(ਸਮਾਜ ਵੀਕਲੀ)
ਕਿੰਨਾ ਕੁਝ ਕਰਦਾ ਸੀ ਬਾਪੂ,
ਕਦੇ ਨਹੀਂ ਪੁੱਛਿਆ –
ਅੱਕਿਆ ਹੋਇਆ ਹੋਏਗਾ?
ਮੋਢੇ ਚੁੱਕੀ ਤੁਰਦਾ ਫਿਰਦਾ,
ਲੱਗਦਾ ਹੀ ਨਹੀਂ,
ਕਦੇ ਥੱਕਿਆ ਹੋਏਗਾ।
ਝਿੜਕ ਭਾਵੇਂ ਕੁਸੈਲੀ ਉਹਦੀ,
ਸਭਾਅ ਦਾ ਥੋੜ੍ਹਾ ਗਰਮ ਜਿਹਾ ਸੀ।
ਉਪਰੋਂ ਕੈੜਾ, ਸਖ਼ਤ ਤੇ ਪੀਡਾ,
ਅੰਦਰੋਂ ਮੋਮ —
ਨਰਮ ਜਿਹਾ ਸੀ।
ਸਾਡੇ ਲਈ ਸੀ ਉਹੀ ਹੀਰੋ –
ਜੋ ਨਾ ਡਰਦਾ,
ਨਾ ਝੁਕਿਆ ਹੋਏਗਾ।
ਸਾਡੀ ਖਾਤਰ ਲੜ ਜਾਂਦਾ ਐ
ਅੱਜ ਵੀ ਭਾਗ ਮੁਕੱਦਰਾਂ ਨਾਲ।
ਜਿੱਥੇ ਖੜ ਜਾਏ — ਡੱਟ ਜਾਏ ਬਾਪੂ,
ਜੋਬਨ ਰੁੱਤੇ ਤੇ ਬੁੱਕਿਆ ਹੋਏਗਾ।
ਕਦੇ ਕਦੇ ਮੈਨੂੰ ਇੰਝ ਲੱਗਦਾ —
ਹੁਣ ਥੋੜ੍ਹਾ ਜਿਵੇਂ ਥੱਕ ਗਿਆ ਬਾਪੂ।
ਸਾਡੀਆਂ ਬੇਪਰਵਾਹ ਨਜ਼ਰਾਂ ਤੋਂ,
ਕਹਿੰਦਾ ਨਹੀਂ, ਪਰ ਅੱਕ ਗਿਆ ਬਾਪੂ।
ਸ਼ਾਇਦ ਉਹਨੂੰ ਵੀ ਇੰਝ ਲੱਗਦਾ —
ਦੌੜ ‘ਚ ਅੱਗੇ ਲੰਘ ਗਏ ਹਾਂ।
ਰਿਸ਼ਤੇ, ਮੋਹ, ਮੁਹੱਬਤਾਂ ਵਾਲੇ
ਸਾਰੇ ਕਿੱਲੀ ਟੰਗ ਗਏ ਹਾਂ।
ਦੂਜੀ ਵਾਰੀ ਪਾਣੀ ਮੰਗਦਾ —
ਬਾਪੂ ਸਾਥੋਂ ਜੱਕਦਾ ਹੋਏਗਾ।
ਰੋਸ, ਗਿਲਾ ਭਾਂਵੇਂ ਨਹੀਂ ਕਰਦਾ,
ਅੰਦਰੋਂ ਤਾਂ ਕੁਝ ਫੱਟਦਾ ਹੋਏਗਾ।
ਅਗਲੀ ਪੀੜ੍ਹੀ ਵੀ ਤੁਰੀ ਆਉਂਦੀ,
ਸਾਡੀ ਔਧ ਕਾਬੂ ਆ ਜਾਣਾ ।
ਜੇ ਅੱਜ ਬਾਪੂ “ਵਾਧੂ” ਹੋ ਗਿਆ —
ਅਸੀਂ ਵੀ ਕੱਲ੍ਹ ਵਾਧੂ ਹੋ ਜਾਣਾ।
ਦੀਪ ਸੰਧੂ
+61 459 966 392



