(ਸਮਾਜ ਵੀਕਲੀ)
ਮਾਛੀਵਾੜੇ ਦੇ ਜੰਗਲ਼ ਅੰਦਰ,
ਕਰ ਸ਼ੁਕਰ ਦਰਵੇਸ਼ ਪਿਆ
ਅਨੰਦਪੁਰ ਤੇ ਪਰਿਵਾਰ ਵਾਰ ਕੇ,
ਬੇ ਫ਼ਿਕਰ ਦਰਵੇਸ਼ ਪਿਆ
ਨੌਵੇਂ ਨਾਨਕ ਤੇਗ਼ ਬਹਾਦਰ
ਮਾਂ ਗੁਜਰੀ ਦਾ ਫਰਜ਼ੰਦ ਪਿਆਰਾ
ਦਸਵਾਂ ਨਾਨਕ ਜੋਤਿ ਇਲਾਹੀ
ਨੂਰ ਖੁਦਾਈ ਗੋਬਿੰਦ ਨਿਆਰਾ
ਪੈਰ ਨੰਗੇ ਨੇ ਪਾਟਿਆ ਚੋਲ਼ਾ
ਲਾ ਟਿੰਡ ਸਿਰਹਾਣੇ ਬਿਨ ਖੇਸ ਪਿਆ
ਮਾਛੀਵਾੜੇ ਦੇ ਜੰਗਲ਼ ਅੰਦਰ———
ਪੋਹ ਦੀ ਸਰਦੀ ਪੈਂਦੀਆਂ ਕਣੀਆਂ
ਮਾਂ ਵਿਛੜੀ ਸੰਗ ਦੋ ਮਾਣਕ ਮਣੀਆਂ
ਲਾਲ ਜਿਗਰ ਦੇ ਚਮਕੌਰ ਗੜ੍ਹੀ ਦੋ
ਤਲਵਾਰਾਂ ਦੇ ਨਾਲ਼ ਜਿੰਦਾਂ ਛਣੀਆਂ
ਵਾਰ ਸਿੰਘ ਪਿਆਰੇ ਪੁੱਤਰਾਂ ਵਰਗੇ
ਸ਼ਹਿਨਸ਼ਾਹ ਬਿਨ ਭੇਸ ਪਿਆ
ਮਾਛੀਵਾੜੇ ਦੇ ਜੰਗਲ਼ ਅੰਦਰ———
ਨਾ ਗ਼ਮ ਨਾ ਸ਼ਿਕਵਾ ,
ਨਾ ਹੀ ਮਨ ਰੰਜਿਸ਼ ਕੋਈ
ਆਪਣੀ ਮੌਜ ਦਾ ਮਾਲਿਕ,
ਨਾ ਖੌਫ਼ ਨਾ ਬੰਦਿਸ਼ ਕੋਈ
ਆਇਆ ਸਵਾ ਲੱਖ ਨਾਲ਼ ਇਕ ਲੜਾ
ਸੂਲ਼ਾਂ ਤੇ ਪੀਰ ਉਚ ਦਾ ਬਿਨ ਸੇਜ ਪਿਆ
ਮਾਛੀਵਾੜੇ ਦੇ ਜੰਗਲ਼ ਅੰਦਰ————
ਮੋਹ ਮਾਇਆ ਤੋ ਦੂਰ ਪਿਆ
ਸੰਤ ਸਿਪਾਹੀ ਹੈ ਵੈਰਾਗ਼ੀ ਓਹ
ਕਰਮਯੋਗੀ, ਪੀਰਾਂ ਦਾ ਪੀਰ,
ਹੈ ਰੂਹ ਬੇਦਾਗ਼ੀ ਓਹ
ਇਕ ਹੱਥ ਤਸਬੀ ਕਿਰਪਾਨ ਇਕ ਹੱਥ
ਭੂੰਝੇ ਆਪ ਨਰਾਇਣ, ਆਪ ਮਹੇਸ਼ ਪਿਆ
ਮਾਛੀਵਾੜੇ ਦੇ ਜੰਗਲ਼ ਅੰਦਰ———-
ਲਿਖ ਇਤਿਹਾਸ ਸੁਨਹਿਰੀ ,
“ਬਾਲੀ” ਸੁੱਤੈ ਮੌਜ ਵਿੱਚ
ਕਿਵੇਂ ਤੋੜ ਗਿਐ ਘੇਰਾ,
ਪਈ ਹਫੜਾ ਦਫੜੀ ਫੌਜ ਵਿਚ
ਲਾਸ਼ਾਂ ਛੱਡ ਮੈਦਾਨੇ ਜੰਗ,
ਕਲਗੀਧਰ ਦਸਮੇਸ਼ ਪਿਆ
ਮਾਛੀਵਾੜੇ ਦੇ ਜੰਗਲ਼ ਅੰਦਰ ——–
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly