ਲੱਚਰ ਗੀਤਾਂ ਨੇ ਵਿਗਾੜੀ ਨੌਜਵਾਨ ਪੀੜ੍ਹੀ

(ਸਮਾਜ ਵੀਕਲੀ)

ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੇਕਰ ਹੱਸਣਾ, ਗਾਉਣਾ, ਨੱਚਣਾ ਅਤੇ ਸਜਣਾ ਨਾ ਹੋਵੇ ਤਾਂ ਜ਼ਿੰਦਗੀ ਬੇਸੁਆਦ ਜਿਹੀ ਲੱਗਦੀ ਹੈ। ਪੁਰਾਤਨ ਗਾਇਕੀ ਬਾਰੇ ਜਦੋਂ ਬਜ਼ੁਰਗਾਂ ਕੋਲੋਂ ਸੁਣਿਆ ਜਾਂਦਾ ਹੈ ਤਾਂ ਉਹ ਦੱਸਦੇ ਹਨ ਕੀ ਉਸ ਵੇਲੇ ਲੋਕ ਗੀਤ , ਕਲੀਆਂ , ਹੀਰ-ਰਾਂਝੇ ਦੇ ਕਿੱਸੇ ਤੇ ਲੋਕ ਗਥਾਵਾਂ ਤੇ ਲੋਕਗੀਤ ਸੁਣਿਆ ਕਰਦੇ ਸਨ। ਇਹ ਗੀਤ ਸਮਾਜ ਨੂੰ ਕੁੱਝ ਨਾ ਕੁੱਝ ਸੇਧ ਦਿੰਦੇ ਸਨ ਅਤੇ ਇਨ੍ਹਾਂ ਦੇ ਅਰਥ ਜਿੰਦਗੀ ਵਿੱਚ ਬਹੁਤ ਮਹੱਤਤਾ ਰੱਖਦੇ ਸਨ। ਇਹ ਗੀਤ ਜ਼ਿਆਦਾਤਰ ਢੋਲਕੀ, ਛੈਣੇ, ਹਾਰਮੋਨੀਅਮ, ਅਲਗੋਜ਼ੇ, ਤੂੰਬੀ, ਬੰਸਰੀ, ਘੜੇ ਵਰਗੇ ਸਾਜ਼ਾਂ ਨਾਲ ਹੀ ਗਾਏ ਜਾਂਦੇ ਸਨ।

ਇਹਨਾਂ ਗੀਤਾਂ ਨੂੰ ਗਾਉਣ ਲਈ ਪ੍ਰਸਿੱਧ ਕਲਾਕਾਰ ਜਿਵੇਂ ਲਾਲ ਚੰਦ ਯਮਲਾ ਜੱਟ, ਕਲਦੀਪ ਮਾਣਕ, ਅਮਰ ਨੂਰੀ, ਸਰਦੂਲ ਸਿਕੰਦਰ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਦੀਪ ਆਦਿ ਬਹੁਤ ਮਸ਼ਹੂਰ ਹੁੰਦੇ ਸਨ। ਇਨ੍ਹਾਂ ਦੇ ਗੀਤਾਂ ਦੇ ਇਕੱਲੇ-ਇਕੱਲੇ ਬੋਲ ਬਹੁਤ ਹੀ ਅਰਥ ਵਾਲੇ ਅਤੇ ਮਹੱਤਵਪੂਰਨ ਹੁੰਦੇ ਸਨ। ਅੱਜ ਕੱਲ ਵਿਆਹ, ਸ਼ਾਦੀਆਂ, ਯੂਟਿਊਬ, ਟੈਲੀਵਿਜ਼ਨ, ਫੇਸਬੁੱਕ ਬੱਸਾਂ ਵਿੱਚ ਜਿਹੜੇ ਗੀਤ ਚੱਲਦੇ ਹਨ ਉਹਨਾਂ ਦੇ ਅਰਥ ਬਹੁਤ ਹੀ ਗੰਦੇ ਅਰਥਾਤ ਲੱਚਰ ਹੁੰਦੇ ਹਨ। ਇਸ ਤੋ ਇਲਾਵਾ ਮੈਰਿਜ ਪੈਲਸਾਂ ਵਿੱਚ ਵਿਆਹ-ਸ਼ਾਦੀ ਮੌਕੇ ਤੇ ਗੀਤਾਂ ਉਤੇ ਡਾਂਸਰਾਂ ਨੱਚਦੀਆਂ ਹਨ। ਉਹ ਗੀਤਾਂ ਦੇ ਮੁਤਾਬਕ ਹੀ ਗੰਦੀਆਂ ਹਰਕਤਾਂ ਕਰਦੀਆਂ ਨਜ਼ਰ ਆਉਂਦੀਆ ਹਨ। ਉਨ੍ਹਾਂ ਗੀਤਾਂ ਦੇ ਬੋਲ ਬਹੁਤ ਹੀ ਘਟੀਆ ਹੁੰਦੇ ਹਨ। ਉਸ ਵੇਲੇ ਇੰਝ ਲੱਗ ਰਿਹਾ ਹੁੰਦਾ ਹੈ ਕਿ ਜਿਵੇਂ ਉਹ ਸਾਡੇ ਪੰਜਾਬੀ ਸੱਭਿਆਚਾਰ ਦਾ ਮਖੌਲ ਜਿਹਾ ਉਡਾਉਂਦੀਆਂ ਹੋਣ।

ਗੰਦੇ ਮਾੜੇ ਗੀਤ ਚੱਲਣ ਕਾਰਨ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਗੀਤਕਾਰ ਅਤੇ ਗਾਉਣ ਵਾਲੇ ਕਲਾਕਾਰ ਆਪਣੇ ਸਮਾਜ ਦੀਆਂ ਕੁੜੀਆਂ ਨੂੰ ਇਕ ਵਸਤੂ ਹੀ ਸਮਝਦੇ ਹੋਣ। ਕਈ ਵਾਰ ਇਹੋ ਜਿਹੇ ਗੀਤ ਗਾਏ ਜਾਂਦੇ ਹਨ, ਜਿਸ ਕਾਰਨ ਗੁੰਡਾਗਰਦੀ, ਜਾਤੀਵਾਦ, ਖੂਨ ਖਰਾਬਾ, ਅਤੇ ਨੰਗੇਜ਼ ਪੁਣੇ ਦਾ ਖਤਰਾ ਜਿਹਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਕਦੋਂ ਤੱਕ ਸਾਡਾ ਸਮਾਜ ਸਿਹਤਮੰਦ ਰਹਿ ਸਕੇਗਾ। ਇਹੋ ਜਿਹੇ ਗੀਤਾਂ ਦੇ ਕਾਰਨ ਸਾਡੇ ਸਮਾਜ ਵਿਚ ਗੰਦਗੀ ਦਾ ਬੀਜ ਬੀਜਿਆ ਜਾ ਰਿਹਾ ਹੈ। ਇਹੋ ਜਿਹੇ ਮਾੜੇ ਲੱਚਰ ਗੀਤਾਂ ਦੇ ਸ਼ਿਕਾਰ ਨੌਜਵਾਨ ਪੀੜ੍ਹੀ ਹੋ ਰਹੀ ਹੈ। ਇਹਨਾਂ ਗੀਤਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਸਮਾਰਟ ਫੋਨਾਂ ਰਾਹੀਂ ਸੁਣਦੀ ਅਤੇ ਦੇਖਦੀ ਹੈ ਅਤੇ ਬਾਅਦ ਵਿੱਚ ਸੋ਼ਸਲ ਮੀਡੀਆ ਦੇ ਜਰੀਏ ਸ਼ੇਅਰ ਕਰਕੇ ਲੱਚਰਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਥੇ ਹੀ ਬੱਸ ਨਹੀ ਇਹਨਾ ਲੱਚਰ ਗੀਤਾਂ ਨੂੰ ਸੁਣ ਕੇ ਪੰਜਾਬ ਦੇ ਨੌਜਵਾਨ ਗੱਭਰੂਆਂ ਨੇ ਆਪਣੇ ਕੰਮਾਂ ਕਾਰਾਂ ਤੇ ਕੰਮ ਦੀ ਚਾਲ ਬਿਲਕੁਲ ਹੀ ਘੱਟ ਕਰ ਦਿੱਤੀ ਹੈ, ਉਹ ਪੂਰੀ ਦਿਹਾੜੀ ਵਿਚ 3-4 ਘੰਟੇ ਸਮਾਰਟ ਫੋਨਾਂ ਦੇ ਉੱਤੇ ਗਾਣੇ ਸੁਣਦੇ ਹਨ, ਆਨਲਾਈਨ ਰਹਿੰਦੇ ਹਨ ਅਤੇ ਕੰਮ ਘੱਟ ਕਰਦੇ ਹਨ। ਜਿੰਮੀਦਾਰਾਂ ਦੇ ਪੁੱਤਰ ਵੀ ਖੇਤਾਂ ਵਿਚ ਜ਼ਿਆਦਾਤਰ ਆਨਲਾਈਨ ਹੋ ਕੇ ਗਾਣਿਆਂ ਦੇ ਉੱਤੇ ਵੀਡੀਓ ਵਗੈਰਾ ਬਣਾਉਣ ਦੇ ਵਿਚ ਹੀ ਵਿਅਸਤ ਰਹਿੰਦੇ ਹਨ ਅਤੇ ਇਸ ਕਾਰਨ ਖੇਤੀ ਕਰਨ ਤੋਂ ਵੀ ਜੀਅ ਚੁਰਾਉਂਦੇ ਹਨ।

ਸਮਾਜ ਵਿੱਚ ਚੱਲ ਰਹੇ ਨਸ਼ੇ, ਹੋ ਰਹੇ ਕਤਲ, ਹਥਿਆਰਾਂ ਦੀ ਸਮਗਲਿੰਗ, ਹੋ ਰਹੇ ਬਲਾਤਕਾਰ ਇਹਨਾਂ ਲੱਚਰ ਗੀਤਾਂ ਦੀ ਹੀ ਉੱਪਜ ਹਨ। ਅੱਜ ਕੱਲ ਦੇ ਕਲਾਕਾਰ ਇਹੋ ਜਿਹੇ ਗੀਤਾਂ ਰਾਹੀ ਨਸ਼ੇਬੰਦੀ, ਹਥਿਆਰਬੰਦੀ, ਨੰਗੇਜ਼ਪੁਣੇ ਦੇ ਸੋਹਿਲੇ ਗਾ ਕੇ ਪੰਜਾਬ ਦੀ ਪੜ੍ਹਨ ਲਿਖਣ ਅਤੇ ਕੰਮਕਾਜ ਵਾਲੀ ਨੌਜਵਾਨੀ ਨੂੰ ਕੁਰਾਹੇ ਪਾ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਧੁਨੀ ਪ੍ਰਦੂਸ਼ਣ ਵੀ ਵਧ ਰਿਹਾ ਹੈ। ਕਈ ਵਾਰੀ ਜਦੋਂ ਅਸੀਂ ਘਰ ਵਿਚ ਇਕੱਠੇ ਬੈਠੇ ਟੈਲੀਵਿਜ਼ਨ ਦੇ ਗੀਤ ਸੁਣ ਰਹੇ ਹੁੰਦੇ ਹਾਂ ਅਚਾਨਕ ਕੋਈ ਅਜਿਹਾ ਲੱਚਰ ਗੀਤ ਪ੍ਰਸਾਰਿਤ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਵਿਚ ਬੈਠ ਕੇ ਬਿਲਕੁਲ ਨਹੀਂ ਸੁਣ ਸਕਦੇ। ਫੇਰ ਅਚਾਨਕ ਸਾਨੂੰ ਟੀ.ਵੀ. ਦਾ ਚੈਨਲ ਬਦਲਣ ਦੀ ਲੋੜ ਪੈਂਦੀ ਹੈ।ਅੱਜ ਕੱਲ ਗੀਤ ਸੁਣੇ ਨਹੀ ਵੇਖੇ ਜਾਂਦੇ ਹਨ!

ਅੱਜ ਕਲ ਦੀ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਨੂੰ ਵੀ ਭੁੱਲ ਗਈ ਹੈ। ਭਗਤ ਸਿੰਘ ਨੇ ਗੋਲੀ ਇੱਕ ਦਿਨ ਹੀ ਚਲਾਈ ਸੀ ਅਤੇ ਉਹੋ ਕਿਤਾਬਾਂ ਰੋਜ਼ ਪੜ੍ਹਦਾ ਹੁੰਦਾ ਸੀ। ਫਾਂਸੀ ਵਾਲੇ ਦਿਨ ਵੀ ਉਹ ਕਿਤਾਬ ਪੜ੍ਹ ਰਿਹਾ ਸੀ , ਅਤੇ ਉਹ ਕਿਤਾਬ ਦਾ ਪੰਨਾ ਮੋੜ ਕੇ ਰੱਖ ਗਿਆ ਸੀ, ਇਹ ਸੋਚਕੇ ਕੀ ਜਿਥੋਂ ਤਕ ਮੈਂ ਤੁਰਿਆ ਤਾਂ ਤੁਰਿਆ ਇਸ ਤੋਂ ਅੱਗੇ ਮੇਰੇ ਤੋਂ ਬਾਅਦ ਮੇਰੀ ਨੌਜਵਾਨ ਪੀੜ੍ਹੀ ਮੇਰੇ ਨਕਸ਼ੇ ਕਦਮ ਤੇ ਚੱਲੇਗੀ। ਪਰ ਅੱਜਕਲ ਦੀ ਪੀੜ੍ਹੀ ਦਾ ਬੰਦੂਕਾਂ ਵਾਲੇ ਗਾਣੇ ਅਤੇ ਲੱਚਰ ਗਾਣੇ ਸੁਣਨੇ ਪਸੰਦ ਕਰ ਰਹੀ ਹੈ ਜਿਵੇਂ ਇਕ ਗੀਤ ਆਇਆ ਸੀ ….ਤੀਜਾ ਪੈੱਗ ਲਾ ਕੇ ਉਹਦੀ ਬਾਂਹ ਫੜ ਲਈ, ਮਿੱਤਰਾਂ ਨੂੰ ਸ਼ੌਂਕ ਹਥਿਆਰਾ ਦਾ, ਲੱਕ ਲਿਮਕੇ ਦੀ ਬੋਤਲ ਤੋਂ ਵੀ ਗੋਲ ਮਜਾਜਣ ਦਾ, ਲੱਕ 28 ਕੁੜੀ ਦਾ 47 ਵੇਟ ਕੁੜੀ ਦਾ, ਵਾਹ ਓਏ ਮੇਰੇ ਪੰਜਾਬੀਓ ਵੀਰੋ ਪਰਿਵਾਰ ਅਤੇ ਸਮਾਜ ਵਿਚ ਇਹੋ ਜਿਹੇ ਗੀਤ ਸੁਣਕੇ ਸੱਚਮੁੱਚ ਸ਼ਰਮ ਜਿਹੀ ਆ ਜਾਂਦੀ ਹੈ। ਹੇਠਾਂ ਲਿਖੀਆਂ ਲਾਇਨਾਂ ਤੋ ਵੀ ਸਾਨੂੰ ਸੇਧ ਮਿਲਦੀ ਹੈ ਕਿ:-
” ਬੇ ਹਿੰਮਤੇ ਨੇ ਉਹ ਲੋਕ ਜੋ ਬਹਿ ਕੇ ਸਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਤੇ ਤਖ਼ਤੀ ਲੱਗਦੀ ਉਹਨਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ।”

ਸੋ ਮੇਰਾ ਕਹਿਣ ਦਾ ਭਾਵ ਹੈ ਕੀ ਸਾਨੂੰ ਇਹਨਾਂ ਲੱਚਰ ਗੀਤਾਂ ਨੂੰ ਰੋਕਣ ਲਈ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋ ਹੀ ਕਰਨੀ ਪਏਗੀ, ਅਰਥਾਤ ਪਹਿਲਾਂ ਇਹ ਲੱਚਰ ਗੀਤ ਚਲਾਉਣੇ ਅਤੇ ਸੁਣਨੇ ਸਾਡੇ ਘਰਾਂ ਵਿੱਚੋ ਹੀ ਬੰਦ ਕਰਨੇ ਪੈਣਗੇ ਅਤੇ ਫਿਰ ਸਮਾਜ ਵਿਚ ਚੱਲਣ ਤੋਂ ਰੋਕਣੇ ਪੈਣਗੇ। ਕਹਿੰਦੇ ਇੱਕ ਵਾਰੀ ਇੱਕ ਜੰਗਲ ਨੂੰ ਅੱਗ ਲੱਗ ਗਈ। ਉੱਥੇ ਇੱਕ ਚਿੜੀ ਆਪਣੀ ਚੁੰਝ ਰਾਹੀਂ ਪਾਣੀ ਭਰਕੇ ਅੱਗ ਦੇ ਉੱਤੇ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਤਾਂ ਕਿਸੇ ਨੇ ਪੁੱਛਿਆ ਕੀ ਤੂੰ ਛੋਟੀ ਜਿਹੀ ਹੋ ਕੇ ਜੰਗਲ ਦੇ ਏਡੇ ਵੱਡੇ ਭਾਂਬੜ ਨੂੰ ਕਿਵੇਂ ਬੁਝਾ ਦੇਵੇਗੀ ਤਾਂ ਚਿੜੀ ਨੇ ਕਿਹਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਹਾਂ ਜੇਕਰ ਅੱਗ ਬੁਝਾਉਣ ਲਈ ਕਾਮਯਾਬ ਨਾ ਵੀ ਹੋਈ ਤਾਂ ਇਤਿਹਾਸ ਵਿੱਚ ਜੰਗਲ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲਈ ਮੇਰਾ ਨਾਮ ਪਹਿਲਾਂ ਲਿਖਿਆ ਜਾਵੇਗਾ।

ਆਪਣੇ ਨਾਲੋਂ ਤਾਂ ਚੰਗਾ ਕਰਨਾਟਕ ਦਾ ਵਸਿੰਦਾ ਪੰਡਿਤ ਧਰੇਨਵਰ ਰਾਓ ਹੈ ਜੋ ਕਿ ਚੰਡੀਗੜ੍ਹ ਕਾਲਜ ਵਿੱਚ ਇੱਕ ਪ੍ਰੋਫੈਸਰ ਹੋਣ ਦੇ ਨਾਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਲੱਚਰ ਗੀਤ ਅਤੇ ਨਸਿ਼ਆ ਵਾਲੇ ਗੀਤ ਗਾਉਣ ਵਾਲਿਆ ਦੇ ਵਿਰੁੱਧ ਝੰਡਾ ਚੁੱਕਿਆ ਹੈ ਅਤੇ ਕਈ ਕਲਾਕਾਰਾਂ ਤੋਂ ਲੱਚਰਤਾ ਗਾਉਣ ਕਾਰਨ ਜਨਤਕ ਮਾਫੀ ਵੀ ਮੰਗਵਾ ਚੁੱਕਿਆ ਹੈ। ਸੋ ਪੰਜਾਬ ਵਿੱਚ ਰਹਿਣ ਅਤੇ ਪੰਜਾਬੀ ਹੋਣ ਦੇ ਨਾਤੇ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਸੱਭਿਆਚਾਰ ਨੂੰ ਗੰਧਲਾ ਹੋਣ ਤੋਂ ਬਚਾਈਏ। ਜਿਹੜੇ ਲੱਚਰ ਗੀਤ ਗਾਇਕਾਂ ਵੱਲੋਂ ਗਾਏ ਜਾ ਰਹੇ ਹਨ ਸਾਨੂੰ ਇਹਨਾਂ ਨੂੰ ਸੁਣਨ ਤੋਂ ਬਿਲਕੁਲ ਹੀ ਗੁਰੇਜ਼ ਕਰਨਾ ਚਾਹੀਦਾ ਹੈ।

ਜਿਹੜੀਆਂ ਬੱਸਾਂ ਵਿਚ ਇਹ ਗੀਤ ਚਲਾਏ ਜਾਂਦੇ ਹਨ, ਉਹਨਾਂ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ। ਜਿਹੜੀਆਂ ਦੁਕਾਨਾਂ ਢਾਬਿਆਂ ਤੇ ਇਹਨਾਂ ਗੀਤਾਂ ਨੂੰ ਚਲਾਇਆ ਜਾਂਦਾ ਹੈ ਉਥੋਂ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ। ਹੁਣ ਤਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਕਾਨੂੰਨ ਬਣਾ ਕੇ ਇਨਾ ਲੱਚਰ ਗੀਤਾਂ ਨੂੰ ਬੱਸਾਂ ਕਾਰਾਂ ਵਿਚ ਬੰਦ ਕਰਨ ਦਾ ਹੁਕਮ ਵੀ ਹੋ ਗਿਆ ਹੈ ਪ੍ਰੰਤੂ ਪ੍ਰਸਾਸ਼ਨ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੈ।

ਇਸ ਲਈ ਇਸ ਦਾ ਹੰਭਲਾ ਸਾਨੂੰ ਆਪ ਹੀ ਮਾਰਨਾ ਪਏਗਾ ਅਤੇ ਲੱਚਰ ਗੀਤ ਗਾਉਣ ਵਾਲੇ ਅਤੇ ਚਲਾਉਣ ਵਾਲਿਆਂ ਦੀ ਸਾਨੂੰ ਪ੍ਰਸ਼ਾਸਨ ਕੋਲ ਸ਼ਿਕਾਇਤ ਆਪ ਹੀ ਕਰਨੀ ਪਏਗੀ। ਸਾਨੂੰ ਇਹਨਾਂ ਲੱਚਰ ਗੀਤਾਂ ਦੀ ਕੋਈ ਵੀਡੀਓ ਅਤੇ ਸੀ.ਡੀ. ਨਹੀਂ ਖਰੀਦਣੀ ਚਾਹੀਦੀ। ਸਾਨੂੰ ਇਹੋ ਜਿਹੇ ਲੱਚਰ ਗੀਤ ਸੁਣਨ ਅਤੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹੋ ਜਿਹੇ ਲੱਚਰ ਗੀਤਾਂ ਦੇ ਪ੍ਰੋਗਰਾਮ ਬੰਦ ਕਰਵਾਉਣੇ ਚਾਹੀਦੇ ਹਨ। ਇਹਨਾਂ ਲੱਚਰ ਗੀਤਾਂ ਦੀਆਂ ਵੈਬਸਾਈਟਾਂ ਵੀ ਬੰਦ ਕਰਵਾਉਣੀਆਂ ਪੈਣਗੀਆਂ। ਇਸ ਤਰ੍ਹਾਂ ਕਰਨ ਨਾਲ ਅਸੀਂ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਕੁਰਾਹੇ ਪੈਣ ਤੋਂ ਬਚਾ ਸਕਦੇ ਹਾਂ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚਾ ਮੋਹ
Next articleਰੂਹਾਂ ਦੇ ਹਾਣੀ