ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ )
ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ ਅਤੇ ਅੱਜ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ। ਉਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਨਾਲ ਹਰਾਇਆ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਐਸ.ਐਸ.ਪੀ.ਸੁਰੇਂਦਰ ਲਾਂਬਾ ਵਲੋਂ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਜਿਥੇ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉਥੇ ਮੀਡੀਆ ਸੈਂਟਰ ਦਾ ਦੌਰਾ ਵੀ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ ਅਤੇ ਉਨ੍ਹਾਂ ਨੇ 303859 ਵੋਟਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ 199994, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਨ ਸਿੰਘ ਠੰਡਲ ਨੂੰ 91789, ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 259748, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 48214 ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਨੂੰ 1425, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਜਸਵੰਤ ਸਿੰਘ ਨੂੰ 20923, ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਤਮਿਲ ਨੂੰ 4621, ਸਮਾਜ ਭਲਾਈ ਮੋਰਚਾ ਦੇ ਉਮੀਦਵਾਰ ਦਵਿੰਦਰ ਕੁਮਾਰ ਸਰੋਆ ਨੂੰ 930, ਗਲੋਬਲ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਨੂੰ 1041, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਾਜਪਾਲ ਨਡਾਲੀ ਨੂੰ 1140, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਰਾਜੇਸ਼ ਨੂੰ 2336, ਆਜ਼ਾਦ ਉਮੀਦਵਾਰ ਸਤਪਾਲ ਨੂੰ 993, ਆਜ਼ਾਦ ਉਮੀਦਵਾਰ ਸੋਨੂੰ ਸਿੰਘ ਫਗਵਾੜਾ ਨੂੰ 1884, ਆਜ਼ਾਦ ਉਮੀਦਵਾਰ ਦਵਿੰਦਰ ਸਿੰਘ ਨੂੰ 1617, ਆਜ਼ਾਦ ਉਮੀਦਵਾਰ ਰੋਹਿਤ ਕੁਮਾਰ ਟਿੰਕੂ ਨੂੰ 2419 ਅਤੇ ਨੋਟਾ ਨੂੰ 5552 ਵੋਟਾਂ ਪਈਆਂ।
ਕੋਮਲ ਮਿੱਤਲ ਨੇ ਚੋਣ ਅਮਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੋਣ ਅਮਲੇ ਵਲੋਂ ਮਿਹਨਤ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਈ ਜ਼ਿੰਮੇਵਾਰੀ ਦੇ ਚੱਲਦਿਆਂ ਹੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋਈ ਹੈ। ਉਨ੍ਹਾਂ ਉਮੀਦਵਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਚੱਬੇਵਾਲ, ਉੜੁਮੜ, ਦਸੂਹਾ, ਮੁਕੇਰੀਆਂ, ਭੁਲੱਥ, ਫਗਵਾੜਾ ਵਿਧਾਨ ਸਭਾ ਹਲਕਾ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਵਿਖੇ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਰਪੁਰ ਅਤੇ ਸ਼ਾਮਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖ ਕਰਵਾਈ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਾਊਂਟਿੰਗ ਸਟਾਫ਼, ਸੁਰੱਖਿਆ ਅਮਲੇ ਅਤੇ ਉਮੀਦਵਾਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕ ਸਭਾ ਹੁਸ਼ਿਆਰਪੁਰ ਲਈ ਹੋਏ ਮਤਦਾਨ ਦੀ ਗਿਣਤੀ ਅੱਜ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਚ ਮਾਨਯੋਗ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਗਿਣਤੀ ਅਬਜ਼ਰਵਰਾਂ ਦੀ ਮੌਜੂਦਗੀ ਵਿਚ ਪਾਰਦਰਸ਼ੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਕਰਵਾਈ ਗਈ। ਉਨ੍ਹਾਂ ਮੀਡੀਆ ਵਲੋਂ ਨਿਭਾਈ ਗਈ ਜ਼ਿੰਮੇਵਾਰੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਮੂਚੀ ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਲੲ ਪੋਲਿੰਗ ਸਟਾਫ਼, ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਟੀਮਾਂ ਵਲੋਂ ਵੀ ਪ੍ਰਸ਼ੰਸਾਯੋਗ ਜਿੰਮੇਵਾਰੀ ਨਿਭਾਈ ਗਈ।
ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਡਿਊਟੀ ’ਤੇ ਤਾਇਨਾਤ ਸੁਰੱਖਿਆ ਅਮਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੋਵੇਂ ਗਿਣਤੀ ਕੇਂਦਰਾਂ ਵਿਚ ਸੀ.ਏ.ਪੀ.ਐਫ, ਸੂਬਾ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਸਾਰੇ ਕਰਮਚਾਰੀਆਂ ਵਲੋਂ ਵੀ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਗਈ।
ਫੋਟੋ : ਅਜਮੇਰ ਦੀਵਾਨਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly