- ਚਟੋਪਾਧਿਆਏ ਵੱਲੋਂ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਪੁਲੀਸ ਕਮਿਸ਼ਨਰਾਂ ਦੀ ਖਿਚਾਈ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਪੁਲੀਸ ਦੇ ਇੱਕ ਬਰਖ਼ਾਸਤ ਹੌਲਦਾਰ ਗਗਨਦੀਪ ਸਿੰਘ ਵੱਲੋਂ ਲੁਧਿਆਣਾ ’ਚ ਹੋਏ ਬੰਬ ਧਮਾਕੇ ਨੂੰ ਅੰਜਾਮ ਦੇਣ ਦੇ ਤੱਥ ਸਾਹਮਣੇ ਆਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ’ਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਇੱਕ ਮਾਮਲਾ ਦਰਜ ਹੋਇਆ ਸੀ ਤੇ ਜਿਸ ਦੇ ਆਧਾਰ ’ਤੇ ਉਸ ਨੂੰ ਬਰਖਾਸਤ ਕੀਤਾ ਗਿਆ ਸੀ। ਇਹ ਸ਼ਖ਼ਸ ਗੁਰੂ ਤੇਗ ਬਹਾਦਰ ਨਗਰ ਖੰਨਾ ਦਾ ਰਹਿਣ ਵਾਲਾ ਹੈ। ਸਾਲ 2019 ਵਿੱਚ ਐਸਟੀਐਫ ਵੱਲੋਂ ਮੁਹਾਲੀ ਵਿੱਚ ਦਰਜ ਕੀਤਾ ਗਿਆ ਤਸਕਰੀ ਨਾਲ ਜੁੜਿਆ ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਗਗਨਦੀਪ ਸਿੰਘ ਜ਼ਮਾਨਤ ’ਤੇ ਰਿਹਾਅ ਹੋਇਆ ਸੀ।
ਪੰਜਾਬ ਪੁਲੀਸ ਨੂੰ ਧਮਾਕੇ ਵਾਲੀ ਥਾਂ ਤੋਂ ਅੱਜ ਇੱਕ ਮੋਬਾਈਲ ਫੋਨ ਅਤੇ ਸਿਮ ਕਾਰਡ ਮਿਲਿਆ ਸੀ ਜਿਸ ਦੇ ਆਧਾਰ ’ਤੇ ਪੁਲੀਸ ਨੇ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਪਤਾ ਕੀਤਾ ਕਿ ਸੈੱਲੂਲਰ ਕੰਪਨੀ ਵੱਲੋਂ ਜਾਰੀ ਕੀਤਾ ਸਿੰਮ ਤਾਂ ਦਵਿੰਦਰ ਸਿੰਘ ਦੇ ਨਾਮ ’ਤੇ ਜਾਰੀ ਹੋਇਆ ਹੈ, ਪਰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਆਰਡੀਐਕਸ ਲੈ ਕੇ ਗਗਨਦੀਪ ਸਿੰਘ ਹੀ ਪਹੁੰਚਿਆ ਸੀ। ਪੁਲੀਸ ਵੱਲੋਂ ਅੱਜ ਦਵਿੰਦਰ ਸਿੰਘ ਸਮੇਤ ਹੋਰਨਾਂ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਮਾਮਲੇ ਦਾ ਸੁਰਾਗ ਮਿਲ ਗਿਆ ਹੈ। ਇਸ ਲਈ ਹੁਣ ਤਹਿ ਤੱਕ ਜਾਣਾ ਮੁਸ਼ਕਲ ਨਹੀਂ ਹੈ। ਬੰਬ ਧਮਾਕੇ ਦੀ ਜਾਂਚ ਵਿੱਚ ਕੇਂਦਰੀ ਏਜੰਸੀਆਂ ਐੱਨਆਈਏ ਅਤੇ ਐੱਨਐੱਸਜੀ ਨੇ ਅਹਿਮ ਭੂਮਿਕਾ ਨਿਭਾਈ।
ਉਧਰ ਡੀਜੀਪੀ ਐੱਸ.ਚਟੋਪਾਧਿਆਏ ਨੇ ਦੱਸਿਆ ਕਿ ਭਲਕੇ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਕਰ ਸਕਦੀ ਹੈ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਗਗਨਦੀਪ ਸਿੰਘ ਨਸ਼ਾ ਤਸਕਰੀ ਮਾਮਲੇ ਵਿੱਚ ਜੇਲ੍ਹ ’ਚ ਰਹਿਣ ਦੌਰਾਨ ਅਤਿਵਾਦੀ ਜਥੇਬੰਦੀਆਂ ਦੇ ਸੰਪਰਕ ਵਿੱਚ ਆਇਆ ਸੀ, ਜਿੱਥੋਂ ਉਸ ਨੂੰ ਧਮਾਕਾ ਕਰਨ ਦੀ ਸਿਖਲਾਈ ਮਿਲੀ ਸੀ। ਸੂਤਰਾਂ ਨੇ ਕਿਹਾ ਕਿ ਧਮਾਕੇ ਲਈ ਵਰਤਿਆ ਆਰਡੀਐੱਕਸ ਪਾਕਿਸਤਾਨ ਤੋਂ ਆਇਆ ਸੀ, ਪਰ ਧਮਾਕੇ ਪਿੱਛੇ ਕਿਸੇ ਅਤਿਵਾਦੀ ਜਥੇਬੰਦੀ ਦਾ ਹੱਥ ਇਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਲਗਾਤਾਰ ਇਸ ਮਾਮਲੇ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੰਘੀ ਰਾਤ 11 ਵਜੇ ਤੱਕ ਮੁੱਖ ਮੰਤਰੀ ਵੱਲੋਂ ਪੁਲੀਸ ਅਤੇ ਖੁਫੀਆ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੰਬ ਕਾਂਡ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਗਈ।
ਮੁੱਖ ਮੰਤਰੀ ਨੇ ਮੀਟਿੰਗਾਂ ਦੌਰਾਨ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਇਸ ਬੰਬ ਕਾਂਡ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਭੰਗ ਕਰਨ ਅਤੇ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਾਰ ਦਿੱਤਾ। ਸੂਬੇ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵੀ ਅੱਜ ਸੀਨੀਅਰ ਪੁਲੀਸ ਅਧਿਕਾਰੀਆਂ ਸਮੇਤ ਸਮੂਹ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਪੁਲੀਸ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਡੀਜੀਪੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਪੁਲੀਸ ਕਮਿਸ਼ਨਰਾਂ ਦੀ ਖਿਚਾਈ ਵੀ ਕੀਤੀ। ਸੂਬਾ ਪੁਲੀਸ ਮੁਖੀ ਨੇ ਸਮੁੱਚੇ ਪੰਜਾਬ ਵਿੱਚ ਚੌਕਸੀ ਅਤੇ ਗਸ਼ਤ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸ੍ਰੀ ਚਟੋਪਾਧਿਆਏ ਨੇ ਅਣਅਧਿਕਾਰਤ ਵਿਅਕਤੀਆਂ ਨੂੰ ਦਿੱਤੀ ਬੇਲੋੜੀ ਸੁਰੱਖਿਆ ਵਾਪਸ ਲੈਣ ਅਤੇ ਗੈਰ-ਸਮਾਜੀ ਤੱਤਾਂ ਤੇ ਭਗੌੜਿਆਂ ਖਿਲਾਫ਼ ਮੁਹਿੰਮ ਚਲਾਉਣ ਦੀ ਵੀ ਹਦਾਇਤ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly