ਸੱਜਣਾਂ ਨਾਲ ਪ੍ਰੀਤ

ਸਲੀਮ ਨਜਮੀ

(ਸਮਾਜ ਵੀਕਲੀ)

ਕਿੱਸੇ ਕੀਹ ਮੈਂ ਛੂਹਵਾਂ ਸੱਜਣਾਂ ਤੇਰੇ ਨਾਲ਼ ਪ੍ਰੀਤਾਂ ਦੇ।
ਇੱਕ ਇੱਕ ਕਰ ਕੇ ਭੁੱਲ ਗਏ ਤੈਨੂੰ ਲੰਘੇ ਸਾਲ ਪ੍ਰੀਤਾਂ ਦੇ।

ਚਾਰ ਚੁਫ਼ੇਰੇ ਝੱਖੜ ਝੁੱਲ ਪਏ ਲਾਲਚ ਵੈਰ ਕ੍ਰੋਧਾਂ ਦੇ
ਕਿਹੜੀ ਰੁੱਤ ਵਿੱਚ ਬੈਠਾਵਾਂ ਮੈਂ ਦੀਵੇ ਬਾਲ ਪ੍ਰੀਤਾਂ ਦੇ।

ਦੋ ਵੇਲੇ ਦੀ ਰੋਟੀ ਇੰਝ ਦੇ ਚੱਕਰ ਦਿੱਤੇ ਬੰਦਿਆਂ ਨੂੰ
ਭੁੱਲ ਕੇ ਵੀ ਨਈਂ ਆਉਂਦੇ ਹੁਣ ਤੇ ਸੋਚ ਖ਼ਿਆਲ ਪ੍ਰੀਤਾਂ ਦੇ।

ਰੂਪ ਖ਼ਜ਼ਾਨਾ ਸਾਂਭ ਕੇ ਰੱਖੀਂ ਅੱਜ ਦੇ ਸ਼ਾਤਰ ਲੋਕਾਂ ਤੋਂ
ਲੁੱਟ ਲੈਂਦੇ ਨੇਂ ਲੋਕੀਂ ਐਥੇ ਸੁੱਟ ਕੇ ਜਾਲ਼ ਪ੍ਰੀਤਾਂ ਦੇ।

ਖ਼ੁਸ਼ੀਆਂ ਗ਼ਮੀਆਂ ਵਾਲੀ ਸਾਂਝ ਵੀ ਜੱਗ ‘ਚੋਂ ਮੁੱਕਦੀ ਜਾਂਦੀ ਏ
ਹਿਰਸਾਂ ਇੰਝ ਦੇ ਪੈਰ ਜਮਾਏ ਪੈ ਗਏ ਕਾਲ਼ ਪ੍ਰੀਤਾਂ ਦੇ।

ਵੇਖਣ ਮਗਰੋਂ ਕਿਸਰਾਂ ਰੋਕਾਂ ਅੱਥਰੂ ਅੱਖ ਨਿਮਾਣੀ ਦੇ
ਜਿਹੜੇ ਅੱਜ ਕੱਲ੍ਹ ਹੁੰਦੇ ਪਏ ਨੇਂ ਜੱਗ ਤੇ ਹਾਲ ਪ੍ਰੀਤਾਂ ਦੇ।

ਜਿੰਨ੍ਹੇ ਵੀ ਸਨ ਪਿਆਰ ਦੇ ਭਾਂਡੇ ਖੜਕਣ ਜੋਗੇ ਰਹਿ ਗਏ ਨੇਂ
ਹੌਲੀ ਹੌਲੀ ਖ਼ਾਲੀ ਹੋ ਗਏ ਨਜਮੀ ਥਾਲ ਪ੍ਰੀਤਾਂ ਦੇ।

ਸਲੀਮ ਨਜਮੀ
ਲਹਿੰਦਾ ਪੰਜਾਬ , ਪਾਕਿਸਤਾਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEU leaders endorse temporary measures to manage energy crisis
Next articleਬੈਪਟਿਸਟ ਸੋਸਾਇਟੀ ਨੇ ਬੀਮਾ ਯੋਜਨਾ ਅਤੇ ਸਾਇੰਸ ਸਿਟੀ ਦੇ ਕੋਰਸਾਂ ਬਾਰੇ ਜਾਗਰੂਕ ਕੀਤਾ