾ ਹੀ ਨਹੀਂ ਹੁੰਦਾ, ਉਸਦੇ ਨਾਲ ਨਾਲ ਅਧਿਆਪਕ ਇੱਕ ਮਾਂ ਬਾਪ ਦੀ ਤਰ੍ਹਾਂ ਫਰਜ਼ ਵੀ ਨਿਭਾਉਂਦੇ ਹੋਏ ਵਿਦਿਆਰਥੀ ਦੇ ਮਨ ਦੀਆਂ ਭਾਵਨਾਵਾਂ ਨੂੰ ਸਮਝਣਾ, ਵਿਦਿਆਰਥੀ ਨੂੰ ਅਸਲ ਜ਼ਿੰਦਗੀ ਵਿੱਚ ਵਿਚਰਨਾ, ਉਸਨੂੰ ਸਹੀ ਸੇਧ ਦੇਣਾ ਆਦਿ ਵੀ ਅਧਿਆਪਕ ਦਾ ਕਿੱਤਾ ਹੈ।

ਇਸੇ ਕਿੱਤੇ ਨਾਲ ਜੁੜੀ ਹੋਈ ਅਧਿਆਪਕਾਂ ਸੁਮਨਪ੍ਰੀਤ, ਸੱਤਵੀਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਦੀ ਇੱਕ ਕਿਰਿਆ- ਤੇਜ਼ਾਬ ਅਤੇ ਖਾਰ ਦੀ ਪਰਖ , ਹਲਦੀ ਦੇ ਘੋਲ ਨਾਲ ਕਰਵਾ ਰਹੀ ਸੀ ਅਤੇ ਉਸਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਹਲਦੀ ਦੇ ਘੋਲ ਨੂੰ ਅਸੀਂ ਇੱਕ ਕਾਗਜ਼ ਤੇ ਲਗਾ ਕੇ ਰੱਖਾਂਗੇ, ਫਿਰ ਇਸ ਤੇ ਜਦੋਂ ਅਸੀਂ ਸਾਬਣ ਦਾ ਘੋਲ ਪਾਵਾਂਗੇ ਤਾਂ ਹਲਦੀ ਦੇ ਘੋਲ ਜੋ ਕਾਗਜ਼ ਤੇ ਲਗਾਇਆ ਸੀ , ਉਸ ਦਾ ਰੰਗ ਲਾਲ ਹੋ ਜਾਵੇਗਾ । ਇਸ ਤੋਂ ਪਤਾ ਲੱਗਦਾ ਹੈ ਕਿ ਸਾਬਣ ਇੱਕ ਖਾਰ ਹੈ। ਇਹ ਕਿਰਿਆ ਤੁਸੀਂ ਸਿਰਫ ਇੱਕ ਚਮਚ ਹਲਦੀ ਲੈ ਕੇ ਉਸ ਵਿੱਚ ਪਾਣੀ ਮਿਲਾ ਕੇ ਘਰ ਵੀ ਕਰ ਸਕਦੇ ਹੋ।

ਮੈਡਮ ਸੁਮਨਪ੍ਰੀਤ ਨੇ ਫਿਰ ਵਿਦਿਆਰਥੀਆਂ ਤੋਂ ਪੁੱਛਿਆ, ਹੁਣ ਮੈਨੂੰ ਸਾਰੇ ਵਿਦਿਆਰਥੀ ਦੱਸੋ ਕਿ ਇਹ ਕਿਰਿਆ ਤੁਸੀਂ ਘਰ ਜਾ ਕੇ ਕਰੋਗੇ ? ਤਾਂ ਜਵਾਬ ਵਿੱਚ ਕਲਾਸ ਵਿੱਚ ਬੈਠੇ ਸਾਰੇ ਵਿਦਿਆਰਥੀ ਇਕੱਠੇ ਉੱਚੀ ਬੋਲੇ – ਹਾਂਜੀ । ਪਰ ਇੱਕ ਵਿਦਿਆਰਥੀ ਜੋ ਮੈਡਮ ਜੀ ਦੇ ਕੋਲ ਹੀ ਬੈਠਾ ਸੀ ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਮੈਡਮ ਜੀ ਨੇ ਉਸ ਤੋਂ ਪੁੱਛਿਆ ਕਿਉਂ ਬਈ ਸਿਮਰਨ ਤੂੰ ਨੀ ਕੁੱਝ ਬੋਲਿਆ ? ਤੂੰ ਨੀ ਕਰਦਾ ਇਹ ਕਿਰਿਆ? ਤਾਂ ਉਸ ਨੇ ਆਪਣੇ ਮੈਡਮ ਜੀ ਦੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਆਪਣਾ ਪ੍ਰਸ਼ਨ ਪੁੱਛ ਲਿਆ ਕਿ ਮੈਡਮ ਜੀ ਇਹ ਕਿਰਿਆ ਇਕੱਲੇ ਪਾਣੀ ਨਾਲ ਨੀ ਹੁੰਦੀ? ਮੈਡਮ ਜੀ ਨੇ ਉਸ ਨੂੰ ਸਮਝਾਇਆ ਕਿ ਬੇਟਾ ,ਹਲਦੀ ਸੂਚਕ ਹੈ, ਹਲਦੀ ਨਾਲ ਸਾਨੂੰ ਖਾਰ ਬਾਰੇ ਸੂਚਨਾ ਮਿਲਦੀ ਹੈ ਪਰ ਪਾਣੀ ਸੂਚਕ ਨਹੀਂ। ਇਸ ਲਈ ਇਸ ਕਿਰਿਆ ਨੂੰ ਕਰਨ ਲਈ ਤੁਹਾਨੂੰ ਹਲਦੀ ਦੇ ਘੋਲ ਦੀ ਜ਼ਰੂਰਤ ਹੋਵੇਗੀ। ਪਰ ਮੈਡਮ ਜੀ ਸਾਡੇ ਘਰ ਤਾਂ ਹਲਦੀ ਨੀ ਹੁੰਦੀ । ਹਲਦੀ ਲਿਆਉਣ ਲਈ ਪੈਸੇ ਚਾਹੀਦੇ ਹਨ, ਉਹ ਸਾਡੇ ਕੋਲ ਹੈ ਨੀ ਜੀ।

ਸਿਮਰਨ ਇੱਕ ਸਾਹ ਵਿੱਚ ਕਾਹਲੀ ਨਾਲ ਬੋਲਿਆ ਜਿਵੇਂ ਉਸਨੂੰ ਕੋਈ ਬੇਚੈਨੀ ਜਿਹੀ ਲੱਗੀ ਹੋਈ ਹੋਵੇ, ਇੰਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ , ਮੈਡਮ ਜੀ ਨੇ ਬਾਕੀ ਵਿਦਿਆਰਥੀਆ ਨੂੰ ਭੇਜ ਦਿੱਤਾ ਪਰ ਸਿਮਰਨ ਨੂੰ ਰੁਕਣ ਲਈ ਕਿਹਾ ਤੇ ਕਾਰਨ ਪੁੱਛਿਆ ਤਾਂ ਸਿਮਰਨ ਆਪਣੀਆਂ ਭਰੀਆਂ ਹੋਈਆਂ ਅੱਖਾਂ ਨਾਲ ਮੈਡਮ ਜੀ ਨੂੰ ਦੱਸਣ ਲੱਗਾ ਕਿ ਉਸ ਦੇ ਡੈਡੀ ਜੀ ਇਸ ਦੁਨੀਆ ਵਿੱਚ ਹੁਣ ਨਹੀਂ ਹਨ ਅਤੇ ਉਸ ਦੀ ਮਾਂ ਲੋਕਾਂ ਦੇ ਘਰ ਝਾੜੂ ਪੋਚਾ ਲਾਉਣ ਦਾ ਕੰਮ ਕਰਦੀ ਸੀ , ਇੱਕ ਦਿਨ ਉਸ ਦੀ ਮਾਂ ਦੇ ਕੰਮ ਕਰਦੀ ਦੇ ਉਸਦੀ ਢੂਹੀ ਤੇ ਸੱਟ ਲੱਗੀ ਜਿਸ ਕਰਕੇ ਉਹ ਹੁਣ ਮੰਜੇ ਤੇ ਹੈ, ਬਹੁਤਾ ਚੱਲ ਫਿਰ ਨੀ ਸਕਦੀ ਇਸੇ ਕਰਕੇ ਉਸਦੀ ਮਾਂ ਤੋਂ ਵੀ ਕੰਮ ਨਹੀਂ ਹੁੰਦਾ ਤਾਂ ਉਨ੍ਹਾਂ ਘਰ ਪੈਸੇ ਨਹੀਂ ਹੁੰਦੇ ।

ਅਸੀਂ ਤਾਂ ਕਦੇ ਰੋਟੀ ਅਚਾਰ ਨਾਲ ਅਤੇ ਕਦੇ ਰੁੱਖੀ ਖਾ ਲੈਂਦੇ ਹਾਂ, ਇਹ ਕਹਿ ਕੇ ਸਿਮਰਨ ਰੋਣ ਲੱਗ ਪਿਆ। ਇਹ ਸਭ ਕੁਝ ਸੁਣ ਕੇ ਮੈਡਮ ਸੁਮਨਪ੍ਰੀਤ ਦਾ ਵੀ ਮਨ ਭਰ ਆਇਆ ਤੇ ਉਸ ਨੇ ਸਿਮਰਨ ਨੂੰ ਕਿਹਾ ਕਿ ਉਹ ਪਰਮਾਤਮਾ ਤੇ ਭਰੋਸਾ ਰੱਖੇ , ਪਰਮਾਤਮਾ ਉਸਦੀ ਮਾਂ ਨੂੰ ਜਲਦੀ ਹੀ ਠੀਕ ਕਰੇਗਾ ।

ਸਿਮਰਨ, ਉਸ ਨੂੰ (ਮੈਡਮ ਸੁਮਨਪ੍ਰੀਤ) ਆਪਣੀ ਮਾਂ ਹੀ ਸਮਝੇ ਤੇ ਅੱਗੇ ਤੋਂ ਜੇ ਸਿਮਰਨ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਆਪਣੀ ਮੈਡਮ ਜੀ ਨੂੰ ਦੱਸ ਦਵੇ ।

ਮਨਪ੍ਰੀਤ ਕੌਰ
ਸਾਇੰਸ ਮਿਸਟ੍ਰੈੱਸ
ਸਰਕਾਰੀ ਹਾਈ ਸਕੂਲ ਚਕੇਰੀਆਂ, ਮਾਨਸਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਇਬਾਦਤ
Next articleਗ਼ਜ਼ਲ