(ਸਮਾਜ ਵੀਕਲੀ)-ਬੱਚਿਓ ! ਪਹਾੜ ਧਰਤੀ ਦੇ ਫੇਫੜੇ ਹੁੰਦੇ ਹਨ । ਧਰਤੀ ਦੀ ਸਤ੍ਹਾ ਤੋਂ ਉੱਪਰ ਉੱਠੇ ਹੋਏ ਭਾਗ ਨੂੰ ” ਪਹਾੜ ” ਕਿਹਾ ਜਾਂਦਾ ਹੈ । ਧਰਤੀ ਵਿਚਕਾਰਲੀ ਹਲਚਲ ਨਾਲ ਪਹਾੜਾਂ ਦਾ ਜਨਮ ਹੁੰਦਾ ਹੈ । ਅਕਸਰ ਧਰਤੀ ਤਲ ਤੋਂ ਤਿੰਨ ਸੌ ਮੀਟਰ ਤੋਂ ਜ਼ਿਆਦਾ ਉੱਚਾਈ ਵਾਲੇ ਸਥਾਨ ਨੂੰ ਪਹਾੜ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ । ਪਹਾੜਾਂ ਨੂੰ ਬਣਨ ਦੇ ਲਈ ਲੱਖਾਂ ਸਾਲ ਲੱਗ ਜਾਂਦੇ ਹਨ । ਇਨ੍ਹਾਂ ਦੀ ਉਮਰ ਪ੍ਰਤੀਸਾਲ ਕੁਝ ਮਿਲੀ ਮੀਟਰ ਵਧਦੀ ਹੈ । ਪਹਾੜ ਅਕਸਰ ਬਲੂਆ ਪੱਥਰ ਤੋਂ ਬਣੇ ਹੋਏ ਹੁੰਦੇ ਹਨ । ਪਹਾੜਾਂ ਦਾ ਆਕਾਰ , ਬਨਾਵਟ ਅਤੇ ਦਿੱਖ ਅਲੱਗ – ਅਲੱਗ ਹੁੰਦੇ ਹਨ। ਭੂ – ਵਿਗਿਆਨੀਆਂ ਨੇ ਪਹਾੜਾਂ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਹੈ : ਜਵਾਲਾਮੁਖੀ ਪਹਾੜ , ਜੋ ਕਿ ਲਾਵਾ , ਰਾਖ ਅਤੇ ਅੰਗਾਰੇ ਆਦਿ ਤੋਂ ਬਣੇ ਹੋਏ ਹੁੰਦੇ ਹਨ। ਇਨ੍ਹਾਂ ਦੀ ਸ਼ਕਲ ਸ਼ੰਕੂ ਵਰਗੀ ਹੁੰਦੀ ਹੈ ਅਤੇ ਚੋਟੀ ‘ਤੇ ਛੇਕ ਹੁੰਦਾ ਹੈ । ਉਦਾਹਰਣ ਵਜੋਂ ਜਾਪਾਨ ਦਾ ਫਿਊਜ਼ਆਮਾ ਅਤੇ ਅਮਰੀਕਾ ਦਾ ਹੁੱਡ ਤੇ ਰੇਨੀਅਰ ਜਵਾਲਾਮੁਖੀ ਹੈ ।
ਦੂਜੀ ਕਿਸਮ ਵਿੱਚ : ਪਰਤਦਾਰ ਪਹਾੜ ਹੁੰਦੇ ਹਨ , ਤੀਜੇ ਸਥਾਨ ‘ਤੇ ਗੁੰਬਦ ਪਹਾੜ ਆਉਂਦੇ ਹਨ ਅਤੇ ਸ਼ਿਲਾ ਪਰਬਤ ਇਨ੍ਹਾਂ ਦੀ ਚੌਥੀ ਕਿਸਮ ਹੈ । ਪਹਾੜਾਂ ਤੇ ਹਰੇ – ਭਰੇ ਦਰੱਖਤ , ਝਾੜੀਆਂ, ਬਰਫ਼ , ਕੀਮਤੀ ਜੜ੍ਹੀ – ਬੂਟੀਆਂ , ਕੀਮਤੀ ਸਦਾਬਹਾਰ ਦਰੱਖਤ , ਭਾਂਤ – ਭਾਤ ਦੇ ਫੁੱਲ , ਪੰਛੀ , ਪਰਿੰਦੇ ਅਤੇ ਜੀਵ -ਜੰਤੂ ਮੌਜੂਦ ਹੁੰਦੇ ਹਨ । ਪਹਾੜਾਂ ਦਾ ਪੌਣ – ਪਾਣੀ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ , ਦੁੱਖਾਂ – ਤਕਲੀਫਾਂ ਅਤੇ ਸਮੱਸਿਆਵਾਂ ਤੋਂ ਬਚਾਉਂਦਾ ਹੈ । ਪਹਾੜਾਂ ਦੀਆਂ ਮੁੱਖ ਸ਼੍ਰੇਣੀਆਂ ਵਿੱਚ ਹਿਮਾਲਿਆ , ਐਲਪਸ , ਯੂਰਾਲ ਤੇ ਇੰਡੀਜ਼ ਆਉਂਦੇ ਹਨ । ਹਿਮਾਲਿਆ ਪਰਬਤ ਮਾਲਾ ਦੀ ਲੰਬਾਈ 2413 ਕਿਲੋਮੀਟਰ ਹੈ । ਇਸ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਹੈ , ਜੋ ਕਿ ਬਰਫ਼ ਨਾਲ ਲੱਦੀ ਹੋਈ ਹੈ । ਮਾਊਂਟ ਐਵਰਸਟ ਦੀ ਉੱਚਾਈ 8848 ਮੀਟਰ ਹੈ । ਅਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਜੀ ਨੇ ਹਿਮਾਲਿਆ ਦੀ ਤੁਲਨਾ ਭਗਵਾਨ ਮਹਾਦੇਵ ਜੀ ਦੀ ਮੂਰਤੀ ਦੇ ਨਾਲ ਕੀਤੀ ਹੈ । ਹਿਮਾਲਿਆ ਤੋਂ ਇਲਾਵਾ ਪਹਾੜ ਦੀਆਂ ਕਈ ਸ਼੍ਰੇਣੀਆਂ ਹਨ , ਜਿਵੇਂ : ਸੱਤਪੁੜਾ , ਪੰਚਮੜੀ , ਨੀਲਗਿਰੀ ਆਦਿ ਤੇ ਰਾਜਸਥਾਨ ਦਾ ਮਾਊਂਟ ਆਬੂ । ਆਸਟਰੇਲੀਆ ਦੀ ਆਇਰਸ ਪਹਾੜੀ ਹਰ ਰੋਜ਼ ਹਰ ਮੌਸਮ ਵਿੱਚ ਆਪਣਾ ਰੰਗ ਬਦਲਦੀ ਰਹਿੰਦੀ ਹੈ। ਇਹ ਅੰਡਾਕਾਰ ਪਹਾੜੀ 335 ਮੀਟਰ ਉੱਚੀ ਹੈ । ਇਸ ਦਾ ਰੰਗ ਅਕਸਰ ਸਵੇਰ ਸਮੇਂ ਲਾਲ , ਫੇਰ ਬੈਂਗਣੀ ਬਾਅਦ ਵਿੱਚ ਪੀਲਾ ਅਤੇ ਸੰਤਰੀ ਅਤੇ ਲਾਲ ਹੋ ਜਾਂਦਾ ਹੈ । ਇਹ ਕੋਈ ਜਾਦੂ ਨਹੀਂ ਹੈ , ਸਗੋਂ ਇਸ ਦਾ ਕਾਰਨ ਪੱਥਰਾਂ ਦੀ ਰਚਨਾ ਅਤੇ ਸੂਰਜ ਦੀਆਂ ਕਿਰਨਾਂ ਦਾ ਵੱਖ – ਵੱਖ ਸਮੇਂ ਬਣੇ ਹੋਏ ਵੱਖ – ਵੱਖ ਕੋਣ ਹੁੰਦੇ ਹਨ । ਸਵੇਰ ਸਮੇਂ ਚੜ੍ਹਦੇ ਸੂਰਜ ਦੀ ਰੌਸ਼ਨੀ ਜਦੋਂ ਆਇਰਸ ਪਹਾੜੀ ‘ਤੇ ਪੈਂਦੀ ਹੈ ਤਾਂ ਇੰਝ ਜਾਪਦਾ ਹੈ, ਜਿਵੇਂ ਪਹਾੜੀ ‘ਤੇ ਅੱਗ ਲੱਗੀ ਹੋਈ ਹੋਵੇ । ਪ੍ਰਾਚੀਨ ਕਾਲ ਵਿੱਚ ਕਬੀਲਿਆਂ ਦੇ ਲੋਕ ਇਸ ਨੂੰ ” ਭਗਵਾਨ ਦਾ ਘਰ” ਵੀ ਕਹਿੰਦੇ ਸਨ ਅਤੇ ਇਸ ਦੀ ਪੂਜਾ ਵੀ ਕਰਦੇ ਸਨ। ਸਾਨੂੰ ਅਕਸਰ ਪਹਾੜਾਂ ‘ਤੇ ਚੜ੍ਹਨ ਸਮੇਂ ਔਖਾ ਮਹਿਸੂਸ ਹੁੰਦਾ ਹੈ ।ਇਸ ਦਾ ਮੁਖ ਕਾਰਨ ਇਹ ਹੁੰਦਾ ਹੈ ਕਿ ਅਸੀਂ ਗੁਰੂਤਾ ਆਕਰਸ਼ਣ ਬਲ ਦੇ ਵਿਰੋਧ ਵਿੱਚ ਜਾ ਰਹੇ ਹੁੰਦੇ ਹਾਂ । ਜਿਸ ਨਾਲ ਦਿਲ ਨੂੰ ਜ਼ਿਆਦਾ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਅਤੇ ਫੇਫੜਿਆਂ ਨੂੰ ਜ਼ਿਆਦਾ ਕਾਰਬਨਡਾਈ ਆਕਸਾਈਡ ਕੱਢਣੀ ਪੈਂਦੀ ਹੈ । ਸਿੱਟੇ ਵਜੋਂ ਅਸੀਂ ਥਕਾਵਟ ਵੀ ਮਹਿਸੂਸ ਕਰਦੇ ਹਾਂ ।
ਪਹਾੜ ਵਾਤਾਵਰਣ ਦੇ ਸੰਤੁਲਨ ਬਣਾਈ ਰੱਖਣ , ਵਰਖਾ ਲਿਆਉਣ , ਬਰਫ਼ਾਂ , ਜੜ੍ਹੀ – ਬੂਟੀਆਂ ਦੀ ਸਾਂਭ ਸੰਭਾਲ ਅਤੇ ਕਈ ਕਿਸਮ ਦੇ ਜੀਵ – ਜੰਤੂਆਂ ਦੇ ਰਹਿਣ ਬਸੇਰੇ ਦੀ ਭੂਮਿਕਾ ਵੀ ਨਿਭਾਉਂਦੇ ਹਨ । ਡੈੱਥ ਵੈਲੀ ਦੇ ਆਸ – ਪਾਸ ਕਈ ਅਜਿਹੀਆਂ ਗਤੀਮਾਨ ਪਹਾੜੀਆਂ , ਚਟਾਨਾਂ ਅਤੇ ਪੱਥਰ ਵੀ ਹਨ ਜੋ ਬਿਨਾਂ ਕਿਸੇ ਮਨੁੱਖੀ ਦਖਲਅੰਦਾਜ਼ੀ ਦੇ ਗਤੀ ਕਰਦੀਆਂ ਰਹਿੰਦੀਆਂ ਹਨ । ਇਹ ਰਹੱਸ ਲੱਗਭਗ ਪਿਛਲੇ ਛੇ ਦਹਾਕਿਆਂ ਤੋਂ ਬਣਿਆ ਹੋਇਆ ਹੈ ਤੇ ਵਿਗਿਆਨੀ ਇਸ ਬਾਰੇ ਖੋਜ ਕਰ ਰਹੇ ਹਨ । ਇਹ ਵੀ ਜ਼ਿਕਰਯੋਗ ਹੈ ਕਿ ਸਮੁੰਦਰਾਂ ਵਿੱਚ ਵੀ ਪਹਾੜ ਹੁੰਦੇ ਹਨ ।