ਚੰਨੀ ਵੱਲੋਂ ਅਮਿਤ ਸ਼ਾਹ ਨਾਲ ਗੱਲਬਾਤ

Punjab Chief Minister Charanjit Singh Channi address a press Conference in Punjab Bhawan, Chandigarh

ਚੰਡੀਗੜ੍ਹ  (ਸਮਾਜ ਵੀਕਲੀ):  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਬੰਬ ਧਮਾਕੇ ਦੀ ਜਾਂਚ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਦਦ ਮੰਗੀ ਹੈ ਤਾਂ ਜੋ ਤਕਨੀਕੀ ਨਜ਼ਰੀਏ ਤੋਂ ਸਮੁੱਚੀ ਘਟਨਾ ਦੀ ਘੋਖ ਹੋ ਸਕੇ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਰਡੀਐੱਕਸ ਤੇ ਹੋਰ ਮੁੱਦਿਆਂ ’ਤੇ ਜਾਂਚ ਲਈ ਕੇਂਦਰੀ ਏਜੰਸੀਆਂ ਕੋਲ ਮੁਹਾਰਤ ਹਾਸਲ ਹੈ। ਕਪੂਰਥਲਾ ਜ਼ਿਲ੍ਹੇ ਵਿਚ ਹੋਈ ਬੇਅਦਬੀ ਦੇ ਮਾਮਲੇ ਵਿਚ ਚੰਨੀ ਨੇ ਕਿਹਾ ਕਿ ਉਥੇ ਬੇਅਦਬੀ ਨਹੀਂ ਹੋਈ। ਬਿਕਰਮ ਸਿੰਘ ਮਜੀਠੀਆ ’ਤੇ ਦਰਜ ਕੇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਵਿਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਪੰਜਾਬ ਨੂੰ ਨਸ਼ਿਆਂ ਕਰਕੇ ‘ਉਡਤਾ ਪੰਜਾਬ’ ਵਰਗੇ ਮਿਹਣੇ ਸੁਣਨੇ ਪਏ ਅਤੇ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਹੀ ਲੋਕ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਆਪਣੇ ਰਿਸ਼ਤੇਦਾਰ ਨੂੰ ਬਚਾਉਂਦੇ ਰਹੇ। ਪਿਛਲੀ ਸਰਕਾਰ ਸਮੇਂ ਹੀ ਈਡੀ ਅਤੇ ਪੁਲੀਸ ਨੇ ਪੜਤਾਲ ਸ਼ੁਰੂ ਕੀਤੀ ਸੀ ਅਤੇ ਹਾਈ ਕੋਰਟ ਦੇ ਹੁਕਮਾਂ ’ਤੇ ਹੀ ਐੱਸਟੀਐੱਫ ਨੇ ਪੜਤਾਲ ਕਰ ਕੇ ਰਿਪੋਰਟ ਪੇਸ਼ ਕੀਤੀ ਸੀ। ਮਜੀਠੀਆ ’ਤੇ ਕਾਨੂੰਨ ਮੁਤਾਬਕ ਕੇਸ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਜਵਾਨੀ ਨੂੰ ਬਚਾਉਣ ਲਈ ਸਿਰ ’ਤੇ ਕਫ਼ਨ ਬੰਨ੍ਹ ਕੇ ਨਿਕਲੇ ਹਨ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਹਿਫ਼ਾਜ਼ਤ ਕਰਨ ਦੇ ਕਾਬਲ ਨਹੀਂ ਹੈ। ਕੇਜਰੀਵਾਲ ਇੱਕ ਦਬਕੇ ਮਗਰੋਂ ਹੀ ਮਜੀਠੀਆ ਤੋਂ ਲਿਖਤੀ ਮੁਆਫੀ ਮੰਗ ਗਏ ਸਨ। ਮੁਆਫੀ ਵਾਲੇ ਮਾਮਲੇ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਵਿਚੋਲਗੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਸ ਵਾਸਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਦੇ ਮਾਮਲੇ ਵਿਚ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਪੂਰੀ ਤਰ੍ਹਾਂ ਬੇਪਰਦ ਹੋ ਗਏ ਹਨ।

ਚੰਨੀ ਅਨੁਸਾਰ ਲੜਾਈ ਇੱਥੇ ਮੁਕੀ ਨਹੀਂ ਸਗੋਂ ਰੇਤ ਤੇ ਸ਼ਰਾਬ ਦੇ ਕਾਰੋਬਾਰਾਂ ਦੀ ਵੀ ਜਾਂਚ ਹੋਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਹੁਣ ਵੀ ਨਸ਼ੇ ਵਿਕਦੇ ਹੋਣਗੇ ਪਰ ਮੌਜੂਦਾ ਸਰਕਾਰ ਦੌਰਾਨ ਪੰਜਾਬ ਵਿਚ ਨਸ਼ਿਆਂ ਦੇ ਮਾਮਲੇ ਸਬੰਧੀ 51,010 ਪੁਲੀਸ ਕੇਸ ਦਰਜ ਕਰ ਕੇ 66,376 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਰਜ਼ਾ ਮੁਆਫੀ ਸਕੀਮ ਬਾਰੇ ਦੱਸਿਆ ਕਿ ਬਕਾਇਆ ਰਾਸ਼ੀ ਤੋਂ ਇਲਾਵਾ ਸਹਿਕਾਰੀ ਸਭਾ ਵੱਲੋਂ ਜੋ ਆਪਣੇ ਪੱਧਰ ’ਤੇ ਕਰਜ਼ੇ ਦਿੱਤੇ ਹੋਏ ਸਨ, ਉਹ 64 ਕਰੋੋੜ ਦੇ ਬਣਦੇ ਹਨ। ਉਨ੍ਹਾਂ ਦੀ ਭਰਪਾਈ ਵੀ ਸਰਕਾਰ ਕਰੇਗੀ। ਨੰਬਰਦਾਰਾਂ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਨੰਬਰਦਾਰ ਦੀ ਮੌਤ ਹੋਣ ਦੀ ਸੂਰਤ ਵਿਚ ਉਸ ਦੇ ਲੜਕੇ ਨੂੰ ਨੰਬਰਦਾਰ ਬਣਾਉਣ ਸਮੇਂ ਤਜਰਬੇ ਦਾ ਲਾਭ ਦਿੱਤਾ ਜਾਵੇਗਾ।

ਕਰੋਨਾ: ਪੰਜਾਬ ’ਚ ਹਾਲੇ ਕੋਈ ਪਾਬੰਦੀ ਨਹੀਂ ਲਾਈ: ਚੰਨੀ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਖਤਰਾ ਤਾਂ ਹੈ ਜਿਸ ਕਰਕੇ ਪੰਜਾਬੀਆਂ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸੰਭਾਵੀ ਤੀਸਰੀ ਲਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਸੂਬੇ ਵਿਚ ਹਾਲੇ ਕੋਈ ਪਾਬੰਦੀ ਨਹੀਂ ਲਗਾ ਰਹੀ ਹੈ ਪਰ ਲੋਕ ਅਵੇਸਲੇ ਨਾ ਹੋਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਬੰਬ ਕਾਂਡ: ਪੰਜਾਬ ਪੁਲੀਸ ਦੇ ਬਰਖ਼ਾਸਤ ਹੌਲਦਾਰ ਦਾ ਨਾਂ ਸਾਹਮਣੇ ਆਇਆ
Next article‘Early detection of disability in children key to provide assistance’