(ਸਮਾਜ ਵੀਕਲੀ) ਮੁਹੱਬਤ ਦੱਸ ਕੇ ਨਹੀਂ ਕੀਤੀ ਜਾਂਦੀ। ਪਤਨੀ ਜਦੋਂ ਪਤੀ ਨੂੰ ਖਾਣਾ ਪਰੋਸ ਕੇ, ਉਸਦੀ ਕੌਲੀ ਸਬਜ਼ੀ ਨਾਲ ਭਰ ਆਪ ਥੋੜੀ ਘੱਟ ਨਾਲ ਵੀ ਸਾਰ ਲੈਂਦੀ ਹੈ ਤਾਂ ਉਹ ਮੁਹੱਬਤ ਹੁੰਦੀ ਹੈ।
ਮਾਂ ਜਦੋਂ ਫ੍ਰਿਜ ਵਿੱਚ ਵੇਖਦੀ ਹੈ ਕਿ ਇੱਕ ਹੀ ਅੰਬ ਪਿਆ ਹੈ ਤੇ ਉਹ ਬੱਚਿਆਂ ਲਈ ਰੱਖ ਲੈਂਦੀ ਹੈ ਤਾਂ ਇਹ ਮੁਹੱਬਤ ਹੁੰਦੀ ਹੈ।
ਪਤੀ ਜਦੋਂ ਪਤਨੀ ਨੂੰ ਨਵੇਂ ਕੱਪੜੇ ਲੈ ਕੇ ਦਿੰਦਾ ਹੈ ਕਿਸੇ ਵਿਆਹ ਲਈ ਤੇ ਆਪ ਪੁਰਾਣੇ ਸੂਟ ਨਾਲ ਹੀ ਸਾਰ ਲੈਂਦਾ ਹੈ ਤਾਂ ਇਹ ਮੁਹੱਬਤ ਹੁੰਦੀ ਹੈ।
ਦਾਦੀ ਜਦੋਂ ਆਪਣੇ ਪੋਤੇ ਪੋਤੀਆਂ ਲਈ ਗੁਆਂਢੀਆਂ ਨਾਲ ਲੜਦੀ ਹੈ ਤਾਂ ਇਹ ਮੁਹੱਬਤ ਹੀ ਹੁੰਦੀ ਹੈ।
ਦਾਦਾ ਜਦੋਂ ਆਪਣੇ ਪੋਤੇ ਪੋਤੀਆਂ ਨੂੰ ਵੇਖ ਕੇ ਖ਼ੁਸ਼ ਹੋ ਦਾਤੇ ਦਾ ਸ਼ੁਕਰਾਨਾ ਕਰਦਾ ਹੈ ਤਾਂ ਇਹ ਮੁਹੱਬਤ ਹੀ ਹੁੰਦੀ ਹੈ।
ਨਾਨੀ ਜਦੋਂ ਆਪਣੇ ਸੰਦੂਕ ਵਿੱਚੋਂ ਪੈਸੇ ਕੱਢ ਦੋਹਤੇ ਦੋਹਤੀਆਂ ਨੂੰ ਪਿਆਰ ਦਿੰਦੀ ਹੈ ਤਾਂ ਇਹ ਮੁਹੱਬਤ ਹੀ ਹੁੰਦੀ ਹੈ।
ਮਾਮੇ, ਮਾਸੀਆਂ ਜਦੋਂ ਕਈ ਵਰਿਆਂ ਬਾਅਦ ਆਪਣੇ ਭਾਣਜੇ ਭਾਣਜੀਆਂ ਨੂੰ ਵੇਖ ਕੇ ਕਹਿੰਦੇ ਹਨ ਓਏ ਤੂੰ ਤਾਂ ਬੜਾ ਵੱਡਾ ਹੋ ਗਿਆ ਇਹ ਮੁਹੱਬਤ ਹੁੰਦੀ ਹੈ।
ਭੂਆ ਜਦੋਂ ਆਪਣੇ ਸੂਟ ਚੋਂ ਬਚੇ ਹੋਏ ਕੱਪੜੇ ਚੋਂ ਫਰਾਕ ਸੀਅ ਕੇ ਭਤੀਜੀ ਲਈ ਲੈ ਕੇ ਆਉਂਦੀ ਹੈ ਤਾਂ ਇਹ ਮੁਹੱਬਤ ਹੁੰਦੀ ਹੈ।
ਚਾਚਾ ਜਦੋਂ ਭਤੀਜੇ ਨੂੰ ਸਾਈਕਲ ਚਲਾਉਣਾ ਸਿਖਾਉਂਦਾ ਹੈ ਤਾਂ ਇਹ ਮੁਹੱਬਤ ਹੁੰਦੀ ਹੈ।
ਹਰ ਰਿਸ਼ਤੇ ਦਾ ਆਪਣਾ ਤਰੀਕਾ ਹੈ ਮੁਹੱਬਤ ਨੂੰ ਜਾਹਿਰ ਕਰਨ ਦਾ। ਮੁਹੱਬਤ ਕਹਿ ਕੇ ਨਹੀਂ ਦੱਸੀ ਜਾਂਦੀ।
ਹਰਪ੍ਰੀਤ ਕੌਰ ਸੰਧੂ