ਸਮੁੰਦਰੀ ਤਲ ਦੀ ਹਲਚਲ ਨਾਲ ਸਮੁੰਦਰੀ ਪਹਾੜ ਦਾ ਜਨਮ ਹੁੰਦਾ ਹੈ । ਸਮੁੰਦਰ ਤਲ ਵਿੱਚ ਫਟਣ ਵਾਲੇ ਜਵਾਲਾਮੁਖੀ ਨਾਲ ਵੀ ਪਹਾੜ ਬਣ ਜਾਂਦੇ ਹਨ। ਇਹ ਪਹਾੜ ਇੱਕ ਤੋਂ ਤਿੰਨ ਕਿਲੋਮੀਟਰ ਤੱਕ ਉੱਚੇ ਹੋ ਸਕਦੇ ਹਨ ਅਤੇ ਪਾਣੀ ਵਿੱਚ ਡੁੱਬੇ ਰਹਿੰਦੇ ਹਨ । ਇਨ੍ਹਾਂ ਦਾ ਕੁਝ ਭਾਗ ਪਾਣੀ ਤੋਂ ਉੱਪਰ ਵੀ ਦਿਖਾਈ ਦਿੰਦਾ ਹੈ, ਜੋ ਕਿ ਅਕਸਰ ‘ ਦੀਪ ‘ ਅਖਵਾਉਂਦੇ ਹਨ ।
ਸਮੁੰਦਰੀ ਮਾਊਨਾ ਇਸ ਦੀ ਉਦਾਹਰਣ ਹੈ , ਜਿਸ ਦੀ ਉੱਚਾਈ 9082 ਮੀਟਰ ਹੈ । ਜੋ ਕਿ ਮਾਊਂਟ ਐਵਰੈਸਟ ਤੋਂ ਵੀ ਉੱਚਾ ਹੈ । ਸਾਡੇ ਰਿਸ਼ੀ – ਮੁਨੀ ਪਹਾੜਾਂ ਦੀਆਂ ਚੋਟੀਆਂ , ਪਹਾੜਾਂ ਦੀਆਂ ਗੁਫਾਵਾਂ ਅਤੇ ਜੰਗਲਾਂ ਵਿੱਚ ਭਗਤੀ ਕਰਦੇ ਸਨ । ਮਹਾਂਭਾਰਤ ਕਾਲ ਦੇ ਯੁਧਿਸ਼ਟਰ ਵੱਲੋਂ ਹਿਮਾਲਿਆ ਪਰਬਤ ਪਾਰ ਕਰਕੇ ਮੋਕਸ਼ ਦੀ ਪ੍ਰਾਪਤੀ ਕੀਤੀ ਗਈ ਦੱਸੀ ਜਾਂਦੀ ਹੈ । ਦੇਸ਼ ਦੇ ਉੱਤਰ – ਪੂਰਵ ਭਾਗ ਵਿੱਚ ਦਰੋਣ ਪਰਬਤ ਇੱਕ ਮਸ਼ਹੂਰ ਪਰਬਤ ਹੈ । ਜਿਸ ਨੂੰ ਕਿ ਹਨੂਮਾਨ ਜੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਛੋਟੇ ਭਰਾ ਲਕਸ਼ਮਣ ਜੀ ਦੀ ਮੂਰਛਾ ( ਬੇਹੋਸ਼ੀ ) ਦੀ ਸਥਿਤੀ ਤੋਂ ਬਚਾਉਣ ਦੇ ਲਈ ਸ੍ਰੀਲੰਕਾ ਵਿਖੇ ਲੈ ਕੇ ਗਏ ਸਨ । ਪਹਾੜ ਪ੍ਰਾਕ੍ਰਿਤੀ ਦਾ ਵਿਸਥਾਰ ਹਨ । ਪਹਾੜ ਆਸਮਾਨ ਨੂੰ ਛੂਹ ਲੈਣ ਦੀ ਚਾਹਤ ਹਨ । ਮਨੁੱਖ ਪਹਾੜਾਂ ‘ਤੇ ਸ਼ਾਂਤੀ , ਸਕੂਨ , ਹਰਿਆਲੀ ਤੇ ਖੁਸ਼ਹਾਲੀ ਦੀ ਪ੍ਰਾਪਤੀ ਦੇ ਲਈ ਜਾਂਦਾ ਹੈ , ਪਰ ਹਾਸੋਹੀਣਾ ਪੱਖ ਉਦੋਂ ਸਾਹਮਣੇ ਆ ਜਾਂਦਾ ਹੈ ਜਦੋਂ ਇਨ੍ਹਾਂ ਕੁਦਰਤੀ ਤੇ ਅਨਮੋਲ ਖਜ਼ਾਨਿਆਂ ਦੇ ਨਜ਼ਦੀਕ ਹੁੰਦਾ ਹੋਇਆ ਵੀ ਮਨੁੱਖ ਮੋਬਾਈਲ ਫੋਨ ਵਿੱਚ ਹੀ ਵਿਅਸਤ ਰਹਿੰਦਾ ਹੈ । ਫਿਰ ਉਸ ਨੂੰ ਪਹਾੜ ‘ਤੇ ਜਾਣ ਉੱਥੇ ਘੁੰਮਣ ਦਾ ਕੀ ਫਾਇਦਾ ??? ਮੋਬਾਈਲਾਂ ‘ਤੇ ਧਿਆਨ ਕੇਂਦਰਿਤ ਕਰਨਾ ਤਾਂ ਘਰੇ ਵੀ ਹੋ ਸਕਦਾ ਹੈ । ਸਾਨੂੰ ਪਹਾੜਾਂ ‘ਤੇ ਪੈਦਲ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉੱਥੇ ਗੰਦਗੀ , ਕਚਰਾ , ਪਲਾਸਟਿਕ ਦੀਆਂ ਬੋਤਲਾਂ , ਲਿਫ਼ਾਫ਼ਾ ਬੰਦ ਭੋਜਨ ਪਦਾਰਥਾਂ ਦੇ ਲਿਫਾਫੇ , ਪਨੀਆਂ ਆਦਿ ਸੁੱਟਣ ਅਤੇ ਫੈਲਾਉਣ ਤੋਂ ਬਚਣਾ ਅਤੇ ਬਚਾਉਣਾ ਚਾਹੀਦਾ ਹੈ ; ਕਿਉਂਕਿ ਪਰਬਤਾਂ ਦੇ ਸਿਖਰਾਂ ‘ਤੇ ਫੈਲੇ ਹੋਏ ਪਲਾਸਟਿਕ ਅਤੇ ਪਲਾਸਟਿਕ ਦੇ ਲਿਫਾਫਿਆ ਦੀ ਪਰਤ ਬਰਫ ਨੂੰ ਜੰਮਣ ਤੋਂ ਰੋਕਦੇ ਹਨ ਅਤੇ ਭਾਰੀ ਤਬਾਹੀ ਲਿਆਉਂਦੇ ਹਨ । ਅੱਜ ਜ਼ਰੂਰਤ ਹੈ ਕਿ ਪਹਾੜਾਂ ਨੂੰ ਸੈਰ – ਸਪਾਟੇ ਦੀ ਥਾਂ ਮੁੜ ਤੀਰਥ ਸਥਾਨਾਂ ਵਜੋਂ ਦੇਖਿਆ ਤੇ ਸਮਝਿਆ ਜਾਵੇ ; ਕਿਉਂਕਿ ਵਾਤਾਨੁਕੂਲਿਤ ਕਮਰੇ , ਕਾਰਾਂ ਅਤੇ ਸਾਧਨ ਪਹਾੜਾਂ ਲਈ ਸਹੀ ਨਹੀਂ ਹੁੰਦੇ । ਪਹਾੜਾਂ ‘ਤੇ ਬਹੁਗਿਣਤੀ ਬਹੁਮੰਜ਼ਿਲੀ ਇਮਾਰਤਾਂ ਅਤੇ ਹੱਦ ਤੋਂ ਜ਼ਿਆਦਾ ਡੈਮਾਂ ਦਾ ਨਿਰਮਾਣ ਕਰਨਾ ਅਤੇ ਆਪਣੇ ਅਨੁਸਾਰ ਪਹਾੜਾਂ ਦੀ ਕਾਂਟ – ਛਾਂਟ ਕਰਨਾ ਵੀ ਪਰਬਤਾਂ ਦੇ ਹੱਕ ਵਿੱਚ ਨਹੀਂ । ਇਸ ਤੋਂ ਇਲਾਵਾ ਸਾਨੂੰ ਪਹਾੜਾਂ ਦੇ ਲੋਕਾਂ ਦੀ ਸੰਸਕ੍ਰਿਤੀ , ਭੋਜਨ , ਖੇਤਰੀਅਤਾ , ਰਹਿਣ -ਸਹਿਣ , ਪਹਿਰਾਵੇ ਆਦਿ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ । ਅੱਜ ਜ਼ਰੂਰਤ ਹੈ ਅਤੀਤ ਵੱਲ ਵਾਪਸ ਮੁੜਨ ਦੀ ; ਕਿਉਂਕਿ ਅਤੀਤ ਹਮੇਸ਼ਾ ਗਲਤ ਨਹੀਂ ਹੁੰਦਾ ।
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly